Now Reading
ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਨਵੰਬਰ2019)

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਨਵੰਬਰ2019)

ਕਹਾਣੀ
ਪਹੁਤਾ ਪਾਂਧੀ
– ਗੁਰਬਖ਼ਸ਼ ਸਿੰਘ ਪ੍ਰੀਤਲੜੀ
ਅੰਮ੍ਰਿਤਸਰੋਂ ਲੁਧਿਆਣੇ ਵੱਲ ਗੱਡੀ ਆ ਰਹੀ ਸੀ । ਤੀਸਰੇ ਦਰਜੇ ਦੇ ਡੱਬੇ ਖਚਾਖਚ ਭਰੇ ਸਨ। ਸਾਰੀ ਗੱਡੀ ਭੌਂ ਭੁਆ ਕੇ ਇਕ ਭਾਰਾ ਜਿਹਾ ਸੱਜਨ ਇਕ ਡੱਬੇ ਅਗੇ ਆ ਖਲੋਤਾ ਤੇ ਮਿੰਨਤਾਂ ਕੀਤੀਆਂ ਪਰ ਅੰਦਰਲਿਆਂ ਨੇ ਝਾੜ ਛੱਡਿਆ । “ਕੋਈ ਥਾਂ ਨਹੀਂ ।” ਉਹ ਨਿਮੋਝੂਣ ਹੋਇਆ, ਹਿਲਣ ਹੀ ਲਗਾ ਸੀ ਕਿ ਉਸੇ ਅੰਦਰੋਂ ਕਿਸੇ ਆਖਿਆ, “ਥਾਂ ਕਿਉਂ ਨਹੀਂ, ਤੁਸੀਂ ਆਓ ਜੀ ।”
ਇਹ ਕੋਈ ਫ਼ੌਜੀ ਵਰਦੀ ਵਿਚ ਸਨ ਤੇ ਇਹਨਾਂ ਨਾਲ ਦੇ ਸਿਪਾਹੀ ਇਹਨਾਂ ਨੂੰ ਮੇਜਰ ਸਾਹਿਬ ਆਖਦੇ ਸਨ। ਬਾਹਰਲਾ ਸੱਜਨ ਅੰਦਰ ਧੁਸ ਕੇ ਇਹਨਾਂ ਦੇ ਕੋਲ ਜਾ ਖੜੋਤਾ।
ਇਕ ਦੋ ਮਿੰਟਾਂ ਬਾਅਦ ਉਹਨਾਂ ਆਖਿਆ !
“ਔਸ ਅਖ਼ੀਰਲੀ ਸੀਟ ‘ਤੇ ਬੈਠੇ ਆਦਮੀ ਨੇ ਅਗਲੇ ਸਟੇਸ਼ਨ ਤੇ ਉਤਰ ਜਾਣਾ ਏਂ-ਤੁਸੀਂ ਕਿਸੇ ਤਰ੍ਹਾਂ ਉੇਥੇ ਪਹੁੰਚ ਜਾਓ।”
“ਪਹੁੰਚਣਾ ਹੀ ਮੁਸ਼ਕਲ ਹੈ”, ਉਸ ਆਖਿਆ ।
“ਵੇਖੋ, ਮੈਂ ਤੁਹਾਨੂੰ ਕਿਸ ਤਰ੍ਹਾਂ ਪੁਚਾਂਦਾ ਹਾਂ।” ਤੇ ਉਹਨਾਂ ਆਪਣਾ ਪਾਸਾ ਜ਼ਰਾ ਕੁ ਚੁਕ ਕੇ ਉਹਨੂੰ ਬੈਂਚਾਂ ਦੀ ਵਿਚਕਕਾਰਲੀ ਢੋ ਉਤੇ ਖੜਾ ਕਰ ਦਿੱਤਾ ।
“ਉਤੋਂ ਛੱਤ ਨੂੰ ਹੱਥ ਪਾ ਲਵੋ ।” ਤੇ ਦੂਜੀਆਂ ਸਵਾਰੀਆਂ ਨੂੰ ਹਾਸੇ ਵਿਚ ਪਾਣ ਲਈ ਉਹਨਾਂ ਆਖਿਆ :
“ਇਹ ਸਰਦਾਰ ਜੀ ਕੋਈ ਤਮਾਸ਼ਾ ਵਿਖਾਣ ਲਗੇ ਹਨ- ਜ਼ਰਾ ਜ਼ਰਾ ਸੰਭਲ ਜਾਵੋ-ਮਤੇ ਇਹਨਾਂ ਹੇਠਾਂ ਕੋਈ ਬੰਦਾ ਪੀਸਿਆ ਜਾਏ!”
ਭਾਰੇ ਸਰੀਰ ਵਲ ਵੇਖ ਕੇ ਸਵਾਰੀਆਂ ਹੱਸੀਆਂ ਤੇ ਸਭ ਨੇ ਢੋ ਨਾਲੋਂ ਪਿਠਾਂ ਪਰ੍ਹਾਂ ਕਰ ਲਈਆਂ । ਉਹ ਦੂਜੇ ਸਿਰੇ ਪਹੁੰਚ ਗਿਆ। ਸਟੇਸ਼ਨ ਆਉਂਦਿਆਂ ਹੀ, ਸੀਟ ਖ਼ਾਲੀ ਹੋਈ-ਉਹ ਅਰਾਮ ਨਾਲ ਬਹਿ ਗਿਆ ਤੇ ਉਸ ਨੇ ਸ਼ੁਕਰੀਏ ਵਿਚ ਦੂਰੋਂ ਮੇਜਰ ਸਾਹਿਬ ਨੂੰ ਹੱਥ ਜੋੜੇ ।
ਉਸ ਸਟੇਸ਼ਨ ਤੇ ਉਤਰਿਆ ਤਾਂ ਇਕੋ ਸੀ ਪਰ ਚੜ੍ਹਨ ਵਾਲੇ ਦੋ ਆ ਗਏ । ਬੂਹੇ ਅਗੇ ਖੜੋਤੇ ਸਿਪਾਹੀਆਂ ਨੇ ਝਿੜਕ ਛੱਡਿਆ । ਉਹਨਾਂ ਦੋਹਾਂ ਨੇ ਬੜੇ ਹੀ ਤਰਲੇ ਕੀਤੇ । ਮੇਜਰ ਸਾਹਿਬ ਨੇ ਫੇਰ ਆਖਿਆ, “ਆ ਜਾਣ ਦਿਓ ।”
“ਪਰ ਕੋਠਾ ਇਹਨਾਂ ਨੂੰ ਅਸਬਾਬ ਲਈ ਚਾਹੀਦਾ ਏ, ਉਹ ਕਿਥੇ ਧਰਾਂਗੇ?” ਸਿਪਾਹੀਆਂ ਆਖਿਆ ।
ਮੇਜਰ ਸਾਹਿਬ ਟੱਟੀ ਦੇ ਨੇੜੇ ਬੈਠੇ ਸਨ। ਉਹਨਾਂ ਟੱਟੀ ਦਾ ਬੂਹਾ ਖੋਲ੍ਹਿਆ । ਬੜੀ ਮਹਿਕ ਆਈ। ਸਵਾਰੀਆਂ ਨੱਕ ਕੱਜ ਲਏ।  ਪਰ ਮੇਜਰ ਸਾਹਿਬ ਉਠੇ, “ਮੈਂ ਇਕ ਮਿੰਟ ਵਿਚ ਸਾਫ਼ ਕਰ ਦੇਂਦਾ ਹਾਂ-ਤੁਸੀਂ ਸਮਾਨ ਅੰਦਰ ਧਰਨ ਦੀ ਕਰੋ ।”
ਸਿਪਾਹੀਆਂ ਨੂੰ ਸ਼ਰਮ ਆ ਗਈ। ਇਕ ਸਿਪਾਹੀ ਟੱਟੀ ਵਿਚ ਗਿਆ । ਦੂਜੇ ਨੇ ਅਸਬਾਬ ਨੂੰ ਹੱਥ ਪਾਇਆ ।
ਟੱਟੀ ਸਾਫ਼ ਹੁੰਦੀ ਰਹੀ, ਮੇਜਰ ਸਾਹਿਬ ਹੱਸਦੇ ਰਹੇ :
“ਭਾਈ ਮੈਂ ਤੁਹਾਥੋਂ ਪਹਿਲਾਂ ਧਰਮਰਾਜ ਕੋਲ ਜਾਣਾ ਏ- ਮੈਂ ਉਹਨੂੰ ਦਸਾਂਗਾ-ਬੰਤਾ ਸਿੰਘ ਨੇ ਕਿਹੋ ਜਹੀ ਸਫ਼ਾਈ ਕੀਤੀ ਸੀ। ਖ਼ੂਬ ਪਾਣੀ ਡੋਲ੍ਹੀਂ, ਵੇਖੀਂ ਜ਼ਰਾ ਬੋ ਨਾ ਰਹੇ!”
ਟੱਟੀ ਚੰਗੀ ਸਾਫ਼ ਹੋ ਗਈ । ਅਸਬਾਬ ਉਹਦੇ ਵਿਚ ਚਿਣ ਦਿੱਤਾ ਗਿਆ। ਸਾਰੇ ਡੱਬੇ ਦੀ ਫ਼ਿਜ਼ਾ ਬਦਲ ਗਈ । ਉਹ ਅਫ਼ਸਰ ਡੱਬੇ ਦਾ ਕੇਂਦ੍ਰ ਬਣ ਗਿਆ । ਬੜਾ ਰੌਣਕੀ, ਹਸਮੁਖ, ਸਭ ਅੱਖਾਂ ਉਸੇ ਵਲ ਭੌਂ ਗਈਆਂ।
ਅਗਲੇ ਸਟੇਸ਼ਨ ਤੇ ਸ਼ਕੰਜਵੀ ਵੇਚਣ ਵਾਲਾ ਆਇਆ। ਆਂਹਦਾ ਸੀ, “ਠੰਢੇ ਮਿੱਠੇ ਗਲਾਸ, ਆਨੇ ਆਨੇ ਗਲਾਸ ਗਰਮੀ ਨਾਲ ਕਈਆਂ ਦੇ ਮੂੰਹ ਸੁਕੇ ਹੋਏ ਸਨ।
“ਵੇਖ ਭਈ ਬੰਤਾ ਸਿੰਹਾਂ-ਠੰਢੇ ਮਿੱਠੇ ਹੈਨ ਵੀ?”
ਦੋਹਾਂ ਸਿਪਾਹੀਆਂ ਨੂੰ ਗਲਾਸ ਦੁਆ ਦਿੱਤੇ। ਭੀੜ ਬਹੁਤ ਸੀ। ਪੀਣਾ ਕਈ ਚਾਹੁੰਦੇ ਸਨ, ਪਰ ਬਾਰੀ ਤਕ ਪਹੁੰਚਣਾ ਮੁਸ਼ਕਲ ਸੀ।
“ਫੜਾਈਂ ਬੰਤਾ ਸਿੰਹਾਂ-ਉਹਨਾਂ ਭਾਈਆ ਜੀ ਨੂੰ-ਉਹ ਲਾਲਾ ਜੀ ਵੀ ਬੁਲ੍ਹ ਪਏ ਚੂਸਦੇ ਨੀਂ। ਔਹ ਕਾਕੇ ਨੂੰ ਭੀ ਦਈਂ ।” 19 ਗਲਾਸ ਪਿਆਏ ਗਏ, ਗੱਡੀ ਤੁਰਨ ਵਾਲੀ ਸੀ। ਪਾਣੀ ਵਾਲਾ ਪੈਸਿਆਂ ਬਾਰੇ ਚਿੰਤਾ ਕਰ ਰਿਹਾ ਸੀ।
“ਲੈ ਭਈ-ਤੂੰ ਤੇ ਜਾ।” ਸਵਾ ਰੁਪਿਆ ਉਹਦੇ ਹੱਥ ਫੜਾ ਕੇ ਮੇਜਰ ਸਾਹਿਬ ਆਖਿਆ, “ਮੈਂ ਇਹਨਾਂ ਕੋਲੋਂ ਆਪੇ ਉਗਰਾਹ ਲਵਾਂਗਾ ।”
ਸਵਾਰੀਆਂ ਦੇ ਦਿਲਾਂ ਵਿਚ ਉਸ ਹਸੂੰ ਹਸੂੰ ਕਰਦੇ ਮੇਜਰ ਦੀ ਬੜੀ ਇੱਜ਼ਤ ਬਣ ਗਈ ਸੀ । ਉਹਨਾਂ ਆਪੋ ਆਪਣੇ ਪੈਸੇ ਹੱਥੋ ਹੱਥੀਂ ਘਲਣੇ ਸ਼ੁਰੂ ਕਰ ਦਿੱਤੇ । ਪਰ ਮੇਜਰ ਸਾਹਿਬ ਨੇ ਝੋਲੀ ਅੱਡ ਕੇ ਹਾਸੇ ਵਿਚ ਗੱਲ ਉਡਾ ਦਿੱਤੀ :
‘ਆਨਾ-ਆਨਾ ਮੈਂ ਨਹੀਂ ਲੈਣਾ, ਜੇ ਦੇਣਾ ਜੇ ਤਾਂ ਨੋਟ ਨਾਟ ਪਾਓ। ਮੇਰਾ ਕੁਝ ਬਣੇ ਵੀ। ਮੈਂ ਘਰ ਛੁੱਟੀ ਜਾ ਰਿਹਾ ਹਾਂ।”
ਸਭ ਦੇ ਆਨੇ ਮੁੜ ਗਏ ਤੇ ਲੋਕ ਉਸ ਭਖਦੇ ਦਿਲ ਵਾਲੇ ਅਫ਼ਸਰ ਕੋਲੋਂ ਝੜਦੇ ਚੰਗਿਆੜਿਆਂ ਵਿਚ ਮਸਤ ਹੋ ਗਏ।
ਏਨੇ ਨੂੰ ਕਿਸੇ ਨੇ ਤਮਾਕੂ ਪੀਣਾ ਚਾਹਿਆ । ਨਾਲ ਦੇ ਨੇ ਆਖਿਆ,
“ਨਾ-ਨਾ ਸਰਦਾਰ ਸਾਹਿਬ ਦੇ ਹੁੰਦਿਆਂ ਨਹੀਂ ਪੀਣਾ।”
ਮੇਜਰ ਸਾਹਿਬ ਨੇ ਸੁਣ ਲਿਆ ਤੇ ਹਸ ਕੇ ਬੋਲੇ :
“ਪੀਣਾ ਕਿਉਂ ਨਹੀਂ । ਬੇਸ਼ਕ ਪੀਓ ਪਰ ਕੋਈ ਵਧੀਆ ਜਿਹਾ ਸਿਗਰਟ ਪੀਣਾ ।”
ਕਿਸੇ ਨੇ ਪੁਛਿਆ, “ਵਧੀਆ ਨਾਲ ਕੀ ਫ਼ਰਕ ਪੈ ਜਾਏਗਾ?”
“ਵਧੀਆ ਸਿਗਰਟਾਂ ਦਾ ਧੂੰਆਂ ਤਾਂ ਕਈ ਵਾਰੀ ਸਾਡੇ ਅੰਗਰੇਜ਼ ਅਫ਼ਸਰਾਂ ਸਾਡੇ ਮੂੰਹ ‘ਤੇ ਮਾਰਿਆ ਹੈ, ਉਸ ਧੂੰਏਂ ਦੀ ਸਾਨੂੰ ਆਦਤ ਹੈ ।”
ਪੀਣ ਵਾਲੇ ਕੋਲ ਵਧੀਆ ਸਿਗਰਟ ਨਹੀਂ ਸੀ । ਉਹ ਬੀੜੀ ਪੀਣ ਵਾਲਾ ਸੀ । ਸ਼ਰਮਾ ਗਿਆ । ਕਹਿਣ ਲਗਾ, “ਮੈਂ ਨਹੀਂ ਪੀਂਦਾ।”
ਜਦੋਂ ਮੇਜਰ ਸਾਹਿਬ ਨੂੰ ਬੀੜੀ ਦੀ ਸਮਝ ਆਈ, ਤਾਂ ਉਹਨਾਂ ਆਖਿਆ :
“ਬੀੜੀ ਦਾ ਧੂੰਆਂ ਤੂੰ ਬਾਰੀ ਵਿਚੋਂ ਬਾਹਰ ਸੁਟ ਛੱਡੀਂ-ਨਾ ਸਾਡੇ ਵਲ ਮਾਰੀਂ, ਪਰ ਭਈ-ਪੀ ਜ਼ਰੂਰ ।”
ਤੇ ਆਖ ਵੇਖ ਕੇ ਉਨ੍ਹਾਂ ਉਹਨੂੰ ਸੂਟਾ ਲੁਆ ਹੀ ਦਿੱਤਾ।
ਅਗਲੇ ਸਟੇਸ਼ਨ ਤੇ ਇਕ ਹੌਲਦਾਰ ਨੇ ਪਲੇਟਫ਼ਾਰਮ ਤੋਂ ਸਲੂਟ ਖੜਕਾਈ ਤੇ ਪੁਛਿਆ :
“ਸਾਹਿਬ ਆਪ ਆਪਣਾ ਡੱਬਾ ਛੱਡ ਕੇ ਏਥੇ ਕਿਉਂ ਆ ਗਏ?”
“ਮੈਂ ਕੀ ਲੈਣਾ ਸੀ, ਪੇ-ਮਰਿਆਂ ਦੇ ਡੱਬੇ ਵਿਚ? ਕੋਈ ਅਖ਼ਬਾਰ ਪੜ੍ਹਦਾ ਸੀ, ਕੋਈ ਕਿਤਾਬ ਮੂੰਹ ਅੱਗੇ ਧਰੀ ਬੈਠਾ ਸੀ, ਕੋਈ ਸਿਗਰਟ ਦੇ ਧੂੰਏਂ ਵਲ ਹੀ ਵੇਖੀ ਜਾ ਰਿਹਾ ਸੀ । ਮੈਂ ਇਥੇ ਆ ਗਿਆ । ਏਥ ਸਭ ਦੇ ਪੇ ਜਿਉਂਦੇ ਜਾਪਦੇ ਨੇ।”
“ਫੇਰ ਮੈਂ ਤੁਹਾਡੀ ਸੀਟ ਤੇ ਜਾ ਬਵ੍ਹਾਂ ? ਸਮਾਨ ਦਾ ਧਿਆਨ ਰਖਾਂਗਾ?”
“ਨ ਭਈ-ਨਾ, ਉਥੇ ਤਾਂ ਮੇਰਾ ਜਾ-ਨਸ਼ੀਨ ਬੈਠਾ ਈ।”
“ਉਹ ਕੌਣ ਸਾਹਿਬ?”
“ਤੁਰਦੀ ਗੱਡੀ ਦੇ ਜੰਗਲੇ ਨਾਲ ਕੋਈ ਲਟਕ ਗਿਆ । ਮੈਨੂੰ ਡਰ ਲਗਾ ਕਿਤੇ ਡਿਗ ਡਿਗਾ ਕੇ ਮਰ ਜਾਏਗਾ । ਫੇਰ ਗਵਾਹੀਆਂ ਭੁਗਤਣੀਆਂ ਪੈਣਗੀਆਂ । ਮੈਂ ਉਹਨੂੰ ਅੰਦਰ ਵਾੜ ਲਿਆ। ਅਗਲੇ ਸਟੇਸ਼ਨ ਤੇ ਮੈਂ ਉਹਨੂੰ ਆਖਿਆ ਕਿਸੇ ਹੋਰ ਡੱਬੇ ਵਿਚ ਚਲਾ ਜਾ । ਪਰ ਉਹ ਪੈਰੀਂ ਪਏ, ‘ਜੀ ਮੈਨੂੰ ਕਿਸ ਥਾਂ ਦੇਣੀ ਏ।’ ਮੈਂ ਆਪਣੀ ਟਿਕਟ ਉਹਦੇ ਨਾਲ ਵਟਾ ਕੇ ਏਥੇ ਆ ਗਿਆ। ਬੰਤਾ ਸਿੰਘ ਹੋਰੀਂ ਇੱਥੇ ਬੈਠੇ ਸਨ।”
ਸੁਣ ਕੇ ਸਵਾਰੀਆਂ ਦੰਗ ਰਹਿ ਗਈਆਂ । ਪਰ ਉਸ ਭਲੇ ਸਰਦਾਰ ਨੇ ਕਿਸੇ ਨੂੰ ਆਪਣੀ ਤਾਰੀਫ਼ ਨਾ ਕਰਨ ਦਿੱਤੀ। ਜਿਹੜਾ ਕੋਈ ਸ਼ੁਰੂ ਕਰੇ, ਕੋਈ ਹੋਰ ਈ ਗੱਲ ਆਪਣੇ ਕੋਲੋਂ ਵਾਹ ਕੇ ਉਹਨੂੰ ਉਹ ਚੁਪ ਕਰਾ ਦੇਵੇ।
ਅਗਲੇ ਸਟੇਸ਼ਨ ਤੇ ਮੇਜਰ ਸਾਹਿਬ ਨੇ ਲਹਿ ਜਾਣਾ ਸੀ।
ਉਹਨਾਂ ਕੋਲੋਂ ਨਾਲ ਦਿਆਂ ਨੇ ਨਾਂ ਪਤਾ ਪੁਛਿਆ । ਉਹ ਸਿਪਾਹੀਆਂ ਨਾਲ ਉਹਨਾਂ ਦਾ ਅਸਬਾਬ ਕੱਠਾ ਕਰਨ ਲਗ ਪਏ।
“ਅਸਬਾਬ ਦਾ ਯੁੱਧ ਮੁਕਾ ਲਈਏ-ਫੇਰ ਮੈਂ ਤੁਹਾਨੂੰ ਆਪਣਾ ਸਾਰਾ ਪਤਾ ਲਿਖਾ ਦਿਆਂਗਾ ।”
ਸਟੇਸ਼ਨ ਆਇਆ, ਕੁਲੀਆਂ ਤੇ ਸਵਾਰੀਆਂ ਦਾ ਰੌਲਾ ਪੈ ਗਿਆ । ਤੇ ਮੇਜਰ ਸਾਹਿਬ ਸਭ ਨੂੰ ਹੱਥ ਜੋੜਦੇ ਤੇ ਇਹ ਕਹਿੰਦੇ ਕਾਹਲੀ ਕਾਹਲੀ ਗੱਡੀਓਂ ਹੇਠਾਂ ਉਤਰ ਗਏ :
“ਮੈਂ ਆਪਣਾ ਨਿੱਕ ਸੁਕ ਵੀ ਪੇ-ਮਰਿਆਂ ਦੇ ਡੱਬੇ ਚੋਂ ਕੱਠਾ ਕਰਨਾ ਹੈ-ਐਤਕੀਂ ਮਾਫ਼ੀ ਦੇ ਦਿਓ । ਜੇ ਫੇਰ ਇਹੋ ਜਿਹਾ ਮੌਕਾ ਮਿਲ ਗਿਆ ਤਾਂ ਪੂਰਾ ਪਤਾ ਨੋਟ ਕਰਾ ਦਿਆਂਗਾ।”
ਔਹ ਗਏ-ਔਹ ਗਏ-ਸਾਰੇ ਡੱਬੇ ‘ਚੋਂ ਰੂਹ ਨਿਕਲ ਗਈ- ਡੱਬਾ ਭਾਂ-ਭਾਂ ਕਰਨ ਲਗ ਪਿਆ ।

ਕਵਿਤਾ
ਇਕ ਗਰੀਬ ਦਾ ਗੁਰਪੁਰਬ
– ਧਨੀ ਰਾਮ ਚਾਤ੍ਰਿਕ
ਬਾਬਾ! ਮੇਰੇ ਠੁਰਕਣ ਨਿੱਕੇ ਨਿੱਕੇ ਬਾਲ।

ਕੋਈ ਨੰਗਾ, ਅੱਧ ਕੱਜਿਆ ਕੋਈ।
ਕਿਸੇ ਦੀ ਪਜਾਮੀ ਪਾਟੀ ਹੋਈ।
ਉੱਤੋਂ ਨੱਸਾ ਨੱਸਾ ਆਵੇ ਸਿਆਲ।
ਬਾਬਾ! ਮੇਰੇ ਠੁਰਕਣ ਨਿੱਕੇ ਨਿੱਕੇ ਬਾਲ।

ਪੱਲੇ ਪੈਂਦੀ ਏ ਖਿੱਚਵੀਂ ਮਜੂਰੀ।
ਕੋਈ  ਲੋੜ  ਨਾ  ਹੋਵੇ  ਪੂਰੀ।
ਅਤੇ ਦਾਣਿਆਂ ਦਾ ਪੈ ਗਿਆ ਕਾਲ।
ਬਾਬਾ! ਮੇਰੇ ਠੁਰਕਣ ਨਿੱਕੇ ਨਿੱਕੇ ਬਾਲ।

ਸਿਦਕ  ਸਬੂਰੀ  ਤੋਸ਼ਾ  ਮੇਰਾ।
ਨੰਗਿਆਂ ਤੇ ਭੁੱਖਿਆਂ ਨੂੰ ਆਸਰਾ ਤੇਰਾ।
ਮੇਰਾ ਹੱਲ ਕਰ ਰੋਟੀ ਦਾ ਸਵਾਲ।
ਬਾਬਾ! ਮੇਰੇ ਠੁਰਕਣ ਨਿੱਕੇ ਨਿੱਕੇ ਬਾਲ।

ਤੂੰ ਮੇਰਾ ਸਤਿਗੁਰ, ਮੈਂ ਤੇਰਾ ਬੇਟਾ।
ਕੰਗਲੇ ਦੀ ਇਹ ਕਬੂਲੀਂ ਭੇਟਾ।
ਰੁੱਖੀ ਰੋਟੀ, ਤੇ ਪਤਲੀ ਦਾਲ।
ਬਾਬਾ  ! ਮੇਰੇ ਠੁਰਕਣ ਨਿੱਕੇ ਨਿੱਕੇ ਬਾਲ।

ਨਾਨਕ
– ਜਸਵੰਤ ਜ਼ਫ਼ਰ
ਮਾਫ਼ ਕਰਨਾ
ਸਾਡੇ ਲਈ ਬਹੁਤ ਮੁਸ਼ਕਿਲ ਹੈ
ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ
ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ
ਤਿੜਕੀਆਂ ਅੱਡੀਆਂ
ਨ੍ਹੇਰੀ ਨਾਲ ਉਲਝੀ ਖੁਸ਼ਕ ਦਾਹੜੀ
ਲੂੰਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ
ਗੱਲ੍ਹਾਂ ਦਾ ਚਿਪਕਿਆ ਮਾਸ
ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂੰਘ ‘ਚ
ਦਗਦੀਆਂ ਮਘਦੀਆਂ ਤੇਜ਼ ਅੱਖਾਂ

ਅੱਖਾਂ ਜੋ –
ਪਰਿਵਾਰ ਨੂੰ
ਸਰਕਾਰ ਨੂੰ
ਤੇ ਹਰ ਸੰਸਕਾਰ ਨੂੰ
ਟਿੱਚ ਜਾਣਦੀਆਂ
ਬਹੁਤ ਖਤਰਨਾਕ ਸਿੱਧ ਹੋ ਸਕਦੈ
ਸਾਡੇ ਲਈ ਅਸਲੀ ਨਾਨਕ
ਅਜਿਹੇ ਨਾਨਕ ਦਾ ਅਸੀਂ
ਧਿਆਨ ਨਹੀਂ ਧਰ ਸਕਦੇ
ਜੋ ਘਰਾਂ ਨੂੰ ਉਜਾੜ ਸਕਦਾ
ਨਿਆਣੇ ਵਿਗਾੜ ਸਕਦਾ
ਕਿਸੇ ਕਾਅਬੇ ਵੱਲ ਪੈਰ ਕਰਕੇ
ਪ੍ਰਕਰਮਾ ਵਿਚ ਲੇਟਣ ਲਈ ਉਕਸਾ ਸਕਦਾ
ਲਿਹਾਜ਼ਾ
ਲੱਤਾਂ ਤੁੜਵਾ ਜਾਂ ਲੱਤਾਂ ਵਢਵਾ ਸਕਦਾ
ਤੇ ਹੋਰ ਵੀ ਬੜਾ ਕੁਝ ਗਲਤ ਕਰਵਾ ਸਕਦਾ
ਮਸਲਨ
ਅਸੀਂ ਮਜ਼ਹਬੀ ਚਿੰਨਾਂ ਦੇ ਥੋਥੇਪਨ ਨੂੰ ਨਾਪ ਸਕਦੇ ਹਾਂ
ਵਹਿਣਾਂ ਨੂੰ ਮੋੜਨ ਦਾ
ਮਰਿਆਦਾ ਨੂੰ ਤੋੜਨ ਦਾ
ਐਲਾਨਨਾਮਾ ਛਾਪ ਸਕਦੇ ਹਾਂ

See Also

ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਅਸੀਂ
ਸਾਨੂੰ ਤਾਂ ਚਾਹੀਦੀ ਏ
ਖ਼ੈਰ
ਸੁੱਖ
ਸ਼ਾਂਤੀ
ਸਾਨੂੰ ਤਾਂ ਚਾਹੀਦੀਆ ਨੇ ਮਿੱਠੀਆਂ ਦਾਤਾਂ
ਵਧਦੀਆਂ ਵੇਲਾਂ
ਤੇ ਵੇਲਾਂ ਨੂੰ ਲਗਦੇ ਰੁਪਈਏ
ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ
ਨਾਨਕ ਹੀ ਸੂਟ ਕਰਦਾ ਹੈ
ਸ਼ਾਂਤ
ਲੀਨ
ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ
ਹੱਥ ‘ਚੋਂ ਫੁਟਦੀ ਮਿਹਰ
ਤੇ ਅੱਖਾਂ ‘ਚੋਂ ਡੁੱਲ੍ਹ ਡੁੱਲ੍ਹ ਪੈਂਦੀ ਕੋਮਲਤਾ
ਸਨ ਸਿਲਕੀ ਸ਼ਫਾਫ ਦਾਹੜੀ
ਗੋਲ ਮਟੋਲ ਗੋਰੀਆਂ ਗੁਲਾਬੀ ਗੱਲ੍ਹਾਂ
ਫੇਅਰ ਐਂਡ ਲਵਲੀ
ਸੁਰਖ ਟਿਪਸੀ ਹੋਂਠ
ਮੁਲਾਇਮ ਜੈਮਿਨੀ ਪੈਰ
ਕੂਲੇ ਬਾਰਬੀ ਹੱਥ
ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ

ਸਾਡੇ ਇਨ੍ਹਾਂ ਘਰਾਂ ਦੀਆਂ ਕੰਧਾਂ ਤੇ
ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ
ਰਾਹਾਂ ਨੂੰ ਰੱਦ ਕਰਨ ਵਾਲੇ
ਖਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ
ਸਾਡੀ ਕੋਈ ਕੰਧ ਨਹੀਂ ਝੱਲ ਸਕਦੀ
ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ
ਘਰ ਨਹੀਂ ਢੁਆਉਣੇ
ਮਸਾਂ ਮਸਾਂ ਰੱਬ ਤੋਂ ਲਾਏ ਨਿਆਣੇ
ਹੱਥੋਂ ਨਹੀਂ ਗੁਆਉਣੇ
ਅਸੀਂ ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ
ਮਾਫ਼ ਕਰਨਾ

ਗ਼ਜ਼ਲ
– ਆਤਮਾ ਰਾਮ ਰੰਜਨ
ਸ਼ਾਬਾਸੇ ਪੰਜਾਬੀ ਪੁੱਤਰੋ, ਚੰਨ ਚੜ੍ਹਾਈ ਜਾਨੇ ਓਂ।
ਬਾਬੇ ਨਾਨਕ ਦੇ ਆਖੇ ਤੇ, ਫੁੱਲ ਚੜ੍ਹਾਈ ਜਾਨੇ ਓਂ।
ਉਸ ਪਿਤਾ ਕਿਹਾ ਪਾਣੀ ਨੂੰ ਪਰ ਆਪਾਂ ਅਮਲ ਨਾ ਕੀਤਾ
ਕਦਰ ਪਿਤਾ ਦੀ ਕਰਨੀ ਕੀ ਸੀ, ਗੰਦ ਰਲਾਈ ਜਾਨੇ ਓਂ।
ਧਰਤ ਨੂੰ ਰੁਤਬਾ ਮਾਂ ਦਾ ਦਿੱਤਾ, ਜਿਸ ਸਿਰਜੀ ਹੈ ਹਰਿਆਲੀ
ਪਾ ਪਾ ਜ਼ਹਿਰਾਂ ਉਸ ਦੀ ਕੁੱਖ ਨੂੰ, ਬਾਂਝ ਬਣਾਈ ਜਾਨੇ ਓਂ।
ਪਵਨ ਗੁਰੂ ਨੂੰ ਦੇ ਗੁਰਦੱਖਣਾ ਉਸ ਦਾ ਕਰਜ਼ਾ ਲਾਹ ਦਿੱਤਾ
ਦੇ ਕੇ ਜ਼ਹਿਰੀ ਧੂੰਆਂ ਉਸਨੂੰ, ਖ਼ੈਰ ਮਨਾਈ ਜਾਨੇ ਓਂ।
ਧੰਨ ਸਿਆਸਤਦਾਨੋਂ ਥੋਡੇ, ਲਾਲੋ ਭੁੱਖੇ ਸੌਂਦੇ ਨੇ
ਮਲਕੋ ਦੇ ਘਰ ਖੀਰਾਂ ਖਾ ਕੇ ਮੌਜ ਮਨਾਈ ਜਾਨੇ ਓਂ।
ਕਿਰਤ ਕਰਣ ਦੀ ਸਿਖਿਆ ਦਿੱਤੀ ਸਾਨੂੰ ਬਾਬੇ ਨਾਨਕ ਨੇ
ਕਿਰਤ ਕਰਣ ਤੋਂ ਭੱਜੇ ਲੋਕੋ, ਡੰਗ ਟਪਾਈ ਜਾਨੇ ਓਂ।
ਸਾਂਝੀਵਾਲ ਕਹਾਉਂਦੇ ਹੋ ਪਰ ਸਾਂਝ ਨਾ ਆਪਾਂ ਰੱਖੀ
ਮੁਰਦੇ ਨੂੰ ਵੀ ਜ਼ਾਤ ਮੁਤਾਬਕ ਦਫ਼ਨਾਈ ਜਾਨੇ ਓਂ।

Scroll To Top