ਫਤਿਆਬਾਦ, 24 ਜੂਨ (ਸੰਗਰਾਮੀ ਲਹਿਰ ਬਿਊਰੋ)- ਖੱਬੀਆਂ ਪਾਰਟੀਆਂ ਵੱਲੋਂ ਦੇਸ਼ ਭਰ ਵਿੱਚ 16 ਜੂਨ ਤੋਂ ਮਹਿੰਗਾਈ ਵਿਰੁੱਧ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੀ ਲੜੀ ਤਹਿਤ ਅੱਜ ਇਥੇ ਸੀਪੀਆਈ ਅਤੇ ਆਰਐੱਮਪੀਆਈ ਵੱਲੋਂ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ। ਇਸ ਦੀ ਅਗਵਾਈ ਸੀਪੀਆਈ ਦੇ ਆਗੂ ਗੁਰਦਿਆਲ ਸਿੰਘ ਖਡੂਰ ਸਾਹਿਬ, ਬਲਜੀਤ ਸਿੰਘ ਫਤਿਆਬਾਦ, ਆਰਐਮਪੀਆਈ ਦੇ ਆਗੂ ਕਰਮ ਸਿੰਘ ਫਤਿਆਬਾਦ, ਸੁਖਵੰਤ ਸਿੰਘ ਦੋਜੀ ਛਾਪੜੀ ਸਾਹਿਬ ਨੇ ਕੀਤੀ। ਇਸ ਸਮੇਂ ਸੰਬੋਧਨ ਕਰਦੇ ਹੋਏ ਬਲਦੇਵ ਸਿੰਘ ਧੂੰਦਾ, ਸਰਪੰਚ ਸੁਲੱਖਣ ਸਿੰਘ ਤੁੜ ਨੇ ਕਿਹਾ ਕਿ ਮੋਦੀ ਨੇ ਜਦੋਂ ਫਰਵਰੀ ਵਿਚ ਸਾਲਾਨਾ ਬਜਟ ਪੇਸ਼ ਕੀਤਾ ਸੀ ਤੇ ਉਸ ਬਜਟ ਤੋਂ ਇਹ ਗੱਲ ਸਾਫ਼ ਹੋ ਗਈ ਸੀ ਕਿ ਆਉਣ ਵਾਲੇ ਸਮੇਂ ‘ਚ ਅੰਤਾਂ ਦੀ ਮਹਿੰਗਾਈ ਵਧੇਗੀ ਅਤੇ ਗਰੀਬ ਲੋਕ ਰੋਟੀ ਰੋਜ਼ੀ ਤੋਂ ਮੁਥਾਜ ਹੋਣਗੇ, ਅੱਜ ਉਹੋ ਹੀ ਪੁਜੀਸ਼ਨ ਬਣੀ ਪਈ ਹੈ। ਪੈਟਰੋਲ, ਡੀਜ਼ਲ, ਗੈਸ ਅਤੇ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ਛੋਹ ਰਹੀਆਂ ਹਨ।
ਰਾਜਸਥਾਨ, ਐਮਪੀ ਤੇ ਹੋਰ ਇਲਾਕਿਆਂ ‘ਚੋਂ ਸਰ੍ਹੋਂ ਦੀ ਫਸਲ ਅੰਬਾਨੀ ਅਡਾਨੀ ਵਰਗਿਆਂ ਕਾਰਪੋਰੇਟ ਘਰਾਣਿਆਂ ਨੇ ਖਰੀਦ ਲਈ ਹੈ। ਜਿਸ ਕਰਕੇ ਅੱਜ ਖਾਣ ਵਾਲਾ ਸਰੋਂ ਦਾ ਤੇਲ 200 ਨੂੰ ਵੀ ਪਾਰ ਕਰ ਗਿਆ ਹੈ, ਇਸੇ ਤਰ੍ਹਾਂ ਹੀ ਬਾਕੀ ਵਸਤਾਂ ਦਾ ਹਾਲ ਹੈ। ਕਰੋਨਾ ਬੀਮਾਰੀ ਨੇ ਲੋਕਾਂ ਨੂੰ ਅੰਦਰ ਤਾੜ ਛੱਡਿਆ ਤੇ ਦੂਜੇ ਬੰਨ੍ਹੇ ਮੋਦੀ ਚੁੱਪ ਚੁਪੀਤੇ ਸਾਰਾ ਦੇਸ਼ ਕਾਰਪੋਰੇਟ ਘਰਾਣਿਆਂ ਨੂੰ ਵੇਚਦਾ ਰਿਹਾ ਤੇ ਅੱਗੇ ਵੀ ਵੇਚੀ ਜਾ ਰਿਹਾ ਹੈ ਪਰ ਬਦਕਿਸਮਤੀ ਹੈ ਕਿ ਦੇਸ਼ ਵਿੱਚ ਮੋਦੀ ਸਰਕਾਰ ਦੇ ਵਿਰੁੱਧ ਆਪੋਜੀਸ਼ਨ ਕੋਈ ਵੀ ਖਾਸ ਰੋਲ ਨਹੀਂ ਅਦਾ ਕਰ ਰਹੀ। ਮੋਦੀ ਸਰਕਾਰ ਨੇ ਕਿਸਾਨ, ਮਜ਼ਦੂਰ ਤੇ ਲੋਕ ਵਿਰੋਧੀ ਕਾਨੂੰਨ ਜਿਹੜੇ ਬਣਾਏ ਹਨ ਉਹ ਕੱਲੇ ਕਿਸਾਨਾਂ ਨੂੰ ਖਤਮ ਕਰਨ ਵਾਸਤੇ ਨਹੀਂ ਉਹ ਤਾਂ ਸਮੁੱਚੇ ਦੇਸ਼ ਦੇ ਮਿਹਨਤੀ ਅਵਾਮ ਨੂੰ ਖਤਮ ਕਰਨ ਵਾਲੇ ਹਨ। ਇਸੇ ਕਰਕੇ ਦਿੱਲੀ ਦੇ ਬਾਰਡਰ ‘ਤੇ ਪਿਛਲੇ ਸੱਤ ਮਹੀਨਿਆਂ ਤੋਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਔਰਤਾਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀਆਂ ਹਨ ਪਰ ਮੋਦੀ ਆਪਣੀ ਜਿੱਦ ਨਹੀਂ ਛੱਡ ਰਿਹਾ।
ਆਗੂਆਂ ਨੇ ਕਿਹਾ ਕਿ ਕਿਸਾਨਾਂ ਨੇ ਵੀ ਫੈਸਲਾ ਕੀਤਾ ਹੈ ਕਿ ਜਿੰਨਾ ਚਿਰ ਤਾਈਂ ਕਾਨੂੰਨ ਵਾਪਸ ਨਹੀਂ ਹੁੰਦੇ ਓਨਾ ਚਿਰ ਤੱਕ ਕਿਸਾਨ ਵਾਪਸ ਨਹੀਂ ਆਉਣਗੇ। ਇਸ ਸਮੇਂ ਗੁਰੂ ਅਮਰਦਾਸ ਦਾਸ ਟੈਪੂ ਯੂਨੀਅਨ ਦੇ ਪ੍ਰਧਾਨ ਸੋਨੂ ਫਤਿਆਬਾਦ, ਦਿਲਬਾਗ ਸਿੰਘ ਫਤਿਆਬਾਦ, ਤਰਸੇਮ ਸਿੰਘ, ਸਾਬ ਸਿੰਘ, ਮੇਜਰ ਸਿੰਘ ਛਾਪੜੀ ਸਾਹਿਬ, ਬਰਲਾਜ ਸਿੰਘ, ਗੁਰਮੀਤ ਸਿੰਘ ਖਾਨ ਰਜਾਦਾ, ਦਰਸ਼ਨ ਸਿੰਘ ਬਿਆਰੀਪੁਰ, ਗੁਰਚਰਨ ਸਿੰਘ ਕੰਡਾ, ਜਸਵੰਤ ਸਿੰਘ ਫਤਿਆਬਾਦ, ਭਗਵੰਤ ਸਿੰਘ ਵੈਈਪੁਈ, ਜਗੀਰ ਸਿੰਘ ਭਰੋਵਾਲ, ਬਚਿੱਤਰ ਸਿੰਘ ਜਾਮਾਰਾਏ, ਦਾਇਆ ਸਿੰਘ ਹੋਠੀਆ ਆਦਿ ਆਗੂ ਹਾਜ਼ਰ ਸਨ।