Now Reading
ਸੰਘਰਸ਼ਸ਼ੀਲ ਜਨ ਸੰਗਠਨਾਂ ਅਤੇ ਪ੍ਰਗਤੀਸ਼ੀਲ ਧਿਰਾਂ ਦੀ ਸਾਂਝੀ ਮੀਟਿੰਗ 12 ਅਕਤੂਬਰ ਨੂੰ

ਸੰਘਰਸ਼ਸ਼ੀਲ ਜਨ ਸੰਗਠਨਾਂ ਅਤੇ ਪ੍ਰਗਤੀਸ਼ੀਲ ਧਿਰਾਂ ਦੀ ਸਾਂਝੀ ਮੀਟਿੰਗ 12 ਅਕਤੂਬਰ ਨੂੰ

ਲੁਧਿਆਣਾ, 4 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਚਾਰ ਖੱਬੀਆਂ ਪਾਰਟੀਆਂ; ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ), ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ), ਸੀਪੀਆਈ (ਐਮਐਲ) ਲਿਬਰੇਸ਼ਨ ਅਤੇ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ-ਯੂਨਾਇਟਿਡ (ਐਮਸੀਪੀਆਈ-ਯੂ) ਦੀ ਸਾਂਝੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਹਾਲ ਚ ਸਾਥੀ ਗੁਰਮੀਤ ਸਿੰਘ ਬਖਤਪੁਰ ਦੀ ਪ੍ਰਧਾਨਗੀ ਹੇਠ ਹੋਈ।

ਇਸ ਮੀਟਿੰਗ ’ਚ ਸਾਥੀ ਬੰਤ ਬਰਾੜ, ਮੰਗਤ ਰਾਮ ਪਾਸਲਾ, ਰਾਜਵਿੰਦਰ ਸਿੰਘ ਰਾਣਾ ਅਤੇ ਕਿਰਨਜੀਤ ਸਿੰਘ ਸੇਖੋਂ ਨੇ ਮੀਟਿੰਗ ਦਾ ਉਦੇਸ਼ ਅਤੇ ਭਵਿੱਖ ਦੇ ਸਾਂਝੇ ਘੋਲਾਂ ਦਾ ਖਾਕਾ ਪੇਸ਼ ਕੀਤਾ।

ਆਗੂਆਂ ਨੇ ਪੰਜਾਬ ਅਤੇ ਦੇਸ਼ ਭਰ ਵਿੱਚ ਮਿਹਨਤੀ ਤਬਕਿਆਂ ਵੱਲੋਂ ਆਪਣੀਆਂ ਤਰਸਯੋਗ ਜੀਵਨ ਹਾਲਤਾਂ ਬਦਲਣ ਲਈ ਲੜੇ ਜਾ ਰਹੇ ਲਹੂ ਵੀਟਵੇਂ ਸੰਘਰਸ਼ਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਸਾਰੀਆਂ ਲੜਾਕੂ ਧਿਰਾਂ ਦੀ ਪਾਏਦਾਰ ਸਾਂਝ ਕਾਇਮ ਕਰਨ ਦੀ ਲੋੜ ’ਤੇ ਜੋਰ ਦਿੱਤਾ।

ਉਨ੍ਹਾਂ ਕਿਹਾ ਕਿ ਮੋਦੀ ਦੀਆਂ ਕਾਰਪੋਰੇਟ ਪੱਖੀ-ਲੋਕ ਮਾਰੂ ਨੀਤੀਆਂ ਅਤੇ ਆਰਐਸਐਸ ਦੀ ਫਿਰਕੂ-ਫਾਸ਼ੀ, ਫੁੱਟਪਾਊ ਵਿਉਂਤਬੰਦੀ ਨੂੰ ਭਾਂਜ ਦੇਣ ਲਈ ਦੇਸ਼ ਵਿਆਪੀ ਕਿਸਾਨ ਸੰਘਰਸ਼ ਤੋਂ ਪ੍ਰੇਰਣਾ ਲੈਂਦਿਆਂ ਕਿਰਤੀ, ਕਿਸਾਨਾਂ ਤੇ ਮਿਹਨਤਕਸ਼ ਵਰਗਾਂ ਦਾ ਸਾਂਝਾ ਮੰਚ ਉਸਾਰਦਿਆਂ ਬੱਝਵੇਂ ਤੇ ਫੈਸਲਾਕੁੰਨ ਸੰਘਰਸ਼ਾਂ ਦੀ ਉਸਾਰੀ ਕਰਨੀ ਹੀ ਖੱਬੀਆਂ ਅਤੇ ਅਗਾਂਹਵਧੂ ਧਿਰਾਂ ਸਨਮੁੱਖ ਵਰਤਮਾਨ ਦੀ ਸਭ ਤੋਂ ਵੱਡੀ ਚੁਣੌਤੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਨੇੜ ਭਵਿੱਖ ’ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਸੌ-ਸੌ ਪਾਪੜ ਵੇਲ ਰਹੀਆਂ ਮੋਦੀ-ਮਨਮੋਹਨ ਮਾਰਕਾ ਨੀਤੀਆਂ ਦੀਆਂ ਪੈਰੋਕਾਰ ਰਾਜਸੀ ਪਾਰਟੀਆਂ ਤੋਂ ਲੋਕ ਭਲਾਈ ਦੀ ਆਸ ਉੱਕਾ ਹੀ ਨਹੀਂ ਰੱਖੀ ਜਾ ਸਕਦੀ।

See Also

ਇਸੇ ਸੇਧ ਵਿੱਚ ਸੰਘਰਸ਼ਸ਼ੀਲ ਜਨ ਸੰਗਠਨਾਂ ਅਤੇ ਪ੍ਰਗਤੀਸ਼ੀਲ ਧਿਰਾਂ ਦੀ ਸਾਂਝੀ ਮੀਟਿੰਗ 12 ਅਕਤੂਬਰ ਨੂੰ ਸਵੇਰ ਦੇ 11 ਵਜੇ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਸੱਦੀ ਗਈ ਹੈ।

ਉਕਤ ਮੀਟਿੰਗ ਵਿੱਚ ਪੰਜਾਬ ਅਤੇ ਦੇਸ਼ ਵਾਸੀਆਂ ਸਨਮੁੱਖ ਬਦਲਵੇਂ ਲੋਕ ਹਿਤੈਸ਼ੀ ਨੀਤੀ ਚੌਖਟੇ ’ਤੇ ਆਧਾਰਿਤ ਸਾਂਝੇ ਮੰਚ ਅਤੇ ਭਵਿੱਖੀ ਸੰਗਰਾਮਾਂ ਦੀ ਰੂਪ ਰੇਖਾ ਪੇਸ਼ ਕੀਤੀ ਜਾਵੇਗੀ। ਮੀਟਿੰਗ ਵਿਚ ਪ੍ਰੋ ਜੈਪਾਲ ਸਿੰਘ, ਐਮ.ਐਸ. ਭਾਟੀਆ, ਗੁਰਪ੍ਰੀਤ ਸਿੰਘ ਰੂੜੇਕੇ, ਜਗਦੀਸ਼ ਚੰਦ, ਪਰਮਜੀਤ ਸਿੰਘ ਅਤੇ ਮਹਿੰਦਰਪਾਲ ਸਿੰਘ ਵੀ ਸ਼ਾਮਲ ਹੋਏ।

Scroll To Top