ਦਿੱਲੀ ਪੁਲਸ ਦਾ ਲੋਕ ਵਿਰੋਧੀ ਕਿਰਦਾਰ
ਦੇਸ਼ ਵਿੱਚ ਇਸ ਵੇਲੇ ਬੜਾ ਕੁੱਝ ਐਸਾ ਵਾਪਰ ਰਿਹਾ ਹੈ, ਜਿਸ ਦੇ ਭਵਿੱਖ ਵਿੱਚ ਨਿਕਲਣ ਵਾਲੇ ਗੰਭੀਰ ਸਿੱਟਿਆਂ ਬਾਰੇ ਸੋਚ ਕੇ ਮਨੁੱਖਤਾ ਦਾ ਭਲਾ ਚਾਹੁਣ ਵਾਲੇ ਸਭਨਾਂ ਦੀ ਰੂਹ ਕੰਬ ਉਠਦੀ ਹੈ। ਨਿਰਸੰਦੇਹ ਇਹ ਚਿੰਤਾਜਨਕ ਘਟਨਾਵਾਂ ਦੇਸ਼ ਵਿੱਚ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੀ ਅਗਵਾਈ ਵਿੱਚ ਫਾਸ਼ੀਵਾਦੀ ਤਾਕਤਾਂ ਦੇ ਜੋਰ ਫੜਨ ਅਤੇ ਇਸ ਦੇ ਰਾਜਸੀ ਵਿੰਗ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਦੇਸ਼ ਦੀ ਕੇਂਦਰੀ ਸੱਤਾ ਹਥਿਆ ਲੈਣ ਨਾਲ ਜੁੜੀਆਂ ਹੋਈਆਂ ਹਨ। ਇਹ ਹੋਰ ਵੀ ਵਧੇਰੇ ਫਿਕਰਮੰਦੀ ਦਾ ਵਿਸ਼ਾ ਹੈ ਕਿ ਇਹ ਮਨੁੱਖਤਾ ਵਿਰੋਧੀ ਤਾਕਤਾਂ, ਆਪਣੀ ਪਹਿਲੀ ਪਾਰੀ ਦੌਰਾਨ ਲੋਕ ਭਲਾਈ ਦੇ ਪੱਖੋਂ ਆਪਣੀ ਅਸਲੋਂ ਨਾਕਾਮ ਕਾਰਗੁਜ਼ਾਰੀ (ਜ਼ੀਰੋ ਪਰਫਾਰਮੈਂਸ) ਦੇ ਬਾਵਜੂਦ ਫਿਰਕੂ ਅਤੇ ਬੇਲੋੜੇ ਜਜ਼ਬਾਤੀ ਮੁੱਦੇ ਉਭਾਰ ਕੇ, ਪਹਿਲਾਂ ਨਾਲੋਂ ਵੀ ਵਧੇਰੇ ਵੋਟਾਂ ਅਤੇ ਸੀਟਾਂ ਲੈ ਕੇ ਦਿੱਲੀ ਦੀ ਰਾਜ ਗੱਦੀ ਦੂਜੀ ਵਾਰ ਹਥਿਆ ਲੈਣ ਵਿੱਚ ਕਾਮਯਾਬ ਹੋ ਗਈਆਂ ਹਨ।
ਇਸ ਚਿੰਤਾਜਨਕ ਅਵਸਥਾ ਨਾਲ ਜੁੜਿਆ ਅਗਲਾ ਗੰਭੀਰ ਮੁੱਦਾ ਇਹ ਹੈ ਕਿ ਭਾਜਪਾ ਵਿਰੋਧੀ ਹਾਕਮ ਜਮਾਤੀ ਰਾਜਸੀ ਪਾਰਟੀਆਂ ਦੀ ਫਿਰਕੂ-ਫਾਸ਼ੀ ਅਜੰਡੇ ਪ੍ਰਤੀ ਜੱਕੋ-ਤੱਕੀ, ਅਵਸਰਵਾਦੀ ਪਹੁੰਚ ਅਤੇ ਪਸਤ ਹਿੰਮਤੀ ਦਾ। ਇਸ ਹਾਲਾਤ ਵਿੱਚੋਂ ਨਿਕਲਿਆ ਪੁਲਸ/ ਪ੍ਰਸ਼ਾਸਨ ਦਾ ਪੱਖਪਾਤੀ ਰਵੱਈਆ, ਅਜੋਕੇ ਦੌਰ ਦੇ ਸਭ ਤੋਂ ਜ਼ਹਿਰੀਲੇ ਰਾਜਨੀਤਿਕ ਨਦੀਨਾਂ ਚੋਂ ਇੱਕ ਹੈ। ਇਸ ਵਿਹੁਲੇ ਵਰਤਾਰੇ ਦਾ ਸਭ ਤੋਂ ਭੱਦਾ ਪ੍ਰਗਟਾਵਾ ਯੂ.ਪੀ., ਕਰਨਾਟਕਾ ਆਦਿ ਭਾਜਪਾ ਸ਼ਾਸ਼ਿਤ ਰਾਜਾਂ ਦੀ ਪੁਲਸ ਵਲੋਂ ਕੀਤਾ ਜਾ ਰਿਹਾ ਹੈ, ਪਰ ਇਸ ਮਾਮਲੇ ਵਿੱਚ ਦਿੱਲੀ ਦੀ ਪੁਲਸ ਨੇ ਬੇਸ਼ਰਮੀ ਦੀਆਂ ਸਾਰੀਆ ਹੱਦਾਂ ਪਾਰ ਕਰ ਦਿੱਤੀਆਂ ਹਨ। ਦਿੱਲੀ ਪੁਲਸ ਕੇਂਦਰ ਸਰਕਾਰ ਦੇ ਅਧੀਨ ਹੋਣ ਕਰਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਧੀਨ ਆਉਂਦੀ ਹੈ ।
ਬੀਤੇ ਵਰ੍ਹੇ, 15 ਦਸੰਬਰ ਨੂੰ ਦਿੱਲੀ ਪੁਲਸ, ਬਿਨਾਂ ਇਜਾਜ਼ਤ ਜਾਂ ਸੂਚਨਾ ਦੇ ਇੱਥੋਂ ਦੀ ਬਾਵੱਕਾਰ ‘ਜਾਮੀਆ ਮਿਲਿਆ ਇਸਲਾਮੀਆ ਯੂਨੀਵਰਸਿਟੀ’ ਵਿੱਚ ਦਾਖਲ ਹੋ ਗਈ ਅਤੇ ਵਿਦਿਆਰਥੀਆਂ, ਖਾਸ ਕਰਕੇ ਲੜਕੀਆਂ ਦੀ ਬਹੁਤ ਹੀ ਨਿਰਦੈਤਾ ਨਾਲ ਕੁੱਟ ਮਾਰ ਕੀਤੀ।
ਮੋਦੀ-ਸ਼ਾਹ ਹੁਕੂਮਤ ਵਲੋਂ, ਪ੍ਰਚੰਡ ਬਹੁਮਤ ਦੇ ਸਿਰ ’ਤੇ, ਲੋਕ ਰਾਜੀ ਕਦਰਾਂ-ਕੀਮਤਾਂ ਅਤੇ ਸੰਵਿਧਾਨਕ ਤਕਾਜਿਆਂ ਦੀ ਘੋਰ ਅਣਦੇਖੀ ਕਰਦਿਆਂ, ਪਾਸ ਕੀਤੇ ਗਏ, ਫਿਰਕੂ ਵੰਡ ਦਾ ਆਧਾਰ ਤਿਆਰ ਕਰਦੇ ‘ਨਾਗਰਿਕਤਾ ਸੋਧ ਕਾਨੂੰਨ-2019’ (ਸੀ.ਏ.ਏ.) ਦਾ ਵਿਰੋਧ ਕਰਨ ਦੀ ਸਜ਼ਾ ਦੇਣ ਅਤੇ ਅੱਗੇ ਤੋਂ ਇਹ ‘ਗੁਨਾਹ’ ਨਾ ਕਰਨ ਦੀ ਚਿਤਾਵਨੀ ਦੇਣ ਲਈ, ਹੁਕੂਮਤੀ ਹਿਦਾਇਤਾਂ ਤਹਿਤ ਇਹ ਕਹਿਰ ਵਰਤਾਇਆ ਗਿਆ। ਵਿਦਿਆਰਥੀ-ਵਿਦਿਆਰਥਣਾਂ ਨੂੰ ਕੇਵਲ ਬੇਰਹਿਮੀ ਨਾਲ ਕੁੱਟਿਆ ਹੀ ਨਹੀਂ ਗਿਆ ਬਲਕਿ ਜਲੀਲ ਕਰਨ ਦੀ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਇੱਥੋਂ ਤੱਕ ਕਿ ਗੁਸਲਖਾਨਿਆਂ ਵਿੱਚ ਦਾਖ਼ਲ ਹੋ ਕੇ ਇਸਤਰੀਆਂ ਦੀ ਨਿੱਜਤਾ ਭੰਗ ਕੀਤੀ ਗਈ। ਹੁਣ ਤਾਂ ਪੁਲਸੀਆਂ ਵਲੋਂ ਯੂਨੀਵਰਸਿਟੀ ਦੇ ਬੇਸ਼ਕੀਮਤੀ ਲਾਈਬ੍ਰੇਰੀ ਦੇ ਸਾਜੋ ਸਮਾਨ ਅਤੇ ਵੱਡ ਮੁੱਲੀਆਂ, ਦੁਰਲੱਭ ਪੁਸਤਕਾਂ ਦਾ ਬੇਪਨਾਹ ਨੁਕਸਾਨ ਕਰਨ ਦੀਆਂ ਸੀ.ਸੀ.ਟੀ.ਵੀ. ਆਧਾਰਿਤ ਵੀਡੀਓਜ਼ ਵੀ ਜਾਰੀ (ਵਾਇਰਲ) ਹੋ ਚੁੱਕੀਆਂ ਹਨ।
ਇਸ ਦਿਨ ਪੁਲਸ ਜਬਰ ਦਾ ਸ਼ਿਕਾਰ ਬਣੇ ਇੱਕ ਵਿਦਿਆਰਥੀ ਦੀ ਸੀ ਸੀ ਟੀਵੀ ਫੁਟੇਜ ਜਾਰੀ ਹੋਈ ਹੈ ਜਿਸ ਦੇ ਹੱਥ ਵਿੱਚ ਉਸਦਾ ਵਾਲੈਟ (ਬਟੂਆ) ਹੈ। ਜਦਕਿ ਪੁਲਸ ਨੇ ਕਹਾਣੀ ਇਹ ਘੜੀ ਸੀ ਕਿ ਉਸ ਨੇ ਪੁਲਸ ਦੇ ਮਾਰਨ ਲਈ ਪੱਥਰ ਚੁੱਕਿਆ ਹੋਇਆ ਹੈ। ਜਾਮੀਆ ਦੇ ਵਿਦਿਆਰਥੀ ਕਿਉਂਕਿ ਸੀਏਏ, ਐਨਪੀਆਰ ਅਤੇ ਐਨਆਰਸੀ ਵਿਰੁੱਧ ਸੰਘਰਸ਼ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ ਇਸ ਲਈ ਇਨ੍ਹਾਂ ਨੂੰ ਵਾਰ-ਵਾਰ ਪੁਲਸੀਆ ਕਹਿਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਦਿੱਲੀ ਦੇ ਵਿਦਿਆਰਥੀ, ਆਪਣੀ ਚੁਣੀ ਹੋਈ ਜੱਥੇਬੰਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਜੇ.ਐਨ.ਯੂ. ਐਸ.ਯੂ.) ਦੀ ਅਗਵਾਈ ਵਿੱਚ, ਪ੍ਰਬੰਧਕਾਂ ਵਲੋਂ ਫੀਸਾਂ-ਫੰਡਾਂ ਵਿੱਚ ਕੀਤੇ ਬੇਤਹਾਸ਼ਾ ਵਾਧੇ ਖਿਲਾਫ਼ ਲੜ ਰਹੇ ਸਨ। ਇਹ ਵਿਦਿਆਰਥੀ, ਉਪਰੋਕਤ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਹੇ ਦੇਸ਼ ਵਿਆਪੀ ਸੰਗਰਾਮ ਵਿੱਚ ਵੀ ਸਰਗਰਮ ਹਨ। ਜਾਮੀਆ ਵਿਖੇ ਹੋਈ ਪੁਲਸ ਜ਼ਿਆਦਤੀ ਵਿਰੁੱਧ ਵੀ ਇਨ੍ਹਾਂ ਨੇ ਡਟਵੀਂ ਆਵਾਜ਼ ਬੁਲੰਦ ਕੀਤੀ ਸੀ।
ਇਸ ਸੰਗਰਾਮੀ ਸਰਗਰਮੀ ਤੋਂ ਕੇਂਦਰੀ ਸਰਕਾਰ ਅਤੇ ਇਸ ਦੇ ਆਕਾ ਬਹੁਤ ਔਖੇ ਹਨ। ਉਂਝ ਵੀ ਜੇਐਨਯੂ ਚੋਂ ਉਠਦੀਆਂ ਪ੍ਰਗਤੀਵਾਦੀ ਸੁਰਾਂ ਤੋਂ ਸੰਘੀ ਲਾਣੇ ਨੂੰ ਬਹੁਤ ਚਿੜ ਹੈ। ਇਸੇ ਕਰਕੇ 5 ਜਨਵਰੀ ਦੀ ਸ਼ਾਮ ਨੂੰ ਹਥਿਆਰਾਂ ਨਾਲ ਲੈਸ ਸੈਂਕੜੇ ਨਕਾਬਪੋਸ਼ ਗੁੰਡਿਆਂ ਨੇ ਇੱਥੋਂ ਦੇ ਪ੍ਰੋਫੈਸਰਾਂ ਤੇ ਵਿਦਿਆਰਥੀਆਂ ਦੀ ਬੇਕਿਰਕੀ ਨਾਲ ਕੁੱਟ ਮਾਰ ਕੀਤੀ। ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਈਸ਼ੀ ਘੋਸ਼, ਪ੍ਰੋਫੈਸਰ ਸੁਚਰਿਤਾ ਸੇਨ ਅਤੇ ਅਨੇਕਾਂ ਵਿਦਿਆਰਥੀ ਗੰਭੀਰ ਜਖ਼ਮੀ ਹੋਏ। ਘੱਟ ਗਿਣਤੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਉਚੇਚ ਨਾਲ ਨਿਸ਼ਾਨਾ ਬਣਾਇਆ ਗਿਆ। ਵਿਸ਼ੇਸ਼ ਅਵਸਥਾ ਵਾਲੇ ਭਾਵ ਅਪੰਗਤਾ ਦਾ ਸ਼ਿਕਾਰ ਵਿਅਕਤੀ ਤੱਕ ਵੀ ਨਹੀਂ ਬਖ਼ਸ਼ੇ ਗਏ। ਇਹ ਗੁੰਡਾਗਰਦੀ ਘੰਟਿਆਂ ਬੱਧੀ ਚਲਦੀ ਰਹੀ। ਦੇਰ ਰਾਤ ਇਨ੍ਹਾਂ ਗੁੰਡਿਆਂ ਨੇ ਜਖ਼ਮੀਆਂ ਨੂੰ ਏਮਜ਼ ਹਸਪਤਾਲ ਲਿਜਾ ਰਹੀ ਐਂਬੂਲੈਂਸ ਘੇਰੀ ਰੱਖੀ। ਇੱਥੋਂ ਤੱਕ ਕਿ ਆਈ ਸੂ ਯੂ ਵਿੱਚ ਦਾਖਲ ਹੋ ਕੇ ਵੀ ਧਿੰਗੋਜੋਰੀ ਕੀਤੀ। ਇਸ ਸਾਰੀ ਦਹਿਸ਼ਤੀਗਰਦੀ ਨੂੰ ਦਿੱਲੀ ਪੁਲਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ।
ਇਹ ਬੁਰਛਾਗਰਦ ਪਛਾਣੇ ਜਾ ਚੁੱਕੇ ਹਨ। ਅਨੇਕਾਂ ਸਬੂਤਾਂ ਰਾਹੀਂ ਇਹ ਗੱਲ ਸਿੱਧ ਹੋ ਗਈ ਹੈ ਕਿ ਇਹ ਏ ਬੀ ਵੀ ਪੀ ਅਤੇ ਹੋਰ ਸੰਘੀ ਸੰਗਠਨਾਂ ਦੇ ਕਾਰਕੁੰਨ ਹਨ। ਪਰ ਅਸ਼ਕੇ ਦਿੱਲੀ ਪੁਲਸ ਦੇ ਜਿਸ ਨੇ ਬੁਰਛਾਗਰਦੀ ਹੋਣ ਵੇਲੇ ਤੋਂ ਲੈਕੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ!
ਦਿੱਲੀ ਪੁਲਸ ਦੀ ਜਬਰਦਸਤ ‘ਨਾਕੇਬੰਦੀ’ ਅਤੇ ‘ਮੁਸਤੈਦੀ’ ਦੇ ਬਾਵਜੂਦ ਸ਼ਾਹੀਨ ਬਾਗ਼ ਅਤੇ ਜਾਮੀਆ ਦੇ ਪ੍ਰਦਰਸ਼ਨ-ਕਾਰੀਆਂ ’ਤੇ ਦੋ ਵਾਰ ਗੋਲੀਬਾਰੀ ਕੀਤੀ ਜਾ ਚੁੱਕੀ ਹੈ। ਇਸ ਗੱਲ ਦੇ ਵੀ ਚੋਖੇ ਸਬੂਤ ਸਾਹਮਣੇ ਆਏ ਹਨ ਕਿ ਸ਼ਾਹੀਨ ਬਾਗ਼ ਦੇ ਸੰਗਰਾਮ ਨੂੰ ਬੱਦੂ ਕਰਨ, ਆਮ ਲੋਕਾਂ ਨਾਲ ਇਨ੍ਹਾਂ ਦਾ ਝਗੜਾ ਕਰਵਾਉਣ ਲਈ ਖੁਦ ਪੁਲਸ ਨੇ ਨੇੜੇ-ਤੇੜੇ ਦੀਆਂ ਸੜਕਾਂ ਬੰਦ ਕਰ ਰੱਖੀਆਂ ਹਨ।
ਅਤੀਤ ਵਿੱਚ, 1984 ਦੇ ਸਿੱਖ ਕਤਲੇਆਮ ਵੇਲੇ, 1975 ਦੀ ਐਮਰਜੈਂਸੀ ਸਮੇਂ ਅਤੇ ਹੋਰ ਅਨੇਕਾਂ ਮੌਕਿਆਂ ’ਤੇ ਦਿੱਲੀ ਪੁਲਸ ਦੀ ਭੂਮਿਕਾ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ। ਪਰ ਦੇਸ਼ ਦੇ ਮੌਜੂਦਾ ਗੱਦੀ ਨਸ਼ੀਨਾਂ ਨੇ ਪੁਲਸ ਦਾ ਫਿਰਕੂਕਰਨ ਕਰਨ ਦੀ ਠਾਣ ਰੱਖੀ ਹੈ। ਯੂ.ਪੀ. ਅਤੇ ਕਰਨਾਟਕਾ ਆਦਿ ਥਾਵਾਂ ਤੋਂ ਵੀ ਇਸ ਗੰਦੀ ਮਾਨਸਿਕਤਾ ਦੀ ਸੜਾਂਧ ਆ ਰਹੀ ਹੈ। ਦੇਸ਼ ਦੇ ਜਮਹੂਰੀ ਅੰਦੋਲਨ ਲਈ ਇਹ ਇੱਕ ਵੱਡੀ ਚੁਣੌਤੀ ਹੈ। ਦੇਸ਼ ਦੇ ਆਵਾਮ ਨੂੰ ਇਸ ਮਾਰੂ ਰੁਝਾਨ ਵਿਰੁੱਧ ਚੇਤੰਨ ਕਰਦੇ ਸੰਘਰਸ਼ ਲਾਮਬੰਦ ਕੀਤੇ ਜਾਣੇ ਚਾਹੀਦੇ ਹਨ।
ਸੰਪਾਦਕੀ ਟਿੱਪਣੀ (ਸੰਗਰਮੀ ਲਹਿਰ-ਮਾਰਚ 2020)
