
ਹੁਸ਼ਿਆਰਪੁਰ, 15 ਅਕਤੂਬਰ (ਸੰਗਾਰਮੀ ਲਹਿਰ ਬਿਊਰੋ)- ਬਾਰਡਰ ਸਕਿਉਰਿਟੀ ਫੋਰਸ ਦੇ ਅਧਿਕਾਰ ਖੇਤਰ ਵਿਚ 50 ਕਿਲੋਮੀਟਰ ਤੱਕ ਕੀਤਾ ਵਾਧਾ ਸੂਬਿਆਂ ਦੇ ਅਧਿਕਾਰ ਉੱਤੇ ਮੋਦੀ ਸਰਕਾਰ ਦਾ ਸਿੱਧਾ ਹਮਲਾ ਅਤੇ ਦੇਸ਼ ਦੇ ਸੰਘੀ ਢਾਂਚੇ ਦੀ ਸਿੱਧੀ ਉਲੰਘਣਾ ਹੈ। ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਕੇ ਰਾਜਾਂ ਦੇ ਅਧਿਕਾਰ ਖੋਹ ਕੇ ਕੇਂਦਰ ਕੋਲ ਸਾਰੀਆਂ ਸ਼ਕਤੀਆਂ ਇਕੱਠੀਆਂ ਕਰਨ ਦਾ ਭਾਰਤੀ ਜਨਤਾ ਪਾਰਟੀ ਦਾ ਮਨਸੂਬਾ ਹੈ।
ਇਸ ਨਾਲ ਬਾਰਡਰ ਸਕਿਉਰਿਟੀ ਫੋਰਸ ਨੂੰ 50 ਕਿਲੋਮੀਟਰ ਦੇ ਘੇਰੇ ਵਿੱਚ ਲੋਕਾਂ ਦੀਆਂ ਤਲਾਸ਼ੀਆਂ ਲੈਣ, ਛਾਪੇ ਮਾਰਨ ਅਤੇ ਗ੍ਰਿਫ਼ਤਾਰੀਆ ਕਰਨ ਦਾ ਅਧਿਕਾਰ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਜੀਓ ਰਿਲਾਇੰਸ ਕਾਰਪੋਰੇਟ ਸਾਹਮਣੇ ਨੇੜੇ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਵਿਖੇ 338 ਦਿਨਾਂ ਤੋਂ ਨਵੇਂ ਤਿੰਨ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਦਿਨ ਰਾਤ ਧਰਨੇ ਤੇ ਬੈਠੇ ਕਿਸਾਨ ਆਗੂਆਂ ਨੇ ਕੀਤਾ। ਆਗੂਆਂ ਨੇ ਕੇਂਦਰ ਦੇ ਇਸ ਫੈਸਲੇ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਇਹ ਮੰਗ ਕੀਤੀ ਕਿ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ। ਪੰਜਾਬ ਦੇ ਲੋਕ ਇਸ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ।
ਇਸ ਮੌਕੇ ਸਰਵ ਸਾਥੀ ਗੁਰਮੇਸ਼ ਸਿੰਘ, ਕੁਲਤਾਰ ਸਿੰਘ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਗੁਰਮੀਤ ਸਿੰਘ, ਰਾਮ ਲਾਲ ਢੋਲਣਵਾਲ, ਬਲਰਾਜ ਸਿੰਘ ਬੈਂਸ ਲਹਿਲੀ ਕਲਾਂ, ਗੁਰਚਰਨ ਸਿੰਘ, ਗੁਰਬਖਸ਼ ਸਿੰਘ ਸੂਸ, ਬਲਵਿੰਦਰ ਸਿੰਘ, ਰਮੇਸ਼ ਕੁਮਾਰ ਬਜਵਾੜਾ, ਗੁਰਮੇਲ ਸਿੰਘ ਕੋਟਲਾ ਨੌਧ ਸਿੰਘ ਅਤੇ ਵਿਜੇ ਕੁਮਾਰ ਆਦਿ ਹਾਜ਼ਰ ਸਨ।