Now Reading
ਸੈਮੀਨਾਰ : ਜਮਹੂਰੀਅਤ ਅਤੇ ਧਰਮ ਨਿਰਪੱਖਤਾ ਦੀ ਰਾਖੀ ਦੇ ਮੁੱਦੇ ‘ਤੇ ਪ੍ਰਭਾਵਸ਼ਾਲੀ ਸੈਮੀਨਾਰ ਫਿਰਕੂ-ਫਾਸ਼ੀਵਾਦੀ ਸ਼ਕਤੀਆਂ ਨੂੰ ਭਾਂਜ ਦੇਣ ਦਾ ਸੱਦਾ

ਸੈਮੀਨਾਰ : ਜਮਹੂਰੀਅਤ ਅਤੇ ਧਰਮ ਨਿਰਪੱਖਤਾ ਦੀ ਰਾਖੀ ਦੇ ਮੁੱਦੇ ‘ਤੇ ਪ੍ਰਭਾਵਸ਼ਾਲੀ ਸੈਮੀਨਾਰ ਫਿਰਕੂ-ਫਾਸ਼ੀਵਾਦੀ ਸ਼ਕਤੀਆਂ ਨੂੰ ਭਾਂਜ ਦੇਣ ਦਾ ਸੱਦਾ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ. ਪੀ.ਆਈ.) ਦੇ ਸੱਦੇ ‘ਤੇ 13 ਫਰਵਰੀ ਨੂੰ ਦੇਸ਼ ਭਗਤ ਯਾਦਗਾਰ ਦੇ ਬਾਬਾ ਜਵਾਲਾ ਸਿੰਘ ਹਾਲ ਵਿਖੇ ‘ਜਮਹੂਰੀਅਤ ਅਤੇ ਧਰਮ ਨਿਰਪੱਖਤਾ ਦੀ ਰਾਖੀ’ ਦੇ ਵਿਸ਼ੇ ‘ਤੇ ਇਕ ਪ੍ਰਭਾਵਸ਼ਾਲੀ ਸੈਮੀਨਾਰ ਕੀਤਾ ਗਿਆ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਦੀ ਪ੍ਰਧਾਨਗੀ ਹੇਠ ਹੋਏ ਇਸ ਸੈਮੀਨਾਰ ਵਿਚ ਉਘੇ ਵਿਦਵਾਨ ਤੇ ਜਮਹੂਰੀਅਤ ਪਸੰਦ ਬੁੱਧੀਜੀਵੀ ਡਾ. ਰਾਮ ਪੁਨਿਆਨੀ ਨੇ ਕੁੰਜੀਵਤ ਭਾਸ਼ਣ ਦਿੱਤਾ।
ਨੱਕੋ-ਨੱਕ ਭਰੇ ਹਾਲ ਵਿਚ, ਆਪਣੇ ਲਗਭਗ 90 ਮਿੰਟ ਦੇ ਭਾਸ਼ਨ ਵਿਚ ਡਾ. ਰਾਮ ਪੁਨਿਆਨੀ ਨੇ ਭਾਰਤ ਅੰਦਰ ਜਮਹੂਰੀਅਤ ਲਈ ਵਧੇ ਗੰਭੀਰ ਖਤਰਿਆਂ ਉਪਰ ਵਿਸਥਾਰ ਸਹਿਤ ਚਾਨਣਾ ਪਾਇਆ। ਉਹਨਾਂ ਕਿਹਾ ਕਿ ਆਰ.ਐਸ.ਐਸ. ਦੀ ਕਮਾਂਡ ਹੇਠ ਚਲ ਰਹੀ ਮੋਦੀ ਸਰਕਾਰ ਵਲੋਂ ਸੱਤਾ ਸੰਭਾਲਣ ਨਾਲ ਦੇਸ਼ ਅੰਦਰ ਫਿਰਕੂ-ਫਾਸ਼ੀਵਾਦ ਬੇਰੋਕ-ਟੋਕ ਵਧਿਆ ਹੈ। ਜਿਸ ਨਾਲ ਦੇਸ਼ ਦੇ ਸੰਵਿਧਾਨ ਵਿਚ ਦਰਜ ਸਾਰੀਆਂ ਹੀ ਜਮਹੂਰੀ ਵਿਵਸਥਾਵਾਂ ਤੇ ਸੰਸਥਾਵਾਂ ਬੜੀ ਬੇਰਹਿਮੀ ਨਾਲ ਖੁਰਦ-ਬੁਰਦ ਕੀਤੀਆਂ ਜਾ ਰਹੀਆਂ ਹਨ। ਏਥੋਂ ਤੱਕ ਕਿ ਸਰਕਾਰ ਦੀ ਕਿਸੇ ਵੀ ਨੀਤੀ ਦਾ ਵਿਰੋਧ ਕਰਨਾ ਇਕ ਜ਼ੁਰਮ ਸਮਝਿਆ ਜਾਣ ਲੱਗਾ ਹੈ। ਲਿਖਣ-ਬੋਲਣ ਦੀ ਆਜਾਦੀ ਉਪਰ ਵੀ ਫਿਰਕੂ ਧਾੜਾਂ ਦੇ ਪਹਿਰੇ ਬਿਠਾ ਦਿੱਤੇ ਗਏ ਹਨ ਅਤੇ ਸਰਕਾਰ ਦੀ ਨੁਕਤਾਚੀਨੀ ਕਰਨ ਵਾਲੇ ਨੂੰ ਝੱਟ ਹੀ ਦੇਸ਼ ਧਰੋਹੀ ਕਰਾਰ ਦੇ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਫਿਰਕੂ ਤੱਤਾਂ ਨੇ ਲੋਕ ਪੱਖੀ, ਜਮਹੂਰੀ ਤੇ ਵਿਗਿਆਨਕ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਬੁੱਧੀਜੀਵੀਆਂ ਦੇ ਕਤਲ ਵੀ ਕੀਤੇ ਹਨ, ਉਹਨਾਂ ਉਪਰ ਝੂਠੇ ਕੇਸ ਵੀ ਬਣਾਏ ਹਨ ਅਤੇ ਉਹਨਾਂ ਨੂੰ ਦੇਸ਼ ਛੱਡ ਜਾਣ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਹ ਸਾਰੇ ਹਮਲੇ ਦੇਸ਼ ਦਾ ਜਮਹੂਰੀ ਤਾਣਾ-ਬਾਣਾ ਤਬਾਹ ਕਰਨ ਵੱਲ ਹੀ ਸੇਧਤ ਹਨ। ਅਜੇਹੇ ਦੇਸ਼ ਧਰੋਹੀ ਹਮਲਿਆਂ ਨੂੰ ਰੋਕਣ ਦੀ ਬਜਾਏ ਸਰਕਾਰ ਸੰਘ ਪਰਿਵਾਰ ਨਾਲ ਜੁੜੇ ਹੋਏ ਅਜੇਹੇ ਪਿਛਾਖੜੀ ਤੱਤਾਂ ਦੀ ਹਮੇਸ਼ਾ ਹੀ ਪਿੱਠ ਪੂਰਦੀ ਦਿਖਾਈ ਦਿੰਦੀ ਹੈ।
ਡਾ. ਪੁਨਿਆਨੀ ਨੇ ਧਰਮ ਦੇ ਨਾਂਅ ‘ਤੇ ਲੋਕਾਂ ਨੂੰ ਵੰਡਣ ਦੀ ਰਾਜਨੀਤੀ ਦੀ ਬਹੁਤ ਵਿਸਥਾਰ ਨਾਲ ਵਿਆਖਿਆ ਕੀਤੀ। ਉਨ੍ਹਾ ਕਿਹਾ ਕਿ ਬੁਰਜ਼ੁਆ ਸਿਆਸਤ ਵਿਚ ਧਰਮ ਦੀ ਵਰਤੋਂ ਆਪਣੇ ਫਾਇਦੇ ਲਈ ਕੀਤੀ ਜਾਂਦੀ ਹੈ। ਬਾਬਰੀ ਮਸਜਿੱਦ 6 ਦਸੰਬਰ 1992 ਨੂੰ ਕੋਈ ਅਚਾਨਕ ਹੀ ਨਹੀਂ ਡੇਗ ਦਿੱਤੀ ਗਈ ਸੀ। ਇਸ ਦੇ ਬੀਜ ਬਹੁਤ ਪਹਿਲਾਂ ਬੀਜ ਦਿੱਤੇ ਗਏ ਸਨ। ਓਪਰੀ ਨਜਾਰੇ ਦੇਖਣ ‘ਤੇ ਇਹ ਹਿੰਦੂ-ਮੁਸਲਿਮ ਮਾਮਲਾ ਹੈ। ਦਰਅਸਲ ਇਹ ਮਾਮਲਾ ਸਮਾਜ ਵਿਚਲੀ ਗੈਰ ਬਰਾਬਰੀ, ਅਸਮਾਨਤਾ ਨੂੰ ਕਾਇਮ ਰੱਖਣ ਦਾ ਹੈ। ਉਨ੍ਹਾ ਯਾਦ ਕਰਵਾਇਆ ਕਿ ਭਾਰਤੀ ਸਮਾਜ ਵਿਚ ਫਿਰਕੂ ਜ਼ਹਿਰ 1981 ਤੋਂ ਜ਼ੋਰ ਫੜਨ ਲੱਗ ਪਈ ਸੀ। ਮੀਨਾਕਸ਼ੀਪੁਰਮ ‘ਚ ਦਲਿਤਾਂ ਦੀ ਧਰਮ ਤਬਦੀਲੀ ਤੇ ਫਿਰਕੂ ਤਾਕਤਾਂ ਬਹੁਤ ਹਮਲਾਵਰ ਹੋ ਗਈਆਂ ਸਨ। ਗੁਜਰਾਤ, ਖਾਸਕਰ ਅਹਿਮਦਾਬਾਦ ‘ਚ ਦਲਿਤ-ਵਿਰੋਧੀ ਦੰਗੇ ਹੋਏ ਸਨ। ਉਸ  ਵੇਲੇ ਤੋਂ ਹੀ ਫਿਰਕੂ ਤਾਕਤਾਂ ਸਮਾਜ ‘ਚ ਫਿਰਕੂ ਜ਼ਹਿਰ ਫੈਲਾਉਣ ਲਈ ਭੜਕਾਹਟ ਦੀ ਤਾਕ ‘ਚ ਸਨ।
ਡਾ. ਪੁਨਿਆਨੀ ਨੇ ਯਾਦ ਕਰਵਾਇਆ ਕਿ ਸੁਪਰੀਮ ਕੋਰਟ ਵਲੋਂ 1985 ‘ਚ ਸ਼ਾਹਬਾਨੋ ਕੇਸ ‘ਚ ਦਿੱਤੇ ਗਏ ਫੈਸਲੇ (ਜਿਸ ਵਿਚ ਪੀੜਤ ਸ਼ਾਹਬਾਨੋ ਦੇ ਹੱਕ ‘ਚ ਅਦਾਲਤ ਨੇ ਫੈਸਲਾ ਦਿੰਦਿਆਂ ਕਿਹਾ ਸੀ ਕਿ ਉਸਨੂੰ ਗੁਜਾਰਾ ਭੱਤੇ ਦਾ ਦਾਅਵਾ ਕਰਨ ਦਾ ਹੱਕ ਹੈ) ਨਾਲ ਫਿਰਕੂ ਸਿਆਸਤ ਨੇ ਜ਼ੋਰ ਫੜ ਲਿਆ ਸੀ। ਵੇਲੇ ਦੀ ਰਾਜੀਵ ਗਾਂਧੀ ਸਰਕਾਰ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਪਾਸੇ ਕਰਨ ਲਈ ਪਾਰਲੀਮੈਂਟ ਰਾਹੀਂ ਇਕ ਬਿੱਲ ਪਾਸ ਕਰਵਾ ਲਿਆ। ਇਹ ਬਿੱਲ ਮੁਸਲਿਮ ਕੱਟੜਪੰਥੀਆਂ ਨੂੰ ਪਤਿਆਉਣ ਲਈ ਸੀ। ਚੋਣਾਂ ਸਿਰ ‘ਤੇ ਹੋਣ ਕਾਰਨ ਹਿੰਦੂ ਕੱਟੜਪੰਥੀਆਂ ਨੂੰ ਖੁਸ਼ ਕਰਨਾ ਵੀ ਜ਼ਰੂਰੀ ਸੀ, ਇਸ ਲਈ ਉਸ ਨੇ ਹਿੰਦੂ ਫਿਰਕੂ ਪੱਤਾ ਖੇਡਦਿਆਂ ਬਾਬਰੀ ਮਸਜਿੱਦ ਦੇ ਦਰਵਾਜ਼ੇ ਖੋਲ੍ਹ ਦਿੱਤੇ ਜਿਹੜੇ 1949 ਤੋਂ ਲਗਾਤਾਰ ਬੰਦ ਪਏ ਸਨ।
ਬਾਬਰੀ ਮਸਜਿੱਦ-ਰਾਮ ਮੰਦਰ ਝਗੜੇ ਦੀ ਜੜ੍ਹ ਤੱਕ ਜਾਂਦਿਆਂ ਉਨ੍ਹਾਂ ਦੱਸਿਆ ਕਿ ਦਸੰਬਰ 1949 ‘ਚ ਸਥਾਨਕ ਮੈਜਿਸਟਰੇਟ ਨੇ ਰਾਜ ਸਰਕਾਰ ਨੂੰ ਦੱਸਿਆ ਕਿ ਕੁੱਝ ਹਿੰਦੂਆਂ ਨੇ ਬਾਬਰੀ ਮਸਜਿੱਦ ‘ਚ ਦਾਖਲ ਹੋ ਕੇ ਉਥੇ ਰਾਮ ਤੇ ਸੀਤਾ ਦੀਆਂ ਮੂਰਤੀਆਂ ਰੱਖ ਦਿੱਤੀਆਂ ਹਨ। ਸਰਕਾਰ ਨੇ ਇਸ ਨੂੰ ਝਗੜੇ ਵਾਲਾ ਸਥਾਨ ਦੱਸ ਕੇ ਇਸ ਨੂੰ ਜਿੰਦਰਾ ਮਾਰ ਦਿੱਤਾ। ਸਥਾਨਕ ਮੈਜਿਸਟਰੇਟ ਕੇ.ਕੇ. ਨਈਅਰ (ਜੋ ਸੰਘ ਸਮਰਥਕ ਸੀ ਤੇ ਬਾਅਦ ‘ਚ ਜਨਸੰਘ ਵਲੋਂ ਸੰਸਦ ਮੈਂਬਰ ਵੀ ਬਣਿਆ) ਨੇ ਸਰਕਾਰ ਦੀ ਅਪੀਲ ਦੇ ਬਾਵਜੂਦ ਮੂਰਤੀਆਂ ਨਹੀਂ ਹਟਾਈਆਂ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਹਿਰੂ ਦੀ ਅਪੀਲ ਵੀ ਨਜ਼ਰ ਅੰਦਾਜ਼ ਕਰ ਦਿੱਤੀ ਗਈ।
ਆਰ.ਐਸ.ਐਸ. ਅਤੇ ਉਸਦੇ ਸੰਗਠਨਾਂ ਵਲੋਂ ਸਮਾਜ ਨੂੰ ਧਰਮ ਦੇ ਆਧਾਰ ‘ਤੇ ਵੰਡਣ ਦੀਆਂ ਚਾਲਾਂ ਦੀ ਪੋਲ ਖੋਲਦਿਆਂ ਡਾ. ਪੁਨਿਆਨੀ ਨੇ ਕਿਹਾ ਕਿ ਇਕ ਬਹੁਤ ਹੀ ਸ਼ਾਤਰਾਨਾ ਢੰਗ ਨਾਲ ਰਾਜਿਆਂ ਦੀ ਲੜਾਈ ਨੂੰ ਹਿੰਦੂ-ਮੁਸਲਿਮ ਧਰਮ ਦੀ ਲੜਾਈ ‘ਚ ਬਦਲ ਦਿੱਤਾ ਗਿਆ। ਜਦਕਿ ਉਹ ਧਰਮ ਲਈ ਨਹੀਂ ਲੜਦੇ ਸਨ ਉਹ ਸੰਪਤੀ ਤੇ ਆਪਣੀ ਸਲਤਨਤ ਦੇ ਪ੍ਰਸਾਰ ਲਈ ਲੜਦੇ ਸਨ। ਉਨ੍ਹਾ ਸੰਘ ਦੇ ਇਸ ਪੱਤੇ ਦੀ ਜੜ੍ਹ ‘ਤੇ ਵਾਰ ਕਰਦਿਆਂ ਕਿਹਾ ਕਿ ਜੇ ਅਕਬਰ ਸਿਰਫ ਮੁਸਲਮਾਨਾਂ ਦਾ ਬਾਦਸ਼ਾਹ ਹੁੰਦਾ ਤਾਂ ਉਸਦੇ ਦਰਬਾਰ ਦੇ 9 ਰਤਨਾਂ ‘ਚ ਬੀਰਬਲ ਨਾ ਹੁੰਦਾ, ਜੋ ਕਿ ਹਿੰਦੂ ਸੀ। ਰਾਜਾ ਟੋਡਰਮੱਲ, ਜੋ ਇਕ ਹਿੰਦੂ ਸੀ, ਅਕਬਰ ਦੇ ਰਾਜ ‘ਚ ਉਹੀ ਕੰਮ ਕਰਦਾ ਸੀ ਜੋ ਅੱਜ ਮੋਦੀ ਦੇ ਦਫਤਰ ‘ਚ ਅਰੁਨ ਜੇਤਲੀ ਕਰ ਰਿਹਾ ਹੈ। ਇਸੇ ਤਰ੍ਹਾਂ ਅਫਜ਼ਲ ਖਾਨ ਨੂੰ ਮਿਲਣ ਜਾ ਰਹੇ ਸ਼ਿਵਾਜੀ ਨੂੰ ਆਪਣੇ ਨਾਲ ਗੁਪਤ ਹਥਿਆਰ ਲੈ ਕੇ ਜਾਣ ਦੀ ਸਲਾਹ ਉਨ੍ਹਾ ਦੇ ਦੋਸਤ ਰੁਸਤਮੇ  ਜਮਾਲ ਨੇ ਦਿੱਤੀ ਸੀ ਜੋ ਕਿ ਇਕ ਮੁਸਲਮਾਨ ਸੀ। ਉਧਰ ਅਫਜ਼ਲ ਖਾਨ ਦਾ ਸੈਕਟਰੀ ਇਕ ਹਿੰਦੂ ਕ੍ਰਿਸ਼ਨਾ ਜੀ ਰਾਓ ਸੀ। ਏਸੇ ਤਰ੍ਹਾਂ ਹਲਦੀ ਘਾਟੀ ਦੀ ਜੰਗ ‘ਚ ਅਕਬਰ ਦੀ ਫੌਜ ਦੀ ਅਗਵਾਈ ਇਕ ਹਿੰਦੂ ਰਾਜਾ ਮਾਨ ਸਿੰਘ ਕਰ ਰਿਹਾ ਸੀ ਜਦਕਿ ਰਾਣਾ ਪ੍ਰਤਾਪ ਸਿੰਘ ਦੀ ਫੌਜ ਦਾ ਵੱਡਾ ਸੈਨਾਪਤੀ ਹਕੀਮ ਖਾਨ ਸੂਦ ਸੀ ਜੋ ਇਕ ਮੁਸਲਮਾਨ ਸੀ। ਏਸੇ ਤਰ੍ਹਾਂ ਦੋਹਾਂ ਫੌਜਾਂ ‘ਚ ਹਿੰਦੂ ਵੀ ਸਨ ਤੇ ਮੁਸਲਮਾਨ ਵੀ। ਉਨ੍ਹਾਂ ਦੀ ਲੜਾਈ ਸੱਤਾ ਲਈ ਸੀ, ਸੰਪਤੀ ਲਈ ਸੀ, ਧਰਮ ਲਈ ਨਹੀਂ।
ਦੋਹਾਂ ਧਰਮਾਂ ‘ਚ ਆਪਸੀ ਸਾਂਝ, ਭਾਈਚਾਰੇ ਦਾ ਹਵਾਲਾ ਦਿੰਦਿਆਂ ਡਾ. ਪੁਨਿਆਨੀ ਨੇ ਕਿਹਾ ਕਿ ਅੰਗਰੇਜ਼ਾਂ ਖਿਲਾਫ਼ ਹਿੰਦੂ-ਮੁਸਲਿਮ ਰਲ ਕੇ ਲੜੇ। 1857 ਦੇ ਗਦਰ ਦੀ ਚੰਗਿਆੜੀ ਮੰਗਲ ਪਾਂਡੇ ਨੇ ਭਖਾਈ ਸੀ ਤੇ ਬਹਾਦਰ ਸ਼ਾਹ ਜ਼ਫ਼ਰ, ਜੋ ਇਕ ਮੁਸਲਿਮ ਸੀ, ਨੇ ਇਸ ਚਿੰਗਾਰੀ ਨੂੰ ਹੋਰ ਭਖਾਇਆ। ਅੰਗਰੇਜਾਂ ਵਲੋਂ ‘ਪਾੜੋ ਤੇ ਰਾਜ ਕਰੋ’ ਦੀ ਅਪਣਾਈ ਗਈ ਨੀਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬਾਬਰੀ ਮਸਜਿੱਦ ਬਾਰੇ ਇਕ ਕਿਤਾਬ ‘ਚ ਜ਼ਿਕਰ ਕਰਦਿਆਂ ਅੰਗਰੇਜ ਇਤਿਹਾਸਕਾਰ ਮਿਸਿਜ਼ ਏ.ਐਫ. ਬੇਵਰਿਜ਼ ਨੇ ਬਹੁਤ ਹੀ ਸ਼ਾਤਰਾਨਾ ਢੰਗ ਨਾਲ ਇਕ ਫੁੱਟ ਨੋਟ ‘ਚ ਇਹ ਵੀ ਲਿਖ ਦਿੱਤਾ ਕਿ ਹੋ ਸਕਦਾ ਹੈ ਏਥੇ ਕੋਈ ਮੰਦਰ ਵੀ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਸੰਘ ਵਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਿਸ ਥਾਂ ਬਾਬਰੀ ਮਸਜਿੱਦ ਸੀ, ਉਥੇ ਪਹਿਲਾਂ ਰਾਮ ਮੰਦਰ ਸੀ। ਜਦਕਿ ਅਯੁੱਧਿਆ ‘ਚ ਪੰਜਾਹ ਮੰਦਰ ਹੋਣਗੇ ਤੇ ਹਰ ਇਕ ਦਾ ਪੁਜਾਰੀ ਇਹ ਦਾਅਵਾ ਕਰਦਾ ਹੈ ਕਿ ਭਗਵਾਨ ਰਾਮ ਦਾ ਜਨਮ ਉਸਦੇ ਮੰਦਰ ਵਾਲੀ ਥਾਂ ਹੋਇਆ ਸੀ।
ਦੇਸ਼ ਦੀ ਆਜ਼ਾਦੀ ਦੀ ਜੰਗ ਦੌਰਾਨ ਅੰਗਰੇਜਾਂ ਵਲੋਂ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਦਾ ਜ਼ਿਕਰ ਕਰਦਿਆਂ ਡਾ. ਪੁਨਿਆਨੀ ਨੇ ਕਿਹਾ ਕਿ ਹਾਕਮਾਂ ਨੇ ਹਿੰਦੂ ਤੇ ਮੁਸਲਿਮ ਧਨਾਢਾਂ ਵਿਚਲੇ ਮਤਭੇਦਾਂ ਨੂੰ ਵਰਤਿਆ। ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਗਠਨ, ਜੋ ਆਜ਼ਾਦੀ ਦੀ ਮੰਗ ਕਰ ਰਹੀ ਸੀ, ਤੋਂ ਔਖੇ ਸਨ ਉਨ੍ਹਾਂ ਸਰ ਸਈਅਦ ਵਲੋਂ ਇਨ੍ਹਾਂ ਮੰਗਾਂ ਦੇ ਵਿਰੋਧ ਨੂੰ ਵਰਤਿਆ ਅਤੇ ਸਰ ਸਈਅਦ ਤੇ ਉਸਦੇ ਸਮਰਥਕਾਂ ਨੂੰ ਫਿਰਕੂ ਮੰਗਾਂ ਰੱਖਣ ਲਈ ਉਤਸ਼ਾਹਿਤ ਕੀਤਾ। ਇਹ ਫਿਰਕਾਪ੍ਰਸਤੀ ਕੇਵਲ ਇਕ ਧਿਰ ਦੀ ਫਿਰਕਾਪ੍ਰਸਤੀ ਨਹੀਂ ਸੀ। ਇਕ ਪਾਸੇ ਜਿਨਾਹ ਦੀ ਮੁਸਲਿਮ ਲੀਗ ਸੀ ਦੂਸਰੇ ਪਾਸੇ ਸਾਵਰਕਰ ਦੀ ਹਿੰਦੂ ਮਹਾਂਸਭਾ। ਇਹ ਉਹੀ ਸਾਵਰਕਰ ਹੈ, ਜੋ ਅੰਗਰੇਜਾਂ ਤੋਂ ਮੁਆਫੀਆਂ ਮੰਗ ਕੇ  ਜੇਲ੍ਹ ਤੋਂ ਬਾਹਰ ਆਇਆ ਸੀ। ਆਜ਼ਾਦੀ ਦੇ ਅੰਦੋਲਨ ਦੌਰਾਨ ਇਕ ਪਾਸੇ ਲੋਕਸ਼ਾਹੀ ਦੀ ਸਮਰਥਕ ਧਿਰ ਸੀ ਜਿਸ ਵਿਚ ਭਗਤ ਸਿੰਘ ਦੀ ਨੌਜਵਾਨ ਸਭਾ, ਅੰਬੇਡਕਰ ਦੀ ਰਿਪਬਲਿਕਨ ਪਾਰਟੀ ਤੇ ਇੰਡੀਅਨ ਨੈਸ਼ਨਲ ਕਾਂਗਰਸ ਸੀ। ਲੋਕਸ਼ਾਹੀ ਦੇ ਸਮਰਥਕ ਬਰਾਬਰਤਾ ‘ਤੇ ਯਕੀਨ ਰੱਖਦੇ ਸਨ ਤੇ ਰਾਜਸ਼ਾਹੀ ਦੇ ਸਮਰਥਕ ਊਚ-ਨੀਚ ਨੂੰ ਬਣਾਈ ਰੱਖਣ ਦੇ ਸਮਰਥਕ ਸਨ।
ਆਰ.ਐਸ.ਐਸ. ਅੱਜ ਵੀ ਉਹੀ ਪੁਰਾਣੀਆਂ ਕਦਰਾਂ-ਕੀਮਤਾਂ ‘ਤੇ ਆਧਾਰਤ ਸਮਾਜ ਚਾਹੁੰਦਾ ਹੈ ਜਿਸ ਵਿਚ ਇਸਤਰੀਆਂ, ਦਲਿਤਾਂ ਨੂੰ ਦੂਸਰੇ ਦਰਜ਼ੇ ਦੇ ਸ਼ਹਿਰੀ ਸਮਝਿਆ ਜਾਂਦਾ ਸੀ ਤੇ ਸਮਾਜਿਕ ਬਰਾਬਰੀ ਦੀ ਗੱਲ ਕਰਨਾ ਗੁਨਾਹ ਕਰਨਾ ਸਮਝਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਅੱਜ ਆਰ.ਐਸ.ਐਸ. ਭਾਰਤੀ ਸੰਵਿਧਾਨ ਨੂੰ ਵਿਦੇਸ਼ੀ ਕਦਰਾਂ-ਕੀਮਤਾਂ ‘ਤੇ ਅਧਾਰਤ ਦੱਸ ਕੇ ਇਸ ਨੂੰ ਬਦਲਣਾ ਚਾਹੁੰਦੀ ਹੈ ਜਦਕਿ ਉਹ ਇਹ ਵੀ ਨਹੀਂ ਜਾਣਦੇ ਕਿ ਹਿੰਦੂ ਸ਼ਬਦ ਵੀ ਵਿਦੇਸ਼ੀ ਹੀ ਹੈ। ਇਹ ਸਿੰਧੂ ਸ਼ਬਦ ਤੋਂ ਬਣਿਆ ਹੈ। ਆਰ.ਐਸ.ਐਸ. ਦੇ ਦੋਗਲੇ ਕਿਰਦਾਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਤਰ ਪੂਰਬ ਵਿਚ ਉਹ ਬੀਫ ਦੀ ਗੱਲ ਹੀ ਨਹੀਂ ਕਰਦੇ ਕਿਉਂਕਿ ਉਥੇ ਉਹ ਸੱਤਾ ‘ਤੇ ਕਾਬਜ਼ ਹੋਣਾ ਚਾਹੁੰਦੇ ਹਨ, ਜਿਸ ਲਈ ਵੋਟਾਂ ਚਾਹੀਦੀਆਂ ਹਨ। ਜਦਕਿ ਦੇਸ਼ ਦੇ ਦੂਸਰੇ ਹਿੱਸੇ ਵਿਚ ਉਹ ਗਊ ਮਾਸ ਖਾਣ ਦਾ ਵਿਰੋਧ ਕਰਦੇ ਹਨ। ਉਨ੍ਹਾਂ ਯਾਦ ਕਰਵਾਇਆ ਕਿ ਸਵਾਮੀ ਵਿਵੇਕਾਨੰਦ ਨੇ ਇਹ ਲਿਖਿਆ ਹੈ ਕਿ ਵੈਦਿਕ ਕਾਲ ‘ਚ ਗਾਂ ਦਾ ਮਾਸ ਖਾਧਾ ਜਾਂਦਾ ਸੀ। ਡਾ. ਪੁਨਿਆਨੀ ਨੇ ਕਿਹਾ ਕਿ ਧਰਮ ਅਧਾਰਤ ਰਾਜ ਕਾਇਮ ਕਰਨ ਵਾਸਤੇ ਸਮਾਜ ਅੰਦਰ ਨਫ਼ਰਤ ਫੈਲਾਅ ਕੇ ਦੰਗਿਆਂ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾ ਇਹ ਗੱਲ ਜ਼ੋਰ ਦੇ ਕੇ ਕਹੀ ਹੈ ਕਿ ਦੰਗੇ ਹੁੰਦੇ ਨਹੀਂ, ਕਰਵਾਏ ਜਾਂਦੇ ਹਨ ਤੇ ਇਹ ਦੰਗੇ ਉਹੀ ਕਰਵਾਉਂਦਾ ਹੈ ਜਿਸ ਦਾ ਉਸ ਨਾਲ ਫਾਇਦਾ ਹੁੰਦਾ ਹੋਵੇ।
ਉਨ੍ਹਾ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਇਸ ਨਫ਼ਰਤ ਦੀ ਰਾਜਨੀਤੀ ਦਾ ਟਾਕਰਾ ਮਨੁੱਖੀ ਅਧਿਕਾਰਾਂ ਦੀ ਲੜਾਈ ਨੂੰ ਮਜ਼ਬੂਤ ਕਰਕੇ ਹੀ ਕੀਤਾ ਜਾ ਸਕਦਾ ਹੈ। ਡਾ. ਪੁਨਿਆਨੀ ਨੇ ਕਿਹਾ ਕਿ ਆਰ.ਐਸ.ਐਸ. ਵਲੋਂ ਦੇਸ਼ ਅੰਦਰ ਧਰਮ ਅਧਾਰਿਤ ਹਿੰਦੂ ਰਾਸ਼ਟਰ ਸਥਾਪਤ ਕਰਨ ਦੇ  ਆਪਣੇ ਪਿਛਾਖੜੀ ਉਦੇਸ਼ ਦੀ ਪੂਰਤੀ ਲਈ ਘੱਟ ਗਿਣਤੀ ਮੁਸਲਿਮ ਭਾਈਚਾਰੇ ਵਿਰੁੱਧ ਵਿਆਪਕ ਰੂਪ ਵਿਚ ਨਫਰਤ ਫੈਲਾਉਣ ਵਾਸਤੇ ਭਾਰਤ ਦੇ ਇਤਿਹਾਸ ਨੂੰ ਬੁਰੀ ਤਰ੍ਹਾਂ ਤੋੜਿਆ-ਮਰੋੜਿਆ ਜਾ ਰਿਹਾ ਹੈ। ਉਹਨਾਂ ਬਹੁਤ ਹੀ ਤਰਕਸੰਗਤ ਤੱਥ ਪੇਸ਼ ਕਰਕੇ ਸੰਘ ਪਰਿਵਾਰ ਦੇ ਅਜੇਹੇ ਕੁਕਰਮਾਂ ਨੂੰ ਬੇਪਰਦ ਕੀਤਾ। ਉਹਨਾਂ ਕਿਹਾ ਕਿ ਫਿਰਕੂ ਤੱਤਾਂ ਦਾ ਇਹ ਪੈਂਤੜਾ ਦੇਸ਼ ਦੀ ਏਕਤਾ-ਅਖੰਡਤਾ ਲਈ ਬਹੁਤ ਹੀ ਖਤਰਨਾਕ ਸਿੱਧ ਹੋ ਸਕਦਾ ਹੈ। ਕਿਉਂਕਿ ਇਕ ਬਹੁ-ਨਸਲੀ, ਬਹੁ-ਧਰਮੀ ਤੇ ਬਹੁ-ਭਾਸ਼ਾਈ ਦੇਸ਼ ਨੂੰ ਇਕਜੁੱਟ ਰੱਖਣ ਵਾਸਤੇ ਧਰਮ ਤੇ ਰਾਜਨੀਤੀ ਨੂੰ ਵੱਖ-ਵੱਖ ਰੱਖਣਾ ਅਤੇ ਏਥੇ ਜਮਹੂਰੀਅਤ ਤੇ ਸੈਕੂਲਰਿਜ਼ਮ ਨੂੰ ਮਜ਼ਬੂਤ ਬਨਾਉਣਾ ਮੁਢਲੀਆਂ ਲੋੜਾਂ ਹਨ। ਉਹਨਾਂ ਕਿਹਾ ਕਿ ਆਉਂਦੀਆਂ ਪਾਰਲੀਮਾਨੀ ਚੋਣਾਂ ਦੌਰਾਨ ਵੀ ਇਹਨਾਂ ਮੁੱਦਿਆਂ ਨੂੰ ਰਿੜਕਿਆ ਜਾਣਾ ਚਾਹੀਦਾ ਹੈ ਅਤੇ ਜਮਹੂਰੀਅਤ ਤੇ ਧਰਮ ਨਿਰਪੱਖਤਾ ਦੇ ਦੁਸ਼ਮਣਾਂ ਨੂੰ ਭਾਂਜ ਦਿੱਤੀ ਜਾਣੀ ਚਾਹੀਦੀ ਹੈ।
ਸੈਮੀਨਾਰ ਦੇ ਅੰਤ ਵਿਚ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਆਪਣੇ ਸੰਖੇਪ ਭਾਸ਼ਨ ਦੌਰਾਨ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਫਿਰਕਾਪ੍ਰਸਤੀ ਵਿਰੁੱਧ ਲੜਾਈ ਕੇਵਲ ਚੋਣਾਂ ਤੱਕ ਹੀ ਜਾਰੀ ਨਹੀਂ ਰਹਿਣੀ ਚਾਹੀਦੀ, ਇਸ ਤੋਂ ਬਾਅਦ ਵੀ ਇਹ ਲੜਾਈ ਨਿਰੰਤਰ ਜਾਰੀ ਰਹੇਗੀ। ਇਸ ਜ਼ਹਿਰੀਲੀ ਵਿਚਾਰਧਾਰਾ ਖਿਲਾਫ਼ ਧਰਮ ਨਿਰਪੱਖਤਾ ਤੇ ਜਮਹੂਰੀਅਤ ਦੀ ਰਾਖੀ ਦੀ ਲੜਾਈ ਖੇਤਾਂ ਤੱਕ ਲੈ ਕੇ ਜਾਣੀ ਹੋਵੇਗੀ। ਇਸ ਕੰਮ ਲਈ ਜਨ ਸਧਾਰਨ, ਖਾਸਕਰ ਕਿਰਤੀ ਵਰਗ ਨੂੰ ਚੇਤੰਨ ਕਰਨਾ ਹੋਵੇਗਾ ਕਿਉਂਕਿ ਚੇਤਨਾ ਦੀ ਕਮੀ ਕਾਰਨ ਹੀ ਅਸੀਂ ਉਨ੍ਹਾਂ ਲੋਕਾਂ ਨਾਲ ਤੁਰ ਪੈਂਦੇ ਹਾਂ, ਜੋ ਸਮਾਜ ਵਿਚ ਨਫ਼ਰਤ ਫੈਲਾਉਣ ਤੇ ਲੋਕਾਂ ਨੂੰ ਵੰਡਣ ‘ਚ ਕੋਈ ਕਸਰ ਬਾਕੀ ਨਹੀਂ ਛੱਡਦੇ। ਉਨ੍ਹਾਂ ਕਿਹਾ ਕਿ ਮੋਦੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਅਤੇ ਅਗਾਂਹਵਧੂ ਲੋਕਾਂ ‘ਤੇ ਜਬਰ ਵਧਿਆ ਹੈ। ਉਨ੍ਹਾਂ ਕਿਹਾ ਕਿ  ਜ਼ਹਿਰੀਲੀ ਫਿਰਕੂ ਰਾਜਨੀਤੀ ਦਾ ਰਾਹ ਰੋਕਣ ਲਈ ਮੋਦੀ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ। ਇਹ ਤਦ ਹੀ ਹੋ ਸਕਦਾ ਹੈ ਜੇ ਧਰਮ ਨਿਰਪੱਖ, ਜਮਹੂਰੀ ਤੇ ਲਾਲ ਝੰਡੇ ਵਾਲੀਆਂ ਧਿਰਾਂ ਮਜ਼ਬੂਤ ਹੋਣ। ਉਨ੍ਹਾਂ ਕਿਹਾ ਕਿ ਖੱਬੀਆਂ ਧਿਰਾਂ ਨੂੰ ਸਾਰੇ ਮਤਭੇਦਾਂ ਦੇ ਬਾਵਜੂਦ ਆਪਣੇ ਇਸ ਮਕਸਦ ਦੀ ਪੂਰਤੀ ਲਈ ਇਕ ਘੱਟੋ ਘੱਟ ਸਾਂਝੇ ਪ੍ਰੋਗਰਾਮ ਦੇ ਆਧਾਰ ‘ਤੇ ਇਕ ਮੰਚ ‘ਤੇ ਇਕੱਠੇ ਹੋਣਾ ਚਾਹੀਦਾ ਹੈ ਤੇ ਇਸ ਮੰਚ ਨੂੰ ਮਜ਼ਬੂਤ ਕਰਨ ‘ਚ ਕੋਈ ਮਤਭੇਦ ਨਹੀਂ ਹੋਣਾ ਚਾਹੀਦਾ।
ਅੰਤ ਵਿਚ ਪਾਰਟੀ ਦੇ ਸੂਬਾਈ ਪ੍ਰਧਾਨ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਡਾ. ਰਾਮ ਪੁਨਿਆਨੀ ਅਤੇ ਸੈਮੀਨਾਰ ਵਿਚ ਸ਼ਾਮਲ ਹੋਏ ਸਾਰੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।
ਰਿਪੋਰਟ : ਇੰਦਰਜੀਤ ਚੁਗਾਵਾਂ

Scroll To Top