ਡੇਹਲੋ, 22 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਕਾਲੇ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਤੇ ਮੋਦੀ ਸਰਕਾਰ ਦੀ ਲੁੱਟ ਵਿਰੁੱਧ ਅਤੇ ਵੀਰਾਂ ਤੇ ਭੈਣਾਂ ਨੂੰ ਜਾਗਰੂਕ ਕਰਨ ਲਈ ਚੱਲ ਰਹੇ ਅੰਦੋਲਨ ਦੌਰਾਨ ਹੋਰ ਵੱਡੀ ਗਿਣਤੀ ‘ਚ ਲੋਕਾਂ ਨੂੰ ਸ਼ਾਮਲ ਕਰਵਾਉਣ ਲਈ ਪਿੰਡ ਕਿਲ੍ਹਾ ਰਾਏਪੁਰ ਵਿੱਚ ਪੈਦਲ ਮਾਰਚ ਕੀਤਾ। ਅੱਜ ਦੇ ਪੈਦਲ ਮਾਰਚ ਦੀ ਅਗਵਾਈ ਅਮਨਦੀਪ ਕੌਰ, ਕੁਲਜੀਤ ਕੌਰ ਗਰੇਵਾਲ, ਡਾ. ਗਗਨਦੀਪ ਕੌਰ, ਰਵਿੰਦਰਜੀਤ ਕੌਰ, ਸੁਖਜੀਤ ਕੌਰ ਨੇ ਕੀਤੀ। ਇਸ ਮਾਰਚ ਨੂੰ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਿਲ੍ਹਾ ਰਾਏਪੁਰ ਨੇ ਆਖਿਆ ਕਿ ਅਸੀਂ ਔਰਤਾਂ ਪਿੰਡ-ਪਿੰਡ ਗਲੀ ਮਹੁੱਲੇ ਵਿੱਚ ਜਾ ਲੋਕਾਂ ਨੂੰ ਦੱਸਾਂਗੀਆ ਕਿ ਇਸ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਪਾਸ ਕੀਤੇ ਇਹ ਕਾਨੂੰਨ ਕਿੰਨੇ ਮਾੜੇ ਹਨ। ਇਹ ਕਾਨੂੰਨ ਲਾਗੂ ਹੋਣ ਨਾਲ ਸਾਡੀਆਂ ਜ਼ਮੀਨਾਂ ਤੇ ਸਾਡਾ ਰੁਜ਼ਗਾਰ ਸਾਥੋਂ ਖੁਸ ਜਾਵੇਗਾ, ਸਾਡੇ ਘਰਾਂ ਦੇ ਚੁਲੇ ਠੰਡੇ ਹੋ ਜਾਣਗੇ। ਆਗੂਆਂ ਨੇ ਕਿਹਾ ਕਿ ਉਹ ਇਹ ਸਭ ਕੁੱਝ ਨਹੀਂ ਹੋਣ ਦੇਵਾਂਗੀਆਂ। ਆਗੂਆਂ ਨੇ ਆਸ ਪ੍ਰਗਟਾਈ ਕਿ ਮੋਦੀ ਸਰਕਾਰ ਨੂੰ ਲੋਕ ਰੋਹ ਅੱਗੇ ਝੁੱਕ ਕੇ ਪਾਸ ਕੀਤੇ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣਗੇ। ਇਸ ਮੌਕੇ ਤੇ ਔਰਤਾਂ ਨੇ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਮਾਰਚ ਕਰਦਿਆਂ ਅਕਾਸ਼ ਗੂਜਾਊ ਨਹਾਰੇ ‘ਸੜਕਾਂ ‘ਤੇ ਆਈਆਂ ਧੀਆਂ ਭੈਣਾਂ, ਹਾਕਮੋ ਥੋਨੂ ਝੁਕਣਾ ਪੈਣਾ’ ਆਦਿ ਨਾਹਰੇ ਲਗਾਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਕੌਰ, ਮਹਿੰਦਰ ਕੌਰ, ਰਵਿੰਦਰਜੀਤ ਕੌਰ, ਪਰਮਜੀਤ ਕੌਰ, ਸੁਖਜੀਤ ਕੌਰ, ਕਮਲਪ੍ਰੀਤ ਕੌਰ, ਸੁਖਵਿੰਦਰ ਕੌਰ, ਰਜਿੰਦਰ ਕੌਰ ਜੜਤੌਲੀ, ਮਹਿੰਦਰ ਕੌਰ ਡੇਹਲੋ, ਰੁਪਿੰਦਰ ਕੌਰ, ਬੱਚੀ ਸੁਰੀਤ ਕੌਰ, ਮਹਿੰਦਰ ਕੌਰ ਆਦਿ ਹਾਜ਼ਰ ਸਨ।




