ਕਹਾਣੀ
ਕਰਾਮਾਤ
- ਕਰਤਾਰ ਸਿੰਘ ਦੁੱਗਲ
“ਤੇ ਫਿਰ ਬਾਬਾ ਨਾਨਕ ਵਿਚਰਦੇ ਹੋਏ ਹਸਨ ਅਬਦਾਲ ਦੇ ਜੰਗਲ ਵਿਚ ਜਾ ਨਿਕਲੇ। ਗਰਮੀ ਡਾਢੀ ਸੀ। ਚਿਲਚਲਾਂਦੀ ਹੋਈ ਧੁੱਪ, ਜਿਵੇਂ ਕਾਂ ਦੀ ਅੱਖ ਨਿਕਲਦੀ ਹੋਵੇ। ਚਹੁੰਆਂ ਪਾਸੇ ਸੁੰਨਸਾਨ ਪੱਥਰ ਹੀ ਪੱਥਰ, ਰੇਤ ਹੀ ਰੇਤ। ਝੁਲਸੀਆਂ ਹੋਈਆਂ ਝਾੜੀਆਂ, ਸੁੱਕੇ ਹੋਏ ਦਰੱਖਤ। ਦੂਰ ਦੂਰ ਤੀਕ ਕੋਈ ਬੰਦਾ ਬਣਿ-ਆਦਮ ਨਜਰੀਂ ਨਹੀਂ ਸੀ ਆਉਂਦਾ।”
“ਤੇ ਫਿਰ ਅੰਮੀ,” ਮੈਂ ਹੁੰਗਾਰਾ ਭਰਿਆ।
“ਬਾਬਾ ਨਾਨਕ ਅਪਣੇ ਧਿਆਨ ਵਿਚ ਮਗਨ ਤੁਰਦੇ ਜਾ ਰਹੇ ਸਨ ਕਿ ਮਰਦਾਨੇ ਨੂੰ ਪਿਆਸ ਲੱਗੀ। ਪਰ ਓਥੇ ਪਾਣੀ ਕਿਥੇ! ਬਾਬੇ ਨੇ ਕਿਹਾ, “ਮਰਦਾਨਿਆ ਸਬਰ ਕਰ ਲੈ, ਅਗਲੇ ਪਿੰਡ ਜਾ ਕੇ ਤੂੰ ਜਿਤਨਾ ਤੇਰਾ ਜੀਅ ਕਰੇ ਪਾਣੀ ਪੀ ਲਵੀਂ।” ਪਰ ਮਰਦਾਨੇ ਨੂੰ ਤੇ ਡਾਢੀ ਪਿਆਸ ਲੱਗੀ ਹੋਈ ਸੀ। ਬਾਬਾ ਨਾਨਕ ਇਹ ਸੁਣ ਕੇ ਫਿਕਰਮੰਦ ਵੀ ਹੋਏ।
ਇਸ ਜੰਗਲ ਵਿਚ ਪਾਣੀ ਤਾਂ ਦੂਰ-ਦੂਰ ਤਕ ਨਹੀਂ ਸੀ ਤੇ ਜਦੋਂ ਮਰਦਾਨਾ ਅੜੀ ਕਰ ਬੈਠਦਾ, ਤਾਂ ਸਭ ਲਈ ਬੜੀ ਮੁਸਕਿਲ ਕਰ ਦਿੰਦਾ ਸੀ। ਬਾਬੇ ਫੇਰ ਸਮਝਾਇਆ, “ਮਰਦਾਨਿਆ ! ਇਥੇ ਪਾਣੀ ਕਿਤੇ ਵੀ ਨਹੀਂ, ਤੂੰ ਸਬਰ ਕਰ ਲੈ, ਰੱਬ ਦਾ ਭਾਣਾ ਮੰਨ।” ਪਰ ਮਰਦਾਨਾ ਤਾਂ ਉਥੇ ਦਾ ਉਥੇ ਹੀ ਬੈਠ ਗਿਆ। ਇਕ ਕਦਮ ਹੋਰ ਉਸ ਤੋਂ ਅੱਗੇ ਨਹੀਂ ਸੀ ਤੁਰਿਆ ਜਾਂਦਾ। ਬਾਬਾ ਡਾਢਾ ਜਿੱਚ ਪਿਆ। ਗੁਰੂ ਨਾਨਕ ਮਰਦਾਨੇ ਦੀ ਜ਼ਿਦ ਨੂੰ ਵੇਖ ਮੁੜ ਮੁਸਕਰਾਉਂਦੇ, ਹੈਰਾਨ ਪਏ ਹੁੰਦੇ। ਆਖਰ ਜਦੋਂ ਬਾਬੇ ਨੇ ਮਰਦਾਨੇ ਨੂੰ ਕਿਸੇ ਕੌਲੀ ਤੇ ਆਉਂਦੇ ਨਾ ਵੇਖਿਆ, ਤਾਂ ਉਹ ਅੰਤਰ-ਧਿਆਨ ਹੋ ਗਏ। ਜਦੋਂ ਗੁਰੂ ਨਾਨਕ ਦੀ ਅੱਖ ਖੁੱਲ੍ਹੀ ਮਰਦਾਨਾ ਮੱਛੀ ਵਾਂਗ ਤੜਫ ਰਿਹਾ ਸੀ। ਸਤਿਗੁਰੂ ਉਸਨੂੰ ਵੇਖ ਕੇ ਮੁਸਕਰਾਏ ਤੇ ਕਹਿਣ ਲੱਗੇ, “ਭਾਈ ਮਰਦਾਨਿਆ! ਇਸ ਪਹਾੜੀ ਉੱਤੇ ਇਕ ਕੁਟੀਆ ਹੈ, ਜਿਸ ਵਿਚ ਵਲੀ ਕੰਧਾਰੀ ਨਾਂ ਦਾ ਦਰਵੇਸ ਰਹਿੰਦਾ ਹੈ। ਜੇ ਤੂੰ ਉਹਦੇ ਕੋਲ ਜਾਏਂ, ਤਾਂ ਤੈਨੂੰ ਪਾਣੀ ਮਿਲ ਸਕਦਾ ਹੈ। ਇਸ ਇਲਾਕੇ ਵਿਚ ਬਸ ਉਹਦਾ ਖੂਹ ਪਾਣੀ ਨਾਲ ਭਰਿਆ ਹੋਇਆ ਹੈ, ਹੋਰ ਕਿਤੇ ਵੀ ਪਾਣੀ ਨਹੀਂ।”
“ਤੇ ਫਿਰ ਅੰਮੀ,” ਮੈਂ ਬੇਚੈਨ ਹੋ ਰਿਹਾ ਸਾਂ ਇਹ ਜਾਣਨ ਲਈ ਕਿ ਮਰਦਾਨੇ ਨੂੰ ਪਾਣੀ ਮਿਲਦਾ ਹੈ ਕਿ ਨਹੀਂ ।
“ਮਰਦਾਨੇ ਨੂੰ ਪਿਆਸ ਡਾਢੀ ਲੱਗੀ ਹੋਈ ਸੀ, ਸੁਣਦਿਆਂ-ਸਾਰ ਪਹਾੜੀ ਵਲ ਦੌੜ ਪਿਆ। ਕੜਕਦੀ ਦੁਪਹਿਰ, ਉਧਰੋਂ ਪਿਆਸ, ਉਧਰੋਂ ਪਹਾੜੀ ਦਾ ਸਫਰ, ਸਾਹੋ-ਸਾਹੀ, ਪਸੀਨੋ-ਪਸੀਨਾ ਹੋਇਆ ਮਰਦਾਨਾ ਬੜੀ ਮੁਸਕਿਲ ਨਾਲ ਪਹਾੜੀ ਉੱਤੇ ਪੁੱਜਾ। ਵਲੀ ਕੰਧਾਰੀ ਨੂੰ ਸਲਾਮ ਕਰ ਉਸਨੇ ਪਾਣੀ ਲਈ ਬੇਨਤੀ ਕੀਤੀ। ਵਲੀ ਕੰਧਾਰੀ ਨੇ ਖੂਹ ਵੱਲ ਇਸਾਰਾ ਕੀਤਾ। ਜਦੋਂ ਮਰਦਾਨਾ ਖੂਹ ਵੱਲ ਜਾਣ ਲੱਗਾ, ਤਾਂ ਵਲੀ ਕੰਧਾਰੀ ਦੇ ਮਨ ਵਿਚ ਕੁਝ ਆਇਆ ਤੇ ਉਸਨੇ ਮਰਦਾਨੇ ਤੋਂ ਪੁੱਛਿਆ, ‘ਭਲੇ ਲੋਕ ਤੂੰ ਕਿਥੋਂ ਆਇਆ ਏਂ?’ ਮਰਦਾਨੇ ਕਿਹਾ, ‘ਮੈਂ ਨਾਨਕ ਪੀਰ ਦਾ ਸਾਥੀ ਹਾਂ। ਅਸੀਂ ਤੁਰਦੇ-ਤੁਰਦੇ ਇਧਰ ਆ ਨਿਕਲੇ ਹਾਂ। ਮੈਨੂੰ ਪਿਆਸ ਡਾਢੀ ਲੱਗੀ ਹੈ ਤੇ ਹੇਠਾਂ ਕਿਤੇ ਪਾਣੀ ਨਹੀਂ।’ ਬਾਬੇ ਨਾਨਕ ਦਾ ਨਾਂ ਸੁਣ ਕੇ ਵਲੀ ਕੰਧਾਰੀ ਨੂੰ ਡਾਢਾ ਕ੍ਰੋਧ ਆ ਗਿਆ ਤੇ ਉਸ ਮਰਦਾਨੇ ਨੂੰ ਅਪਣੀ ਕੁਟੀਆ ਵਿੱਚੋਂ ਉਂਜ ਦਾ ਉਂਜ ਬਾਹਰ ਕੱਢ ਦਿੱਤਾ। ਥੱਕਿਆ-ਹਾਰਿਆ ਮਰਦਾਨਾ ਹੇਠ ਬਾਬੇ ਨਾਨਕ ਕੋਲ ਆ ਕੇ ਫਰਿਆਦੀ ਹੋਇਆ। ਬਾਬੇ ਨਾਨਕ ਨੇ ਉਸ ਤੋਂ ਸਾਰੀ ਵਿਥਿਆ ਸੁਣੀ ਤੇ ਮੁਸਕਰਾ ਪਏ, ‘ਮਰਦਾਨਿਆ! ਤੂੰ ਇਕ ਵਾਰ ਫੇਰ ਜਾ’, ਬਾਬੇ ਨਾਨਕ ਨੇ ਮਰਦਾਨੇ ਨੂੰ ਸਲਾਹ ਦਿੱਤੀ। ‘ਇਸ ਵਾਰ ਤੂੰ ਨਿਮਰਤਾ ਨਾਲ ਝਿੱਕਾ ਦਿਲ ਲੈ ਕੇ ਜਾ। ਕਹੀਂ, ਮੈਂ ਨਾਨਕ ਦਰਵੇਸ ਦਾ ਸਾਥੀ ਹਾਂ।’ ਮਰਦਾਨੇ ਨੂੰ ਪਿਆਸ ਡਾਢੀ ਲੱਗੀ ਸੀ। ਪਾਣੀ ਹੋਰ ਕਿਤੇ ਹੈ ਨਹੀਂ ਸੀ । ਖਪਦਾ, ਕ੍ਰਿਝਦਾ, ਸ਼ਿਕਾਇਤ ਕਰਦਾ ਫੇਰ ਉੱਤੇ ਤੁਰ ਪਿਆ। ਪਰ ਪਾਣੀ ਵਲੀ ਕੰਧਾਰੀ ਨੇ ਫੇਰ ਨਾ ਦਿੱਤਾ। “ਮੈਂ ਇਕ ਕਾਫਰ ਦੇ ਸਾਥੀ ਨੂੰ ਪਾਣੀ ਦੀ ਚੂਲੀ ਵੀ ਨਹੀਂ ਦਿਆਂਗਾ।’ ਵਲੀ ਕੰਧਾਰੀ ਨੇ ਮਰਦਾਨੇ ਨੂੰ ਫੇਰ ਉਂਜ ਦਾ ਉਂਜ ਮੋੜ ਦਿੱਤਾ। ਜਦੋਂ ਮਰਦਾਨਾ ਇਸ ਵਾਰ ਹੇਠ ਆਇਆ, ਤਾਂ ਉਸਦਾ ਬੁਰਾ ਹਾਲ ਸੀ। ਉਸਦੇ ਹੋਠਾਂ ਉੱਤੇ ਪੇਪੜੀ ਜੰਮੀ ਹੋਈ ਸੀ। ਮੂੰਹ ਉੱਤੇ ਤਰੇਲੀਆਂ ਛੁਟੀਆਂ ਹੋਈਆਂ ਸਨ। ਇੰਜ ਜਾਪਦਾ ਸੀ ਮਰਦਾਨਾ ਬਸ ਘੜੀ ਹੈ ਕਿ ਪਲ। ਬਾਬੇ ਨਾਨਕ ਨੇ ਸਾਰੀ ਗੱਲ ਸੁਣੀ ਤੇ ਮਰਦਾਨੇ ਨੂੰ ‘ਧੰਨ ਨਿਰੰਕਾਰ’ ਕਹਿ ਕੇ ਇਕ ਵਾਰ ਫੇਰ ਵਲੀ ਕੋਲ ਜਾਣ ਲਈ ਕਿਹਾ। ਹੁਕਮ ਦਾ ਬੱਧਾ ਮਰਦਾਨਾ ਤੁਰ ਪਿਆ। ਪਰ ਉਸਨੂੰ ਪਤਾ ਸੀ ਕਿ ਉਸਦੀ ਜਾਨ ਰਸਤੇ ਵਿਚ ਹੀ ਕਿਤੇ ਨਿਕਲ ਜਾਵੇਗੀ। ਮਰਦਾਨਾ ਤੀਜੀ ਵਾਰ ਪਹਾੜੀ ਦੀ ਚੋਟੀ ਉੱਤੇ ਵਲੀ ਕੰਧਾਰੀ ਦੇ ਚਰਨਾਂ ਵਿਚ ਜਾ ਡਿੱਗਾ। ਕਰੋਧ ਵਿਚ ਬਲ ਰਹੇ ਫਕੀਰ ਨੇ ਉਸਦੀ ਬੇਨਤੀ ਨੂੰ ਇਸ ਵਾਰ ਵੀ ਠੁਕਰਾ ਦਿੱਤਾ। ‘ਨਾਨਕ ਅਪਣੇ ਆਪ ਨੂੰ ਪੀਰ ਅਖਵਾਉਂਦਾ ਹੈ, ਤਾਂ ਆਪਣੇ ਮੁਰੀਦ ਨੂੰ ਪਾਣੀ ਦਾ ਘੁਟ ਨਹੀਂ ਪਿਲਾ ਸਕਦਾ?’ ਵਲੀ ਕੰਧਾਰੀ ਨੇ ਲੱਖ-ਲੱਖ ਸੁਣਾਵਤਾਂ ਸੁੱਟੀਆਂ। ਮਰਦਾਨਾ ਇਸ ਵਾਰ ਜਦੋਂ ਹੇਠ ਪੁੱਜਾ, ਪਿਆਸ ਵਿਚ ਬਿਹਬਲ ਬਾਬੇ ਨਾਨਕ ਦੇ ਚਰਨਾਂ ਵਿਚ ਉਹ ਬੇਹੋਸ਼ ਹੋ ਗਿਆ। ਗੁਰੂ ਨਾਨਕ ਨੇ ਮਰਦਾਨੇ ਦੀ ਕੰਡ ਉੱਤੇ ਹੱਥ ਫੇਰਿਆ। ਉਸਨੂੰ ਹੌਸਲਾ ਦਿੱਤਾ ਤੇ ਜਦੋਂ ਮਰਦਾਨੇ ਨੇ ਅੱਖ ਖੋਲ੍ਹੀ, ਬਾਬੇ ਨੇ ਉਸਨੂੰ ਸਾਹਮਣੇ ਪੱਥਰ ਪੁੱਟਣ ਲਈ ਕਿਹਾ। ਮਰਦਾਨੇ ਨੇ ਪੱਥਰ ਪੁੱਟਿਆ ਤੇ ਹੇਠੋਂ ਪਾਣੀ ਦਾ ਝਰਨਾ ਫੁਟ ਨਿਕਲਿਆ। ਜਿਵੇਂ ਨਹਿਰ ਪਾਣੀ ਦੀ ਵਗਣ ਲਗ ਪਈ! ਤੇ ਵੇਖਦਿਆਂ- ਵੇਖਦਿਆਂ ਚਹੁੰ ਪਾਸੇ ਪਾਣੀ ਹੀ ਪਾਣੀ ਹੋ ਗਿਆ। ਇੰਨੇ ਵਿਚ ਵਲੀ ਕੰਧਾਰੀ ਨੂੰ ਪਾਣੀ ਦੀ ਲੋੜ ਪਈ। ਖੂਹ ਵਿਚ ਵੇਖੇ, ਤਾਂ ਪਾਣੀ ਦੀ ਇਕ ਤਿਪ ਵੀ ਨਹੀਂ ਸੀ। ਵਲੀ ਕੰਧਾਰੀ ਡਾਢਾ ਅਸਚਰਜ ਹੋਇਆ। ਤੇ ਹੇਠ ਪਹਾੜੀ ਦੇ ਕਦਮਾਂ ਵਿਚ ਕੱਠੇ ਵਗ ਰਹੇ ਸਨ; ਚਸਮੇ ਫੁੱਟੇ ਹੋਏ ਸਨ। ਦੂਰ ਬਹੁਤ ਦੂਰ ਕਿੱਕਰ ਹੇਠ ਵਲੀ ਕੰਧਾਰੀ ਨੇ ਵੇਖਿਆ, ਬਾਬਾ ਨਾਨਕ ਤੇ ਉਸਦਾ ਸਾਥੀ ਬੈਠੇ ਸਨ। ਗੁੱਸੇ ਵਿਚ ਆ ਕੇ ਵਲੀ ਨੇ ਚੱਟਾਨ ਦੇ ਇਕ ਟੁਕੜੇ ਨੂੰ ਅਪਣੇ ਪੂਰੇ ਜੋਰ ਨਾਲ ਉੱਤੋਂ ਰੇੜ੍ਹਿਆ। ਇੰਜ ਪਹਾੜੀ ਦੀ ਪਹਾੜੀ ਨੂੰ ਅਪਣੀ ਵਲ ਰਿੜ੍ਹਦੀ ਆਉਂਦੀ ਵੇਖ ਮਰਦਾਨਾ ਚਿਚਲਾ ਉੱਠਿਆ। ਬਾਬੇ ਨਾਨਕ ਨੇ ਠਰ੍ਹੰਮੇ ਨਾਲ ਮਰਦਾਨੇ ਨੂੰ ‘ਧੰਨ ਨਿਰੰਕਾਰ’ ਕਹਿਣ ਲਈ ਕਿਹਾ ਤੇ ਜਦੋਂ ਪਹਾੜੀ ਦਾ ਟੁਕੜਾ ਬਾਬੇ ਦੇ ਸਿਰ ਕੋਲ ਆਇਆ, ਗੁਰੂ ਨਾਨਕ ਨੇ ਉਸਨੂੰ ਹੱਥ ਦੇ ਕੇ ਅਪਣੇ ਪੰਜੇ ਨਾਲ ਰੋਕ ਲਿਆ। ਤੇ ਹਸਨ ਅਬਦਾਲ ਵਿਚ, ਜਿਸਦਾ ਨਾਂ ਹੁਣ ਪੰਜਾ ਸਾਹਿਬ ਹੈ, ਅਜੇ ਤੀਕ ਪਹਾੜੀ ਦੇ ਟੁੱਕੜੇ ਉੱਤੇ ਬਾਬੇ ਨਾਨਕ ਦਾ ਪੰਜਾ ਲੱਗਾ ਹੋਇਆ ਹੈ।”
ਮੈਨੂੰ ਇਹ ਸਾਖੀ ਡਾਢੀ ਚੰਗੀ ਲਗ ਰਹੀ ਸੀ। ਪਰ ਜਦੋਂ ਮੈਂ ਇਹ ਹੱਥ ਨਾਲ ਪਹਾੜੀ ਰੋਕਣ ਵਾਲੀ ਗੱਲ ਸੁਣੀ, ਤਾਂ ਮੇਰੇ ਮੂੰਹ ਦਾ ਸੁਆਦ ਫਿੱਕਾ-ਜਿਹਾ ਹੋ ਗਿਆ। ਇਹ ਕਿਸ ਤਰ੍ਹਾਂ ਹੋ ਸਕਦਾ ਸੀ? ਕੋਈ ਆਦਮੀ ਪਹਾੜੀ ਨੂੰ ਕਿਸ ਤਰ੍ਹਾਂ ਰੋਕ ਸਕਦਾ ਏ? ਤੇ ਪਹਾੜੀ ਵਿਚ ਅਜੇ ਤੀਕ ਬਾਬੇ ਨਾਨਕ ਦਾ ਪੰਜਾ ਲੱਗਿਆ ਹੋਇਆ ਹੈ! ਮੈਨੂੰ ਜਰਾ ਨਾ ਇਤਬਾਰ ਆਉਂਦਾ। “ਬਾਅਦ ਵਿਚ ਕਿਸੇ ਨੇ ਖੁਣ ਦਿੱਤਾ ਹੋਣਾ ਏ।” ਮੈਂ ਅਪਣੀ ਮਾਂ ਨਾਲ ਕਿੰਨਾ ਚਿਰ ਬਹਿਸ ਕਰਦਾ ਰਿਹਾ। ਮੈਂ ਇਹ ਤੇ ਮੰਨ ਸਕਦਾ ਸਾਂ ਕਿ ਪੱਥਰ ਹੇਠੋਂ ਪਾਣੀ ਫੁਟ ਆਵੇ। ਸਾਇੰਸ ਨੇ ਕਈ ਤਰੀਕੇ ਕੱਢੇ ਹਨ, ਜਿਨ੍ਹਾਂ ਨਾਲ ਜਿਸ ਥਾਂ ਪਾਣੀ ਹੋਵੇ ਉਸਦਾ ਪਤਾ ਲਾਇਆ ਜਾ ਸਕਦਾ ਹੈ, ਪਰ ਕਿਸੇ ਇਨਸਾਨ ਦਾ ਰਿੜ੍ਹੀ ਆ ਰਹੀ ਪਹਾੜੀ ਨੂੰ ਰੋਕ ਲੈਣਾ, ਮੈਂ ਇਹ ਨਹੀਂ ਮੰਨ ਸਕਦਾ ਸਾਂ। ਮੈਂ ਨਹੀਂ ਮੰਨਦਾ ਸਾਂ ਤੇ ਮੇਰੀ ਮਾਂ ਮੇਰੇ ਮੂੰਹ ਵਲ ਵੇਖ ਕੇ ਚੁੱਪ ਕਰ ਗਈ।
“ਕੋਈ ਰਿੜ੍ਹੀ ਆ ਰਹੀ ਪਹਾੜੀ ਨੂੰ ਕਿਵੇਂ ਰੋਕ ਸਕਦਾ ਹੈ?” ਮੈਨੂੰ ਜਦੋਂ ਵੀ ਇਸ ਸਾਖੀ ਦਾ ਖ਼ਿਆਲ ਆਉਂਦਾ ਮੈਂ ਫਿੱਕੀ ਹਾਸੀ ਹੱਸ ਦਿੰਦਾ।
ਕਈ ਵਾਰੀ ਗੁਰਦੁਆਰੇ ਵਿਚ ਇਹ ਸਾਖੀ ਸੁਣਾਈ ਗਈ। ਪਰ ਪਹਾੜੀ ਨੂੰ ਪੰਜੇ ਨਾਲ ਰੋਕਣ ਵਾਲੀ ਗੱਲ ਉੱਤੇ ਮੈਂ ਹਮੇਸ ਸਿਰ ਮਾਰਦਾ ਰਹਿੰਦਾ। ਇਹ ਗੱਲ ਮੈਥੋਂ ਨਹੀਂ ਮੰਨੀ ਜਾ ਸਕਦੀ ਸੀ।
ਇਕ ਵਾਰ ਇਹ ਸਾਖੀ ਸਾਨੂੰ ਸਕੂਲ ਵਿਚ ਸੁਣਾਈ ਗਈ। ਪਹਾੜੀ ਨੂੰ ਪੰਜੇ ਨਾਲ ਰੋਕਣ ਵਾਲੇ ਹਿੱਸੇ ਉੱਤੇ ਮੈਂ ਅਪਣੇ ਉਸਤਾਦ ਨਾਲ ਬਹਿਸਣ ਲੱਗ ਪਿਆ।
“ਕਰਨੀ ਵਾਲੇ ਲੋਕਾਂ ਲਈ ਕੋਈ ਗੱਲ ਮੁਸ਼ਕਲ ਨਹੀਂ ਹੁੰਦੀ।” ਸਾਡੇ ਉਸਤਾਦ ਨੇ ਮੈਨੂੰ ਕਿਹਾ ਤੇ ਫੇਰ ਮੈਨੂੰ ਚੁੱਪ ਕਰਵਾ ਦਿੱਤਾ।
ਮੈਂ ਚੁਪ ਹੋ ਗਿਆ, ਪਰ ਮੈਨੂੰ ਇਤਬਾਰ ਨਹੀਂ ਸੀ ਆਉਂਦਾ। ਆਖਰ ਪਹਾੜੀ ਨੂੰ ਕਿਵੇਂ ਕੋਈ ਰੋਕ ਸਕਦਾ ਹੈ? ਮੇਰਾ ਜੀਅ ਚਾਹੁੰਦਾ ਮੈਂ ਜੋਰ-ਜੋਰ ਦੀ ਚੀਖ ਕੇ ਕਵ੍ਹਾਂ।
ਬਹੁਤ ਦਿਨ ਨਹੀਂ ਸਨ ਗੁਜਰੇ ਕਿ ਅਸੀਂ ਸੁਣਿਆ, ਪੰਜੇ ਸਾਹਿਬ ‘ਸਾਕਾ’ ਹੋ ਗਿਆ ਹੈ। ਉਨ੍ਹਾਂ ਦਿਨਾਂ ਵਿਚ ‘ਸਾਕੇ’ ਬੜੇ ਹੁੰਦੇ ਸਨ। ਜਦੋਂ ਵੀ ਕੋਈ ‘ਸਾਕਾ’ ਹੁੰਦਾ ਮੈਂ ਸਮਝ ਲੈਂਦਾ, ਅੱਜ ਸਾਡੇ ਘਰ ਰੋਟੀ ਨਹੀਂ ਪੱਕੇਗੀ ਤੇ ਰਾਤ ਨੂੰ ਭੁੰਜੇ ਸੌਣਾ ਪਵੇਗਾ। ਪਰ ਇਹ ‘ਸਾਕਾ’ ਹੁੰਦਾ ਕੀ ਏ, ਇਹ ਮੈਨੂੰ ਨਹੀਂ ਸੀ ਪਤਾ।
ਸਾਡਾ ਪਿੰਡ ਪੰਜਾ ਸਾਹਿਬ ਤੋਂ ਕੋਈ ਜ਼ਿਆਦਾ ਦੂਰ ਨਹੀਂ ਸੀ। ਜਦੋਂ ਇਸ ‘ਸਾਕੇ’ ਦੀ ਖਬਰ ਆਈ, ਮੇਰੇ ਮਾਂ ਜੀ ਪੰਜਾ ਸਾਹਿਬ ਲਈ ਤੁਰ ਪਏ। ਨਾਲ ਮੈਂ ਸਾਂ, ਮੈਥੋਂ ਨਿੱਕੀ ਭੈਣ ਸੀ। ਪੰਜਾ ਸਾਹਿਬ ਦਾ ਸਾਰਾ ਰਸਤਾ ਮੇਰੀ ਮਾਂ ਦੀ ਅੱਖ ਨਹੀਂ ਸੁੱਕੀ। ਅਸੀਂ ਹੈਰਾਨ ਸਾਂ, ਇਹ ‘ਸਾਕਾ’ ਹੁੰਦਾ ਕੀ ਏ।
ਤੇ ਜਦੋਂ ਪੰਜਾ ਸਾਹਿਬ ਪੁੱਜੇ, ਅਸੀਂ ਇਕ ਅਜੀਬ ਕਹਾਣੀ ਸੁਣੀ।
ਦੂਰ ਕਿਤੇ ਇਕ ਸ਼ਹਿਰ ਵਿਚ ਫਰੰਗੀ ਨੇ ਨਿਹੱਥੇ ਹਿੰਦੁਸਤਾਨੀਆਂ ਉੱਤੇ ਗੋਲੀ ਚਲਾ ਕੇ ਕਈ ਲੋਕਾਂ ਨੂੰ ਮਾਰ ਸੁੱਟਿਆ ਸੀ। ਮਰਨ ਵਾਲਿਆਂ ਵਿਚ ਨੌਜਵਾਨ ਵੀ ਸਨ, ਬੁੱਢੇ ਵੀ ਸਨ ਤੇ ਜਿਹੜੇ ਬਾਕੀ ਰਹਿ ਗਏ ਉਨ੍ਹਾਂ ਨੂੰ ਗੱਡੀ ਵਿਚ ਪਾ ਕੇ ਕਿਸੇ ਹੋਰ ਸ਼ਹਿਰ ਦੀ ਜੇਲ੍ਹ ਵਿਚ ਭੇਜਿਆ ਜਾ ਰਿਹਾ ਸੀ। ਕੈਦੀ ਭੁੱਖੇ ਸਨ, ਪਿਆਸੇ ਸਨ। ਤੇ ਹੁਕਮ ਇਹ ਸੀ ਕਿ ਗੱਡੀ ਨੂੰ ਰਸਤੇ ਵਿਚ ਕਿਤੇ ਵੀ ਨਾ ਠਹਿਰਾਇਆ ਜਾਵੇ। ਜਦੋਂ ਪੰਜਾ ਸਾਹਿਬ ਇਹ ਖਬਰ ਪੁੱਜੀ, ਜਿਸ ਕਿਸੇ ਨੇ ਸੁਣਿਆ ਲੋਕਾਂ ਨੂੰ ਚਾਰੇ ਕਪੜੇ ਅੱਗ ਲਗ ਗਈ। ਪੰਜਾ ਸਾਹਿਬ ਜਿਥੇ ਬਾਬਾ ਨਾਨਕ ਨੇ ਆਪ ਮਰਦਾਨੇ ਦੀ ਪਿਆਸ ਬੁਝਾਈ ਸੀ, ਉਸ ਸ਼ਹਿਰ ਤੋਂ ਗੱਡੀ ਦੀ ਗੱਡੀ ਭਰੀ ਪਿਆਸਿਆਂ ਦੀ ਲੰਘ ਜਾਏ; ਭੁੱਖਿਆਂ ਦੀ ਲੰਘ ਜਾਏ; ਮਜਲੂਮਾਂ ਦੀ ਲੰਘ ਜਾਏ; ਇਹ ਕਿਵੇਂ ਹੋ ਸਕਦਾ ਸੀ? ਤੇ ਫੈਸਲਾ ਹੋਇਆ ਕਿ ਗੱਡੀ ਨੂੰ ਰੋਕਿਆ ਜਾਏਗਾ। ਸਟੇਸਨ ਮਾਸਟਰ ਨੂੰ ਅਰਜੀ ਪਾਈ ਗਈ, ਟੈਲੀਫੂਨਾਂ ਖੜਕੀਆਂ, ਤਾਰਾਂ ਗਈਆਂ; ਪਰ ਫਰੰਗੀ ਦਾ ਹੁਕਮ ਸੀ ਗੱਡੀ ਰਸਤੇ ਵਿਚ ਕਿਤੇ ਨਹੀਂ ਖੜ੍ਹੀ ਕੀਤੀ ਜਾਏਗੀ। ਤੇ ਗੱਡੀ ਵਿਚ ਆਜਾਦੀ ਦੇ ਪਰਵਾਨੇ, ਦੇਸ ਭਗਤ ਹਿੰਦੀ ਭੁੱਖੇ ਸਨ, ਉਨ੍ਹਾਂ ਲਈ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ, ਉਨ੍ਹਾਂ ਲਈ ਰੋਟੀ ਦਾ ਕੋਈ ਇੰਤਜ਼ਾਮ ਨਹੀਂ ਸੀ। ਗੱਡੀ ਨੇ ਪੰਜਾ ਸਾਹਿਬ ਨਹੀਂ ਰੁਕਣਾ ਸੀ। ਪਰ ਪੰਜਾ ਸਾਹਿਬ ਦੇ ਲੋਕਾਂ ਦਾ ਇਹ ਫੈਸਲਾ ਅਟੱਲ ਸੀ ਕਿ ਗੱਡੀ ਨੂੰ ਜਰੂਰ ਰੋਕ ਲੈਣਾ ਹੈ। ਤੇ ਸ਼ਹਿਰ ਵਾਸੀਆਂ ਨੇ ਸਟੇਸ਼ਨ ਉੱਤੇ ਰੋਟੀਆਂ ਦੇ, ਖੀਰਾਂ ਦੇ, ਪੂੜਿਆਂ ਦੇ, ਦਾਲਾਂ ਦੇ ਢੇਰ ਲਾ ਦਿੱਤੇ।
ਪਰ ਗੱਡੀ ਤਾਂ ਹਨੇਰੀ ਦੀ ਤਰ੍ਹਾਂ ਆਵੇਗੀ ਤੇ ਤੂਫਾਨ ਦੀ ਤਰ੍ਹਾਂ ਨਿਕਲ ਜਾਵੇਗੀ। ਉਸਨੂੰ ਕਿਵੇਂ ਰੋਕਿਆ ਜਾਵੇ?
ਤੇ ਮੇਰੀ ਮਾਂ ਦੀ ਸਹੇਲੀ ਨੇ ਸਾਨੂੰ ਦੱਸਿਆ, “ਉਸ ਥਾਂ ਪਟੜੀ ਉੱਤੇ ਪਹਿਲੇ ਉਹ ਲੇਟੇ, ਮੇਰੇ ਬੱਚਿਆਂ ਦੇ ਪਿਤਾ। ਫਿਰ ਉਨ੍ਹਾਂ ਦੇ ਨਾਲ ਉਨਾਂ ਦੇ ਹੋਰ ਸਾਥੀ ਲੇਟ ਗਏ। ਉਨ੍ਹਾਂ ਤੋਂ ਬਾਅਦ ਅਸੀਂ ਪਤਨੀਆਂ ਲੇਟੀਆਂ। ਫੇਰ ਸਾਡੇ ਬੱਚੇ ਤੇ ਫੇਰ ਗੱਡੀ ਆਈ ਦੂਰੋਂ ਚੀਖਦੀ ਹੋਈ, ਚਿਚਲਾਂਦੀ ਹੋਈ, ਸੀਟੀਆਂ ਮਾਰਦੀ ਹੋਈ। ਅਜੇ ਦੂਰ ਹੀ ਸੀ ਕਿ ਮੱਠੀ ਪੈ ਗਈ। ਪਰ ਰੇਲ ਸੀ ਖਲੋਂਦਿਆਂ-ਖਲੋਂਦਿਆਂ ਹੀ ਖਲੋਂਦੀ। ਮੈਂ ਵੇਖ ਰਹੀ ਸੀ ਕਿ ਪਹੀਏ ਉਨ੍ਹਾਂ ਦੀ ਛਾਤੀ ਉੱਤੇ ਚੜ੍ਹ ਗਏ। ਫੇਰ ਉਨ੍ਹਾਂ ਦੇ ਨਾਲ ਦੇ ਦੀ ਛਾਤੀ ਉੱਤੇ ਤੇ ਫੇਰ ਮੈਂ ਅੱਖਾਂ ਮੀਟ ਲਈਆਂ। ਮੈਂ ਅੱਖਾਂ ਖੋਲ੍ਹੀਆਂ ਤੇ ਮੇਰੇ ਸਿਰ ਉੱਤੇ ਗੱਡੀ ਖਲੋਤੀ ਸੀ। ਮੇਰੇ ਨਾਲ ਧੁੜਕ ਰਹੀਆਂ ਛਾਤੀਆਂ ਵਿੱਚੋਂ ‘ਧੰਨ ਨਿਰੰਕਾਰ’, ‘ਧੰਨ ਨਿਰੰਕਾਰ’ ਦੀ ਆਵਾਜ ਆ ਰਹੀ ਸੀ। ਤੇ ਫੇਰ ਮੇਰੇ ਵੇਖਦਿਆਂ-ਵੇਖਦਿਆਂ ਗੱਡੀ ਮੁੜੀ। ਗੱਡੀ ਮੁੜੀ ਤੇ ਪਹੀਆਂ ਹੇਠ ਆਈਆਂ ਹੋਈਆਂ ਲਾਸਾਂ ਟੁਕੜੇ-ਟੁਕੜੇ ਹੋ ਗਈਆਂ।”
ਮੈਂ ਅਪਣੇ ਅੱਖੀਂ ਲਹੂ ਦੀ ਵਗੀ ਹੋਈ ਨਦੀ ਨੂੰ ਵੇਖਿਆ। ਵਗਦੀ-ਵਗਦੀ ਕਿੰਨੀ ਹੀ ਦੂਰ ਇਕ ਪੱਕੇ ਬਣੇ ਨਾਲੇ ਦੇ ਪੁਲ ਤਕ ਚਲੀ ਗਈ ਸੀ।
ਤੇ ਮੈਂ ਹੱਕਾ-ਬੱਕਾ ਹੈਰਾਨ ਸਾਂ। ਮੈਥੋਂ ਇਕ ਬੋਲ ਨਾ ਬੋਲਿਆ ਗਿਆ। ਸਾਰਾ ਦਿਨ ਮੈਂ ਪਾਣੀ ਦਾ ਘੁੱਟ ਨਾ ਪੀ ਸਕਿਆ।
ਸ਼ਾਮੀਂ ਜਦੋਂ ਅਸੀਂ ਵਾਪਸ ਆ ਰਹੇ ਸਾਂ, ਰਸਤੇ ਵਿਚ ਮੇਰੀ ਮਾਂ ਨੇ ਮੇਰੀ ਛੋਟੀ ਭੈਣ ਨੂੰ ਪੰਜਾ ਸਾਹਿਬ ਵੱਡੇ ਲੋਕ ਗੱਲਾਂ ਕਰਦੇ ਹਨ, ਨਿੱਕੇ ਲੋਕ ਉਨ੍ਹਾਂ ਦੀਆਂ ਗੱਲਾਂ ਸੁਣਦੇ ਹਨ। ਵੱਡੇ ਲੋਕਾਂ ਦੀਆਂ ਆਮ ਗੱਲਾਂ ਨੂੰ ਨਿੱਕੇ ਲੋਕ ਚਰਚੇ ਕਰਕੇ ਖਾਸ ਬਣਾ ਦਿੰਦੇ ਹਨ। ਵੱਡੇ ਸਾਹਿਬ ਨੇ ਖਾਂਦੇ ਵਕਤ ਕਿਸ ਅੰਦਾਜ਼ ਨਾਲ ਗਲਾਸ ਫੜਿਆ, ਕਿਸ ਅੰਦਾਜ਼ ਨਾਲ ਘੁੱਟ ਭਰਿਆ, ਕਿਸ ਅੰਦਾਜ਼ ਨਾਲ ਹੱਥ ਧੋਤੇ, ਇਹ ਸਭ ਨਿੱਕੇ ਲੋਕਾਂ ਲਈ ਦਿਲਚਸਪੀ ਦਾ ਕਾਰਨ ਹੁੰਦੇ ਹਨ। ਵੱਡੇ ਸਾਹਿਬ ਨੇ ਕਿੰਨਾ ਮਹਿੰਗਾ ਸੂਟ ਪਹਿਨਿਆਂ, ਸੂਟ ‘ਤੇ ਕਿਸ ਤਰ੍ਹਾਂ ਸਾਹਿਬ ਦਾ ਨਾਂਅ ਲਿਖਿਆ ਗਿਆ ਸੀ, ਵੱਡੇ ਸਾਹਿਬ ਨੇ ਏਨੇ ਰੁਝੇਵਿਆਂ ਦੇ ਬਾਵਜੂਦ ਕਿਸ ਤਰ੍ਹਾਂ ਗ਼ੁਫ਼ਾ ‘ਚ ਭਗਤੀ ਕੀਤੀ, ਮੰਦਰ-ਮਸਜਿਦ-ਗੁਰਦੁਆਰੇ ‘ਚ ਕੀ ਚੜ੍ਹਾਇਆ, ਕਿੰਨੇ ਗੁਰਬਿਆਂ ਨੂੰ ਖੈਰਾਤ ਵੰਡੀ, ਨਿੱਕੇ ਲੋਕ ਇਸ ਦੀ ਖੂਬ ਚਰਚਾ ਕਰਦੇ ਹਨ, ”ਬਹੁਤ ਦਿਆਲੂ ਹੈ ਵੱਡਾ ਸਾਹਿਬ… ਗਰੀਬਾਂ ‘ਤੇ ਬਹੁਤ ਤਰਸ ਕਰਦੇ ਐ ਵੱਡੇ ਸਾਹਿਬ। ਮਾਹਰਾਜ ਇਹਨੂੰ ਹੋਰ ਤਰੱਕੀਆਂ ਬਖਸ਼ੇ…!” ਉਹ ਦੁਆਵਾਂ ਕਰਦੇ ਹਨ ਆਪਣੇ ਵੱਡੇ ਸਾਹਿਬ ਲਈ ਬਿਨ ਸਮਝੇ ਕਿ ਚੜ੍ਹਾਵੇ ਲਈ ਪੈਸਾ ਕਿੱਥੋਂ ਆਇਆ। ਕਸੂਰ ਉਨ੍ਹਾਂ ਦਾ ਨਹੀਂ… ਉਨ੍ਹਾਂ ਨੂੰ ਬਣਾਇਆ ਹੀ ਗੁਣਗਾਨ ਕਰਨ ਲਈ ਗਿਆ ਹੁੰਦੈ… ਤੇ ਗੁਣਗਾਨ ਕਰਨ ਲਈ ਅੱਖਾਂ ਬੰਦ ਕਰਨੀਆਂ ਪੈਂਦੀਆਂ ਹਨ ਜਾਂ ਨੀਵੀਆਂ ਰੱਖਣੀਆਂ ਪੈਂਦੀਆਂ ਹਨ। ਜੇ ਨਿੱਕੇ ਲੋਕ ਸਿਰ ਉਠਾ ਕੇ ਦੇਖਣ ਲੱਗ ਜਾਣ ਤਾਂ ਉਹ ਸਮਝ ਜਾਣਗੇ ਕਿ ਵੱਡੇ ਸਾਹਿਬ ਤਾਂ ਉਨ੍ਹਾਂ ਦੇ ਸਿਰ ‘ਤੇ ਪੈਰ ਰੱਖੀ ਖੜ੍ਹਾ ਹੈ, ਉਸ ਦਾ ਕੱਦ ਤਾਂ ਉਨ੍ਹਾਂ ਦੀ ਬਦੌਲਤ ਹੀ ਹੈ।
ਨਿੱਕੇ ਲੋਕ, ਨਿੱਕੇ-ਨਿੱਕੇ ਕੰਮ ਕਰਦੇ ਹਨ ਤੇ ਉਨ੍ਹਾਂ ਦੇ ਕੀਤੇ ਕੰਮ ‘ਤੇ ਮੋਹਰ ਵੱਡੇ ਲੋਕਾਂ ਦੀ ਲੱਗ ਜਾਂਦੀ ਐ ! ਚਰਚਾ ਵੱਡੇ ਲੋਕਾਂ ਦੀ ਹੁੰਦੀ ਐ, ਨਿੱਕੇ ਲੋਕਾਂ ਦੀ ਚਰਚਾ ਭਲਾ ਕੌਣ ਕਰਦੈ!
ਲਿਪਟਨ ਦੀ ਚਾਹ ਪੀਂਦਿਆਂ, ਨੈਸਲੇ ਦਾ ਚਾਕਲੇਟ ਖਾਂਦਿਆਂ ਲਿਪਟਨ, ਨੈਸਲੇ ਦਾ ਹੀ ਗੁਣ-ਗਾਨ ਹੁੰਦੈ, ਉਨ੍ਹਾਂ ਹਜ਼ਾਰਾਂ ਨਿੱਕੇ ਲੋਕਾਂ ਦੇ ਹੱਥਾਂ ਦਾ ਗੁਣ-ਗਾਨ ਕਦੇ ਨਹੀਂ ਹੁੰਦਾ, ਜਿਨ੍ਹਾਂ ਨੇ ਪਸੀਨਾ ਵਹਾਅ ਕੇ ਇਹ ਸਵਾਦਿਸ਼ਟ ਉਤਪਾਦ ਤਿਆਰ ਕਰਕੇ ਲੋਕਾਂ ਤੱਕ ਪਹੁੰਚਦੇ ਕੀਤੇ ਹੁੰਦੇ ਹਨ। ਦਰਅਸਲ, ਨਿੱਕੇ ਲੋਕਾਂ ਦੇ ਨਿੱਕੇ-ਨਿੱਕੇ ਕੰਮਾਂ ਵੱਲ ਕਿਸੇ ਦਾ ਧਿਆਨ ਜਾਂਦਾ ਈ ਨਹੀਂ, ਚਰਚਾ ਕਿੱਥੋਂ ਹੋਵੇਗੀ ਤੇ ਨਾ ਹੀ ਚਰਚਾ ਹੋਣ ਦਿੱਤੀ ਜਾਂਦੀ ਹੈ। ਕਾਰਨ; ਜੇ ਇਨ੍ਹਾਂ ਦੀ ਚਰਚਾ ਹੋਣ ਲੱਗ ਪਈ ਤਾਂ ਵੱਡਿਆਂ ਨੂੰ ਕੌਣ ਪੁੱਛੇਗਾ! ਦੂਸਰੇ ਅਰਥਾਂ ‘ਚ ਨਿੱਕੇ ਲੋਕਾਂ ਦੇ ਨਿੱਕੇ-ਨਿੱਕੇ ਕੰਮਾਂ ਦੇ ਵੱਡੇ ਅਰਥ ਹੁੰਦੇ ਹਨ, ਜਿਨ੍ਹਾਂ ‘ਤੇ ਵੱਡਿਆਂ ਦੀ ਵਡਿਆਈ ਟਿਕੀ ਹੁੰਦੀ ਹੈ ਤੇ ਉਹ ਆਪਣੀ ਵਡਿਆਈ ਨੂੰ ਕਿਸੇ ਵੀ ਤਰ੍ਹਾਂ ਛੁਟਿਆਉਣਾ ਨਹੀਂ ਚਾਹੁੰਦੇ। ਹੁਣ ਨਿੱਕੇ ਲੋਕ ਦਿੱਲੀ ਦੇ ਗਲ ਜਾ ਪਏ ਹਨ। ਬਥੇਰੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਨਿੱਕੇ ਲੋਕਾਂ ਦ ਚਰਚਾ ਨਾ ਕੀਤੀ ਜਾਵੇ ਤੇ ਨਾ ਹੋਣ ਦਿੱਤੀ ਜਾਵੇ। ਫੇਰ ਕਸ਼ ਕੀਤੀ ਗਈ ਕਿ ਉਨ੍ਹਾਂ ਨੂੰ ਅੱਤਵਾਦੀ ਆਖ ਬਦਨਾਮ ਕਰ ਦਿੱਤਾ ਜਾਵੇ ਪਰ ਗੱਲ ਉਲਟੀ ਪੈ ਗਈ। ਦਿੱਲੀ ਦੇ ਨਿੱਕੇ ਲੋਕਾਂ ਨੇ ਪੰਜਾਬ-ਹਰਿਆਣਾ ਦੇ ਨਿੱਕੇ ਲੋਕਾਂ ਨੂੰ ਕਲਾਵੇ ‘ਚ ਲੈ ਲਿਆ ਤੇ ਦੁਸ਼ਮਣੀ ਦੀ ਥਾਂ ਵਿਆਹ ਵਰਗਾ ਮਾਹੌਲ ਬਣ ਗਿਐ!
ਗੱਲ ਤਾਂ ਨਿੱਕੀ ਜਿਹੀ ਜਾਪਦੀ ਐ ਪਰ ਉਸਦੇ ਅਰਥ ਕਿੰਨੇ ਵੱਡੇ ਹਨ, ਖੁਦ ਅੰਦਾਜ਼ਾ ਲਾ ਸਕਦੇ ਓ। ਇੱਕ ਤਸਵੀਰ ਦੇਖਣ ਨੂੰ ਮਿਲੀ ਐ! ਸੱਤ ਸਮੁੰਦਰੋਂ ਪਾਰ ਬੈਠੇ ਮੇਰੇ ਵਰਗੇ ਲੋਕਾਂ ਲਈ ਇਹ ਤਸਵੀਰਾਂ ਦੇਸੀ ਘਿਓ ਦਾ ਕੰਮ ਕਰ ਰਹੀਆਂ ਹਨ। ਦਿੱਲੀ ਗਲ਼ ਪਏ ਲਸ਼ਕਰ ਨੂੰ ਰੋਕਣ ਲਈ ਤਾਇਨਾਤ ਨੀਮ ਸੁਰੱਖਿਆ ਬਲਾਂ ਦੇ ਇੱਕ ਜਵਾਨ ਨੂੰ ਇੱਕ ਕਿਸਾਨ ਪਾਣੀ ਪਿਆ ਰਿਹਾ ਹੈ। ਬੱਸ, ਇੱਕ ਤਸਵੀਰ ਹੀ ਹੈ! ਹੋਰ ਕੀ ਹੈ? ਨਹੀਂ, ਇਹ ਸਿਰਫ ਤਸਵੀਰ ਨਹੀਂ, ਇਸ ਵਿੱਚ ਬਹੁਤ ਕੁੱਝ ਛੁਪਿਆ ਪਿਐ! ਇਸ ਵਿੱਚ ਸਾਡੀ ਵਿਰਾਸਤ ਛੁਪੀ ਹੋਈ ਹੈ… ਭਾਈ ਘਨੱਈਆ ਜੀ ਦੀ ਵਿਰਾਸਤ! ਫੇਰ ਭਾਈ ਘਨੱਈਆ ਤਾਂ ਦੁਸ਼ਮਣ ਦੇ ਸੈਨਿਕਾਂ ਨੂੰ ਪਾਣੀ ਪਿਆ ਰਹੇ ਸਨ… ਇਹ ਤਾਂ ਉਸ ਜਵਾਨ ਨੂੰ ਪਾਣੀ ਪਿਆ ਰਿਹੈ ਕਿਸਾਨ, ਜੋ ਉਸਦਾ ਹੀ ਬੇਟਾ ਹੈ। ਉਹ ਬੇਟਾ ਜਿਸ ਨੂੰ ਆਪਣੇ ਹੀ ਬਾਪ ‘ਤੇ ਲਾਠੀ, ਅੱਥਰੂ ਗੈਸ ਤੇ ਗੋਲੀ ਤੱਕ ਚਲਾਉਣ ਲਈ ਤਾਇਨਾਤ ਕਰ ਦਿੱਤਾ ਗਿਆ ਹੈ।
ਗੱਲ ਫੇਰ ਨਿੱਕੀ ਹੈ। ਕਿਸਾਨ ਆਪਣੇ ਪੁੱਤ ਨੂੰ ਜੇ ਪਾਣੀ ਪਿਆ ਰਿਹੈ, ਲੰਗਰ ਛਕਾ ਰਿਹੈ ਤਾਂ ਪੁੱਤ ਵੀ ਆਪਣੇ ਬਾਪ ਨੂੰ ਨਹੀਂ ਭੁੱਲਿਆ। ਇੱਕ ਵੀਡਿਓ ਦੇਖਣ ਨੂੰ ਮਿਲੀ ਹੈ ਜਿਸ ਵਿੱਚ ਇੱਕ ਕਮਾਂਡੋ ਕਿਸਾਨਾਂ ਦੇ ਮੰਚ ‘ਤੇ ਚੜ੍ਹਕੇ ਆਪਣਾ ਸਮਰਥਨ ਹੀ ਨਹੀਂ ਦੇ ਰਿਹਾ, ਸਗੋਂ ਇਹ ਵੀ ਕਹਿ ਰਿਹੈ, ”ਹਮ ਕਿਸਾਨੋਂ ਕੇ ਬੇਟੇ ਹੈਂ, ਕੋਈ ਵੀ ਜਵਾਨ ਕਿਸਾਨੋਂ ਪਰ ਲਾਠੀ ਨਹੀਂ ਚਲਾਏਗਾ।” ਗੱਲ ਨਿੱਕੀ ਹੈ ਪਰ ਇਸ ਦੇ ਅਰਥ ਨਿੱਕੇ ਹਨ ਜਾਂ ਵੱਡੇ, ਇਹ ਤੁਸੀਂ ਖੁਦ ਸਮਝ ਲੈਣਾ! ਜਦ ਸੁਰੱਖਿਆ ਬਲ, ਸਰਕਾਰ ਦੇ ਹੁਕਮ ‘ਤੇ ਹਥਿਆਰ ਚੁੱਕਣ ਤੋਂ ਨਾਂਹ ਕਰ ਦੇਣ ਤਾਂ ਗੱਲ ਕਿੱਥੇ ਜਾ ਖੜ੍ਹਦੀ ਹੈ, ਇਹ ਸਰਕਾਰ ਦੇ ਕਿਸੇ ਅਹਿਲਕਾਰ ਨੂੰ ਪੁੱਛਕੇ ਵੇਖਿਓ!
ਇੱਕ ਹੋਰ ਨਿੱਕੀ ਗੱਲ! ਮੇਰੇ ਮਿੱਤਰ ਮਹੀਪਾਲ ਦਾ ਫੋਨ ਆਇਆ! ਗੱਲਬਾਤ ਸਾਡੀ ਲੋਕ-ਯੁੱਧ ਬਾਰੇ ਹੀ ਸੀ। ਉਸਨੇ ਇੱਕ ਨਿੱਕੀ ਜਿਹੀ ਗੱਲ ਸੁਣਾਈ। ਉਹ ਜਮਹੂਰੀ ਕਿਸਾਨ ਸਭਾ ਦੇ ਦਫਤਰੋਂ ਕਿਸਾਨ ਮੋਰਚੇ ਨਾਲ ਸੰਬੰਧਤ ਸਮੱਗਰੀ ਮਾਨਸਾ ਪਹੁੰਚਦੀ ਕਰਨ ਲਈ ਸਾਥੀ ਰਾਮ ਕਿਸ਼ਨ ਨੂੰ ਲੈ ਕੇ ਜਲੰਧਰ ਬੱਸ ਅੱਡੇ ਗਏ। ਇੱਕ ਪ੍ਰਾਈਵੇਟ ਬੱਸ ਦੇ ਡਰਾਈਵਰ ਨਾਲ ਗੱਲ ਕੀਤੀ। ਡਰਾਈਵਰ-ਕੰਡਕਟਰ ਦੋਵੇਂ ਪੜ੍ਹੇ-ਲਿਖੇ ਜਾਪ ਰਹੇ ਸਨ। ਡਰਾਈਵਰ ਨੇ ਉਸ ਸਾਮਾਨ ਦੇ ਤਿੰਨ ਸੌ ਰੁਪਏ ਮੰਗੇ। ਮਹੀਪਾਲ ਨੇ ਕਿਹਾ ਕਿ ਇਹ ਤਾਂ ਬਹੁਤ ਜ਼ਿਆਦਾ ਐ ਯਾਰ। ਅੱਗਿਓਂ ਜੁਆਬ ਸੀ, ”ਢਾਈ ਸੌ ਰੁਪਏ ਤਾਂ ਟਿਕਟ ਈ ਐ ਬਾਊ ਜੀ..! ਕੋਈ ਹੋਰ ਦੇਖ ਲਓ, ਏਹਤੋਂ ਘੱਟ ਸਾਨੂੰ ਨਹੀਂ ਬਾਰਾ ਖਾਂਦੇ।” ਮਹੀਪਾਲ ਨੇ ਉਸ ਡਰਾਈਵਰ ਨੂੰ ਹਲੀਮੀ ਨਾਲ ਕਿਹਾ, ”ਇਹ ਕਿਹੜਾ ਕੋਈ ਦੁਕਾਨ ਦਾ ਸਾਮਾਨ ਐਂ… ਕਿਸਾਨ ਮੋਰਚੇ ਦਾ ਸਾਮਾਨ ਐਂ ..ਨਹੀਂ ਲੈਕੇ ਜਾਣਾ ਤਾਂ ਭਾਈ ਕੋਈ ਹੋਰ ਦੇਖ ਲੈਨੇ ਆਂ..!” ਇਹ ਕਹਿਣ ਦੀ ਦੇਰ ਸੀ ਕਿ ਡਰਾਈਵਰ ਨੇ ਸਾਮਾਨ ਫੜਕੇ ਬੱਸ ‘ਚ ਰੱਖ ਲਿਆ ਤੇ ਆਖਣ ਲੱਗਾ, ”ਪਹਿਲਾਂ ਕਿਓਂ ਨਹੀਂ ਦੱਸਿਆ ਯਾਰ !” ਮਹੀਪਾਲ ਇਹ ਗੱਲ ਦੱਸਦਾ ਭਾਵੁਕ ਹੋ ਗਿਆ ਕਿ ਜੋ ਪਹਿਲਾਂ ਤਿੰਨ ਸੌ ਰੁਪਏ ਮੰਗ ਰਿਹਾ ਸੀ, ਉਹ ਬਿਨ ਕੋਈ ਪੈਸਾ ਲਏ ਸਾਮਾਨ ਲੈ ਕੇ ਗਿਆ! ਉਸਨੇ ਰਸਤੇ ‘ਚ ਉਤਰ ਜਾਣਾ ਸੀ, ਇਸ ਲਈ ਕੰਡਕਟਰ ਨੂੰ ਮਹੀਪਾਲ ਦੇ ਸਾਹਮਣੇ ਹੀ ਕਹਿ ਦਿੱਤਾ, ”ਇਹ ਆਪਣੇ ਕਿਸਾਨ ਮੋਰਚੇ ਦਾ ਸਾਮਾਨ ਐਂ, ਇੱਕ ਨਿੱਕਾ ਪੈਸਾ ਨਹੀਂ ਲੈਣਾ ..!” ਗੱਲ ਕੋਈ ਵੱਡੀ ਨਹੀਂ, ਨਿੱਕੀ ਜਿਹੀ ਹੈ। ਬੱਸ ‘ਤੇ ਮੁਫ਼ਤ ਸਾਮਾਨ ਹੀ ਲੈ ਗਿਆ ਨਾ …ਪਰ ਨਹੀਂ, ਇਸ ਦੇ ਅਰਥ ਬਹੁਤ ਵੱਡੇ ਹਨ। ਇਹ ਇੱਕ ਸੰਕੇਤ ਹੈ ਕਿ ਜਨ-ਸਮਰਥਨ ਕਿਸ ਧਿਰ ਦੇ ਨਾਲ ਹੈ।
ਇੱਕ ਵੀਡਿਓ ਹੋਰ ਦੇਖਣ ਨੂੰ ਮਿਲੀ ਹੈ। ਮੇਰੇ ਪੁਰਖਿਆਂ ਦੇ ਪਿੰਡ ਗਾਖਲਾਂ, ਜੋ ਮੇਰੇ ਪਿੰਡ ਚੁਗਾਵਾਂ ਦੇ ਬਿਲਕੁਲ ਨਾਲ ਈ ਐ, ਦੀ ਕੈਨੇਡਾ ਵਸਦੀ ਇੱਕ ਧੀ ਕੁਲਦੀਪ ਕੌਰ ਦਿੱਲੀ ਮੋਰਚੇ ‘ਚ ਲੰਗਰ ਦੀ ਰਸਦ ਲੈ ਕੇ ਪੁੱਜੀ ਹੈ। ਇਸ ਲੋਕ-ਯੁੱਧ ਨੂੰ ਬਦਨਾਮ ਕਰਨ ਵਾਲੀ ਕੰਗਨਾ ਰਣੌਤ ਨੂੰ ਇਸ ਵੀਡਿਓ ‘ਚ ਕੁਲਦੀਪ ਕੌਰ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਜੁਆਬ ਦਿੱਤਾ ਹੈ। ਇੱਥੇ ਕੁਲਦੀਪ ਕੌਰ ਦੇਖਣ ਨੂੰ ਕੇਵਲ ਇੱਕ ਪਿੰਡ ਦੀ ਧੀ, ਇੱਕ ਆਮ ਐੱਨਆਰਆਈ ਹੀ ਹੈ ਪਰ ਨਹੀਂ, ਉਹ ਸਿਰਫ ਇੱਕ ਮੁਟਿਆਰ ਨਹੀਂ, ਉਹ ਇਸ ਯੁੱਧ ਨੂੰ ਸੱਤ ਸਮੁੰਦਰ ਪਾਰਲੇ ਸਮਰਥਨ ਦਾ ਪ੍ਰਤੀਕ ਹੈ ।
ਹੁਣ ਨਿੱਕ-ਨਿੱਕੇ ਲੋਕਾਂ ਨੇ ਮਿਲਕੇ ਪੂਰਾ ਭਾਰਤ ਠੱਪ ਕਰਕੇ ਰੱਖ ਦਿੱਤੈ! ਹੁਣ ਇਸ ਬੰਦ ਨੂੰ ਕੌਣ ਨਜ਼ਰ-ਅੰਦਾਜ਼ ਕਰਦਾ। ਪੂਰੀ ਦੁਨੀਆ ‘ਚ ਇਸ ਦੀ ਚਰਚਾ ਹੋ ਰਹੀ ਐ!
ਹਵਾ ਕੁੱਝ ਅਜਿਹੀ ਚੱਲੀ ਹੈ ਕਿ ਫਿਜ਼ਾ ‘ਚ ਨਿੱਕੇ ਲੋਕਾਂ ਦੀਆਂ ਨਿੱਕੀਆਂ ਗੱਲਾਂ ਵੱਡੇ ਅਰਥ ਸਿਰਜ ਰਹੀਆਂ ਹਨ। ਅਖਾੜੇ ‘ਚ ਘੁਲ ਰਹੇ ਭਲਵਾਨਾਂ ‘ਚੋਂ ਜ਼ਰੂਰੀ ਨਹੀਂ ਕਿ ਵੱਡੇ ਜੁੱਸੇ ਵਾਲਾ ਜਿੱਤੇ … ਜਿੱਤੇਗਾ ਉਹੀ ਜਿਸ ਅੰਦਰਲੇ ਮੁਕਾਬਲੇ ਦੇ ਜਜ਼ਬੇ ਦਾ ਜੁੱਸਾ ਵੱਡਾ ਹੋਵੇਗਾ! ਮੋਰਚੇ ਦਾ ਰੁਖ਼ ਕੁੱਝ ਅਜਿਹੇ ਸੰਕੇਤ ਦੇ ਰਿਹੈ ਕਿ ਨਿੱਕੇ ਲੋਕ, ਨਿੱਕੇ-ਨਿੱਕੇ ਹੱਲਿਆਂ ਨਾਲ ਜ਼ਰੂਰ ਕੋਈ ਵੱਡਾ ਥੰਮ੍ਹ ਡੇਗਣਗੇ!
ਗ਼ਜ਼ਲ
- ਜਸਵਿੰਦਰ ਸਿੰਘ
ਸੁਲਗਦੇ ਹਰ ਖੇਤ ‘ਚੋਂ ਤੂਫਾਨ ਚੜ੍ਹਿਆ ਆ ਰਿਹਾ ਹੈ
ਹਲ ਦੇ ਫਾਲੇ ਨਾਲ ਹੁਣ ਇਤਹਾਸ ਲਿਖਿਆ ਜਾ ਰਿਹਾ ਹੈ
ਹੇਠਲੀ ਉੱਤੇ ਕਰੇ ਬਾਝੋਂ ਗਤੀ ਹੋਣੀ ਨਾ ਅਪਣੀ
ਹੇਠ ਜੁੜਿਆ ਬੈਲ ਉਤਲੇ ਨੂੰ ਇਹੋ ਸਮਝਾ ਰਿਹਾ ਹੈ
ਪਿੰਡ ਦੇ ਅਨਪੜ੍ਹ ਬਜੁਰਗਾਂ ਨੇ ਪੜ੍ਹੀ ਮਿੱਟੀ ਦੀ ਭਾਸ਼ਾ
ਕਰਤ-ਵਿੱਦਿਆ ਦਾ ਇਹ ਜਲਵਾ ਡਿਗਰੀਆਂ ‘ਤੇ ਛਾ ਰਿਹਾ ਹੈ
ਮਾਰ ਕੇ ਸਿਰ ‘ਤੇ ਮੜਾਸਾ ਭਰ ਕੇ ਅੱਖਾਂ ਵਿੱਚ ਖੁਮਾਰੀ
ਜੋ ਕਦੇ ਮੋਗੇ ਗਿਆ ਨਾ ਉਹ ਵੀ ਦਿੱਲੀ ਜਾ ਰਿਹਾ ਹੈ
ਚਾਲ ਮੁਰਲੀਧਰ ਦੀ ਕੌਰਵ-ਪਾਂਡਵਾਂ ਨੂੰ ਸਮਝ ਆਈ
ਫੇਰ ਤੋਂ ਸਤਲੁਜ ਭਰਾ ਜਮਨਾ ਨੂੰ ਸੀਨੇ ਲਾ ਰਿਹਾ ਹੈ
ਡਰ ਗਈ ਹੈ ਰਾਤ ਹੁਣ ਜਗਦੇ ਦਿਲਾਂ ਦੀ ਰੌਸਨੀ ਤੋਂ
ਦੀਵਿਆਂ ਦਾ ਸੇਕ ਪਾਵੇ ਤਖਤ ਦੇ ਪਿਘਲਾ ਰਿਹਾ ਹੈ
ਗ਼ਜ਼ਲ
- ਬਲਕਾਰ ਔਲਖ
ਘਟਾਵਾਂ ਸਮਝਿਆ ਜਿਹਨਾਂ ਨੇ ਧੂੰਏ ਦੇ ਗੁਬਾਰਾਂ ਨੂੰ
ਉਹ ਔੜਾਂ ਸਹਿ ਰਹੇ ਹੁਣ ਤਰਸਦੇ ਫਿਰਦੇ ਬਹਾਰਾਂ ਨੂੰ
ਅਜੇ ਉਹ ਝੂਠ ਦੇ ਅੰਬਾਰ ਥੱਲੇ ਦਬ ਗਿਆ ਸ਼ਾਇਦ
ਕਿਸੇ ਦਿਨ ਸੱਚ ਲਾਵੇ ਵਾਂਗ ਪਾੜੇਗਾ ਦਰਾਰਾਂ ਨੂੰ
ਉਡੇਗੀ ਖਾਕ ਇੱਥੇ, ਸਭ ਪਰਿੰਦੇ ਉੱਡਦੇ ਜਾਂਦੇ ਨੇ
ਅਜੇ ਵੀ ਸਾਂਭ ਐ ਪੰਜਾਬ! ਤੂੰ ਅਪਣੇ ਉਡਾਰਾਂ ਨੂੰ
ਨਾ ਸੁੱਕੇ ਅੱਖੀਓਂ ਪਾਣੀ ਤੇ ਸੀਨੇ ਅੱਗ ਧੁਖਦੀ ਹੈ
ਹਵਾਏ ਹਾਲ ਹੀ ਪੁੱਛ ਲੈ ਕਦੇ ਜਖਮੀ ਚਿਨਾਰਾਂ ਨੂੰ
ਤੇਰੇ ਜਿੰਨੇ ਵੀ ਵਾਅਦੇ ਸੀ ਕੋਈ ਵੀ ਪੂਰ ਨਾ ਚੜ੍ਹਿਆ
ਹਾਂ ਮੈਂ ਵੀ ਜਾਣਦਾਂ ਤੇਰੀ ਮੁਹੱਬਤ ਦੇ ਮਿਆਰਾਂ ਨੂੰ
ਅਸਾਡਾ ਰਿਜਕ ਖੋਹ ਕੇ ਉਹ ਬੜੇ ਖੇਖਣ ਜਿਹੇ ਕਰਦੈ
ਕਦੇ ਮੋਰਾਂ ਨੂੰ ਚੋਗਾ ਤੇ ਕਦੇ ਘੁੱਗੀਆਂ-ਗੁਟਾਰਾਂ ਨੂੰ
ਉਹਨੇ ਪ੍ਰਪੰਚ ਰਚਿਆ ਵਤਨ ਦੀ ਅਜਮਤ-ਪ੍ਰਸਤੀ ਦਾ
ਅਤੇ ਫਿਰ ਸਰਪ੍ਰਸਤੀ ਦੇ ਦਿੱਤੀ ਸਾਰੇ ਗਦਾਰਾਂ ਨੂੰ
ਇਹ ਹੈ ਚੇਤਾਵਨੀ ਹੰਕਾਰ ਦਾ ਹੁਣ ਦੁਰਗ ਤੋੜਾਂਗੇ
ਧਰਾਸ਼ਾਈ ਕਰਾਂਗੇ ਜੁਲਮ ਤੇਰੇ ਦੇ ਮਿਨਾਰਾਂ ਨੂੰ।
”ਕਿਸਾਨ ਮਾਰਚ ਦੇ ਨਾਂ”
- ਨੋਮਾਨ ਮਿਰਜ਼ਾ
ਸਰਹੱਦ ਦੇ ਉਸ ਪਾਰ ਸਜਣ
ਬੋਹੜ ਦਾ ਇਕ ਰੁੱਖ ਡਿੱਗਾ ਏ
ਮਾਲਕ ਦੇ ਖੇਤਾਂ ਵਿਚ ਕੋਈ
ਚੋਰ ਉਚੱਕਾ ਆ ਵੜਿਆ ਏ
ਮਿੱਟੀ ਮਾਂ ਏ, ਖੇਤ ਦਸਤਾਰ
ਇਹਨਾਂ ਤੇ ਹੋਇਆ ਏ ਵਾਰ
ਮੈਣਾ ਚੁੱਪ ਹੈ, ਤੋਤਾ ਵੀ
ਬੁਲਬੁਲ ਸਹਿਮੀ ਸਹਿਮੀ ਏ
ਚੋਰ ਉਚੱਕਾ ਕਹਿੰਦਾ ਏ:
ਸਾਰੀ ਕਣਕ ਹੀ ਹੈ ਮੇਰੀ ਹੈ
ਸਾਰੀ ਕਹਾਣੀ ਮੇਰੀ ਹੈ
ਸਾਰੀ ਤਾਕਤ ਮੇਰੀ ਹੈ
ਕਾਨੂੰਨ ਵੀ ਸਾਰਾ ਮੇਰਾ ਹੈ
ਪਰ ਝੱਲਾ ਹੈ
ਖੇਤ ਦੀ ਸ਼ਬਨਮ ਮਾਲਕ ਦੀ
ਇਹ ਜੋ ਮੋਰ ਦਾ ਖੰਭ ਪਿਆ ਹੈ
ਇਹ ਖੰਭ ਵੀ ਮਾਲਕ ਦਾ
ਖੇਤ ਦੀ ਖੁਸ਼ਬੂ ਮਾਲਕ ਦੀ
ਕੋਇਲ ਦੀ ਕੂ ਕੂ ਮਾਲਕ ਦੀ
ਕਣਕਾਂ ਦੀ ਖੁਸ਼ਬੂ ਮਾਲਕ ਦੀ
ਵੇਲਾਂ ਦੀ ਘੰਟੀ ਜੋ ਬੋਲੇ
ਉਸ ਦੀ ਟਨ ਟਨ ਵੀ ਮਾਲਕ ਦੀ
ਗਾਂ ਦੇ ਨਵਜੰਮੇ ਬੱਚੇ ਦੀ
ਪਹਿਲੀ ਛਾਲ ਵੀ ਮਾਲਕ ਦੀ
ਮੀਂਹ ਦੇ ਇਹਨਾਂ ਤੁਪਕਿਆਂ ਦੀ
ਪਹਿਲੀ ਮੰਜ਼ਿਲ ਮਾਲਕ ਦੀ
ਬੀਜ ਤੋਂ ਉੱਗਣ ਵਾਲੀ ਉਹ
ਨਿੱਕੀ ਜਿਹੀ ਕਰੂੰਬਲ ਮਾਲਕ ਦੀ
ਜਦ ਪੱਕ ਜਾਵੇ ਜਦ ਕਟ ਜੀ ਜਾਵੇ
ਫਿਰ ਵੀ ਉਹ ਆਪਣੇ ਮਾਲਕ ਦੀ
ਸੂਰਜ ਦੀਆਂ ਕਿਰਨਾਂ ਦੇ
ਚੰਦਰਮਾ ਦੀਆਂ ਰਿਸਮਾਂ ਦੇ
ਧਰਤੀ ਮਿੱਟੀ ਮਾਂ ਬਾਪ ਸੱਜਣ
ਤੂੰ ਨਾ ਪੈ ਇਹਨਾ ਚੱਕਰਾਂ ਵਿਚ
ਜਦ ਜਾਗ ਪਿਆ ਮਾਲਕ ਤਾਂ ਫਿਰ
ਤੇਰਾ ਬਚਣਾ ਮੁਸ਼ਕਿਲ ਹੋ ਜਾਸੀ
ਤੇਰਾ ਲੁਕਣਾ ਮੁਸ਼ਕਿਲ ਹੋ ਜਾਸੀ
ਤੇਰਾ ਜੀਣਾ ਮੁਸ਼ਕਿਲ ਹੋ ਜਾਸੀ
ਕੁਝ ਮੰਗਣਾ ਈ ਤਾਂ ਮੰਗ ਇਹਨਾਂ ਤੋਂ
ਇਨ੍ਹਾਂ ਪਗੜੀ ਵਾਲੇ ਬਾਬਿਆਂ ਦਾ
ਇਨ੍ਹਾਂ ਧੋਤੀ ਵਾਲੇ ਬਾਬਿਆਂ ਦਾ
ਈਮਾਨ ਏ ਵੱਡਾ
ਮੰਗਤਿਆਂ ਦੀਆਂ ਝੋਲੀਆਂ ਭਰ ਦੇਵਣ
ਇਹ ਸਾਫ ਦਿਲੇ, ਸਰਬੱਤ ਦਾ ਭਲਾ
ਪਰ ਜੇ ਕਬਜਾ ਕਰਨਾ ਚਾਹੇਂ
ਸੌਦਾ ਮਹਿੰਗਾ ਪੈ ਜਾਸੀ
ਤੇਰਾ ਤਖਤਾ ਉਲਟਾ ਹੋ ਜਾਣਾ
ਤੇਰਾ ਰਸਤਾ ਮੁਸ਼ਕਿਲ ਹੋ ਜਾਸੀ
ਇਹ ਖੇਤਾਂ ਵਾਲੇ, ਮਿੱਟੀ ਵਾਲੇ
ਹਲ ਵਾਲੇ, ਕੁਲਹਾੜੀ ਵਾਲੇ
ਜਾਗ ਪਏ ਨੇ
ਚੋਰ ਉਚੱਕੇ ਭੱਜ ਏਥੋਂ
ਜਾਗ ਪਏ ਨੇ ਬਾਬੇ ਹੁਣ
ਤੇਰਾ ਸੌਣਾ ਮੁਸ਼ਕਿਲ ਹੋ ਜਾਸੀ
ਤੇਰਾ ਹੋਣਾ ਮੁਸ਼ਕਿਲ ਹੋ ਜਾਸੀ
ਅਨੁਵਾਦ : ਜਸਪਾਲ ਘਈ
ਗ਼ਜ਼ਲ
- ਸੁਖਵਿੰਦਰ ਅੰਮ੍ਰਿਤ
ਕਿਵੇਂ ਪਰ ਸਮੇਟ ਕੇ ਬਹਿ ਰਹੀਏ,
ਕਿਵੇਂ ਭੁੱਲ ਜਾਈਏ ਉਡਾਨ ਨੂੰ,
ਇਹ ਤਾਂ ਦਾਗ਼ ਹੈ ਸਾਡੀ ਅਣਖ ‘ਤੇ,
ਇਹ ਹੈ ਮਿਹਣਾ ਸਾਡੇ ਈਮਾਨ ਨੂੰ।
ਹੋਏ ਤਬਸਰੇ ਸਾਡੀ ਜ਼ਾਤ ‘ਤੇ,
ਸਾਡੀ ਨਸਲ ਅਕਲ ਔਕਾਤ ‘ਤੇ,
ਰਿਹਾ ਜ਼ਬਤ ਨਾ ਜਜ਼ਬਾਤ ‘ਤੇ,
ਤੇ ਅਸੀਂ ਨਿਕਲੇ ਚੀਰ ਮਿਆਨ ਨੂੰ।
ਜੇ ਤੂੰ ਰੋਕ ਸਕਦੈਂ ਤਾਂ ਰੋਕ ਲਾ,
ਇਸ ਰੋਹ ਦੇ ਵਹਿਣ ਨੂੰ ਮੁਨਸਫ਼ਾ।
ਅਸੀਂ ਜਾ ਰਹੇ ਹਾਂ ਉਲੰਘ ਕੇ,
ਤੇਰੇ ਹੁਕਮ ਨੂੰ ਫ਼ੁਰਮਾਨ ਨੂੰ।
ਇਹ ਹਨ੍ਹੇਰ ਗਰਦ ਗੁਬਾਰ ਹੈ,
ਸਾਡੇ ਰਾਹ ‘ਚ ਉੱਚੀ ਦੀਵਾਰ ਹੈ,
ਅਸੀਂ ਕਿੰਜ ਕਰਾਂਗੇ ਕਬੂਲ ਦੱਸ,
ਤੇਰੇ ਫ਼ਲਸਫ਼ੇ ਤੇਰੇ ਗਿਆਨ ਨੂੰ।
ਇਹ ਅੱਗ ਕਨੂੰਨ ਨਾ ਜਾਣਦੀ,
ਇਹ ਤਾਂ ਲਹਿਰ ਉਹਨਾਂ ਦੇ ਹਾਣ ਦੀ,
ਜਿਹੜੇ ਸਿਦਕ ਅਪਣਾ ਪਗਾਉਣ ਲਈ,
ਝਟ ਦਾਅ ‘ਤੇ ਲਾ ਦਿੰਦੇ ਜਾਨ ਨੂੰ।
ਇਸ ਅਗਨ ‘ਤੇ ਇਤਬਾਰ ਕਰ,
ਸਾਡਾ ਨਾਂ ਉਨ੍ਹਾਂ ‘ਚ ਸ਼ੁਮਾਰ ਕਰ,
ਜਿਹੜੇ ਜਾਲਦੇ ਜਿੰਦ ਆਪਣੀ,
ਅਤੇ ਨੂਰ ਵੰਡਦੇ ਜਹਾਨ ਨੂੰ।
ਨਜ਼ਮ
- ਵਰਿਆਮ ਸੰਧੂ
ਬਾਬਾ!
ਤੇਰੇ ਪੁੱਤ ਤੁਰੇ ਨੇ
ਲੰਮੀ ਵਾਟ ਉਦਾਸੀ ਵਾਲੀ।
ਸਭ ਬਾਲੇ, ਮਰਦਾਨੇ, ਲਾਲੋ ਕੱਠੇ ਹੋ ਕੇ,
ਸਭੇ ਤੇਰੇ ਧੀਆਂ ਪੁੱਤਰ,
ਭਰ ਮਿੱਟੀ ਦੀਆਂ ਮੁੱਠਾਂ,
ਤੇਰੇ ਖੇਤਾਂ ਵਿਚੋਂ,
ਧਰ ਕੇ ਮੋਢੇ,
ਤੇਰੇ ਹਲ ਨੂੰ,
ਜਿਸਦੇ ਫਾਲੇ ਉੱਤੇ ਬੈਠਾ,
ਇਸ ਵੇਲੇ ਪੰਜਾਬ ਪਿਆਰਾ।
ਸੁਣ ਤੇਰੀ ਲਲਕਾਰ,
ਧਰ ਕੇ ਸੀਸ ਤਲੀ ‘ਤੇ
ਪੈ ਨਿਕਲੇ ਨੇ ਗਲੀ ਯਾਰ ਦੀ,
ਮਨ ਵਿਚ ਪੂਰੀ ਨਿਹਚਾ,
ਅਪਨੀ ਜੀਤ ਕਰੂੰ ਦੀ।
ਅੱਗੇ ਬੈਠੇ,
ਰਾਜੇ ਸੀਂਹ, ਮੁਕਦਮ ਕੁੱਤੇ,
ਕੌਡੇ ਰਾਖਸ ਬੰਦੇ ਖਾਣੇ,
‘ਭੁੱਖੇ-ਭਾਣੇ!’
ਲਹੂ ਪਿਆਸੇ,
ਭਾਗੋ ਜਰਵਾਣੇ,
ਸੱਜਣ ਠੱਗ,
ਮਿੱਠ ਬੋਲੜੇ, ਮੋਮੋ-ਠਗਣੇ,
ਜਾਦੂਗਰ ‘ਗੁਜਰਾਤੀ’,
ਫਾਹੁਣਾ ਚਾਹੁੰਦੇ ਜਾਲ ਵਿਛਾ ਕੇ।
ਤੂੰ ਆਪਣੇ ਪੁੱਤਾਂ ਦੇ ਅੰਗ-ਸੰਗ,
ਤੂੰ ਆਪਣੀਆਂ ਧੀਆਂ ਦਾ ਬਾਪੂ,
ਸਭ ਦੇ ਸਿਰ ‘ਤੇ ਹੱਥ ਤੇਰਾ ਹੈ,
ਮਿਹਰਾਂ ਭਰਿਆ,
ਲੈ ਕੇ ਤੇਰਾ ਨਾਂ,
ਜਿੱਤ ਦਾ ਝੰਡਾ ਹੱਥੀਂ ਫੜ ਕੇ,
ਲੈ ਉੱਡਣਗੇ ਜਾਲ,
ਵਿੰਹਦਾ ਰਹੂ ਸ਼ਿਕਾਰੀ ਬੈਠਾ,
ਬਾਬਾ!
ਇਹ ਮਾਸੂਮ ਜਿਹਾ ਹੈ ਸੁਪਨਾ ਮੇਰਾ,
ਤੇਰਾ ਸਿਰ ‘ਤੇ ਹੱਥ ਰਿਹਾ ਤਾਂ,
ਹੋ ਜੂ ਪੂਰਾ।
ਗ਼ਜ਼ਲ
- ਵਾਹਿਦ
ਤੇਰੀ ਕਿਰਤ ‘ਤੇ ਡਾਕਾ ਵੱਜਿਐ,
ਤੇਰੇ ਘਰ ‘ਤੇ ਪਈ ਆ ਧਾੜ।
ਤੈਨੂੰ ਕੱਖੋਂ ਹੌਲਾ ਕਰਨ ਨੂੰ
ਦਿੱਲੀ ਹੋਈ ਐ ਪੱਬਾਂ ਭਾਰ।
ਪੱਗ ਸਿਰ ਤੋਂ ਪੈਰੀਂ ਆ ਰੁਲੀ,
ਹੱਥ ਦਾੜ੍ਹੀ ਤੱਕ ਪਹੁੰਚੇ ਆਣ…,
ਹੈ ਵਕਤ ਅਜੇ ਵੀ ਸੋਹਣਿਆਂ,
ਆਪਣੇ ਵੈਰੀ ਲੈ ਪਛਾਣ।
ਖੇਤਾਂ ਦੀ ਰੌਣਕ ਖਾ ਗਏ,
ਧਰਤੀ ਦਾ ਪੀ ਗਏ ਨੀਰ,
ਤੇਰੇ ਬੋਝਿਓਂ ਪੈਸੇ ਕੱਢ ਕੇ,
ਪਾ ਲਏ ਤਖਤਾਂ ਦੇ ਵਿਚ ਸੀਰ,
ਏਥੇ ਖਾਕ ਉਡੇਗੀ ਕਲ੍ਹ ਨੂੰ,
ਜੇ ਨਾ ਜਾਗੀ ਅੱਜ ਜ਼ਮੀਰ
ਉਠ ਹੱਕ ਦਾ ਹੰਭਲਾ ਮਾਰ ਲੈ,
ਕਿਉਂ ਸੁੱਤਾ ਲੰਮੀਆਂ ਤਾਣ…।
ਸਾਫੇ ਦਾ ਫਾਹਾ ਬਣ ਗਿਆ,
ਤੇ ਪਾਣਿਓਂ ਬਣਿਆ ਜ਼ਹਿਰ
ਇਹ ਮਿੱਟੀ ਕੱਲਰ ਹੋ ਗਈ,
ਟੁੱਟੇ ਕੰਪਨੀਆਂ ਦੇ ਕਹਿਰ।
ਸਾਡੇ ਜੜ੍ਹੀ ਪਿੰਡ ਦੀ ਬਹਿ ਗਏ,
ਕਈ ਬਾਹਰੋਂ ਆ ਕੇ ਸ਼ਹਿਰ,
ਕਈ ਹੱਸਦੇ ਵੱਸਦੇ ਘਰਾਂ ਨੂੰ
ਇਹਨਾਂ ਕਰ ਛੱਡਿਆ ਮਸਾਣ…।
ਜੇ ਅੱਜ ਨਾ ਸ਼ਾਇਰ ਬੋਲਿਆ
ਰਿਹਾ ਗਰਜ ਨੂੰ ਜੇ ਖਾਮੋਸ਼।
ਆਪਣੇ ਸਮਿਓਂ ਮੁਨਕਰ ਹੋਣ ਦਾ,
ਲੱਗਣਾ ਮੱਥਿਆਂ ਉੱਤੇ ਦੋਸ਼।
ਮੜ੍ਹੀਆਂ ਦੀ ਥਾਂ ਜਦ ਵਿਕ ਗਈ,
ਤੈਨੂੰ ਉਦੋਂ ਆਉਣਾ ਹੋਸ਼,
ਹੁਣ ਕੀ ਤਖਤਾਂ ਦੀਆਂ ਵੁੱਕਤਾਂ,
ਕੀ ਅੱਗ ਲਾਉਣੇ ਸਨਮਾਨ..।