ਆਪ ਬੀਤੀ
ਭੈਅ ਦਾ ਅੰਤ
–ਹਰਕੰਵਲ ਸਿੰਘ
ਮੌਕੇ ਦੇ ਕਾਂਗਰਸੀ ਐੱਮ. ਐੱਲ. ਏ. ਦੇ ਪਿੰਡ ਨੂੰ ਜਾਂਦੀ ਡੇਢ ਕੁ ਕਿੱਲੋਮੀਟਰ ਦੀ ਕੱਚੀ ਸੜਕ ਨੂੰ ਪੱਕਾ ਕਰਵਾਉਣ ਵਾਸਤੇ, ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੋਂ ਮਿੱਟੀ ਪੁਆਉਣ ਦੀ ‘ਕਾਰ ਸੇਵਾ’ ਕਰਵਾਈ ਜਾਣੀ ਸੀ। ‘ਭਾਰਤ ਸੇਵਕ ਸਮਾਜ’ ਦੇ ਬੈਨਰ ਹੇਠ ਇਸ ਮੰਤਵ ਲਈ ਹੁਸ਼ਿਆਰਪੁਰ ਤਹਿਸੀਲ ਦੇ ਪ੍ਰਾਇਮਰੀ ਸਕੂਲਾਂ ਦੇ 30ਕੁ ਅਧਿਆਪਕਾਂ ਦਾ ਇਕ 10 ਰੋਜ਼ਾ ਕੈਂਪ ਲਾਇਆ ਗਿਆ। ਇਸ ਕੈਂਪ ਦੇ ਆਖਰੀ ਦਿਨ, ਪ੍ਰਬੰਧਕਾਂ ਨਾਲ ਹੋਏ ਬੋਲ-ਬਰਾਲੇ ਕਾਰਨ, ਕੈਂਪਰਾਂ ਵੱਲੋਂ ਖਾਣੇ ਦਾ ਬਾਈਕਾਟ ਕਰ ਦਿੱਤਾ ਗਿਆ। ਇਹ ਖ਼ਬਰ ਅਗਲੇ ਦਿਨ ਕੁੱਝ ਅਖ਼ਬਾਰਾਂ ਦੀ ਸੁਰਖੀ ਬਣ ਗਈ।
ਇਸ ਹਲਕੀ ਜਿਹੀ ਹੜਤਾਲ ਲਈ ਮੁੱਖ ਦੋਸ਼ੀ ਗਰਦਾਨੇ ਜਾਣ ਦੇ ਕਸੂਰ ਵਿਚ ਮੇਰੀ ਘਰ ਤੋਂ ਦੂਰ-ਦੁਰਾਡੇ ਦੀ ਬਦਲੀ ਦੇ ਹੁਕਮ ਜਾਰੀ ਹੋ ਗਏ ਤੇ ਉਹ ਵੀ ਜ਼ਿਲੇ ਅੰਦਰ ਦਰਿਆ ਸਤਲੁੱਜ ਦੇ ਲਹਿੰਦੇ ਕੰਢੇ ਦੇ ਸਭ ਤੋਂ ਆਖਰੀ ਸਰਕਾਰੀ ਮਿਡਲ ਸਕੂਲ ਬਜਰੂੜ ਵਿਚ, ਜਿਸਨੂੰ ਉਦੋਂ, ਇਕ ਤਰ੍ਹਾਂ ਨਾਲ, ਅਧਿਆਪਕਾਂ ਲਈ ‘ਖੁੱਲ੍ਹੀ ਜੇਲ੍ਹ’ ਸਮਝਿਆ ਜਾਂਦਾ ਸੀ।
ਪਿਛਲੀ ਸਦੀ ਦੇ ਸੱਠਵਿਆਂ ਦਾ ਆਰੰਭ ਸੀ। ਅਧਿਆਪਕ ਜਥੇਬੰਦੀ ਅਜੇ ਬਹੁਤੀ ਮਜ਼ਬੂਤ ਨਹੀਂ ਸੀ, ਜਦੋਂਕਿ ਅਫ਼ਸਰਸ਼ਾਹੀ ਹੰਕਾਰ ਨਾਲ ਆਫ਼ਰੀ ਫਿਰਦੀ ਸੀ। ਜਥੇਬੰਦੀ ਦੇ ਵੱਡੇ-ਵੱਡੇ ਆਗੂਆਂ ਨੂੰ ਵੀ ਅਜਿਹੀਆਂ ਸਜ਼ਾਵਾਂ ਮਿਲ ਰਹੀਆਂ ਸਨ। ਉਹ ਵੀ ਦੂਰ-ਦੁਰਾਡੇ ਬਦਲ ਕੇ ਘਰੋਂ-ਬੇਘਰ ਕੀਤੇ ਜਾ ਰਹੇ ਸਨ। ਮੈਂ ਤਾਂ ਅਜੇ ਯੂਨੀਅਨ ਦਾ ਇਕ ਛੋਟਾ ਜਿਹਾ ਸਿਪਾਹੀ ਹੀ ਸਾਂ। ਇਸ ਲਈ ਮੇਰੀ ਇਹ ਬਦਲੀ ਰੁਕਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਇਸ ਮਜ਼ਬੂਰੀ ਵਿਚ ਨਵੇਂ ਥਾਂ ਜਾਣਾ ਹੀ ਪੈਣਾ ਸੀ।
ਉਦੋਂ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਤਨਖ਼ਾਹਾਂ ਏ. ਡੀ. ਆਈ. (ਅਸਿਸਟੈਂਟ ਡਿਸਟਿ੍ਰਕ ਇੰਸਪੈਕਟਰ) ਦੇ ਦਫ਼ਤਰ ਵਿਚ ਬੁਲਾ ਕੇ ਵੰਡੀਆਂ ਜਾਂਦੀਆਂ ਸਨ। ਹੁਸ਼ਿਆਰਪੁਰ ਸ਼ਹਿਰ ’ਚ, ਸੁਤਹਿਰੀ ਰੋਡ ’ਤੇ ਇਕ ਵੱਡੀ ਕੋਠੀ ਵਿਚ ਚੱਲ ਰਹੇ ਏ. ਡੀ. ਆਈ. ਸ੍ਰੀ ਐਲ. ਡੀ. ਸ਼ਰਮਾ ਦੇ ਦਫ਼ਤਰ ਦੇ ਵਿਹੜੇ ਵਿਚ ਤਨਖ਼ਾਹ ਲੈਣ ਲਈ ਆਏ ਹੋਏ ਅਧਿਆਪਕਾਂ ਦਾ ਤਕੜਾ ਮਜ੍ਹਮਾ ਲੱਗਾ ਹੋਇਆ ਸੀ। 10ਕੁ ਵਜੇ ਚਪੜਾਸੀ ਗੁਰਦੇਵ ਚੰਦ ਵੱਲੋਂ ਮੈਨੂੰ ਆਵਾਜ਼ ਮਾਰ ਕੇ, ਅੰਦਰ ਆਉਣ ਲਈ ਕਿਹਾ ਗਿਆ। ਮੇਰਾ ਮੱਥਾ ਤਾਂ ਠਣਕਿਆ, ਪਰ ਤਨਖ਼ਾਹ ਤਾਂ ਵਸੂਲ ਕਰਨੀ ਹੀ ਸੀ। ਮੇਰੇ ਦਫ਼ਤਰ ਦੇ ਅੰਦਰ ਜਾਂਦਿਆਂ ਸਾਰ ਹੀ, ਏ. ਡੀ. ਆਈ. ਸਾਹਿਬ ਨੇ ਨਾਲ ਦੇ ਕਮਰੇ ’ਚ ਬੈਠੇ ਕਲਰਕ ਬੈਜਨਾਥ, ਜੋ ਕਿ ਇਕ ਸੇਵਾ ਮੁਕਤ ਨਾਇਬ ਸੂਬੇਦਾਰ ਸੀ, ਨੂੰ ਮੇਰੀ ਤਨਖ਼ਾਹ ਲਿਆਉਣ ਦਾ ਆਦੇਸ਼ ਦਿੱਤਾ। ਉਨਾਂ ਨੇ ਤੁਰੰਤ 112 ਰੁਪਏ ਲਿਆ ਕੇ ਮੇਰੇ ਹੱਥ ’ਚ ਫੜਾ ਦਿੱਤੇ, ਰਜਿਸਟਰ ’ਤੇ ਲੱਗੀ ਟਿਕਟ ’ਤੇ ਦਸਤਖ਼ਤ ਕਰਵਾਏ ਅਤੇ ਨਾਲ ਹੀ ਇਕ ਫਾਰਗੀ ਰਿਪੋਰਟ ਵੀ ਮੈਨੂੰ ਫੜਾ ਦਿੱਤੀ। ਏ. ਡੀ. ਆਈ. ਸਾਹਿਬ, ਜਿਨਾਂ ਦੀ ਪਹਿਲ-ਕਦਮੀ ’ਤੇ ਮੈਨੂੰ ਇਹ ਸਜ਼ਾ ਮਿਲ ਰਹੀ ਸੀ, ਨੇ ਫਰਮਾਇਆ-
‘‘ਤੁਹਾਡੀ ‘ਸਹੂਲਤ’ ਲਈ ਫਾਰਗੀ ਅੱਜ ਬਾਅਦ ਦੁਪਹਿਰ ਦੀ ਪਾਈ ਗਈ ਹੈ। ਤੁਹਾਨੂੰ ਕੱਲ ਸਵੇਰੇ 12 ਵਜੇ ਤੋਂ ਪਹਿਲਾਂ ਨਵੇਂ ਸਕੂਲ ’ਚ ਹਾਜ਼ਰ ਹੋਣਾ ਪਵੇਗਾ, ਕਿਉਕਿ ਤੁਹਾਡੇ ਕਸੂਰ ਕਰਕੇ ਪ੍ਰਬੰਧਕੀ ਅਧਾਰ ’ਤੇ ਹੋਈ ਬਦਲੀ ਕਾਰਨ, ਤੁਹਾਡੇ ਲਈ ਜੁਆਇਨਿੰਗ ਟਾਈਮ ਦੀ ਕੋਈ ਵਿਵਸਥਾ ਨਹੀਂ ਹੈ।’’
ਤਨਖ਼ਾਹ ਤੇ ਫਾਰਗੀ ਰਿਪੋਰਟ ਹੱਥ ’ਚ ਫੜ ਕੇ ਜਦੋਂ ਮੈਂ ਦਫ਼ਤਰੋਂ ਬਾਹਰ ਨਿੱਕਲਿਆ ਤਾਂ ਮੇਰੇ ਅੰਦਰ ਘਬਰਾਹਟ ਹੋਣੀ ਤਾਂ ਲਾਜ਼ਮੀ ਹੀ ਸੀ। ਅਜੇ ਉਮਰ ਵੀ ਥੋੜੀ ਹੀ ਸੀ। ਘਰੋਂ ਬਾਹਰ ਜਾ ਕੇ ਇਸ ਤਰਾਂ ਇੱਕਲੇ ਰਹਿਣ ਦਾ ਤਜ਼ਰਬਾ ਵੀ ਕੋਈ ਨਹੀਂ ਸੀ। ਤਿੰਨ ਦਿਨ ਬਾਅਦ ਹੋਣ ਵਾਲਾ ਬੀ. ਏ. ਫਾਈਨਲ ਦਾ ਫਿਲਾਸਫੀ ਦਾ ‘ਬੀ’ ਪੇਪਰ ਵੀ ਅਜੇ ਰਹਿੰਦਾ ਸੀ। ਬਦਲੀ ਦੇ ਅਜਿਹੇ ਕੇਸਾਂ ਵਿਚ 7 ਦਿਨਾਂ ਦੇ ਜੁਆਇਨਿੰਗ ਟਾਈਮ ਦੇ ਨਿਯਮ ਹੋਣ ਬਾਰੇ ਵੀ ਪੂਰਾ ਗਿਆਨ ਨਹੀਂ ਸੀ। ਇਨਾਂ ਹਾਲਾਤਾਂ ਵਿਚ, ਕੁਦਰਤੀ ਤੌਰ ’ਤੇ, ਭਵਿੱਖ ਹਨੇਰਾ ਜਿਹਾ ਦਿਸਿਆ।
ਦਫ਼ਤਰੋਂ ਬਾਹਰ ਆ ਕੇ ਮੈਂ ਆਪਣੇ ਗੁਰੂ ਤੇ ਪਰਮ ਮਿੱਤਰ, ਚੌਧਰੀ ਗੁਰਬਚਨ ਸਿੰਘ ਨੂੰ ਸਾਰੀ ਗੱਲ ਦੱਸੀ ਤੇ ਉਨਾਂ ਨਾਲ ਆਪਣੇ ਸਾਰੇ ਤੌਖਲੇ ਸਾਂਝੇ ਕੀਤੇ। ਉਹ ਕਾਫੀ ਤਜ਼ਰਬੇਕਾਰ, ਸਿਆਣੇ ਤੇ ਸੁਹਿਰਦ ਸਾਥੀ ਸਨ। ਉਨਾਂ ਨੇ ਬਜਰੂੜ ਦੇ ਸਟੇਸ਼ਨ ਬਾਰੇ ਕੁੱਝ ਸਿਆਣੇ ਸਾਥੀਆਂ ਕੋਲੋਂ ਜਾਣਕਾਰੀ ਹਾਸਲ ਕੀਤੀ। ਫਾਸਲਾ ਕਾਫੀ ਸੀ ਅਤੇ ਬੜੀ ਮੁਸ਼ਕਿਲ ਨਾਲ ਹੀ ਸ਼ਾਮ ਤੱਕ ਉਥੇ ਪੁੱਜਿਆ ਜਾ ਸਕਦਾ ਸੀ। ਫਿਰ ਵੀ ਉਨਾਂ ਮੈਨੂੰ ਹੌਂਸਲਾ ਦਿੱਤਾ-
‘‘….ਕੋਈ ਗੱਲ ਨਹੀਂ, ਮੈਂ ਵੀ ਤਨਖ਼ਾਹ ਲੈ ਲੈਂਦਾ ਹਾਂ ਅਤੇ ਤੈਨੂੰ ਉਥੇ ਛੱਡ ਕੇ ਆਉਦਾ ਹਾਂ।’’
ਇਹ ਕਹਿ ਕੇ ਉਹ ਕਲਰਕ ਦੇ ਦਫ਼ਤਰ ਵਿਚ ਚਲੇ ਗਏ ਅਤੇ ਬਾਬੂ ਬੈਜਨਾਥ ਨੂੰ ਤਨਖ਼ਾਹ ਦੀ ਅਦਾਇਗੀ ਜ਼ਰਾ ਛੇਤੀ ਕਰਨ ਲਈ ਬੇਨਤੀ ਕੀਤੀ। ਚੌਧਰੀ ਸਾਹਿਬ ਆਪ ਵੀ ਸਾਬਕਾ ਫੌਜੀ ਸਨ ਅਤੇ ਉਨਾਂ ਨੇ ਬਾਬੂ ਬੈਜ ਨਾਥ ਅਧੀਨ ਹੌਲਦਾਰ ਵਜੋਂ ਕੰਮ ਵੀ ਕੀਤਾ ਹੋਇਆ ਸੀ। ਪ੍ਰੰਤੂ ਬਾਬੂ ਬੈਜਨਾਥ ਨੇ ਅਫ਼ਸਰ ਤੋਂ ਡਰਦਿਆਂ ਇਸ ਲਿਹਾਜਦਾਰੀ ਨੂੰ ਵੀ ਅਣਡਿੱਠ ਕਰ ਦਿੱਤਾ ਅਤੇ ਉਨਾਂ ਨੂੰ ਸਾਫ਼ ਜਵਾਬ ਦੇ ਦਿੱਤਾ- ‘‘ਸਾਹਿਬ ਦਾ ਹੁਕਮ ਹੈ ਕਿ ਤੁਹਾਨੂੰ ਤਨਖ਼ਾਹ ਸਭ ਤੋਂ ਬਾਅਦ ਵਿਚ ਦੇਣੀ ਹੈ।’’
ਇਸ ਤਰਾਂ, ਉਹ ਵੀ ਮਸੋਸੇ ਜਿਹੇ ਹੋ ਕੇ ਬਾਹਰ ਆ ਗਏ ਅਤੇ ਮੇਰੇ ਨਾਲ ਬੱਸ ਸਟੈਂਡ ਵੱਲ ਤੁਰ ਪਏ। ਮੇਰੇ ਕੋਲ ਸਮਾਨ ਵੀ ਕੋਈ ਨਹੀਂ ਸੀ। ਇਕ ਕਾਮਰੇਡੀ ਝੋਲਾ ਸੀ, ਜਿਸ ਵਿਚ ‘ਪ੍ਰੀਤ ਲੜੀ’ ਮੈਗਜ਼ੀਨ, ਡਾਇਰੀ ਤੇ ਕੁੱਝ ਹੋਰ ਕਾਗਜ਼-ਪੱਤਰ ਸਨ। ਕੱਪੜਾ ਕੋਈ ਨਹੀਂ ਸੀ, ਲੋੜ ਹੀ ਨਹੀਂ ਸੀ ਸਮਝੀ, ਘਰੋਂ ਇਸ ਕੰਮ ਲਈ ਤਿਆਰ ਹੋ ਕੇ ਥੋੜ੍ਹੋ ਆਏ ਸੀ। ਜੇਬ ਵਿਚ ਤਨਖ਼ਾਹ ਦੇ 112 ਰੁਪਏ ਜ਼ਰੂਰ ਸਨ। ਫਿਰ ਵੀ ਭਵਿੱਖ ਵਿਚ ਇਕ ਬਹੁਤ ਵੱਡੀ ਮੁਸੀਬਤ ਮੂੰਹ ਅੱਡੀ ਖੜੀ ਦਿਖਾਈ ਦਿੰਦੀ ਸੀ। ਸ਼ਾਮ ਤੱਕ ਬਜਰੂੜ ਪੁੱਜਣਾ ਸੀ, ਅਤੇ ਉਹ ਵੀ ਇੱਕਲਿਆਂ।
ਖੈਰ! ਚੌਧਰੀ ਸਾਹਿਬ ਨੇ ਕਾਫੀ ਹੌਂਸਲਾ ਦਿੱਤਾ ਅਤੇ ਉਹ ਗੜਸ਼ੰਕਰ ਤੱਕ ਮੇਰੇ ਨਾਲ ਗਏ, ਪਰ ਬੜੇ ਉਦਾਸ ਜਿਹੇ ਮੂਡ ਵਿਚ। ਉਥੇ ਉਹ ਮੈਨੂੰ ਬਜਰੂੜ ਜਾਣ ਵਾਲੀ ਵਿਕਟਰੀ ਟਰਾਂਸਪੋਰਟ ਦੀ ਬੱਸ ਵਿਚ ਬਿਠਾ ਆਏ। 45 ਸੀਟਾਂ ਵਾਲੀ ਪੁਰਾਣੇ ਮਾਡਲ ਦੀ ਬੱਸ ਛੇਤੀ ਹੀ ਨੱਕੋ-ਨੱਕ ਭਰ ਗਈ। ਮੈਂ ਵਿਚਾਲੇ ਜਿਹੇ ਖਿੜਕੀ ਨਾਲ ਲੱਗਦੀ ਸੀਟ ’ਤੇ ਬੈਠ ਗਿਆ ਤਾਂ ਜੋ ਨਵੇਂ ਇਲਾਕੇ ਬਾਰੇ ਕੁੱਝ ਜਾਣਕਾਰੀ ਮਿਲਦੀ ਰਹੇ ਅਤੇ ਰਾਹ-ਖਹਿੜਾ ਵੀ ਦੇਖਦਾ ਜਾਵਾਂ। ਦੋ-ਢਾਈ ਵਜੇ ਗੜ੍ਹਸ਼ੰਕਰੋਂ ਤੁਰੀ ਬੱਸ ਪੈਰ-ਪੈਰ ’ਤੇ ਰੁਕਦੀ ਰਹੀ। ਹਰ ਪਿੰਡ ਦੇ ਅੱਡੇ ’ਤੇ ਸਵਾਰੀਆਂ ਉਤਰਦੀਆਂ ਤਾਂ ਸਨ, ਪਰ ਚੜ੍ਹਦੀ ਕੋਈ ਟਾਵੀਂ-ਟੱਲੀ ਹੀ ਸੀ। ਇੰਝ, ਪੌਣੇ ਕੁ ਘੰਟੇ ਵਿਚ ਸਿੰਘਪੁਰ ਦੇ ਅੱਡੇ ’ਤੇ ਜਾ ਕੇ, ਬੱਸ ’ਚੋਂ ਸਾਰੀਆਂ ਹੀ ਸਵਾਰੀਆਂ ਉਤਰ ਗਈਆਂ। ਸਵਾਰੀ ਵਜੋਂ, ਬੱਸ ਵਿਚ ਮੈਂ ਇੱਕਲਾ ਹੀ ਰਹਿ ਗਿਆ। ਜਾਂ ਫਿਰ ਅੱਗੇ ਬੱਸ ਦਾ ਚਾਲਕ ਸੀ ਅਤੇ ਪਿੱਛੇ ਆਖਰੀ ਸੀਟ ’ਤੇ ਬੈਠਾ ਹੋਇਆ ਇਕ ਸਰਦਾਰ ਜੀ ਕੰਡਕਟਰ।
ਖਾਲੀ ਹੋਈ ਬੱਸ ਦੇਖ ਕੇ ਮੇਰੀ ਘਬਰਾਹਟ ਤਾਂ ਹੋਰ ਵਧਣੀ ਹੀ ਸੀ। ਅੱਗੇ ਸੜਕ ਵੀ ਕੋਈ ਨਹੀਂ ਸੀ। ਬੱਸ, ਖੱਡੋ-ਖੱਡ, ਡੱਕੇ-ਡੋਲੇ ਖਾਂਦੀ ਹੋਈ ਜਾ ਰਹੀ ਸੀ। ਹੋਰ ਨਾ ਕੋਈ ਆ ਰਿਹਾ ਸੀ, ਨਾ ਜਾ ਰਿਹਾ ਸੀ। ਢੋਲਵਾਹੇ ਜੇ. ਬੀ. ਟੀ. ਕਰਦਿਆਂ ਅਤੇ ਸਕੂਲ ਵੱਲੋਂ ਮਾਤਾ ਚਿੰਤਪੁਰਨੀ ਤੇ ਜਵਾਲਾ ਜੀ ਦੇ ਟੂਰ ’ਤੇ ਜਾਣ ਸਮੇਂ ਪਹਾੜਾਂ ਦੇ ਮਨਮੋਹਣੇ ਦਿ੍ਰਸ਼ ਤਾਂ ਕਈ ਦੇਖੇ ਸਨ, ਪਰ ਐਨੀ ਦੂਰ ਤੱਕ ਖੱਡ ’ਚ ਚੱਲਦੀ ਬੱਸ ਪਹਿਲੀ ਵਾਰ ਦੇਖ ਰਿਹਾ ਸੀ। ਮੈਂ ਹੌਂਸਲਾ ਜਿਹਾ ਕਰਕੇ ਪਿਛਲੀ ਸੀਟ ’ਤੇ ਬੈਠੇ ਅਤੇ ਕੁੱਝ ਗੁਣਗੁਣਾ ਰਹੇ ਕੰਡਕਟਰ ਕੋਲ ਗਿਆ ਤੇ ਉਸ ਕੋਲੋਂ ਪੁੱਛਿਆ-
‘‘ਭਾਜੀ! ਕੀ ਹੁਸ਼ਿਆਰਪੁਰ ਜ਼ਿਲੇ ਦੀ ਹੱਦ ਹੁਣ ਮੁੱਕ ਚੱਲੀ ਹੈ?’’ ਮੈਨੂੰ ਦੱਸਿਆ ਗਿਆ ਸੀ ਕਿ ਬਜਰੂੜ ਜ਼ਿਲੇ ਦੇ ਆਖਰੀ ਸਿਰੇ ’ਤੇ ਹੈ।
ਮੇਰੀ ਇਸ ਉਤਸਕਤਾ ਨੂੰ ਦੇਖਦਿਆਂ ਕੰਡਕਟਰ ਨੇ ਸਹਿਜੇ ਹੀ ਸੁਆਲਨੁਮਾ ਉਤਰ ਦਿੱਤਾ-
‘‘ਨਹੀਂ, ਤੁਸੀਂ ਕਿੱਥੇ ਜਾਣਾ?’’
‘‘ਬਜਰੂੜ’’ ਮੇਰਾ ਹਾਉਕਾ ਜਿਹਾ ਨਿੱਕਲ ਗਿਆ।
‘‘ਉਹ ਤਾਂ ਅਜੇ ਬਹੁਤ ਦੂਰ ਹੈ। ਪਹਿਲੀ ਵਾਰ ਜਾ ਰਹੇ ਹੋ ਉਥੇ?’’
‘‘ਹਾਂ ਜੀ। ਮੇਰੀ ਉਥੇ ਬਤੌਰ ਅਧਿਆਪਕ ਬਦਲੀ ਹੋਈ ਹੈ।’’
‘‘ਕੋਈ ਗੱਲ ਨਹੀਂ।’’ ਮੇਰੀ ਘਬਰਾਹਟ ਨੂੰ ਭਾਂਪਦਿਆਂ ਉਨਾਂ ਦਿਲਾਸਾ ਦਿੱਤਾ,
‘‘ਉਥੇ ਤੁਹਾਨੂੰ ਕਿਸੇ ਅਧਿਆਪਕ ਨਾਲ ਮਿਲਾ ਦੇਵਾਂਗੇ।’’
ਇਸ ਤਰਾਂ ਦੇ ਹਮਦਰਦੀ ਭਰੇ ਜਵਾਬ ਨਾਲ, ਮੇਰਾ ਮਾਨਸਿਕ ਤਣਾਅ ਕੁੱਝ ਘੱਟ ਤਾਂ ਗਿਆ; ਪ੍ਰੰਤੂ ਨਵੇਂ ਥਾਂ ਦੇ ਲੋਕਾਂ ਬਾਰੇ, ਉਥੇ ਆਉਣ ਵਾਲੀਆਂ ਮੁਸ਼ਕਿਲਾਂ ਆਦਿ ਬਾਰੇ ਮਨ ਅੰਦਰ ਉਧੇੜ-ਬੁਣ ਨਿਰੰਤਰ ਜਾਰੀ ਰਹੀ। ਮੈਂ ਮੁੜ ਆਪਣੀ ਸੀਟ ’ਤੇ ਜਾ ਕੇ ਬੈਠ ਚੁੱਕਾ ਸਾਂ। ਗੁਰਬਖਸ਼ ਸਿੰਘ ਪ੍ਰੀਤ ਲੜੀ ਦੀਆਂ ਲਿਖਤਾਂ ਵਿਚ, ਢਹਿੰਦੇ ਮਨ ਨੂੰ ਧਰਵਾਸਾ ਦੇਣ ਲਈ ਵਾਰ-ਵਾਰ ਲਿਖੇ ਜਾਂਦੇ ਸ਼ਬਦ : ‘ਹਰ ਹਨੇਰੇ ਤੋਂ ਬਾਅਦ ਰੌਸ਼ਨ ਰਿਸ਼ਮਾਂ ਹਮੇਸ਼ਾਂ ਉਜਾਗਰ ਹੁੰਦੀਆਂ ਹਨ’ ਯਾਦ ਤਾਂ ਆ ਰਹੇ ਸਨ, ਪ੍ਰੰਤੂ ਆਪਣੀ ਇਸ ਅਣ-ਕਿਆਸੀ ਮੁਸੀਬਤ ਵਿਚ ਇਹ ਮੈਨੂੰ ਐਵੇਂ ਹਵਾਈ ਗੱਲਾਂ ਹੀ ਜਾਪ ਰਹੀਆਂ ਸਨ।
ਚੰਗੇ ਭਾਗਾਂ ਨੂੰ ਘਾਟਾ ਟੱਪਦਿਆਂ ਹੀ, ਕਾਹਨਪੁਰ ਖੂਹੀ ਤੋਂ ਬੱਸ ਵਿਚ ਨਵੀਆਂ ਸਵਾਰੀਆਂ ਚੜ੍ਹਨੀਆਂ ਸ਼ੁਰੂ ਹੋ ਗਈਆਂ। ਸ਼ਿਵਾਲਿਕ ਦੀ ਸਭ ਤੋਂ ਨਿਚਲੀ ਧਾਰ ਰਾਹੀਂ ਪਈ ਹੋਈ ਇਸ ਕੁਦਰਤੀ ਵੰਡ ਕਾਰਨ ਇਹ ਇਲਾਕਾ, ਓਪਰੀ ਨਜ਼ਰੇਂ ਦੇਖਿਆਂ, ਥੋੜਾ ਵੱਖਰਾ ਜਿਹਾ ਹੀ ਜਾਪਦਾ ਸੀ। ਸੜਕ ਤਾਂ ਅਸਲੋਂ ਹੀ ਕੱਚੀ, ਚਿੱਬ-ਖੜਿੱਬੀ ਤੇ ਧੂੜ ਨਾਲ ਭਰੀ ਪਈ ਸੀ। ਹੁਣ ਹਰ ਅੱਡੇ ਤੋਂ ਸਵਾਰੀ ਬਿਠਾਈ ਜਾ ਰਹੀ ਸੀ ਅਤੇ ਬੱਸ ਅੰਦਰ ਰੌਣਕ ਦੁਬਾਰਾ ਪਰਤਣੀ ਸ਼ੁਰੂ ਹੋ ਗਈ। ਨੂਰਪੁਰ ਬੇਦੀ ਜਾ ਕੇ ਤਾਂ ਬੱਸ ਦੁਬਾਰਾ ਪੂਰੀ ਤਰਾਂ ਭਰ ਗਈ। ਸੁੱਖਣਾ ਸੁੱਖਦਿਆਂ, ਅੰਤ ਨੂੰ 7ਕੁ ਵਜੇ, ਬਜਰੂੜ ਵੀ ਆ ਗਿਆ। ਇਥੇ ਕਾਫੀ ਸਵਾਰੀਆਂ ਉਤਰੀਆਂ। ਉਂਝ ਬੱਸ ਨੇ ਅਜੇ ਥੋੜਾ ਹੋਰ ਅੱਗੇ ਜਾਣਾ ਸੀ। ਮੈਨੂੰ ਵੀ ਉਤਰਨ ਦਾ ਇਸ਼ਾਰਾ ਮਿਲਿਆ। ਕੰਡਕਟਰ ਸਾਹਿਬ ਨੇ ਪਿਛਲੀ ਬਾਰੀ ’ਚ ਖੜੋ ਕੇ, ਕੁੱਝ ਕੁ ਦੂਰੀ ’ਤੇ ਖੜੇ ਤਿੰਨ-ਚਾਰ ਸੱਜਣਾਂ ਨੂੰ ਆਵਾਜ਼ ਦਿੱਤੀ-
‘‘ਇਹ ਤੁਹਾਡੇ ਨਵੇਂ ਅਧਿਆਪਕ ਆਏ ਹਨ, ਇਨਾਂ ਨੂੰ ਸਾਂਭ ਲਵੋ।’’
ਉਨਾਂ ਸੱਜਣਾਂ ਵਿਚ ਸਕੂਲ ਦੇ 2 ਅਧਿਆਪਕ ਵੀ ਸਨ। ਉਨਾਂ ਨੇ ਮੈਨੂੰ ਰਸਮੀ ਜਿਹਾ ‘ਜੀ ਆਇਆਂ’ ਕਿਹਾ। ਮੇਰੇ ਪਿਛਲੇ ਇਲਾਕੇ ਬਾਰੇ ਮੁਢਲੀ ਪੁੱਛ-ਪੜਤਾਲ ਕੀਤੀ ਅਤੇ ਮੈਨੂੰ ਪਿੰਡ ਵੱਲ ਲੈ ਤੁਰੇ। ਬੜਾ ਵੱਡਾ ਪਿੰਡ ਸੀ ਬਜਰੂੜ, ਇਸ ਪੱਛੜੇ ਹੋਏ ਇਲਾਕੇ ਵਿਚ ਵੀ। ਗਿਆਨੀ ਸੋਹਣ ਸਿੰਘ ਜੀ, ਜਿਹੜੇ ਕਿ ਬੁੱਲੋਵਾਲ ਲਾਗਲੇ ਇਕ ਪਿੰਡ ਦੇ ਹੀ ਸਨ, ਮੈਨੂੰ ਆਪਣੇ ਘਰ ਲੈ ਗਏ। ਉਨਾਂ ਦੀ ਪਹਿਲੀ ਨਿਯੁਕਤੀ ਹੀ ਇਥੇ ਹੋਈ ਸੀ। ਉਹ ਕਈ ਵਰ੍ਹਿਆਂ ਤੋਂ ਇਕ ਵੱਡੇ ਜਿਮੀਂਦਾਰ, ਜਿਹੜਾ ਕਿ ਆਪ ਪਰਿਵਾਰ ਸਮੇਤ ਹਿਮਾਚਲ ਪ੍ਰਦੇਸ਼ ਵਿਚ ਬਿਲਾਸਪੁਰ ਰਹਿੰਦਾ ਸੀ, ਦੇ ਪੁਰਾਣੀ ਕਿਸਮ ਦੇ ਦੋ ਮੰਜ਼ਿਲੇ ਮਕਾਨ ’ਚ ਰਹਿੰਦੇ ਸਨ। ਜਿਮੀਂਦਾਰ ਸਥਾਨਕ ਮੁਜਾਰਿਆਂ ਤੋਂ ਫ਼ਸਲ ਦਾ ਹਿਸਾਬ-ਕਿਤਾਬ ਲੈਣ ਹੀ ਆਇਆ ਕਰਦਾ ਸੀ। ਉਸਦੇ ਘਰ ਦੀ ਸਮੁੱਚੀ ਸਾਂਭ-ਸੰਭਾਲ ਗਿਆਨੀ ਜੀ ਦੇ ਸਪੁਰਦ ਹੀ ਸੀ। ਕਣਕ ਦੀ ਫ਼ਸਲ ਆ ਚੁੱਕੀ ਸੀ, ਇਸ ਲਈ ਜਿਮੀਂਦਾਰ ਵੀ ਆਇਆ ਹੋਇਆ ਸੀ ਅਤੇ ਆਪਣੀ ਰੋਟੀ-ਪਾਣੀ ਦੇ ਇੰਤਜਾਮ ਲਈ ਉਸਨੇ ਆਪਣਾ ਇਕ ਗਰੀਬੜਾ ਜਿਹਾ ਰਿਸ਼ਤੇਦਾਰ ਵੀ ਨੌਕਰ ਵਜੋਂ ਨਾਲ ਲਿਆਂਦਾ ਹੋਇਆ ਸੀ। ਇਸ ਲਈ ਮੈਨੂੰ ਰਾਤ ਦੀ ਰੋਟੀ ਸੌਖਿਆਂ ਹੀ ਮਿਲ ਗਈ। ਸਵੇਰੇ ਚਾਹ ਨਾਲ ਰਾਤ ਦੀ ਬਚੀ ਹੋਈ ਦਾਲ ਨਾਲ ਬਰੇਕ-ਫਾਸਟ ਵੀ ਮਿਲ ਗਿਆ। ਉਪਰੰਤ ਮੈਂ ਤੇ ਗਿਆਨੀ ਜੀ ਸਕੂਲ ਚਲੇ ਗਏ।
ਸਕੂਲ ਜਾ ਕੇ ਜਦੋਂ ਮੈਂ ਆਪਣੀ ਹਾਜ਼ਰੀ ਰਿਪੋਰਟ ਦਿੱਤੀ ਤਾਂ ਸਕੂਲ ਮੁਖੀ ਪੰਡਿਤ ਵਿਸ਼ਵਾਨਾਥ ਜੀ ਮੈਨੂੰ ਦੇਖ ਕੇ ਬੇਹੱਦ ਦੁਖੀ ਹੋਏ। ਮੇਰੇ ਹਾਜ਼ਰ ਹੋਣ ਨਾਲ ਉਨਾਂ ਨੂੰ ਆਪਣੇ ਇਕ ਬਹੁਤ ਹੀ ਵਫ਼ਾਦਾਰ ਅਧਿਆਪਕ ਨੂੰ ਤੁਰੰਤ ਰਿਲੀਵ ਕਰਨਾ ਪੈਣਾ ਸੀ। ਇਸ ਲਈ ਉਹ ਬੇਹੱਦ ਘਬਰਾਹਟ ’ਚ ਘਿਰੇ ਹੋਏ ਦਿਖਾਈ ਦੇ ਰਹੇ ਸਨ। ਪ੍ਰੰਤੂ ਸਿੱਧੂ ਰਾਮ ਬਹੁਤ ਖੁਸ਼ ਦਿਖਾਈ ਦੇ ਰਿਹਾ ਸੀ, ਜਿਸਦੀ ਬਦਲੀ ਉਸਦੀ ਮਰਜੀ ਅਨੁਸਾਰ ਉਸਦੇ ਪਿੰਡ ਹਰੋਲੀ ਦੀ ਹੋਈ ਸੀ। ਇਸ ਲਈ ਉਸਨੂੰ ਵੀ ਉਸੇ ਦਿਨ ਨਵੇਂ ਸਕੂਲ ’ਚ ਹਾਜ਼ਰ ਹੋਣਾ ਪੈਣਾ ਸੀ। ਇਸ ਕਰਕੇ ਉਸਨੇ ਤੁਰੰਤ, ਆਪਣੇ ਚਾਰਜ ਵਜੋਂ, ਇਕ ਪੁਰਾਣੇ ਜਿਹੇ ਟਰੰਕ ਦੀਆਂ ਚਾਬੀਆਂ, ਕੁੱਝ ਰਜਿਸਟਰ, ਕੁੱਝ ਸਫ਼ੈਦ ਕਾਗਜ਼ ਤੇ ਹੋਰ ਲਕਾ-ਤੁਕਾ ਹੈਡਮਾਸਟਰ ਸਾਹਿਬ ਦੀ ਮੇਜ ’ਤੇ ਰੱਖਣਾ ਸ਼ੁਰੂ ਕਰ ਦਿੱਤਾ।
ਜ਼ਿਲੇ ਅੰਦਰ, ਓਝੜੇ ਰਾਹਾਂ ਵਾਲੇ, ਦੂਰ-ਦੁਰਾਡੇ ਦਾ ਸਕੂਲ ਹੋਣ ਕਰਕੇ ਇਥੇ ਕਿਸੇ ਉਪਰਲੇ ਅਫ਼ਸਰ ਦੀ ਛਾਪੇਮਾਰੀ ਦੀਆਂ ਤਾਂ ਕੋਈ ਸੰਭਾਵਨਾਵਾਂ ਹੀ ਨਹੀਂ ਸਨ ਦਿਖਾਈ ਦਿੰਦੀਆਂ। ਸਕੂਲ ਦਾ ਆਪਣਾ ਹੀ ਇਕ ‘ਰਾਮ ਰਾਜ’ ਸੀ, ਜਿਹੜਾ ਸਕੂਲ ਮੁਖੀ ਨੇ ਆਪਣੀ ਸ਼ਰਾਫਤ ਤੇ ਸਮਝਦਾਰੀ ਨਾਲ ਸਿਰਜਿਆ ਹੋਇਆ ਸੀ। ਇਹ ਕਈ ਪੱਖਾਂ ਤੋਂ ਹੈਰਾਨੀਜਨਕ ਵੀ ਸੀ ਤੇ ਅਰਾਮਦਾਇਕ ਵੀ। ਉਦਾਹਰਣ ਵਜੋਂ ਮੈਂ ਦੇਖਿਆ ਕਿ ਸਕੂਲ ਦੇ ਪੀ. ਟੀ. ਸਾਹਿਬ ਇੰਦਰਜੀਤ ਸਿੰਘ, ਜੋ ਸਾਬਕਾ ਫੌਜੀ ਸਨ, ਨੇ ਆਉਂਦਿਆਂ ਹੀ ਵਿਸਲ ਵਜਾ ਕੇ ਵਿਦਿਆਰਥੀਆਂ ਨੂੰ ਜਮਾਤਵਾਰ ਖੜੇ ਕਰ ਲਿਆ। ਸਕੂਲ ਵਿਚ ਉਹ ਤੇੜ ਲੂੰਗੀ ਬੰਨ੍ਹ ਕੇ ਆਏ ਹੋਏ ਸਨ। ਪਹਿਲਾਂ ਉਨ੍ਹਾਂ ਹਾਰਮੋਨੀਅਮ ਨਾਲ ਰਾਸ਼ਟਰੀ ਗੀਤ ‘ਜਣ ਗਣ ਮਨ’ ਕਰਵਾਇਆ ਅਤੇ ਫਿਰ ਇਕ ਗਜ਼ਲਨੁਮਾ ਗੀਤ ਦਾ ਉਚਾਰਨ ਕਰਵਾਇਆ, ਜਿਸਦੇ ਕੁੱਝ ਬੋਲ ਇਸ ਤਰਾਂ ਸਨ-
‘‘ਤੂੰ ਕਦਮ ਵਧਾ ਲੈ ਇਕ ਪਾਸੇ,
ਤੂੰ ਧਿਆਨ ਲਗਾ ਲੈ ਇਕ ਪਾਸੇ,
ਦੋ ਬੇੜੀਆਂ ਵਾਲਾ ਡੁੱਬ ਮਰਦਾ,
ਤੂੰ ਪੈਰ ਟਕਾ ਲੈ ਇਕ ਪਾਸੇ।’’
ਅਜਿਹੇ ਹੀ ਦੋ ਕੁ ਹੋਰ ਬੰਦ ਉਨ੍ਹਾਂ ਐਨੀ ਦਮਦਾਰ ਆਵਾਜ਼ ਵਿਚ ਆਪ ਗਾਏ ਤੇ ਬੱਚਿਆਂ ਤੋਂ ਗਵਾਏ ਕਿ ਸਕੂਲ ਦੇ ਆਲੇ-ਦੁਆਲੇ ਦੇ, ਦੂਰ ਤੱਕ ਹਰਿਆਲੀ ਬਿਖੇਰਦੇ, ਅੰਬਾਂ ਦੇ ਬਾਗ ਸੱਚੀਂ-ਮੁੱਚੀਂ ਝੂਮ ਉਠੇ। ਇਸ ਨਾਲ ਮਨ ਇਕ ਵਾਰ ਤਾਂ ਅਸਲੋਂ ਹੀ ਆਨੰਦਿਤ ਜਿਹਾ ਹੋ ਗਿਆ। ਇਸ ਤੋਂ ਬਾਅਦ, ਕਲਾਸਾਂ ਨੂੰ ਆਪੋ-ਆਪਣੇ ਟਿਕਾਣਿਆਂ ਵੱਲ ਮਾਰਚ ਕਰਨ ਦਾ ਹੁਕਮ ਦੇ ਕੇ, ਪੀ. ਟੀ. ਜੀ ਪਤਾ ਨਹੀਂ ਕਿੱਧਰ ਚਲੇ ਗਏ ਤੇ ਮੁੜ ਉਹ ਦੁਪਹਿਰੋਂ ਬਾਅਦ ਹੀ ਬਕਾਇਦਾ ਸਿਵਲ ਡਰੈੱਸ ਵਿਚ ਪਰਤੇ।
ਬਾਕੀ ਸਾਰਾ ਸਟਾਫ਼ ਤੁਰੰਤ ਹੀ ਸਿੱਧੂ ਰਾਮ ਨੂੰ ਵਿਦਾਇਗੀ ਪਾਰਟੀ ਦੇਣ ’ਚ ਰੁੱਝ ਗਿਆ। ਸਮਾਂ ਥੋੜਾ ਹੋਣ ਕਰਕੇ ਮਿਠਾਈ-ਸ਼ਿਠਾਈ ਦਾ ਤਾਂ ਬਹੁਤਾ ਪ੍ਰਬੰਧ ਨਹੀਂ ਸੀ, ਚਾਹ ਦਾ ਕੱਪ ਜ਼ਰੂਰ ਸਾਰਿਆਂ ਨੂੰ ਮਿਲਿਆ। ਅਤੇ ਜਾਂ ਫਿਰ, ਸਿੱਧੂ ਰਾਮ ਜੀ ਦੀਆਂ ਇਕ ਹਰਮਨ ਪਿਆਰੇ ਅਧਿਆਪਕ ਵਜੋਂ ਸਿਫ਼ਤਾਂ ਸੁਣਨ ਨੂੰ ਮਿਲੀਆਂ। ਉਹ ਪਹਿਲੀ ਜਮਾਤ ਨੂੰ ਪੜ੍ਹਾਉਦੇ ਸਨ ਤੇ ਸਕੂਲ ਦੀ ਕਲਰਕੀ ਦਾ ਕੰਮ ਵੀ ਸੰਭਾਲਦੇ ਸਨ। ਉਨਾਂ ਬਾਰੇ ਬੋਲਦੇ ਹੋਏ ਸਕੂਲ ਮੁਖੀ ਜੀ ਤਾਂ ਕੁੱਝ ਵਧੇਰੇ ਹੀ ਭਾਵੁਕ ਹੋ ਗਏ। ਕਹਿਣ ਲੱਗੇ-
‘‘ਮੈਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਮੇਰਾ ਇਹ ਸਕੂਲ ਚੱਲੇਗਾ ਕਿਵੇਂ?, ਸਕੂਲ ਦੀ ਤਾਂ ਮਾਂ ਹੀ ਤੁਰ ਚੱਲੀ ਹੈ।’’
ਉਨਾਂ ਦੀਆਂ ਤੇ ਹੋਰ ਬੁਲਾਰਿਆਂ ਦੀਆਂ ਅਜਿਹੀਆਂ ਦੁਖੀ ਭਾਵਨਾਵਾਂ ਨੂੰ ਮਹਿਸੂਸ ਕਰਕੇ ਮੈਨੂੰ ਬਹੁਤ ਹੀ ਗਿਲਾਨੀ ਜਿਹੀ ਮਹਿਸੂਸ ਹੋ ਰਹੀ ਸੀ। ਇਸ ਵਾਸਤੇ ਮੈਂ ਆਪਣੇ-ਆਪ ਨੂੰ ਵੱਡਾ ਦੋਸ਼ੀ ਸਮਝ ਰਿਹਾ ਸਾਂ। ਮੇਰੇ ਕੋਲ ਉਨਾਂ ਨੂੰ ਦਿਲਾਸਾ ਦੇਣ ਵਾਸਤੇ ਵੀ ਕੋਈ ਸ਼ਬਦ ਨਹੀਂ ਸਨ। ਵਿਦਾਇਗੀ ਪਾਰਟੀ ਤੋਂ ਬਾਅਦ ਸਾਰੇ 7-8 ਅਧਿਆਪਕ ਸਿੱਧੂ ਰਾਮ ਜੀ ਨੂੰ ਤੋਰ ਕੇ ਬੜੇ ਹੀ ਗਮਗੀਨ ਜਿਹੇ ਮਾਹੌਲ ਵਿਚ ਅੱਧੀ ਛੁੱਟੀ ਦੀ ਘੰਟੀ ਵਜਾ ਕੇ ਆਪੋ-ਆਪਣੇ ਘਰਾਂ ਨੂੰ ਦੁਪਹਿਰ ਦਾ ਖਾਣਾ ਖਾਣ/ਅਰਾਮ ਕਰਨ ਲਈ ਚਲੇ ਗਏ। ਅਤੇ, ਸਕੂਲ ਵਿਚ ਮੈਂ ਇੱਕਲਾ ਹੀ ਰਹਿ ਗਿਆ। ਕਿਸੇ ਨੇ ਮੈਨੂੰ ਬੁਲਾਇਆ ਤੱਕ ਨਹੀਂ। ਗਿਆਨੀ ਸੋਹਣ ਸਿੰਘ ਨੇ ਵੀ ਨਹੀਂ। ਇਥੋਂ ਤੱਕ ਕਿ ਸਕੂਲ ਦੇ ਚਪੜਾਸੀ ਸਰਵਣ ਸਿੰਘ ਨੇ ਵੀ ਨਹੀਂ, ਜਿਹੜਾ ਕਿ ਪ੍ਰਾਇਮਰੀ ਹਿੱਸੇ ਦੇ ਇਕ ਕੋਨੇ ਵਿਚ ਬਣੀ ਹੋਈ ਕੋਠੜੀ ’ਚ ਰਹਿੰਦਾ ਸੀ।
ਅਜਿਹੀ ਸ਼ਰਮਸਾਰੀ ਤੇ ਉਦਾਸੀ ਦੇ ਮਾਹੌਲ ਵਿਚ ਮੈਂ ਸਕੂਲ ਦੇ ਦਫ਼ਤਰ ਵਿਚ ਜਾ ਬੈਠਾ। ਸਕੂਲ ਮੁਖੀ ਦੀ ਮੇਜ ’ਤੇ ਕੁੱਝ ਸਫ਼ੈਦ ਕਾਗਜ਼, ਕਾਰਬਨ ਪੇਪਰ, ਇਕ ਸਰਕਾਰੀ ਚਿੱਠੀ, ਗੱਤਿਆਂ ਨਾਲ ਚਿਪਕਾਏ ਹੋਏ ਟਾਈਮ-ਟੇਬਲ ਤੇ ਹਾਜ਼ਰੀ ਰਜਿਸਟਰ ਆਦਿ ਪਏ ਸਨ। ਵਿਹਲਿਆਂ ਵਜੋਂ ਮੈਂ ਸਰਕਾਰੀ ਚਿੱਠੀ ਚੁੱਕ ਕੇ ਪੜ੍ਹਨੀ ਸ਼ੁਰੂ ਕਰ ਦਿੱਤੀ। ਸਿੱਖਿਆ ਵਿਭਾਗ ਦੇ ਜ਼ਿਲੇ੍ਹ ਦੇ ਦਫ਼ਤਰ ਤੋਂ ਆਇਆ ਹੋਇਆ ਇਕ ਸਰਕੂਲਰ ਸੀ, ਜਿਸ ਰਾਹੀਂ 15 ਮਈ ਦੀ ਸਟੇਟਮੈਂਟ ਮੰਗੀ ਗਈ ਸੀ, ਪੰਜ ਪਰਤਾਂ ਵਿਚ, 10 ਤਾਰੀਖ ਤੱਕ। ਇਹ ਸਾਰਾ ਕੰਮ ਸ਼ਾਇਦ ਸਿੱਧੂ ਰਾਮ ਨੇ ਹੀ ਕਰਨਾ ਸੀ। ਮੈਂ ਹਿਸਾਬ ਲਾਇਆ ਕਿ ਇਹ ਡਾਕ ਭੇਜਣ ਦੀ ਨਿਅਤ ਮਿਤੀ ’ਚ ਸਿਰਫ 4 ਦਿਨ ਹੀ ਬਾਕੀ ਸਨ। ਹੋ ਸਕਦਾ ਹੈ ਇਸੇ ਲਈ ਹੈਡਮਾਸਟਰ ਸਾਹਿਬ ਨੂੰ ਸਿੱਧੂ ਰਾਮ ਦੇ ਚਲੇ ਜਾਣ ਕਾਰਨ ਐਨੀ ਘਬਰਾਹਟ ਮਹਿਸੂਸ ਹੋ ਰਹੀ ਹੋਵੇ। ਮੈਂ ਸੋਚਿਆ : ‘ਇਹ ਕੰਮ ਤਾਂ ਮੈਂ ਵੀ ਕਰ ਸਕਦਾ ਹਾਂ।’
ਸਰਕੂਲਰ ਨੂੰ ਦੋ ਵਾਰ ਪੜ੍ਹ ਕੇ ਮੈਂ ਕਾਗਜ਼, ਕਾਰਬਨ ਪੇਪਰ, ਪੱਕੀ ਪੈਨਸਿਲ ਤੇ ਰੂਲਰ ਆਦਿ ਚੁੱਕੇ ਅਤੇ ਸਾਰੇ ਮੰਗੇ ਹੋਏ ਕਾਗਜ਼ਾਤ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਟੀਚਰਜ਼ ਟਾਈਮ-ਟੇਬਲ ਤੇ ਸਟਾਫ਼ ਸਟੇਟਮੈਂਟ ਵਿਚ ਸਿੱਧੂ ਰਾਮ ਦੀ ਥਾਂ ਮੈਂ ਆਪਣਾ ਨਾਂ ਤੇ ਹੋਰ ਆਪਣੇ ਸਾਰੇ ਸਬੰਧਿਤ ਵੇਰਵੇ ਭਰ ਦਿੱਤੇ। ਕਲਾਸ ਟਾਈਮ-ਟੇਬਲ ਦੀਆਂ ਤਾਂ ਪੰਜ ਕਾਪੀਆਂ ਹੀ ਬਨਾਉਣੀਆਂ ਸਨ, ਵਿਦਿਆਰਥੀਆਂ ਦੀ ਜਮਾਤਵਾਰ ਗਿਣਤੀ, ਹਾਜ਼ਰੀ ਰਜਿਸਟਰਾਂ ਵਿਚੋਂ ਦੇਖ ਕੇ ਲਿਖ ਦਿੱਤੀ। ਇਸ ਤਰਾਂ ਹਰ ਡਾਕੂਮੈਂਟ ਦੀਆਂ ਕਾਰਬਨ ਪੇਪਰਾਂ ਦੀ ਮੱਦਦ ਨਾਲ 5 ਦੀ ਥਾਂ 6-6 ਕਾਪੀਆਂ ਬਣਾ ਕੇ ਅਤੇ ਨਾਲ ਫਾਰਵਰਡਿੰਗ ਲੈਟਰ ਵੀ ਲਿਖ ਕੇ, ਸਾਰਾ ਕੰਮ ਐਨ ਟਿੱਚ ਕਰਕੇ ਮੁੱਖ ਅਧਿਆਪਕ ਦੀ ਮੇਜ਼ ’ਤੇ ਰੱਖ ਦਿੱਤਾ।
2ਕੁ ਘੰਟੇ ਦੀ ਅੱਧੀ ਛੁੱਟੀ ਮਨਾ ਕੇ ਜਦੋਂ ਪੰਡਿਤ ਜੀ ਵਾਪਸ ਆਏ ਤਾਂ ਮੇਜ਼ ’ਤੇ ਪਏ ਉਪਰੋਕਤ ਕਾਗਜਾਂ ਵੱਲ ਦੇਖ ਕੇ ਥੋੜਾ ਹੈਰਾਨ ਹੋ ਗਏ। ਮੈਨੂੰ ਪੁੱਛਣ ਲੱਗੇ-
‘‘ਇਹ ਕੰਮ ਕਿਸਨੇ ਕੀਤਾ ਹੈ?’’
‘‘ਜੀ ਮੈਂ ਕੀਤਾ ਹੈ।’’ ਮੈਂ ਕਿਹਾ।
‘‘ਇਹ ਹੈਂਡਰਾਈਟਿੰਗ ਤੁਹਾਡਾ ਹੈ?’’
‘‘ਹਾਂ ਜੀ!’’
ਬਸ ਫਿਰ ਕੀ ਸੀ, ਪੰਡਿਤ ਜੀ ਨੂੰ ਤਾਂ ਜਿਵੇਂ ਇਕ ਨਿਵੇਕਲਾ ਜਿਹਾ ਚਾਅ ਚੜ੍ਹ ਗਿਆ ਹੋਵੇ। ਉਹ ਦੂਜੇ ਅਧਿਆਪਕਾਂ ਨੂੰ ਵੀ ਆਵਾਜ਼ਾਂ ਮਾਰਨ ਲੱਗ ਪਏ-
‘‘ਸ਼ਾਸਤਰੀ ਜੀ!, ਗਿਆਨੀ ਜੀ! ਏਧਰ ਆਓ, ਦੇਖੋ ਹਮਨੇ ਕੁੱਛ ਖੋਇਆ ਨਹੀਂ, ਕੁੱਛ ਪਾਇਆ ਹੈ।’’
ਤਿੰਨ-ਚਾਰ ਹੋਰ ਅਧਿਆਪਕ ਮੇਜ਼ ਦੁਆਲੇ ਇੱਕਠੇ ਹੋ ਗਏ, ਉਹ ਵੀ ਹੈਰਾਨ ਸਨ। ਕਾਗਜਾਂ ਦੀ ਫਰੋਲਾ-ਫਰਾਲੀ ਕਰਨ ਲੱਗੇ। ਇਕ ਜਣੇ ਨੇ ਸਵਾਲ ਕੀਤਾ-
‘‘ਤੁਸੀਂ ਕਦੇ ਪਹਿਲਾਂ ਵੀ ਇਹ ਸਟੇਟਮੈਂਟ ਤਿਆਰ ਕੀਤੀ ਹੈ?’’
‘‘ਨਹੀਂ ਜੀ! ਮੈਂ ਤਾਂ ਪ੍ਰਾਇਮਰੀ ਸਕੂਲ ਵਿਚ ਹੀ ਕੰਮ ਕੀਤਾ ਹੈ।’’
ਨਾਲ ਹੀ ਮੁੱਖ ਅਧਿਆਪਕ ਜੀ ਨੇ ਤੁਰੰਤ ਮੈਨੂੰ ਇਹ ਪੁੱਛ ਲਿਆ, ‘‘ਤੁਸੀਂ ਅੱਧੀ ਛੁੱਟੀ ਵਿਚ ਰੋਟੀ ਖਾਣ ਨਹੀਂ ਗਏ?’’ ਮੈਂ ਨਾਂਹ ਵਿਚ ਉਤਰ ਦਿੱਤਾ ਅਤੇ ਕਿਹਾ-
‘‘ਅਜੇ ਇਥੇ ਮੇਰਾ ਕੋਈ ਟਿਕਾਣਾ ਹੀ ਨਹੀਂ ਹੈ ਜੀ।’’
ਇਸ ਗੱਲ ’ਤੇ ਉਹ ਐਨੇ ਭਾਵੁਕ ਹੋਏ ਕਿ ਉਨਾਂ ਆਪਣੇ ਬੱਚਿਆਂ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ-
‘‘ਓਏ ਅਸ਼ਵਨੀ, ਕੁੜੇ ਪੁੱਸ਼ਾਂ (ਉਨਾਂ ਦੀ ਬੇਟੀ ਪੁਸ਼ਪਾ ਦਾ ਛੋਟਾ ਨਾਂਅ) ਦੌੜ ਕੇ ਘਰ ਨੂੰ ਜਾਵੋ ਅਤੇ ਆਪਣੀ ਮੰਮੀ ਕੋਲੋਂ ਛੇਤੀ ਰੋਟੀ ਬਣਵਾ ਕੇ ਲਿਆਓ ਮਾਸਟਰ ਜੀ ਲਈ।’’
ਦੋਵੇਂ ਬੱਚੇ ਦੌੜਦੇ ਹੋਏ ਗਏ ਅਤੇ 20-25 ਮਿੰਟਾਂ ’ਚ ਰੋਟੀ ਵਾਲਾ ਇਕ ਟਿਫਨ ਲੈ ਆਏ। ਛੋਲਿਆਂ ਦੀ ਤਰੀ ਨਾਲ ਮੈਂ 3 ਫੁਲਕੇ ਖਾਧੇ ਤੇ 2 ਵਾਪਸ ਕਰ ਦਿੱਤੇ।
ਐਨੇ ’ਚ ਦੂਜੇ ਅਧਿਆਪਕਾਂ ਨੇ, ਵਿਸ਼ੇਸ਼ ਤੌਰ ’ਤੇ ਮੈਥ ਮਾਸਟਰ ਸਾਹਿਬ, ਜਿਹੜੇ ਕਿ ਕੁੱਝ ਵਧੇਰੇ ਹੀ ਖੁਸ਼ਕ-ਮਿਜਾਜ਼ ਸਨ, ਨੇ ਮੇਰੇ ਬਣਾਏ ਹੋਏ ਸਾਰੇ ਦਸਤਾਵੇਜ ਚੈਕ ਕਰ ਲਏ ਸਨ। ਸਾਰੇ ਹੀ ਪੂਰੀ ਤਰਾਂ ਦਰੁੱਸਤ ਪਾਏ ਗਏ।
ਵੇਲਾ ਸੰਭਾਲਦਿਆਂ ਮੈਂ ਮੁੱਖ ਅਧਿਆਪਕ ਜੀ ਨੂੰ ਬੇਨਤੀ ਕੀਤੀ, ‘‘ਮੈਂ ਕਾਹਲੀ-ਕਾਹਲੀ ਵਿਚ ਆਪਣਾ ਕੋਈ ਸਮਾਨ ਨਾਲ ਨਹੀਂ ਲਿਆ ਸਕਿਆ, ਇਸ ਲਈ ਮੈਨੂੰ ਤਿੰਨ ਦਿਨ ਦੀ ਛੁੱਟੀ ਚਾਹੀਦੀ ਹੈ।’’
ਬੱਸ ਤਾਂ ਅਗਲੇ ਦਿਨ 7 ਵਜੇ ਸਵੇਰੇ ਜਾਣੀ ਸੀ। ਕਿਉਕਿ ਉਦੋਂ ਬਜਰੂੜ ਨੂੰ ਵਿਕਟਰੀ ਟਰਾਂਸਪੋਰਟ ਦੀਆਂ ਸ਼ਾਮ ਨੂੰ ਸਿਰਫ 2 ਬੱਸਾਂ ਹੀ ਆਉਦੀਆਂ ਸਨ। ਇਕ ਗੜਸ਼ੰਕਰ ਤੋਂ ਅਤੇ ਦੂਜੀ ਊਨੇ ਤੋਂ। ਅਤੇ, ਇਹ ਦੋਵੇਂ ਅਗਲੇ ਦਿਨ ਸਵੇਰੇ 7 ਵਜੇ ਮੁੜਦੀਆਂ ਸਨ। ਇਸ ਬੇਲੋੜੀ ਦੇਰੀ ’ਤੇ ਕਾਬੂ ਪਾਉਣ ਲਈ ਮੁੱਖ ਅਧਿਆਪਕ ਜੀ ਨੇ ਤੁਰੰਤ ਪਿੰਡ ’ਚੋਂ ਇਕ ਵਧੀਆ ਜਿਹਾ ਸਾਈਕਲ ਮੰਗਵਾਇਆ ਅਤੇ ਅੱਠਵੀਂ ਜਮਾਤ ਦੇ ਸਭ ਤੋਂ ਸਿਆਣੇ ਤੇ ਸਿਹਤਮੰਦ ਵਿਦਿਆਰਥੀ ‘‘ਗਿਆਨ’’ ਨੂੰ ਹੁਕਮ ਦਿੱਤਾ-
‘‘ਮਾਸਟਰ ਜੀ ਨੂੰ ਤੁਰੰਤ ਸਰਾਂ ਦੇ ਪੱਤਣ ’ਤੇ ਛੱਡ ਕੇ ਆਓ।’’
ਬੇੜੀ ਰਾਹੀਂ ਇਥੋਂ ਸਤਲੁੱਜ ਦਰਿਆ ਪਾਰ ਕਰਕੇ ਅੱਗੋਂ ਕੀਰਤਪੁਰ ਸਾਹਿਬ ਤੋਂ ਨੰਗਲ-ਹੁਸ਼ਿਆਰਪੁਰ ਦੀ ਬੱਸ ਮਿਲ ਜਾਣੀ ਸੀ।
ਇਸ ਤਰਾਂ ਮੈਂ ਉਸੇ ਦਿਨ ਹੁਸ਼ਿਆਰਪੁਰ ਪੁੱਜ ਗਿਆ। ਅਤੇ, ‘ਮਾਮੇ ਚਾਹ ਵਾਲੇ’ ਦੀ ਦੁਕਾਨ ’ਤੇ ਖੜਾ ਆਪਣਾ ਸਾਈਕਲ ਚੁੱਕ ਕੇ ਦੇਰ ਰਾਤ ਆਪਣੇ ਘਰ ਵੀ ਪਹੁੰਚ ਗਿਆ। ਜਿਸ ਨਾਲ ਸਾਇਕਾਲੋਜੀ ਦੇ ਪਰਚੇ ਦੀ ਤਿਆਰੀ ਲਈ ਇਕ ਦਿਨ ਦਾ ਖੁੱਲ੍ਹਾ ਸਮਾਂ ਵੀ ਮੈਨੂੰ ਮਿਲ ਗਿਆ।
ਇਸ ਤਰਾਂ, ਬਜਰੂੜ ਦੇ ਸਕੂਲ ਵਿਚ ਮੇਰਾ ਇਹ ਪਹਿਲਾ ਦਿਨ, ਮੇਰੇ ਅਧਿਆਪਕ ਵਜੋਂ 31 ਵਰ੍ਹਿਆਂ ਦੇ ਜੀਵਨ ਕਾਲ ਦੀ ਸ਼ਾਇਦ ਇਕ ਅਹਿਮ ਯਾਦਗਾਰੀ ਘਟਨਾ ਹੋ ਨਿਬੜੀ। ਅਤੇ, ਆਪਣੀ ਪਹਿਲੀ ਸਜ਼ਾ ਵਜੋਂ ਇਥੇ ਬਿਤਾਏ ਗਏ ਦੋ ਵਰੇ੍ਹ ਮੇਰੇ ਜੀਵਨ ਅੰਦਰ ਆਤਮ-ਵਿਸ਼ਵਾਸ਼ ਦੇ ਵਿਕਾਸ ਪੱਖੋਂ ਸਰਬਉਤਮ ਭੂਮਿਕਾ ਨਿਭਾਅ ਗਏ।
ਕਿਸਾਨ ਸੰਘਰਸ਼ ਦੇ ਨਾਂਅ…..
ਗ਼ਜ਼ਲਾਂ
ਇਹ ਬਾਦਬਾਂ ਹਟਾ ਲਵੋ ਤੂਫ਼ਾਨ ਜ਼ੋਰ ਫੜ੍ਹ ਰਿਹੈ।
ਦਿਲਾਂ ’ਚ ਰੋਹ ਜਗਾ ਲਵੋ ਤੂਫ਼ਾਨ ਜ਼ੋਰ ਫੜ੍ਹ ਰਿਹੈ।
ਵਿਰੋਧ ਭੁਲ-ਭੁਲਾ ਲਵੋ ਤੂਫ਼ਾਨ ਜ਼ੋਰ ਫੜ੍ਹ ਰਿਹੈ।
ਇਹ ਹੱਥ ਫੜ੍ਹ-ਫੜ੍ਹਾ ਲਵੋ ਤੂਫ਼ਾਨ ਜ਼ੋਰ ਫੜ੍ਹ ਰਿਹੈ।
ਬੜਾ ਹੀ ਅਹਿਮ ਹੈ ਸਮਾਂ ਪਰਾਂ ਦਾ ਭਾਰ ਤੋਲ ਲਓ
ਉਡਾਰੀਆਂ ਲਗਾ ਲਵੋ ਤੂਫ਼ਾਨ ਜ਼ੋਰ ਫੜ੍ਹ ਰਿਹੈ।
ਇਹ ਬਹਿਸ ਮੁਬਾਹਿਸੇ ’ਚ ਪੈਣ ਦਾ ਸਮਾਂ ਨਹੀਂ,
ਹੈ ਲੋੜ ਪਾਰ ਜਾ ਲਵੋ ਤੂਫ਼ਾਨ ਜ਼ੋਰ ਫੜ੍ਹ ਰਿਹੈ।
ਲਤਾੜੇ ਹੋਏ ਕੱਖ ਕਾਨ ਅੰਬਰਾਂ ਨੂੰ ਛੂਹਣਗੇ,
ਤੁਸੀਂ ਵੀ ਖੰਭ ਲਾ ਲਵੋ ਤੂਫ਼ਾਨ ਜ਼ੋਰ ਫੜ੍ਹ ਰਿਹੈ।
ਓ ਹਾਕਮੋਂ, ਮੁਕੱਦਮੋਂ, ਓ ਮੁਨਸਫ਼ੋ, ਮੁਲਾਣਿਓ,
ਤੂਫ਼ਾਨ ‘ਫਾਹੇ’ ਲਾ ਲਵੋ ਤੂਫ਼ਾਨ ਜ਼ੋਰ ਫੜ੍ਹ ਰਿਹੈ।
ਤੂਫ਼ਾਨ ਦਾ ਮੁਕਾਬਲਾ ਨਾ ਹੋ ਸਕੇਗਾ ਸਾਥ ਦਿਉ,
ਜਨਾਬ ਮਨ ਬਣਾ ਲਵੋ ਤੂਫ਼ਾਨ ਜ਼ੋਰ ਫੜ੍ਹ ਰਿਹੈ।
ਇਹ ਰੇਤਲੇ ਪਹਾੜ ਨੇ ਚਲੋ ਕਿ ਸਭ ਮਿਟਾ ਦਿਉ,
ਤੂਫ਼ਾਂ ਦਾ ਆਸਰਾ ਲਵੋ ਤੂਫ਼ਾਨ ਜ਼ੋਰ ਫੜ੍ਹ ਰਿਹੈ।
ਤੂਫਾਨ ਦੇ ਸ਼ੁਰੂ ’ਚ ਹੀ ਮਲਾਹ ਸੀ ਜੋ ਵੀ ਠਿੱਲ੍ਹ ਪਿਆ,
ਚਲੋ ਉਹਦਾ ਪਤਾ ਲਵੋ ਤੂਫ਼ਾਨ ਜ਼ੋਰ ਫੜ੍ਹ ਰਿਹੈ।
– ਮੱਖਣ ਕੁਹਾੜ
ਜਦੋਂ ਤੱਕ ਰਾਤ ਨਹੀਂ ਢਲ਼ਦੀ, ਕਿਸਾਨੋ ਜਾਗਦੇ ਰਹਿਣਾ।
ਕਰੀ ਰੱਖੋ ਸ਼ਮ੍ਹਾਂ ਬਲ਼ਦੀ, ਕਿਸਾਨੋ ਜਾਗਦੇ ਰਹਿਣਾ।
ਹਵਾ ਹੋਈ ਵਿਰੋਧੀ ਤੇ ਦਿਸ਼ਾ ਹਾਲੀ ਹੈ ਅਣਜਾਣੀ,
ਕਜ਼ਾ ਅੱਗਾ ਫਿਰੇ ਵਲ਼ਦੀ, ਕਿਸਾਨੋ ਜਾਗਦੇ ਰਹਿਣਾ ।
ਰੱਖੋ ਸੰਗਰਾਮ ਇਹ ਜਾਰੀ ਜਦੋਂ ਤੱਕ ਜੋਕ ਨਹੀਂ ਮਰਦੀ,
ਤੁਹਾਡੇ ਖ਼ੂਨ ਤੇ ਪਲ਼ਦੀ, ਕਿਸਾਨੋ ਜਾਗਦੇ ਰਹਿਣਾ ।
ਛਲੇਡੀ ਸੋਚ ਸਰਕਾਰਾਂ ਦੀ ਚਾਲਾਂ ਖੇਡ ਕੇ ਅਕਸਰ ,
ਹੈ ਭੋਲੇ ਲੋਕ ਮਨ ਛਲ਼ਦੀ, ਕਿਸਾਨੋ ਜਾਗਦੇ ਰਹਿਣਾ।
ਨਿਆਂ ਮਿਲਦਾ ਨਹੀਂ ਜਦ ਤੱਕ ਨਿਗੱਲੇ ਮੁਨਸਿਫ਼ਾਂ ਕੋਲੋਂ,
ਤੁਸਾਂ ਦੀ ਆਸ ਨਹੀਂ ਫਲ਼ਦੀ, ਕਿਸਾਨੋ ਜਾਗਦੇ ਰਹਿਣਾ ।
ਰਹੋ ਚੁਭਦੇ ਕਸੀਰਾਂ ਵਾਂਗ ਇਉਂ ਅੱਖੀਂ ਹਕੂਮਤ ਦੇ,
ਕਿ ਉਹ ਅੱਖਾਂ ਫਿਰੇ ਮਲ਼ਦੀ, ਕਿਸਾਨੋ ਜਾਗਦੇ ਰਹਿਣਾ।
ਹਮੇਸ਼ਾ ਤੋਂ ਹਕੂਮਤ ਰਹੀ ਅਜੇਹੀ ਜ਼ਬਰ ਦੀ ਚੱਕੀ ,
ਜੋ ਹੱਡ ਕਿਰਸਾਨ ਦੇ ਦਲ਼ਦੀ, ਕਿਸਾਨੋ ਜਾਗਦੇ ਰਹਿਣਾ ।
ਲਹੂ ਡੋਲ੍ਹੇ ਬਿਨਾਂ ਸਾਂਝਾ ਤੇ ਸਿਰ ਦਿੱਤਿਆਂ ਬਿਨਾਂ ‘ਸੰਧਾ’,
ਅਜੇਹੀ ਘਾਲ਼ ਨਹੀਂ ਘਲ਼ਦੀ, ਕਿਸਾਨੋ ਜਾਗਦੇ ਰਹਿਣਾ।
– ਗੁਰਮੀਤ ਕੌਰ ਸੰਧਾ
गीत
– शैलेन्द्र
हर जोर जुल्म की टक्कर में संघर्ष हमारा नारा है
तुमने माँगे ठुकराई हैं, तुमने तोड़ा है हर वादा
छीनी हमसे सस्ती चीज़ें, तुम छंटनी पर हो आमादा
तो अपनी भी तैयारी है, तो हमने भी ललकारा है
हर ज़ोर जुल्म की टक्कर में हड़ताल हमारा नारा है !
मत करो बहाने संकट है, मुद्रा-प्रसार इंफ्लेशन है
इन बनियों चोर-लुटेरों को क्या सरकारी कन्सेशन है
बगलें मत झाँको, दो जवाब क्या यही स्वराज्य तुम्हारा है ?
हर ज़ोर जुल्म की टक्कर में हड़ताल हमारा नारा है !
मत समझो हमको याद नहीं हैं जून छियालिस की रातें
जब काले-गोरे बनियों में चलती थीं सौदों की बातें
रह गई ग़ुलामी बरकरार हम समझे अब छुटकारा है
हर ज़ोर जुल्म की टक्कर हड़ताल हमारा नारा है !
क्या धमकी देते हो साहब, दमदांटी में क्या रक्खा है
वह वार तुम्हारे अग्रज अँग्रज़ों ने भी तो चक्खा है
दहला था सारा साम्राज्य जो तुमको इतना प्यारा है
हर ज़ोर जुल्म की टक्कर में हड़ताल हमारा नारा है !
समझौता ? कैसा समझौता ? हमला तो तुमने बोला है
महंगी ने हमें निगलने को दानव जैसा मुँह खोला है
हम मौत के जबड़े तोड़ेंगे, एका हथियार हमारा है
हर ज़ोर जुल्म की टक्कर हड़ताल हमारा नारा है !
अब संभलें समझौता-परस्त घुटना-टेकू ढुलमुल-यकीन
हम सब समझौतेबाज़ों को अब अलग करेंगे बीन-बीन
जो रोकेगा वह जाएगा, यह वह तूफ़ानी धारा है
हर ज़ोर जुल्म की टक्कर में हड़ताल हमारा नारा है !
ਗ਼ਜ਼ਲ
– ਸਗ਼ੀਰਾ ਤਬੱਸੁਮ
ਅੱਖ ਦਾ ਮੰਜ਼ਰ ਜਾਗ ਪਿਆ ਏ
ਮਤਲਬ ਅੰਦਰ ਜਾਗ ਪਿਆ ਏ
ਤੂੰ ਅੰਦਰਾਂ ਵੱਲ ਵੇਖ ਰਿਹਾ ਏਂ
ਯਾਨੀ ਅੰਬਰ ਜਾਗ ਪਿਆ ਏ
ਜਲ ਥਲ ਜਲ ਥਲ ਸ਼ੇਅਰਾਂ ਅੰਦਰ
ਸੋਚ ਸਮੁੰਦਰ ਜਾਗ ਪਿਆ ਏ
ਹੁਣ ਨਹੀਂ ਸਿਰ ਸਲਾਮਤ ਰਹਿਣੇ
ਸੁੱਤਾ ਲਸ਼ਕਰ ਜਾਗ ਪਿਆ ਏ
ਲੰਬੜਾ ਤੇਰੀ ਖ਼ੈਰ ਨਈਂ ਲਗਦੀ
ਕਾਮੇ ਦਾ ਘਰ ਜਾਗ ਪਿਆ ਏ।
ਗ਼ਜ਼ਲ
ਕਵਿੰਦਰ ਚਾਂਦ
ਹੋਇਆ ਜ਼ਮੀਰ ਸਾਹਵੇਂ, ਹਲਫੀ ਬਿਆਨ ਮੇਰਾ,
ਬਚਿਆ ਨਾ ਹੋਰ ਕੋਈ ਹੁਣ ਇਮਤਿਹਾਨ ਮੇਰਾ।
ਪੰਜਾਬ ਨੂੰ ਦਿਲੋਂ ਜੇ ਆਪਣਾ ਕਬੂਲਦੇ ਹੋ,
ਦਿਲ ਤੋਂ ਕਬੂਲਦਾ ਹਾਂ, ਹਿੰਦੁਸਤਾਨ ਮੇਰਾ।
ਜਦ ਵੀ ਤੁਸੀਂ ਹੋ ਕਹਿੰਦੇ, ਹਰ ਮੁਸਲਮਾਨ ਮੁਜ਼ਰਮ,
ਬਾਕੀ ਦੇ ਸਾਰੇ ਆਖਣ, ਹਰ ਮੁਸਲਮਾਨ ਮੇਰਾ।
ਓਦੋਂ ਦਾ ਭਾਰਤੀ ਹਾਂ, ਜਦ ਪਾਕਿ ਵੀ ਨਹੀਂ ਸੀ,
ਤੈਨੂ ਕੀ ਹੱਕ ਹੈ? ਤੂੰ ਪਰਖੇਂ ਈਮਾਨ ਮੇਰਾ!
ਇਹ ਅੱਗ ਦੰਗਿਆਂ ਦੀ ਪਹਿਚਾਨਦੀ ਹੈ ਕਾਹਤੋਂ,
’ਕੱਲੀ ਦੁਕਾਨ ਮੇਰੀ ’ਕੱਲਾ ਮਕਾਨ ਮੇਰਾ!
ਓਦੋਂ ਤਾਂ ਆਖਦੇ ਸੀ, ਬਸ, ਸ਼ਾਂਤੀ-ਅਹਿੰਸਾ,
ਹੁਣ ਖ਼ੂਨ ਨਾਲ ਲੱਥਪੱਥ, ਕਿਉਂ ਵਰਤਮਾਨ ਮੇਰਾ।
ਤੁਰੀਆਂ ਨੇ ਨਾਲ ਮੇਰੇ ਆਖਰ ਨੂੰ ਚਾਰ ਗ਼ਜ਼ਲਾਂ
ਏਥੇ ਹੀ ਰਹਿ ਗਿਆ ਹੈ ਬਾਕੀ ਸਮਾਨ ਮੇਰਾ।