Now Reading
ਸੰਪਾਦਕੀ : ਕੋਰੋਨਾ ਮਹਾਂਮਾਰੀ ਅਤੇ ਵਿਸ਼ਵ ਪੂੰਜੀਵਾਦ ਦੀ ਮਾਨਵਦੋਖੀ ਪਹੁੰਚ

ਸੰਪਾਦਕੀ : ਕੋਰੋਨਾ ਮਹਾਂਮਾਰੀ ਅਤੇ ਵਿਸ਼ਵ ਪੂੰਜੀਵਾਦ ਦੀ ਮਾਨਵਦੋਖੀ ਪਹੁੰਚ

ਨਵਲ ਕਰੋਨਾ ਵਾਇਰਸ (ਕੋਵਿਡ-19) ਦੀ ਮਹਾਂਮਾਰੀ ਨੇ ਸੰਸਾਰ ਭਰ ’ਚ 60 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਜਕੜ ਵਿਚ ਲਿਆ ਹੋਇਆ ਹੈ ਤੇ ਸਾਢੇ ਤਿੰਨ ਲੱਖ ਤੋਂ ਵਧੇਰੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਇਸ ਮਹਾਂਮਾਰੀ ਦੀ ਸਭ ਤੋਂ ਜ਼ਿਆਦਾ ਮਾਰ ਦੁਨੀਆਂ ਦੇ ਸਭ ਤੋਂ ਤਾਕਤਵਰ ਤੇ ਅਮੀਰ ਦੇਸ਼ ਅਮਰੀਕਾ ਨੂੰ ਝੱਲਣੀ ਪੈ ਰਹੀ ਹੈ। ਉਂਝ ਚੀਨ, ਇੰਗਲੈਂਡ, ਫਰਾਂਸ, ਦੱਖਣੀ ਕੋਰੀਆ, ਜਪਾਨ, ਇਟਲੀ, ਸਪੇਨ, ਬ੍ਰਾਜ਼ੀਲ, ਰੂਸ, ਪਾਕਿਸਤਾਨ, ਭਾਰਤ ਸਮੇਤ ਕੋਈ ਵੀ ਦੇਸ਼ ਇਸ ਰੋਗ ਤੋਂ ਅਛੂਤਾ ਨਹੀਂ ਰਿਹਾ। ਵਿਗਿਆਨੀਆਂ ਵਲੋਂ ਇਸ ਮਾਰੂ ਰੋਗ ਦੇ ਹੋਰ ਵੀ ਮਾਰੂ ਹੱਲਿਆਂ ਦੀਆਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ। ਭਾਵੇਂ ਸੰਸਾਰ ਭਰ ਦੇ ਡਾਕਟਰ ਤੇ ਸਾਇੰਸਦਾਨ ਇਸ ਬਿਮਾਰੀ ਦੀ ਰੋਕਥਾਮ ਲਈ ਦਵਾਈ (ਵੈਕਸੀਨ) ਖੋਜਣ ਵਾਸਤੇ ਦਿਨ-ਰਾਤ ਇਕ ਕਰ ਰਹੇ ਹਨ, ਪ੍ਰੰਤੂ ਅਜੇ ਇਸ ਤੋਂ ਮੁਕਤੀ ਪਾਉਣ ਬਾਰੇ ਕੋਈ ਸਮਾਂ ਸੀਮਾ ਮਿੱਥਣ ਤੋਂ ਉਹ ਸਭ ਅਸਮਰੱਥ ਜਾਪਦੇ ਹਨ। ਕਈ ਖੋਜਕਾਰ ਤਾਂ ਇਸ ਹੱਦ ਤੱਕ ਵੀ ਕਹਿ ਰਹੇ ਹਨ ਕਿ ਸ਼ਾਇਦ ਇਸ ਮਹਾਂਮਾਰੀ ਦਾ ਉਪਯੁਕਤ ਇਲਾਜ ਸੰਭਵ ਹੀ ਨਾ ਹੋ ਸਕੇ ਤੇ ਸੰਸਾਰ ਦੇ ਲੋਕਾਂ ਨੂੰ ਇਸ ਵਾਇਰਸ ਦੇ ਨਾਲ ਹੀ ਜ਼ਿੰਦਗੀ ਜਿਊਣ ਦੇ ਸਮਰੱਥ ਬਣਨਾ ਪਵੇ। ਇਸ ਲਈ ਕਰੋਨਾ ਤੋਂ ਬਚਾਅ ਵਾਸਤੇ ਇਲਾਜ਼ ਨਾਲੋਂ ਜ਼ਿਆਦਾ ਜ਼ੋਰ ਸਾਵਧਾਨੀਆਂ ਰੱਖਣ ਤੇ ਦਿੱਤਾ ਜਾ ਰਿਹਾ ਹੈ।
ਭਾਵੇਂ ਅਮਰੀਕਣ ਸਾਮਰਾਜ,ਖਾਸਕਰ ਇਸਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਸਦੇ ਹੋਰ ਸਹਿਯੋਗੀ ਇਸ ਰੋਗ ਨੂੰ ਪੈਦਾ ਕਰਨ ਲਈ ‘ਲੋਕ ਚੀਨ’ ’ਤੇ ਦੋਸ਼ (ਬਿਨਾ ਤੱਥਾਂ ਤੋਂ) ਲਗਾ ਰਹੇ ਹਨ, ਪ੍ਰੰਤੂ ਸੰਸਾਰ ਸਿਹਤ ਸੰਸਥਾ ਤੇ ਹੋਰ ਵਿਗਿਆਨੀਆਂ ਨੂੰ ਅਜੇ ਇਸ ਰੋਗ ਦੇ ਪੈਦਾ ਹੋਣ ਦੇ ਸਰੋਤਾਂ ਤੇ ਕਾਰਨਾਂ ਨੂੰ ਜਾਨਣ ਲਈ ਗੰਭੀਰ ਖੋਜ ਕਰਨੀ ਹੋਵੇਗੀ। ਇਸ ਸਵਾਲ ਦਾ ਠੀਕ ਜਵਾਬ ਸਾਰੇ ਸੰਸਾਰ ਦੇ ਲੋਕਾਂ ਲਈ ਅਤੀ ਜ਼ਰੂਰੀ ਹੈ ਤਾਂ ਕਿ ਭਵਿੱਖ ਅੰਦਰ ਅਜਿਹੀਆਂ ਮਹਾਂਮਾਰੀਆਂ ਤੋਂ ਬਚਿਆ ਜਾ ਸਕੇ ਜਾਂ ਘੱਟੋ ਘੱਟ ਉਸਦਾ ਮੁਕਾਬਲਾ ਕਰਨ ਦੇ ਸਮਰੱਥ ਬਣਿਆ ਜਾ ਸਕੇ। ਰਾਸ਼ਟਰਪਤੀ ਟਰੰਪ ਦਾ ਸਾਰਾ ਜ਼ੋਰ ਚੀਨ ਨੂੰ ਨਿੰਦਣ ਤੇ ਡਰਾਉਣ ਤੇ ਕਿਉਂ ਲੱਗਾ ਹੋਇਆ ਹੈ, ਇਹ ਉਸ ਸਮੇਂ ਹੋਰ ਸਪੱਸ਼ਟ ਹੋ ਗਿਆ, ਜਦੋਂ ਉਸਨੇ ਨਵੰਬਰ 2020 ਵਿਚ ਅਮਰੀਕਣ ਰਾਸ਼ਟਰਪਤੀ ਦੀ ਚੋਣ ’ਚ ਆਪਣੇ ਵਿਰੋਧੀ ਜੋਇ ਬਿਦੇਨ ਨੂੰ ਜਤਾਉਣ ਲਈ ਚੀਨ ’ਤੇ ਦਖਲ ਦੇਣ ਦਾ ਦੋਸ਼ ਲਾ ਮਾਰਿਆ?
ਇਸ ਮਹਾਂਮਾਰੀ ਨੇ ਦੁਨੀਆਂ ਦੇ ਸਾਹਮਣੇ ਕੁਝ ਬਹੁਤ ਹੀ ਮਹੱਤਵਪੂਰਨ ਤੱਥ ਉਘਾੜ ਕੇ ਪੇਸ਼ ਕਰ ਦਿੱਤੇ ਹਨ। ਸਭ ਤੋਂ ਉਘੜਵਾਂ ਮੁੱਦਾ ਜਿਹੜਾ ਚਿੱਟੇ ਦਿਨ ਵਾਂਗ ਸਪੱਸ਼ਟ ਹੋ ਗਿਆ ਹੈ, ਉਹ ਹੈ ਪੂੰਜੀਵਾਦੀ ਰਾਜ ਪ੍ਰਬੰਧ ਦੀ ਕੁਦਰਤੀ ਆਫਤਾਂ ਸਮੇਂ ਜਨ ਸਮੂਹਾਂ ਦੀ ਇਨ੍ਹਾਂ ਤੋਂ ਬਚਾਅ ਕਰਨ ਵਿਚ ਅਸਮਰਥਤਾ। ਸਾਮਰਾਜੀ ਅਮਰੀਕਾ ਤੇ ਇਸਦੇ ਇਤਿਹਾਦੀ ਜਿਹੜੇ ਸਾਇੰਸ ਦੀਆਂ ਨਵੀਆਂ ਕਾਢਾਂ ਨਾਲ ਕੁੱਲ ਮਨੁੱਖਤਾ ਨੂੰ ਸੈਂਕੜੇ ਵਾਰ ਮਾਰੂ ਹਥਿਆਰਾਂ ਨਾਲ ਤਬਾਹ ਕਰਨ ਦੀ ਸਮਰੱਥਾ ਰੱਖਦੇ ਹਨ, ਉਹ ਕੁਦਰਤ ਦੀ ਇਸ ਮਹਾਂਮਾਰੀ  ਦੇ ਸਾਹਮਣੇ ਤਾਸ਼ ਦੇ ਪੱਤਿਆਂ ਵਾਂਗ ਢੈਅ ਢੇਰੀ ਹੋ ਗਏ ਹਨ। ਲੱਖਾਂ ਲੋਕਾਂ ਦੀਆਂ ਮੌਤਾਂ ਤੇ ਕਰੋਨਾ ਗ੍ਰਸਤ ਹੋਣ ਨਾਲ ਇਹ ਸਾਰੀਆਂ ਮਹਾਂਸ਼ਕਤੀਆਂ ਏਨੀਆਂ ਬੌਂਦਲ ਗਈਆਂ ਹਨ ਕਿ ਉਹ ਬਹੁਤ ਹੀ ਘਟੀਆ ਹਰਕਤਾਂ, ਝੂਠੀ ਤੁਹਮਤਬਾਜ਼ੀ ਤੇ ਬਿਮਾਰੀ ਨਾਲ ਨਜਿੱਠਣ ਲਈ ਮੂਰਖਾਨਾ ਤੇ ਬਚਗਾਨਾ ਕਿਸਮ ਦੇ ਇਲਾਜ ਪੇਸ਼ ਕਰਕੇ ਮਖੌਲ ਦੇ ਪਾਤਰ ਬਣ ਰਹੀਆਂ ਹਨ। ਮਲੇਰੀਆ ਦੇ ਇਲਾਜ਼ ਲਈ ਬਣੀ ਦੁਆਈ ਹਾਈਡਰੋਓਕਸੀਕਲੋਰੇਕਿਨ ਨੂੰ ਕਰੋਨਾ ਲਈ ਵਰਤਣ ਦਾ ਸੁਝਾਅ ਦੇ ਕੇ ਤੇ ਬਿਨਾਂ ਮਾਸਕ ਤੋਂ ਘੁੰਮਣ ਦਾ ਡਰਾਮਾ ਦਿਖਾ ਕੇ ਰਾਸ਼ਟਰਪਤੀ ਟਰੰਪ ਇਕ ਹਲਕੀ ਕਿਸਮ ਦੇ ਸ਼ਰਾਰਤੀ ਤੇ ਮੂਰਖ ਆਦਮੀ ਤੋਂ ਜ਼ਿਆਦਾ ਹੋਰ ਕੁੱਝ ਨਹੀਂ ਜਾਪਦੇ। ਇਸ ਬਿਮਾਰੀ ਨੂੰ ਚੀਨ ਦੀ ਪੈਦਾਵਾਰ ਦੱਸ ਕੇ ਉਸਨੇ ਜੋ ਵਤੀਰਾ ਸੰਸਾਰ ਸਿਹਤ ਸੰਸਥਾ ਵਲ ਨੂੰ ਅਖਤਿਆਰ ਕੀਤਾ ਹੈ, ਉਹ ਉਸ ਜਿਹੇ ਬਹੁਤ ਹੀ ਗੈਰ ਜ਼ਿੰਮੇਵਾਰ ਦੇਸ਼ ਜਾਂ ਰਾਜਨੀਤੀਵਾਨ ਨੂੰ ਹੀ ਸ਼ੋਭ ਸਕਦਾ ਹੈ! ਖੈਰ, ਜਿਸ ਤਰ੍ਹਾਂ ਕਰੋਨਾ ਨੇ ਅਮੀਰ ਪੂੰਜੀਵਾਦੀ ਦੇਸ਼ਾਂ ਦੇ ਪ੍ਰਬੰਧ ਦੀ ਧੋਖੇਬਾਜ਼ੀ ਨੂੰ ਨੰਗਿਆਂ ਕੀਤਾ ਹੈ, ਉਸਨੇ ਪੂੰਜੀਵਾਦੀ ਪ੍ਰਬੰਧ ਦੇ ਪੈਰੋਕਾਰਾਂ ਦੇ ਉਨ੍ਹਾਂ ਸਾਰੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਰਾਹੀਂ ਉਹ ਹਿੱਕ ਠੋਕ ਕੇ ਦਾਅਵਾ ਕਰਦੇ ਸਨ ਕਿ ਸਮਾਜਕ ਵਿਕਾਸ ਦਾ ਅੰਤਲਾ ਪੜਾਅ ਸਰਮਾਏਦਾਰ ਆਰਥਿਕ ਪ੍ਰਬੰਧ ਹੀ ਹੈ, ਤੇ ਇਹੀ ਮਾਨਵਤਾ ਦੇ ਸਾਰੇ ਦੁੱਖਾਂ ਦਾ ਦਾਰੂ ਹੈ। ਇਸ ਝੂਠ ਦੇ ਸਹਾਰੇ  ਪੂੰਜੀਵਾਦੀ ਲੁਟੇਰੇ ਕਿਰਤੀ ਜਮਾਤ ਨੂੰ ਸਦੀਆਂ ਤੋਂ ਗੁੰਮਰਾਹ ਕਰਦੇ ਆ ਰਹੇ ਹਨ ਕਿ ਉਹ ਮਿਹਨਤਕਸ਼ ਜਮਾਤ ਦੇ ਅੰਨਦਾਤਾ ਹਨ। ਜਿਸ ਤਰ੍ਹਾਂ ਵਧੇਰੇ ਪੂੰਜੀ ਇਕੱਤਰ ਕਰਨ ਦੀ ਹੋੜ ’ਚ ਮੁਨਾਫ਼ੇਖੋਰੀ ਉਪਰ ਅਧਾਰਤ ਪੂੰਜੀਵਾਦੀ ਢਾਂਚਾ ਕੰਮ ਕਰਦਾ ਹੈ, ਉਸਨੇ ਦਰਸਾ ਦਿੱਤਾ ਹੈ ਕਿ ਮੁੱਢੋਂ ਮੁਨਾਫੇ ਖਾਤਰ ਕੰਮ ਕਰਦਾ ਕੋਈ ਸਿਸਟਮ ਜਾਂ ਅਦਾਰਾ ਸਮਾਜ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਕਦੀ ਵੀ ਠੀਕ ਢੰਗ ਨਾਲ ਨਹੀਂ ਨਿਭਾਅ ਸਕਦਾ। ਇਨ੍ਹਾਂ ਅਮੀਰ ਦੇਸ਼ਾਂ ’ਚ ਨਿੱਜੀਕਰਨ ਨੂੰ ਸਾਰੀਆਂ ਮੁਸ਼ਕਿਲਾਂ ਦੇ ਹੱਲ ਤੇ ਵਿਕਾਸ ਦੀ ਸਫਲਤਾ ਦੀ ਦਵਾ ਦੱਸਿਆ ਜਾਂਦਾ ਰਿਹਾ ਹੈ। ਹੁਣ ਜਦੋਂ ਕਰੋਨਾ ਮਹਾਂਮਾਰੀ ਨੇ ਆਪਣਾ ਵਿਰਾਟ ਰੂਪ ਪ੍ਰਗਟ ਕੀਤਾ, ਤਾਂ ਇਹਨਾ ਦੇਸ਼ਾਂ ਦੀਆਂ ਮੁਨਾਫ਼ੇ ਉਪਰ ਅਧਾਰਤ ਨਿੱਜੀ ਸਿਹਤ ਸੇਵਾਵਾਂ ਤੇ ਦਵਾਈ ਕੰਪਨੀਆਂ ਪੂਰੀ ਤਰ੍ਹਾਂ ਅਸਫਲ ਹੋ ਗਈਆਂ ਤੇ ਆਪਣੀ ਡਿਊਟੀ ਨਿਭਾਉਣ ਤੋਂ ਪੱਲਾ ਝਾੜ ਗਈਆਂ। ਸਿਹਤ ਸੇਵਾਵਾਂ ਵਿਚ ਲੱਖਾਂ ਡਾਕਟਰਾਂ, ਨਰਸਾਂ ਤੇ ਦੂਸਰੇ ਅਮਲੇ ਨੂੰ ਮੁਨਾਫ਼ੇ ਦੇ ਲਾਲਚ ਕਾਰਨ ਉਨ੍ਹਾਂ ਦੇ ਬਚਾਅ ਲਈ ਲੋੜੀਂਦਾ ਸਮਾਨ ਵੀ ਨਹੀਂ ਦਿੱਤਾ ਜਾ ਰਿਹਾ, ਜਿਸਦੀ ਵਰਤੋਂ ਕਰਕੇ ਉਹ ਮਰੀਜ਼ਾਂ ਦਾ ਇਲਾਜ ਕਰਦੇ ਸਮੇਂ ਆਪਣੀ ਜ਼ਿੰਦਗੀ ਬਚਾਅ ਸਕਣ। ਸੰਸਾਰ ਭਰ ’ਚ ਸਿਹਤ ਸੇਵਾਵਾਂ ਨਿਭਾ ਰਹੇ ਅਨੇਕਾਂ ਕਰਮਚਾਰੀਆਂ ਦੀਆਂ ਇਸ ਘਾਟ ਕਾਰਨ ਮੌਤਾਂ ਹੋ ਚੁੱਕੀਆਂ ਹਨ ਤੇ ਉਨ੍ਹਾਂ ਨੇ ਆਪੋ-ਆਪਣੇ ਦੇਸ਼ਾਂ ਦੇ ਮੁਖੀਆਂ ਵਿਰੁੱਧ ਡਾਢੇ ਗੁੱਸੇ ਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਬੈਲਜ਼ੀਅਮ ਦੇ ਸਿਹਤ ਕਾਮਿਆਂ ਨੇ ਤਾਂ ਵਿਰੋਧ ਕਰਨ ਦਾ ਨਵਾਂ ਇਤਿਹਾਸ ਹੀ ਸਿਰਜ ਦਿੱਤਾ। ਦੇਸ਼ ਦੇ ਪ੍ਰਧਾਨ ਮੰਤਰੀ ਦੇ ਲੰਘ ਰਹੇ ਕਾਫਲੇ ਸਮੇਂ ਸੜਕਾਂ ਦੇ ਦੋਨੋਂ ਪਾਸਿਆਂ ’ਤੇ ਖੜ੍ਹੇ ‘ਕਰੋਨਾ ਵਾਰੀਅਰਜ਼’ ਨੇ ਇਕ ਅਨੁਸ਼ਾਸ਼ਤ ਫੌਜ ਵਾਂਗ ਉਸ ਵੱਲ ਨੂੰ ਪਿੱਠ ਕਰ ਲਈ। ਇਹ ਦੱਸਣ ਲਈ ਕਿ ਇਸ ਬਿਮਾਰੀ ਦੇ ਸੰਬੰਧ ’ਚ ਉਸ ਦੀ ਸਰਕਾਰ ਜੋ ਨੀਤੀਆਂ ਅਪਣਾ ਰਹੀ ਹੈ, ਉਹ ਉਨ੍ਹਾਂ ਨੂੰ ਮੰਨਣ  ਤੋਂ ਬਾਗੀ ਹਨ। ਜੇਕਰ ਇਨ੍ਹਾਂ ਦੇਸ਼ਾਂ ਅੰਦਰ ਸਿਹਤ ਸੇਵਾਵਾਂ ਨੂੰ ਨਿਭਾਉਣ ਦੀ ਸਾਰੀ ਜ਼ਿੰਮੇਵਾਰੀ ਸਰਕਾਰਾਂ ਉਪਰ ਹੁੰਦੀ, ਤਾਂ ਲਾਜ਼ਮੀ ਤੌਰ ’ਤੇ ਕਰੋਨਾ ਦਾ ਕਹਿਰ ਏਨੀਆਂ ਮਨੁੱਖੀ ਜਾਨਾਂ ਕਦੀ ਵੀ ਨਾ ਲੈ ਸਕਦਾ। ਲੋਕ ਚੀਨ, ਵੀਅਤਨਾਮ, ਕਿਊਬਾ, ਉਤਰੀ ਕੋਰੀਆ ਆਦਿ ਸਮਾਜਵਾਦੀ ਦੇਸ਼ਾਂ ਨੇ ਕਰੋਨਾ ਮਹਾਂਮਾਰੀ ਨੂੰ ਜਿਸ ਹੱਦ ਤੱਕ ਰੋਕ ਕੇ ਆਪਣੇ ਲੋਕਾਂ ਪ੍ਰਤੀ ਫਰਜ਼ਾਂ ਦੀ ਪੂਰਤੀ ਕੀਤੀ ਹੈ, ਉਸਨੇ ਦੁਨੀਆਂ ਭਰ ’ਚ ਬਹੁਤ ਸਾਰੀਆਂ ਘਾਟਾਂ ਤੇ ਮਜ਼ਬੂਰੀਆਂ ਦੇ ਹੁੰਦਿਆਂ ਹੋਇਆਂ ਵੀ ਸਮਾਜਵਾਦੀ ਲੀਹਾਂ ਉਪਰ ਸਿਰਜੇ ਗਏ ਪ੍ਰਬੰਧ ਦੀ ਗੁਣਵੱਤਾ ਨੂੰ ਲੋਕਾਂ ਦੀਆਂ ਨਿਗਾਹਾਂ ’ਚ ਚਾਰ ਚੰਨ ਲਾ ਦਿੱਤੇ ਹਨ। ਸਾਮਰਾਜ ਤੇ ਪੂੰਜੀਵਾਦ ਪੱਖੀ ਮੀਡੀਆ ਵਲੋਂ ਇਨ੍ਹਾਂ ਦੇਸ਼ਾਂ ਵਿਰੁੱਧ ਕੀਤਾ ਜਾ ਰਿਹਾ ਭੰਡੀ ਪ੍ਰਚਾਰ ਇਸੇ ਸਫਲਤਾ ’ਤੇ ਕਾਟਾ ਮਾਰਨ ਵੱਲ ਹੀ ਸੇਧਤ ਹੈ।
ਜਿਥੋਂ ਤੱਕ ਪੂੰਜੀਵਾਦ ਵਲੋਂ ਕਿਰਤੀ ਲੋਕਾਂ ਦੇ ਅੰਨ ਦਾਤੇ ਹੋਣ ਦੇ ਦਾਅਵੇ ਦਾ ਸਵਾਲ ਹੈ, ਇਸ ਮਹਾਂਮਾਰੀ ਨੇ ਉਲਟਾ ਇਹ ਸਿੱਧ ਕਰ ਦਿੱਤਾ ਹੈ ਕਿ ਅਸਲ ਵਿਚ ਪੂੰਜੀਪਤੀ ਵਰਗ ਦੀ ਖੁਸ਼ਹਾਲੀ ਤੇ ਮੁਨਾਫ਼ਿਆਂ ਦੇ ਸਿਰਜਣਹਾਰ ਮਿਹਨਤਕਸ਼ ਲੋਕ ਹੀ ਹਨ। ਪੂੰਜੀਪਤੀ ਜਮਾਤ, ਜਿਸਨੇ ਸਦੀਆਂ ਤੋਂ ਕਿਰਤੀ ਲੋਕਾਂ ਦਾ ਖੂਨ ਪੀ.ਕੇ. ਪੂੰਜੀ ਦੇ ਅੰਬਾਰ ਖੜ੍ਹੇ ਕੀਤੇ ਹੋਏ ਹਨ, ਸਰਕਾਰਾਂ ਦੇ ਹੁਕਮਾਂ ਅਨੁਸਾਰ ਕੀਤੇ ਲਾਕਡਾਊਨ ਦੌਰਾਨ ਮਸ਼ੀਨ ਦਾ ਚੱਕਾ ਕੁਝ ਦਿਨਾਂ ਲਈ ਖੜ੍ਹਾ ਹੋ ਜਾਣ ’ਤੇ ਕਿਰਤੀਆਂ ਨੂੰ ਦੋ ਡੰਗ ਦੀ ਰੋਟੀ ਦੇਣ ਤੋਂ ਹੀ ਮੁਨੱਕਰ ਹੋ ਗਈ ਹੈ। ਜਿਨ੍ਹਾਂ ਅਮੀਰਾਂ ਦੇ ਬੱਚਿਆਂ ਨੂੰ ਪ੍ਰਵਾਸੀ ਔਰਤਾਂ ਖਿਡਾਉਂਦੀਆਂ ਨਹੀਂ ਸਨ ਥੱਕਦੀਆਂ, ਉਨ੍ਹਾਂ ਨੂੰ ਕੁੱਛੜ ਚੁੱਕੇ ਭੁੱਖੇ ਪੇਟ ਬੱਚਿਆਂ ਸਮੇਤ ਰੋਂਦੀਆਂ-ਕੁਰਲਾਉਂਦੀਆਂ ਨੂੰ ਧੱਕੇ ਮਾਰ ਕੇ ਘਰਾਂ ’ਚੋਂ ਬਾਹਰ ਕੱਢ ਦਿੱਤਾ ਗਿਆ। ਅੰਤਰਰਾਜੀ ਕਾਮੇ ਆਪਣੇ ਸਿਰਾਂ ਤੇ ਪਾਟੇ ਕੱਪੜਿਆਂ ਦੀਆਂ ਗੰਢਾਂ ਤੇ ਕੁਛੜਾਂ ’ਚ ਨੰਨ੍ਹੇ ਬੱਚਿਆਂ ਨੂੰ ਚੁੱਕ ਕੇ ਹਜ਼ਾਰਾਂ ਮੀਲ ਦੇ ਸਫਰ ’ਤੇ ਪੈਦਲ ਹੀ ਤੁਰੇ ਜਾ ਰਹੇ ਹਨ। ਸਾਰੇ ਸੰਸਾਰ ਨੂੰ ‘ਕੁਟੰਬ’ ਦੱਸਣ ਵਾਲੀ ਆਰ.ਐਸ.ਐਸ. ਤੋਂ ਅਗਵਾਈ ਲੈਣ ਵਾਲੀ ਮੋਦੀ ਸਰਕਾਰ ਦਾ ਮਨ ਭੁੱਖੇ-ਭਾਣੇ ਹਜ਼ਾਰਾਂ ਮੀਲਾਂ ਦੇ ਸਫਰ ਤੇ ਨਿਕਲੇ ਕਾਮੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਪੈਰਾਂ ਉਤੇ ਪਏ ਛਾਲਿਆਂ ਤੇ ਰੇਲਵੇ ਲਾਈਨਾਂ ਉਪਰ ਧੜਾਂ ਤੋਂ ਅੱਲਗ ਹੋਏ ਸਿਰਾਂ ਨੂੰ ਦੇਖ ਕੇ ਵੀ ਨਹੀਂ ਪਸੀਜਿਆ। ਇਹ ਹੈ ਪੂੰਜੀਵਾਦ ਦਾ ਮਾਨਵਤਾ ਵਿਰੋਧੀ ਕਰੂਰ ਤੇ ਜ਼ਾਲਮਾਨਾ ਚਿਹਰਾ, ਜੋ ਇਸ ਕਰੋਨਾ ਮਹਾਂਮਾਰੀ ਨੇ ਬੇਪਰਦ ਕੀਤਾ ਹੈ।
ਇਸ ਮਹਾਂਮਾਰੀ ਨਾਲ ਇਕ ਹੋਰ ਪੱਖ ਵੀ ਸਾਫ ਹੋ ਗਿਆ ਹੈ ਕਿ ਪੂੰਜੀਪਤੀ ਵਰਗ ਮਨੁੱਖਾਂ ਦੀਆਂ ਲਾਸ਼ਾਂ ਦੇ ਢੇਰਾਂ ’ਚੋਂ ਵੀ ਆਪਣੇ ਮੁਨਾਫ਼ਿਆਂ ਦਾ ਹਿਸਾਬ-ਕਿਤਾਬ ਕਰਨੋਂ ਨਹੀਂ ਉਕਦਾ। ਅਮਰੀਕਾ ਦਾ ਰਾਸ਼ਟਰਪਤੀ ਜਦੋਂ ਵੀ ਕਰੋਨਾ ਬਾਰੇ ਕੁਝ ਕਹਿੰਦਾ ਹੈ, ਤਾਂ ਸਿਰਫ ਅਮਰੀਕਾ ਨੂੰ ‘ਆਰਥਿਕ ਮਹਾਂਸ਼ਕਤੀ’ ਬਣੇ ਰਹਿਣ ਲਈ ਪੈਦਾਵਾਰ ਤੇਜ਼ ਕਰਨ ਦੀ ਦੁਹਾਈ ਦਿੰਦਾ ਹੈ। ਭਾਵੇਂ ਇਸ ਮੰਤਵ ਲਈ ਲਾਕਡਾਊਨ ਖੋਲ੍ਹਣ ਤੋਂ ਬਾਅਦ ਹੋਰ ਲੱਖਾਂ ਅਮਰੀਕਣਾਂ ਦੀਆਂ ਮੌਤਾਂ ਕਿਉਂ ਨਾ ਹੋ ਜਾਣ? ਇਹ ਅਣਮਨੁੱਖੀ ਪ੍ਰਬੰਧ ਮੁਨਾਫ਼ੇ ਦੀ ਹੋੜ ’ਚ ਕੁਦਰਤ ਨਾਲ ਖਿਲਵਾੜ ਕਰਕੇ ਤੇ ਜੰਗਾਂ ਰਾਹੀਂ ਪਹਿਲਾਂ ਦੁਨੀਆਂ ਦੀ ਤਬਾਹੀ ਕਰਦਾ ਹੈ, ਫਿਰ ਇਸ ਪ੍ਰਸੰਗ ’ਚ ਹੋਈ  ਬਰਬਾਦੀ ਤੇ ਬਿਮਾਰੀਆਂ ਦੇ ਇਲਾਜ ਉਪਰ ਹੋਏ ਖਰਚੇ ਦੀ ਭਰਪਾਈ ਕਰਨ ਦੇ ਬਹਾਨੇ ਬੇਗਿਣਤ ਧਨ ਇਕੱਠਾ ਕਰਦਾ ਹੈ। ਦੁਨੀਆਂ ’ਚ ਵੱਧ ਰਿਹਾ ਗਰੀਬੀ ਅਮੀਰੀ ਦਾ ਪਾੜਾ, ਫੈਲੀ ਭੁਖਮਰੀ ਤੇ ਅਨਪੜ੍ਹਤਾ ਸਭ ਇਸੇ ਪ੍ਰਬੰਧ ਦੀ ਦੇਣ ਹਨ।
ਇਸ ਮਹਾਂਮਾਰੀ ਨਾਲ ਸਮਾਜ ਵਿਚਲੇ ਉਹ ਲੋਕ, ਜਿਨ੍ਹਾਂ ਦੀ ਅਸਲ ਜ਼ਿੰਦਗੀ ਦੀ ਤਸਵੀਰ ਕਈ ਵਾਰ ਆਮ ਲੋਕਾਂ ਸਾਹਮਣੇ ਨਹੀਂ ਆਉਂਦੀ ਤੇ ਨਾ ਹੀ ਪੂੰਜੀਵਾਦੀ ਸਰਕਾਰਾਂ ਅਜਿਹਾ ਹੋਣ ਹੀ ਦਿੰਦੀਆਂ ਹਨ, ਉਦੋਂ ਜਗ ਜਾਹਰ ਹੋ ਗਈ, ਜਦੋਂ ਭਾਰਤ ਦੇ ਦਿਓ ਕੱਦ ਅਸਮਾਨ ਛੂੰਹਦੀਆਂ ਬਿਲਡਿੰਗਾਂ ਵਾਲੇ ਸ਼ਹਿਰਾਂ ਵਿਚੋਂ ਭੁੱਖ ਨਾਲ ਬੇਹਾਲ ਹੋਏ ਲੱਖਾਂ ਮਜ਼ਦੂਰ ਔਰਤਾਂ ਤੇ ਬੰਦੇ ਆਪਣੇ ਸਿਰਾਂ ਉਪਰ ਸਾਰੇ ਘਰ ਦਾ ਸਮਾਨ ਚੁੱਕ ਕੇ ਅਣਜਾਣੇ ਸਫਰ ਨੂੰ ਪੈਰੀਂ ਤੁਰ ਕੇ ਮੁਕਾਉਣ ਲਈ ਰੇਲਵੇ ਲਾਈਨਾਂ ਦੀਆਂ ਪਟੜੀਆਂ ਤੇ ਸੜਕਾਂ ਦੇ ਕਿਨਾਰਿਆਂ ਉਪਰ ਨਿਕਲ ਪਏ। ਸਿਰਫ ਇਸ ਲਈ ਕਿ ਉਹ ਭੁਖ ਨਾਲ ਮਰਨ ਤੋਂ ਪਹਿਲਾਂ ਆਪਣੀ ਜਨਮ ਭੂਮੀ ਤੇ ਪਿੰਡ ਵੱਸਦੇ ਪਰਿਵਾਰਾਂ ਤੇ ਸਕੇ ਸੰਬੰਧੀਆਂ ਨੂੰ ਮਿਲਣਾ ਚਾਹੁੰਦੇ ਹਨ। ਇਹ ਕੰਮ ਵੀ ਏਨਾ ਆਸਾਨ ਨਹੀਂ ਰਿਹਾ, ਜਦੋਂ ਦਿਨਾਂ ਬੱਧੀ ਭੁੱਖੇ ਪੇਟ ਕਿਰਤੀਆਂ ਨੂੰ ਰਸਤੇ ’ਚ ਪੁਲਸ ਦੀਆਂ ਡਾਗਾਂ ਦੀ ਮਾਰ ਝੱਲਣੀ ਪਈ। ਕੋਈ ਅੱਤ ਦਾ ਪੱਥਰ ਦਿਲ ਤੇ ਮਨੁੱਖੀ ਸੰਵੇਦਨਾਂਵਾਂ ਤੋਂ ਸੱਖਣਾ ਇਨਸਾਨ ਹੀ ਹੋਵੇਗਾ, ਜੋ ਟੀ.ਵੀ.ਚੈਨਲਾਂ ਉਪਰ ਇਹ ਦੇਖਦਾ ਹੋਇਆ ਧਾਹਾਂ ਮਾਰ ਕੇ ਰੋਇਆ ਨਾ ਹੋਵੇ। ਜਦੋਂ ਇਹ ਸਾਰਾ ਦਰਦਨਾਕ ਵਰਤਾਰਾ ਵਾਪਰ ਰਿਹਾ ਸੀ, ਉਸ ਸਮੇਂ ਮੋਦੀ ਸਰਕਾਰ ਦੇ ਸਮਰਥਕ ਬਹੁਤ ਸਾਰੇ ਟੀ.ਵੀ. ਚੈਨਲ ਫਿਰਕੂ ਬਹਿਸਾਂ ਰਾਹੀਂ ਹਿੰਦੂ ਮੁਸਲਮਾਨਾਂ ’ਚ ਦਰਾੜ ਪੈਦਾ ਕਰਨ, ਗੁਆਂਢੀ ਦੇਸ਼ਾਂ, ਲੋਕ ਚੀਨ ਤੇ ਪਾਕਿਸਤਾਨ ਵਿਰੁੱਧ ਬੇਲੋੜਾ ਦੁਸ਼ਮਣੀ ਭਰਿਆ ਘਟੀਆ ਪ੍ਰਚਾਰ ਕਰਨ ਜਾਂ ਮੋਦੀ ਸਰਕਾਰ ਦੀਆਂ ਕਰੋਨਾ ਮਹਾਂਮਾਰੀਆਂ ਨਾਲ ਨਜਿੱਠਣ ਸਮੇਂ ਉਜਾਗਰ ਹੋਈਆਂ ਘੋਰ ਅਸਫਲਤਾਵਾਂ ਨੂੰ ‘ਯੋਗਤਾਵਾਂ’ ’ਚ ਤਬਦੀਲ ਕਰਨ ਦੇ ਸੋਹਲੇ ਗਾਉਂਦੇ ਨਹੀਂ ਸਨ ਥੱਕਦੇ। ਇਸ ਸੰਕਟ ਕਾਲ ’ਚ ਦੇਸ਼ ਦੇ ਸਾਰੇ ਲੋਕਾਂ, ਵੱਖ-ਵੱਖ ਰਾਜਨੀਤਕ ਦਲਾਂ, ਸਮਾਜਕ ਜਥੇਬੰਦੀਆਂ, ਟਰੇਡ ਯੂਨੀਅਨਾਂ ਤੇ ਬੁੱਧੀਜੀਵੀਆਂ ਨੂੰ ਕਰੋਨਾ ਦਾ ਟਾਕਰਾ ਕਰਨ ਲਈ ਇਕਜੁਟ ਕਰਨ ਦੀ ਥਾਂ ਮੋਦੀ ਸਰਕਾਰ ਤੇ ਸੰਘ ਪਰਿਵਾਰ ਆਪਣੇ ਫਿਰਕੂ ਏਜੰਡੇ (ਧਰਮ ਅਧਾਰਤ ਦੇਸ਼ ‘ਹਿੰਦੂ ਰਾਸ਼ਟਰ’ ਕਾਇਮ ਕਰਨ) ਨੂੰ ਅਗਾਂਹ ਤੋਰਨ ਤੇ ਰਾਜਨੀਤੀ ਵਿਚ ਲੋਕਰਾਜੀ ਪ੍ਰੰਪਰਾਵਾਂ ਨੂੰ ਖਤਮ ਕਰਕੇ ਇਕ ਪਾਰਟੀ ਦੀ ਤਾਨਾਸ਼ਾਹੀ ਕਾਇਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਜਿਸ ਢੰਗ ਨਾਲ ਯੂ.ਪੀ. ਤੇ ਦਿੱਲੀ ਸਮੇਤ ਸਾਰੇ ਦੇਸ਼ ਅੰਦਰ ਮੋਦੀ ਸਰਕਾਰ ਦੀ ਨੁਕਤਾਚੀਨੀ ਕਰਨ ਵਾਲੇ ਬੁੱਧੀਜੀਵੀਆਂ ਤੇ ਰਾਜਸੀ ਆਗੂਆਂ ਨੂੰ ‘ਦੇਸ਼ ਧਰੋਹ’ ਦੇ ਕੇਸਾਂ ਅਧੀਨ ਜੇਲ੍ਹੀਂ ਡੱਕਿਆ ਜਾ ਰਿਹਾ ਹੈ, ਉਸਨੇ ਫਿਰਕੂ ਫਾਸ਼ੀਵਾਦੀ ਸ਼ਕਤੀਆਂ ਦੇ ਅਸਲ ਮਨਸੂਬਿਆਂ ਨੂੰ ਬੇਪਰਦ ਕਰ ਦਿੱਤਾ ਹੈ। ਇਹ ਸਾਰੇ ਦੇਸ਼ ਵਾਸੀਆਂ ਲਈ ਖਤਰੇ ਦੀ ਘੰਟੀ ਵੀ ਹੈ। ਹੁਣ ਕਿਰਤੀਆਂ ਤੇ ਕਿਸਾਨਾਂ ਨੂੰ ਇਸ ਮਹਾਂਮਾਰੀ  ਦੀ ਮਾਰ ਤੋਂ ਕੁਝ ਰਾਹਤ ਦੇਣ ਦੀ ਥਾਂ ਕਿਰਤੀ ਲੋਕਾਂ ਦੀ ਦਿਹਾੜੀ 8 ਘੰਟੇ ਤੋਂ 12 ਘੰਟੇ ਦੀ ਕੀਤੀ ਜਾ ਰਹੀ ਹੈ ਤੇ ਪੂੰਜੀਪਤੀਆਂ ਦੇ ਹਿਤ ਪੂਰਨ ਲਈ ਸਾਰੇ ਕਿਰਤ ਕਾਨੂੰੂਨਾਂ ਨੂੰ ਰੱਦੀ ਦੀ ਟੋਕਰੀ ’ਚ ਸੁੱਟਿਆ ਜਾ ਰਿਹਾ ਹੈ। ਦੂਸਰੇ ਬੰਨੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਜਾ ਰਹੀਆਂ ਵੱਡੀਆਂ ਵਿੱਤੀ ਰਿਆਇਤਾਂ ਤੇ ਕਰਜ਼ਿਆਂ ਦੀ ਮੁਆਫ਼ੀ ਦੇ ਕਦਮਾਂ ਤੋਂ ਮੋਦੀ ਸਰਕਾਰ ਦੀ ਦੇਸ਼ ਦੀ ਸਾਰੀ ਸੰਪਤੀ ਨੂੰ ਸਾਮਰਾਜੀ ਲੁਟੇਰਿਆਂ ਤੇ ਧਨ ਕੁਬੇਰਾਂ ਦੇ ਹਵਾਲੇ ਕਰਨ ਦੀ ਚਾਲ ਵੀ ਸਪੱਸ਼ਟ ਹੋ ਗਈ ਹੈ।
ਸਾਡੇ ਸਾਰਿਆਂ ਲਈ, ਜੋ ਸਮਾਜਿਕ ਬਦਲਾਅ ਲਈ ਸੰਘਰਸ਼ੀਲ ਹਨ, ਇਹ ਜ਼ਰੂਰੀ ਹੈ ਕਿ ਕਰੋਨਾ ਮਹਾਂਮਾਰੀ ਦੀ ਆੜ ’ਚ ਅਸੀਂ ਮੋਦੀ ਸਰਕਾਰ ਦੇ ਫਿਰਕੂ ਫਾਸ਼ੀਵਾਦੀ ਏਜੰਡੇ, ਨਵ ਉਦਾਰਵਾਦੀ ਆਰਥਿਕ ਨੀਤੀਆਂ ਲਾਗੂ ਕਰਕੇ ਪੂੰਜੀਵਾਦੀ ਢਾਂਚੇ ਨੂੰ ਮਜ਼ਬੂਤ ਕਰਨ ਦੀਆਂ ਕੁਚਾਲਾਂ, ਸਮਾਜਵਾਦੀ ਦੇਸ਼ਾਂ ਤੇ ਮਾਰਕਸਵਾਦੀ ਵਿਚਾਰਧਾਰਾ ਵਿਰੁੱਧ ਕੀਤੇ ਜਾ ਰਹੇ ਕੂੜ ਪ੍ਰਚਾਰ, ਸਾਮਰਾਜ ਦੇ ਹਿਤਾਂ ਦੇ ਹੱਕ ’ਚ ਭੁਗਤਣ ਤੇ ਦੇਸ਼ ਦੇ ਧਰਮ ਨਿਰਪੱਖ ਤੇ ਲੋਕ ਰਾਜੀ ਢਾਂਚੇ ਨੂੰ ਤਬਾਹ ਕਰਨ ਦੇ ਮਨਸੂਬਿਆਂ ਨੂੰ ਜੁੜਵੇਂ ਰੂਪ ’ਚ ਸਮਝੀਏ ਤੇ ਇਸ ਵਿਰੁੱਧ ਲੋਕਾਂ ਦੇ ਵਿਸ਼ਾਲ ਹਿੱਸਿਆਂ ਨੂੰ ਲਾਮਬੰਦ ਕਰਕੇ ਜਨਤਕ ਸੰਘਰਸ਼ ਵਿੱਢਣ ਲਈ ਯੋਜਨਾਬੰਦੀ ਕਰੀਏ। ਕਰੋਨਾ ਮਹਾਂਮਾਰੀ ਦੇ ਦੌਰ ਤੋਂ ਬਾਅਦ ਸੰਸਾਰ ਦੇ ਦੇਸ਼ਾਂ ’ਚ ਪੈਦਾ ਹੋਣ ਵਾਲੀ ਵੱਡੀ ਆਰਥਿਕ ਮਹਾਂਮਾਰੀ ਤੋਂ ਸੱਜੇ ਪੱਖੀ ਪੂੰਜੀਵਾਦੀ ਤਾਕਤਾਂ ਲਾਹਾ ਲੈ ਕੇ ਫਾਸ਼ੀ ਤਰਜ਼ ਦੀਆਂ ਹਕੂਮਤਾਂ ਕਾਇਮ ਕਰਨ ਦਾ ਯਤਨ ਕਰਨਗੀਆਂ। ਤੇ ਅਸੀਂ, ਸਮਾਜਕ ਬਦਲਾਅ ਲਈ ਸੰਘਰਸ਼ਸ਼ੀਲ ਧਿਰਾਂ ਕਰੋਨਾ ਮਹਾਂਮਾਰੀ ਦੇ ਸਾਹਮਣੇ ਪੂੰਜੀਵਾਦੀ ਢਾਂਚੇ ਦੇ ਢਹਿ-ਢੇਰੀ ਹੋਣ ਤੇ ਸਿਧਾਂਤਕ ਤੇ ਵਿਵਹਾਰਕ ਰੂਪ ’ਚ ਸਮਾਜਵਾਦੀ ਸ਼ਕਤੀਆਂ ਦੇ ਮਜ਼ਬੂਤ ਤੇ ਹਰਮਨ ਪਿਆਰੇ ਹੋਣ ਦੀ ਸਥਿਤੀ ਅੰਦਰ ਕਿਰਤੀ ਲੋਕਾਂ ਦੇ ਹੱਕ ’ਚ ਜਨਤਕ ਸੰਘਰਸ਼ਾਂ ਦੇ ਬਲਬੂਤੇ ਵੱਡੀਆਂ ਤਬਦੀਲੀਆਂ ਕਰਨ ਦੀ ਸਥਿਤੀ ’ਚ ਹੋਵਾਂਗੇ। ਦੋਨਾਂ ਦੇ ਟਕਰਾਅ ’ਚ ਕਿਰਤੀ ਲੋਕਾਂ ਦੀ ਜਿੱਤ ਅਗਾਂਹਵਧੂ ਸ਼ਕਤੀਆਂ ਦੇ ਸਾਂਝੇ ਘੋਲਾਂ ਨੇ ਹੀ ਨਿਰਧਾਰਤ ਕਰਨੀ ਹੈ।
– ਮੰਗਤ ਰਾਮ ਪਾਸਲਾ
(01-06-2020) 

Scroll To Top