Now Reading
ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਅਪ੍ਰੈਲ 2019)

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਅਪ੍ਰੈਲ 2019)

ਕਹਾਣੀ
ਜਾਨਵਰ
– ਰਘੁਬੀਰ ਢੰਡ
ਪੇਟੀਆਂ ਬੰਨ੍ਹੀਆਂ, ਖੋਲ੍ਹੀਆਂ, ਪਲ ਕੁ ਪਿੱਛੋਂ ਮੁੜ ਬੰਨ੍ਹੀਆਂ ਅਤੇ ਐਲਾਨ ਹੋਇਆ : ਸ਼੍ਰੀਨਗਰ ਆ ਗਿਆ।
”ਸ੍ਰੀਨਗਰ ਆ ਵੀ ਗਿਆ?… ਇੰਨੀ ਜਲਦੀ?” ਸਾਡੀ ਧੀ ਬੋਲੀ।
”ਜ਼ਿੰਦਗੀ ‘ਚ ਪਹਿਲੀ ਵਾਰ ਜਹਾਜ ਚੜ੍ਹੇ ਤੇ ਹਾਲੀਂ ਚੱਜ ਨਾਲ ਬਹਿ ਕੇ ਵੀ ਨ੍ਹੀਂ ਸੀ ਵੇਖਿਆ ਕਿ ਚਲੋ ਉਤਰੋ!” ਮੇਰੇ ਛੋਟੇ ਭਰਾ ਨੇ ਟਿੱਪਣੀ ਕੀਤੀ।
”ਹਾਂ ਚਾਚਾ ਜੀ,” ਸਾਡੀ ਧੀ ਨੇ ਹਾਮੀ ਭਰੀ।
ਪਰ ਮੇਰੀ ਪਤਨੀ ਨੇ ਜ਼ਰਾ ਕੁ ਗਹਿਰੀਆਂ, ਜ਼ਰਾ ਕੁ ਸਾਹ ‘ਚ ਸਾਹ ਆਈਆਂ ਅੱਖਾਂ ਉਨ੍ਹਾਂ ਦੋਹਾਂ ਵੱਲ ਸੁੱਟਦਿਆਂ ਆਖਿਆ : ”ਚੁੱਪ ਰਹੋ! ਮੈਂ ਤਾਂ ਸਾਹ ਘੁੱਟ ਕੇ ਰਾਜਾ ਸਾਂਸੀ ਤੋਂ ਸ਼੍ਰੀਨਗਰ ਦਾ ਇਹ ਅੱਧਾ ਘੰਟਾ ਕੱਟਿਐ ਕਿ ਕਿਤੇ ਹਵਾਈ ਜਹਾਜ਼ ਹੀ ਨਾ ਹਾਈਜੈਕ ਕਰ ਲੈਣ। ਸ਼ੁਕਰ ਕਰੋ ਸ਼ੁਕਰ!”
ਫਿਰ ਉਸਨੇ ਹੱਥ ਜੋੜ ਧੰਨਵਾਦ ਕਰਦਿਆਂ ਤੇ ਸੁੱਖ ਮੰਗਦਿਆਂ ਆਖਿਆ : ”ਹੇ ਮਾਤਾ, ਸੁੱਖ ਰਖੀਂ!”
”ਜਿੱਧਰ ਨੂੰ ਹੱਥ ਜੋੜੇ ਨੇ ਵੈਸ਼ਨੂੰ ਦੇਵੀ ਇੱਧਰਲੇ ਪਾਸੇ ਨ੍ਹੀਂ, ਉਲਟੇ ਪਾਸੇ ਐ।” ਮੈਂ ਆਪਣੀ ਪਤਨੀ ਨੂੰ ਜ਼ਰਾ ਮਜ਼ਾਕੀਆ ਰਾਹਤ ਪੁਚਾਉਣ ਲਈ ਆਖਿਆ।
”ਤੁਸੀਂ ਚੁੱਪ ਰਿਹਾ ਕਰੋ! ਸ਼ਰਧਾ ਦੀ ਗੱਲ ਐ, ਮੈਂ ਕੋਈ ਜੁਗਰਾਫੀਆ ਨ੍ਹੀਂ ਪੜ੍ਹਾਣਾ।”
ਬਾਹਰ ਨਿਕਲੇ ਤਾਂ ਟੈਕਸੀਆਂ ਵਾਲਿਆਂ ਨੇ ਆ ਝੁਰਮਟ ਪਾਇਆ। ਕੋਈ ਸਾਮਾਨ ਚੁੱਕੇ, ਕੋਈ ਬਾਹਾਂ ਖਿੱਚੇ… ਇੱਧਰ ਆਓ ਪਚਾਸੀ ਰੁਪਏ.. ਅੱਸੀ ਰੁਪਏ… ਸੱਤਰ, ਬਿਲਕੁਲ ਨਵੀਂ ਟੈਕਸੀ ਏ, ਹਵਾਈ ਜਹਾਜ ਨੂੰ ਮਾਤ ਪਾਂਦੀ ਏ…
”ਨਾ ਭਾਈ, ਅਸੀਂ ਜਹਾਜ ਵਰਗੀ ਵਿਚ ਨ੍ਹੀਂ ਬੈਠਣਾ। ਕੋਈ ਹਾਈਜੈਕ ਕਰ ਲਵੇਗਾ,” ਸਾਡੀ ਧੀ ਨੇ ਆਪਣੀ ਮਾਂ ਨੂੰ ਛੇੜਨ ਲਈ ਆਖਿਆ।
ਮੈਂ ਆਲੇ ਦੁਆਲੇ ਨਜ਼ਰ ਮਾਰੀ। ਖੰਭੇ ਕੋਲ ਇਕ ਟੈਕਸੀ ਡਰਾਈਵਰ ਲਕ ਪਿੱਛੇ ਹੱਥ ਲਟਕਾਈ ਇੰਜ ਖਲੋਤਾ ਸੀ ਜਿਵੇਂ ਉਸਨੂੰ ਕੋਈ ਬੇਸਬਰੀ ਕਾਹਲ ਨਾ ਹੋਵੇ, ਜਿਵੇਂ ਉਸਨੂੰ ਪਤਾ ਹੋਵੇ ਕਿ ਇਸ ਪਾਰਲੀਮੈਂਟਰੀ ਚੀਕ ਚਿਹਾੜੇ ਤੋਂ ਬਿਨਾਂ ਵੀ ਉਹਦੀ ਵਾਰੀ ਉਹਨੂੰ ਮਿਲ ਜਾਵੇਗੀ।
ਗਰਮੀ-ਏ-ਬਾਜ਼ਾਰ ਖ਼ਤਮ ਹੁੰਦਿਆਂ ਹੀ ਉਹ ਸਾਡੇ ਕੋਲ ਆਇਆ।
-ਚਲੋਗੇ ?
-ਕਿੰਨੇ ਪੈਸੇ?
-ਪੰਜਾਹ ਰੁਪਏ, ਭੈਣ ਜੀ!
– ਹੋਰ ਘੱਟ ਕਰ ਲੈ… ਚਾਲ੍ਹੀ!
– ਨਹੀਂ ਭੈਣ ਜੀ, ਮੈਂ ਸੌਦੇਬਾਜ਼ੀ ਨਹੀਂ ਕਰਦਾ। ਮਾਫ਼ ਕਰਨਾ।
– ਗੈਰਤਮੰਦ ਆਦਮੀ ਨੇ। ਅੱਬਾ ਜਾਨ ਨਾਲ ਕੋਈ ਸੌਦੇਬਾਜ਼ੀ ਨਹੀਂ ਹੋਵੇਗੀ।”
ਸਾਡੀ ਧੀ ਨੇ ਫੈਸਲਾਕੁਨ ਆਵਾਜ਼ ਵਿਚ ਆਖਿਆ।
ਉਹ ਅਗਾਂਹ ਵਧਿਆ। ਸਾਡੀ ਧੀ ਦਾ ਸਿਰ ਪਲੋਸਿਆ ਤੇ ਬੋਲਿਆ : ”ਤੂੰ ਬੇਟਾ, ਮੈਨੂੰ ਅੱਬਾ ਜਾਨ ਕਿਹਾ…”
ਇਸ ਤੋਂ ਅਗਾਂਹ ਉਸ ਤੋਂ ਗੱਲ ਨਾ ਹੋਈ। ਮੈਂ ਉਹ ਦੀਆਂ ਅੱਖਾਂ ਵਿਚ ਤੱਕਿਆ ਜਿਨ੍ਹਾਂ ਵਿਚ ਨਮੀ ਵੀ ਸੀ, ਚਾਨਣ ਵੀ; ਜਿਵੇਂ ਤ੍ਰੇਲ ‘ਤੇ ਸੂਰਜ ਚਮਕ ਪਿਆ ਹੋਵੇ।
ਟੈਕਸੀ ਤੁਰਦਿਆਂ ਹੀ ਮੇਰੀ ਪਤਨੀ ਨੇ ਹੁਕਮ ਸਾਦਿਰ ਕੀਤਾ, ”ਹੁਣ ਕੋਈ ਗੱਲ ਨ੍ਹੀਂ ਕਰਨੀ। ਸੁਰਗ ਦਾ ਨਜ਼ਾਰਾ ਲਵੋ। ਬੰਬਾ ਨੋਟਾਂ ਦਾ ਖਰਚਿਐ। ਅਜੇ ਹੋਰ ਪਤਾ ਨ੍ਹੀਂ ਕਿੰਨੇ ਲੱਗਣੇ ਨੇ?”
ਕਾਰ ਏਅਰਪੋਰਟ ਦੀ ਚੁੱਪ ਤੇ ਵੀਰਾਨ ਵਾਦੀ ‘ਚੋਂ ਸ੍ਰੀਨਗਰ ਦੀ ਜੂਹ ਵਿਚ ਦਾਖ਼ਲ ਹੋਣ ਲੱਗੀ… ਧੂੜ… ਗੰਦ… ਗਰਦੀ।
”ਸੁਰਗ!” ਆਖ ਮੈਂ ਆਪਣੀ ਪਤਨੀ ਵੱਲ ਤਿਰਛੀਆਂ ਨਜ਼ਰਾਂ ਸੁੱਟੀਆਂ।
ਮੇਰੇ ਵਿਅੰਗ ਨੂੰ ਸਮਝਦਿਆਂ ਤੇ ਕੱਟਦਿਆਂ ਮੇਰੀ ਪਤਨੀ ਇਕਦਮ ਦੂਜੇ ਪਾਸੇ ਹੋ ਗਈ, ਬੋਲੀ, ”ਮੈਂ ਤਾਂ ਤੁਹਾਨੂੰ ਪਹਿਲਾਂ ਹੀ ਆਖਿਆ ਸੀ ਕਿ ਮੈਨੂੰ ਮਾਤਾ ਦੇ ਲੈ ਚੱਲੋ।”
ਪਰ ਟੈਕਸੀ ਵਾਲਾ ਸਾਡੇ ਸ਼ੰਕੇ ਨਵਿਰਤ ਕਰਨ ਲਈ ਸਾਡੀ ਧੀ ਨੂੰ ਸੰਬੋਧਤ ਹੋਇਆ, ”ਬਿਟੀਆ, ਗਲਤ ਅੰਦਾਜ਼ਾ ਨਾ ਲਾਣਾ। ਜਦੋਂ ਡੱਲ ਝੀਲ ਵੇਖੋਗੇ, ਨਿਸ਼ਾਤ ਤੇ ਸ਼ਾਲੀਮਾਰ ਗਾਰਡਨ ਵੇਖੋਂਗੇ, ਹਾਰਵਨ ਤੇ ਆਲਾ ਦੁਆਲਾ ਵੇਖੋਂਗੇ, ਫਿਰ ਪਤਾ ਚੱਲੇਗਾ ਕਿ ਕਸ਼ਮੀਰ ਖ਼ੁਦਾ ਨੇ ਇਬਾਦਤ ਲਈ ਬਣਾਇਆ ਏ… ਇਹ ਤਾਂ ਸ਼ਹਿਰ ਏ ਬਿਟੀਆ, ਕਸ਼ਮੀਰ ਨਹੀਂ ਏ।”
”ਹਾਂ, ਇਹ ਤਾਂ ਸ਼ਹਿਰ ਐ,” ਮੇਰਾ ਭਰਾ ਸ਼ਾਇਰਾਨਾ ਅੰਦਾਜ਼ ਵਿਚ ਬੋਲਿਆ ਅਤੇ ਅਗਯ ਦੀ ‘ਸਾਂਪ’ ਨਾਮੀ ਕਵਿਤਾ ਸੁਣਾਉਣ ਲੱਗਿਆ :
ਸਾਂਪ! ਤੁਮ ਸੱਭਯ ਤੋ ਹੂਏ ਨਹੀਂ
ਸ਼ਹਿਰ ਮੇਂ ਬਸਨੇ ਕਾ ਢੰਗ ਭੀ ਤੁਮਹੇਂ ਨਹੀਂ ਆਇਆ
ਫਿਰ ਕੈਸੇ ਸੀਖਾ ਡਸਨਾ
ਔਰ ਵਿਸ਼ ਕਹਾਂ ਪਾਇਆ?
ਟੈਕਸੀ ਡਰਾਈਵਰ ਨੇ ਬਿਨਾਂ ਨਜ਼ਰ ਭੁਆਇਆਂ ਪੁੱਛਿਆ, ”ਤੁਸੀਂ ਟੂਰਿਸਟ ਸੈਂਟਰ ਵਿਚ ਬੁਕਿੰਗ ਕਰਵਾਈ ਹੋਈ ਏ?”
”ਨਹੀਂ।”
”ਕੋਈ ਸਿਫਾਰਸ਼ ਹੈ?”
”ਨਹੀਂ ਤਾਂ।”
”ਫਿਰ ਤਾਂ ਜਗ੍ਹਾ ਮਿਲਣੀ ਮੁਸ਼ਕਿਲ ਹੈ।”
”ਕੋਈ ਗੱਲ ਨ੍ਹੀਂ। ਵੇਖ ਲੈਂਦੇ ਆਂ। ਨਹੀਂ ਤਾਂ ਸਾਡੇ ਕੋਲ ਇਕ ਪਤਾ ਹੈ, ਉੱਥੇ ਚਲੇ ਚਲਾਂਗੇ।”
ਟੈਕਸੀ ਡਰਾਇਵਰ ਦਾ ਕਹਿਣਾ ਠੀਕ ਸੀ। ਸਾਨੂੰ ਟੂਰਸਿਟ ਸੈਂਟਰ ਵਿੱਚ ਥਾਂ ਨਹੀਂ ਸੀ ਮਿਲੀ।
ਅਸੀਂ ਪਤੇ ਵਾਲੀ ਥਾਂ ਤੁਰ ਪਏ ਅਤੇ ਟੈਕਸੀ ਵਾਲੇ ਨਾਲ ਤੈਅ ਕਰ ਲਿਆ ਕਿ ਕੱਲ੍ਹ ਸਾਰਾ ਦਿਨ ਉਹ ਸਾਨੂੰ ਸ੍ਰੀਨਗਰ ਦੀਆਂ ਵੇਖਣ ਵਾਲੀਆਂ ਥਾਵਾਂ ਵਿਖਾਵੇਗਾ।
”ਕਿੰਨੇ ਪੈਸੇ ਲਵੋਗੇ?” ਮੈਨੂੰ ਪਤਾ ਸੀ ਮੇਰੀ ਪਤਨੀ ਇਹੀ ਸਵਾਲ ਕਰੇਗੀ, ਸੋ ਕਰ ਦਿੱਤਾ।
”ਜਿੰਨੇ ਬਿਟੀਆ ਕਹੇਗੀ,” ਉਸਨੇ ਬੜੀ ਮੁਰੱਵਤ ਨਾਲ ਆਖਿਆ।
”ਸ਼ੁਕਰੀਆ, ਅੱਬਾ ਜਾਨ।” ਸਾਡੀ ਧੀ ਨੇ ਆਖਿਆ।
”ਨਹੀਂ ਪਹਿਲਾਂ ਪੈਸੇ ਖੋਲ੍ਹ ਲਵੋ, ਦੱਸ ਭਾਈ,” ਮੇਰੀ ਪਤਨੀ ਨੇ ਮੁੜ ਜ਼ੋਰ ਦਿੱਤਾ।
ਪਰ ਉਹਦੇ ਜਵਾਬ ਤੋਂ ਪਹਿਲਾਂ ਹੀ ਮੈਂ ਆਖਿਆ, ”ਚੱਲ ਭਾਗਵਾਨੇ ਛੱਡ ਪਰ੍ਹਾਂ। ਮਹਿੰ ਲੈਣ ਲੱਗਿਆ ਸੰਗਲ ਦੀ ਕਿਰਸ ਨ੍ਹੀਂ ਕਰੀਦੀ… ਦੋ ਸੌ ਠੀਕ ਐ, ਭਾਈ ਸਾਹਿਬ?”
”ਨਹੀਂ ਜੀ, ਡੇਢ ਸੌ।” ਉਹਨੇ ਬੜੇ ਕੁਦਰਤੀ ਅੰਦਾਜ਼ ਵਿੱਚ ਆਖਿਆ।
ਘਰ ਪੁੱਜਣ ਤੀਕ ਮੈਂ ਆਪਣੀ ਪਤਨੀ ਦੀ ਇਸ ਸੌਦੇਬਾਜ਼ੀ ਬਾਰੇ ਸੋਚਦਾ ਰਿਹਾ। ਪਤਨੀ, ਜਿਹੜੀ ਜਜ਼ਬਾਤੀ ਛਿਣਾਂ ਵਿੱਚ ਵੀ ਜਜ਼ਬਾਤੀ ਨਹੀਂ ਹੁੰਦੀ। ਜੇ ਔਰਤ ਨਾ ਹੋਵੇ ਤਾਂ ਮਰਦ ਨਾ ਆਪ ਵਸੇ, ਨਾ ਕਿਸੇ ਨੂੰ ਵਸਣ ਦੇਵੇ, ਮੈਂ ਸੋਚਿਆ। ਔਰਤ ਹਰ ਅਗਲਾ ਪੈਰ ਠੋਸ ਧਰਤੀ ‘ਤੇ ਧਰਦੀ ਹੈ – ਇਕੋ ਸਮੇਂ ਮਾਂ ਵੀ ਹੁੰਦੀ ਹੈ ਤੇ ਪਤਨੀ ਵੀ। ਜਦੋਂ ਪ੍ਰੇਮਿਕਾ ਵਾਲਾ ਜਜ਼ਬਾਤੀ ਰੋਲ ਵੀ ਕਰਦੀ ਹੈ, ਉਦੋਂ ਵੀ ਉਹਦਾ ਦਿਲ ਦਿਮਾਗ ਵਿੱਚ ਰਹਿੰਦਾ ਹੈ। …ਇੰਜ ਸੋਚਦਿਆਂ ਮੈਂ ਆਪਣੀ ਪਤਨੀ ਦੀਆਂ ਅੱਖਾਂ ਵਿੱਚ ਤੱਕਿਆ। ਉਨ੍ਹਾਂ ਵਿੱਚ ਸ੍ਰੀਨਗਰ ਦੀ ਧੂੜ ਅਤੇ ਗੰਦ ਦਾ ਪ੍ਰਛਾਵਾਂ ਤੀਕ ਨਹੀਂ ਸੀ। ਇੰਜ ਸਾਫ਼-ਸੁਥਰੀਆਂ ਅਤੇ ਨਿਰਮਲ ਸਨ ਜਿਵੇਂ ਮਾਂ ਦੀਆਂ ਦੁੱਧੀਆਂ ਵਿੱਚੋਂ ਨਿਕਲਿਆ ਦੁੱਧ ਬੱਚੇ ਦੀਆਂ ਬੁੱਲ੍ਹੀਆਂ ‘ਤੇ ਡੁਲ੍ਹਕ ਆਇਆ ਹੋਵੇ।
ਦੂਜੇ ਦਿਨ ਅਲੀ ਮੁਹੰਮਦ ਮਿਥੇ ਸਮੇਂ ਅਨੁਸਾਰ ਸਾਡੇ ਕੋਲ ਪੁੱਜ ਗਿਆ। ਮੈਂ ਉਸਨੂੰ ਚੱਲਣ ਤੋਂ ਪਹਿਲਾਂ ਹੀ ਅਰਜ਼ ਕਰ ਦਿੱਤੀ ਕਿ ਹੋਰਾਂ ਥਾਵਾਂ ਤੋਂ ਬਿਨਾਂ ਅਸੀਂ ਕੋਈ ਅਸਲੀ ਜਾਣੀ ਟਿਪੀਕਲ ਕਸ਼ਮੀਰੀ ਪਰਿਵਾਰ ਵੀ ਵੇਖਣਾ ਚਾਹਾਂਗੇ। ਉਸਨੇ ‘ਠੀਕ ਏ, ਜੀ’ ਆਖਿਆ ਤੇ ਟੈਕਸੀ ਤੋਰ ਲਈ।
ਸ੍ਰੀਨਗਰ ਦੀ ਹੱਦ ਤੋਂ ਬਾਹਰ ਨਿਕਲੇ ਤਾਂ ਕਸ਼ਮੀਰ ਦਾ ਨਜ਼ਾਰਾ ਆਉਣ ਲੱਗਿਆ। ਅਲੀ ਮੁਹੰਮਦ ਦੱਸਦਾ ਗਿਆ… ”ਔਹ ਡੱਲ ਝੀਲ ਏ, ਖ਼ੁਦਾ ਦੀ ਨਾਯਾਬ ਰਹਿਮਤ…ਔਹ ਚਾਰ ਚਨਾਰ…ਔਹ ਨਹਿਰੂ ਪਾਰਕ…ਔਹ ਫਲੋਟਿੰਗ ਵੈਜੀਟੇਬਲ ਗਾਰਡਨ…”
ਛੁੱਟੀਆਂ ਦੇ ਮੂਡ ਵਿੱਚ ਹੋਣ ਕਰਕੇ ਨਾ ਕੋਈ ਤਨਾਉ, ਨਾ ਚਿੰਤਾ ਤੇ ਨਾ ਹੀ ਸੰਜੀਦਗੀ-ਬਸ ਪੂਰੇ ਬੇਪਰਵਾਹ! ਬਸ ਕਸ਼ਮੀਰ ਵੇਖਣਾ ਸੀ ਤਾਂ ਕਿ ਰੱਬ ਕੋਲ ਜਾ ਕੇ ਸ਼ਰਮਿੰਦਿਆਂ ਨਾ ਹੋਣਾ ਪਵੇ। ਕੋਈ ਖੋਜ ਤਾਂ ਕਰਨੀ ਨਹੀਂ ਸੀ। ਅਜਿਹੇ ਮੌਕੇ ਜਿਵੇਂ ਸਾਰਿਆਂ ਨਾਲ ਬੀਤਦੀ ਹੈ… ਬਸ ਗੱਲ, ਕੋਈ ਵੀ ਗੱਲ, ਤੁਰ ਪੈਂਦੀ ਹੈ ਤੇ ਆਪਣੇ ਆਪ ਲੜੀ ਨਾਲ ਲੜੀ ਜੁੜਦੀ ਤੁਰੀ ਜਾਂਦੀ ਹੈ। ਸਾਡੀ ਧੀ ਆਖਣ ਲੱਗੀ, ”ਦਿੱਲੀ ਤੁਸੀਂ ਤਾਂ ਕਿਸੇ ਨਾਲ ਕਾਰ ਵਿੱਚ ਆ ਗਏ, ਮੈਂ ਮਾਸੀ ਤੇ ਚਾਚਾ ਜੀ ਨਾਲ ਡੀ-ਲਕਸ ਕੋਚ ‘ਚ ਆਈ ਤੇ ਰਾਹ ਵਿੱਚ ਕੋਚ ਖ਼ਰਾਬ ਹੋ ਗਈ। ਕੋਈ ਹੈਰਾਨ ਹੀ ਨਾ ਹੋਇਆ। ਚੁੱਪ ਕਰਕੇ ਬਾਹਰ ਆ ਖਲੋਤੇ। ਇੰਨੇ ਨੂੰ ਗਿਰਝਾਂ ਵਾਂਗ ਫੁਕਰੇ ਜਿਹੇ ਮੁੰਡੇ ਪਤਾ ਨ੍ਹੀਂ ਕਿੱਥੋਂ ਆ ਧਮਕੇ। ਮੂੰਹ ਆਇਆ ਬਕਦੇ ਰਹੇ। ਸ਼ੁਕਰ ਹੈ, ਬੱਸ ਘੰਟੇ ਕੁ ‘ਚ ਹੀ ਠੀਕ ਹੋ ਗਈ। ਪਰ ਉਹ ਘੰਟਾ ਮੈਂ ਸਦੀ ਜਿਡਾ ਔਖਾ ਕੱਟਿਆ। ਜਦੋਂ ਇਹ ਗੱਲ ਮੈਂ ਚੰਡੀਗੜ੍ਹ ਮਾਸੀ ਦੀ ਕੁੜੀ ਨੂੰ ਦੱਸੀ ਤਾਂ ਉਹ ਇੰਨਾ ਹੱਸੀ ਕਿ ਉਸ ਦੀਆਂ ਅੱਖਾਂ ‘ਚੋਂ ਪਾਣੀ ਵਗ ਪਿਆ। ”ਇਹ ਵੀ ਕੋਈ ਕਰਨ ਜਾਂ ਸੋਚਣ ਵਾਲੀ ਗੱਲ ਐ”, ਉਹ ਬੋਲੀ। ”ਮੇਰੀ ਸਾਈਕਲ ਵਿੱਚ ਕਈ ਵਾਰ ਬਾਈ-ਬਾਈ ਪਿੰਨ ਮਾਰੇ ਹੁੰਦੇ ਨੇ।” ਸਾਡੀ ਧੀ ਨੇ ਤੋੜਾ ਇਨ੍ਹਾਂ ਸ਼ਬਦਾਂ ਨਾਲ ਝਾੜਿਆ, ”ਮੈਂ ਆਪਣੇ ਹੀ ਦੇਸ਼ ਵਿੱਚ ਬਹੁਤ ਅਨਸੇਫ ਮਹਿਸੂਸ ਕਰਦੀ ਹਾਂ।”
ਲੜੀ ਮੇਰੀ ਪਤਨੀ ਨੇ ਫੜੀ ਲਈ…”ਕੁੱਤੇ ਨੇ! ਥਾਂ-ਥਾਂ ਲਾਲਾਂ ਸੁੱਟਦੇ ਫਿਰਦੇ ਨੇ। ਇਰ ਵਾਰ ਤਾਂ ਜੀਅ ਕਰਦੈ ਕਿ ਚੱਪਲ ਲਾਹ ਲਵਾਂ, ਪਰ ਇਹ ਤਾਂ ਪੈਰ-ਪੈਰ ਤੇ ਫਿਰਦੇ ਨੇ। ਔਤਰਿਆਂ ਨੂੰ ਜਿਵੇਂ ਕੋਈ ਕੰਮ ਧੰਦਾ ਹੀ ਨਹੀਂ ਹੁੰਦਾ…”
ਆਪਣੀ ਪਤਨੀ ਨੂੰ ਗਰਮੀ ਖਾਂਦੀ ਵੇਖ, ਵਿੱਚ ਮੈਂ ਵੀ ਟੱਲਾ ਲਾ ਦਿੱਤਾ: ”ਮੈਂ ਖੰਨੇ ਤੇਰੀ ਮੰਮੀ ਨਾਲ ਬੈਂਕ ‘ਚੋਂ ਪੈਸੇ ਕਢਾਉਣ ਗਿਆ। ਇਕ ਅੱਧਖੜ, ਜਮ੍ਹਾ ਹੀ ਹਾਰਿਆ ਜਿਹਾ। ਸਾਈਕਲ ‘ਤੇ ਜਾਂਦੇ-ਜਾਂਦੇ ਨੇ ਤੇਰੀ ਮੰਮੀ ‘ਤੇ ਦੂਰਬੀਨ ਵਾਂਗ ਅੱਖਾਂ ਗੱਡ ਦਿੱਤੀਆਂ। ਜਾ ਕੇ ਗਊ ‘ਚ ਲੱਗਿਆ। ਮੈਂ ਜਾ ਕੇ ਉਹਨੂੰ ਬੜੇ ਪ੍ਰੇਮ ਨਾਲ ਬਾਹੋਂ ਫੜ ਉਠਾਇਆ ਤੇ ਆਖਿਆ, ‘ਬਾਈ ਸਿਆਂ, ਬਾਲ-ਬੱਚੇ ਵਾਲਾ ਹੋਵੇਂਗਾ’?”
”ਹਾਂ, ਪਰ ਉਹ ਤਾਂ ਵਿਆਹੇ-ਵਰੇ ਹੋਏ ਨੇ।”
”ਤਾਂ ਫੇਰ ਭਾਗਵਾਨ ਤਾਂ ਹੋਵੇਗੀ ਹੀ।”
”ਉਹ ਵੀ ਮਹਾਰਾਜ ਨੂੰ ਪਿਆਰੀ ਹੋ ਗਈ।”
”ਅੱਜ ਤਾਂ ਗਊ ਨਾਲ ਹੀ ਕੰਮ ਸਰ ਗਿਆ, ਜੇ ਕੱਲ੍ਹ ਨੂੰ ਜੀ.ਟੀ. ਰੋਡ ‘ਤੇ ਕਿਸੇ ਟਰੱਕ ਨਾਲ ਜਾ ਵੱਜਿਆ?”
”ਤਾਂ ਕੀ ਹੋ ਜੂ। ਬਥੇਰੇ ਮਰਦੇ ਨੇ ਰੋਜ਼।”
”ਪਰ ਇਹ ਔਰਤ ਜੀਹਦੇ ‘ਤੇ ਦੂਰਬੀਨ ਗੱਡੀ ਐ, ਮੇਰੀ ਘਰ ਵਾਲੀ ਐ।”
”ਚੀਜ਼ ਚੰਗੀ ਐ।”…
ਇੰਜ ਆਖ ਉਹ ਬੜੇ ਆਰਾਮ ਨਾਲ ਸਾਈਕਲ ‘ਤੇ ਚੜ੍ਹਿਆ ਤੇ ਔਹ ਗਿਆ। ਮੈਂ ਬੇਸ਼ਰਮ ਜਿਹਾ ਹੋ ਤੇਰੀ ਮੰਮੀ ਨਾਲ ਬੈਂਕ ਵੱਲ ਨੂੰ ਤੁਰ ਪਿਆ।
ਸ਼ਾਹੀ ਚਸ਼ਮੇ ਤੇ ਪਰੀ ਮਹਿਲ ਨੂੰ ਜਾਂਦਿਆਂ ਵੀ ਇਹੋ ਜਿਹੀਆਂ ਗੱਲਾਂ ਹੀ ਹੁੰਦੀਆਂ ਰਹੀਆਂ। ਮੇਰਾ ਭਰਾ ਮੇਰੀ ਪਤਨੀ ਨੂੰ ਪੁੱਛਣ ਲੱਗਿਆ : ”ਭਾਬੀ ਜੀ! ਉੱਧਰ ਇੰਗਲੈਂਡ ਵਿੱਚ ਤਾਂ ਆਪਣੇ ਬੰਦੇ ਇੱਧਰ ਵਾਂਗ ਔਰਤਾਂ ਨੂੰ ਬੇ-ਆਰਾਮ ਨਹੀਂ ਕਰਦੇ ਹੋਣੇ?”
ਮੇਰੀ ਪਤਨੀ ਆਖਣ ਲੱਗੀ, ”ਵਾਹ! ਤੇਰੀ ਸਲਾਹ ਐ ਕਿ ਗਧੇ ‘ਤੇ ਕਿਤਾਬਾਂ ਲੱਦਣ ਨਾਲ ਉਹ ਵਿਦਵਾਨ ਬਣ ਜਾਂਦੈ…ਮੈਂ ਤੇ ਮੇਰੀ ਇਕ ਸਹੇਲੀ ਬੱਸ ‘ਚ ਜਾ ਰਹੀਆਂ ਸਾਂ। ਕੰਡਕਟਰ ਨੇ ਟਿਕਟ ਦੇਣ ਲੱਗਿਆ ਆਪਣਾ ਗੋਡਾ ਜਾਣ ਕੇ ਮੇਰੀ ਸਹੇਲੀ ਦੇ ਪੱਟ ‘ਚ ਮਾਰਿਆ। ਸ਼ਰੀਫ ਔਰਤ ਸੀ, ਚੁੱਪ ਕਰਕੇ ਕੱਠੀ ਜਿਹੀ ਹੋ ਕੇ ਬਹਿ ਗਈ। ਕੰਡਕਟਰ ਆਪਣਾ ਇੰਡੀਅਨ ਜਾਂ ਪਾਕਿਸਤਾਨੀ ਹੋਵੇਗਾ। ਉਹਨੇ ਸੋਚਿਆ ਕਿ ਮੇਰਾ ਗੋਡਾ ਮਾਰਿਆ ਤਾਂ ਐਵੇਂ ਹੀ ਗਿਆ। ਕੋਈ ਹਿਲਜੁਲ ਤਾਂ ਕੋਈ ਨ੍ਹੀਂ ਫੇਰ ਮੁੜ ਕੇ ਆਇਆ, ਫੇਰ ਗੋਡਾ ਮਾਰਿਆ। ਨਾਲੇ ਕਹਿਣ ਲੱਗਿਆ, ‘ਮੈਂ ਕਿਹਾ ਜੀ ਪੀੜ ਤਾਂ ਨਹੀਂ ਹੋਈ’?”
ਫਿਰ ਮੇਰੀ ਪਤਨੀ ਨੂੰ ਜਿਵੇਂ ਆਪਣੀ ਹੀ ਕੀਤੀ ਗੱਲ ਪਸੰਦ ਨਾ ਆਈ ਹੋਵੇ। ਆਖਣ ਲੱਗੀ, ”ਚਲੋ ਛੱਡੋ, ਕੋਈ ਚੱਜ ਦੀ ਗੱਲ ਕਰੋ। ਕੁੜੀ ਸਾਹਮਣੇ ਕਿਹੋ ਜਿਹਾ ਪਾਠ ਸ਼ੁਰੂ ਕਰ ਦਿੱਤਾ।”
ਕਾਰ ਰੁਕ ਗਈ ਅਤੇ ਅਲੀ ਮੁਹੰਮਦ ਬੋਲਿਆ, ”ਲਓ ਜੀ, ਸ਼ਾਲੀਮਾਰ ਗਾਰਡਨ ਆ ਗਿਆ।”
ਸ਼ਾਲੀਮਾਰ ਗਾਰਡਨ ਵੇਖਿਆ…ਅਤਿ ਸੁੰਦਰ ਪਰ ਬੁਰੀ ਤਰ੍ਹਾਂ ਸੰਭਾਲਿਆ ਹੋਇਆ।
”ਇਹਦੇ ਬਾਰੇ ਕੁਝ ਦੱਸੋ, ਡੈਡੀ!” ਸਾਡੀ ਧੀ ਨੇ ਆਖਿਆ।
ਆਪਣੀ ਧੀ ਨੂੰ ਕੁਝ ਦੱਸਣ ਤੋਂ ਪਹਿਲਾਂ ਮੈਂ ਆਪਣੀ ਪਤਨੀ ਵੱਲ ਵੇਖਿਆ ਜਿਹੜੀ ਬਾਗ਼ ਵਿੱਚ ਫਿਰਦੀ-ਫਿਰਦੀ ਕੁਝ ਥੱਕ ਗਈ ਜਾਪਦੀ ਸੀ ਤੇ ਹੁਣ ਬੂਟਿਆਂ ਹੇਠ ਬੈਠੇ ਫੋਟੋਗ੍ਰਾਫਰਾਂ ਵੱਲ ਵੇਖ ਰਹੀ ਸੀ, ਜਿਹੜੇ ਕਸ਼ਮੀਰੀ ਡਰੈਸਾਂ ਤੇ ਬੁਰਕਿਆਂ ਵਿੱਚ ਔਰਤਾਂ ਦੀਆਂ ਤਸਵੀਰਾਂ ਖਿਚ ਰਹੇ ਸਨ। ਮੈਂ ਉਸਨੂੰ ਜ਼ਰਾ ਰੰਗ ਵਿੱਚ ਲਿਆਉਣ ਦੀ ਨੀਤ ਨਾਲ, ਆਪਣੀ ਧੀ ਨੂੰ ਆਖਿਆ : ”ਮੈਨੂੰ ਬੇਟਾ, ਬਹੁਤ ਪਤਾ ਨ੍ਹੀਂ। ਆਪਾਂ ਤਾਂ ਵਲੈਤੀ ਲੋਕ ਆਂ। ਰਾਇਲ ਫੈਮਿਲੀ ਦੀਆਂ ਰਾਣੀਆਂ ਸ਼ਹਿਜ਼ਾਦੀਆਂ ਬਾਰੇ ਕੁਝ ਪੁੱਛਣਾ ਹੈ ਤਾਂ ਦੱਸ ਸਕਦਾਂ।… ਇਕ ਤਾਂ ਆਹ ਨਾਲ ਹੀ ਬੈਠੀ ਐ,” ਮੈਂ ਆਪਣੀ ਪਤਨੀ ਵੱਲ ਇਸ਼ਾਰਾ ਕਰਕੇ ਆਖਿਆ।
ਮੇਰੀ ਪਤਨੀ ਨੇ ਮੇਰੇ ਕੁਹਣੀ ਮਾਰੀ। ਜਦੋਂ ਮੈਂ ‘ਸੀ’ ਕੀਤੀ ਤਾਂ ਇਕਦਮ ਮੇਰੀ ਵੱਖੀ ਘੁੱਟਣ ਲੱਗ ਪਈ ਤੇ ਸਾਡੀ ਧੀ ਆਖਣ ਲੱਗੀ, ”ਡੈਡੀ, ਮੇਰੀ ਮੰਮੀ ਨੂੰ ਰਾਇਲ ਫੈਮਿਲੀ ਦੇ ਕਰਾਊਡ ਨਾਲ ਮਿਲਾ ਕੇ ਮੇਰੀ ਮੰਮੀ ਦੀ ਬੇਇੱਜ਼ਤੀ ਕਰਦੇ ਹੋ। ਮੇਰੀ ਮੰਮੀ ਕੋਈ ਚਿੱਟਾ ਹਾਥੀ ਥੋੜ੍ਹੇ ਐ। ਪੰਦਰਾਂ ਸਾਲ ਬਰਫ਼ਾਂ ਮਿਧ-ਮਿਧ ਮਜ਼ਦੂਰੀ ਕੀਤੀ ਐ ਮੇਰੀ ਮੰਮੀ ਨੇ…”
ਆਪਣੀ ਧੀ ਦੀ ਟਿੱਪਣੀ ਸੁਣ ਮੈਂ ਬੜਾ ਖੁਸ਼ ਹੋਇਆ ਕਿ ਬੱਚਿਆਂ ‘ਤੇ ਕੀਤੀ ਮਿਹਨਤ ਅਜਾਈੰ ਨਹੀਂ ਗਈ।
ਖ਼ੈਰ ਮੇਰੇ ਕੁਝ ਹੋਰ ਆਖਣ ਤੋਂ ਪਹਿਲਾਂ ਹੀ ਮੇਰਾ ਭਰਾ ਕਹਿਣ ਲੱਗਿਆ: ”ਬੇਟਾ, ਇਹ ਬਾਗ਼ ਨੂਰਜਹਾਂ ਨੇ ਬਣਵਾਇਆ ਸੀ। ਉਹ ਮੁਗਲ ਸਮਰਾਟ ਜਹਾਂਗੀਰ ਦੀ ਰਾਣੀ ਸੀ। ਇੰਨੀ ਸੋਹਣੀ ਸੀ ਕਿ ਸਾਰੇ ਜਹਾਨ ਦਾ ਨੂਰ ਉਹਦੇ ਵਿੱਚ ਝਲਕ ਰਿਹਾ ਸੀ। ਉਹਦੇ ਵਾਲ ਇੰਨੇ ਲੰਮੇ ਸਨ ਕਿ ਖਲੋਤੀ ਦੇ ਧਰਤੀ ਨਾਲ ਆ ਲੱਗਦੇ ਸਨ। ਜਹਾਂਗੀਰ ਉਹਦੇ ‘ਤੇ ਮੋਹਿਤ ਹੋ ਗਿਆ ਤੇ ਉਹ ਨੂੰ ਪ੍ਰਾਪਤ ਕਰਨ ਲਈ ਜਹਾਂਗੀਰ ਨੇ ਉਹਦਾ ਸੁਹਾਗ ਕਤਲ ਕਰ ਦਿੱਤਾ।”
”ਏਡਾ ਭਿਆਨਕ ਜੁਲਮ!” ਸਾਡੀ ਧੀ ਹੌਕਾ ਲੈ ਉਦਾਸ ਹੋ ਗਈ। ਫਿਰ ਜ਼ਰਾ ਸੰਭਲ ਕੇ ਪੁੱਛਿਆ: ”ਚਾਚਾ ਜੀ, ਨੂਰਜਹਾਂ ਨੇ ਇਸਨੂੰ ਕਿਵੇਂ ਲਿਆ?”
”ਨੂਰਜਹਾਂ ਦੇ ਨਾਂਅ ਦੇ ਸਿੱਕੇ ਚੱਲੇ। ਜਹਾਂਗੀਰ ਉਸਨੂੰ ਬਰਾਬਰ ਤਖ਼ਤ ‘ਤੇ ਬਿਠਾਂਦਾ ਹੁੰਦਾ ਸੀ। ਪਰ ਆਪਣੇ ਸੂਰਮੇ ਪਠਾਣ ਪਤੀ ਦੇ ਕਤਲ ਨੂੰ ਉਹਨੇ ਕਿਵੇਂ ਲਿਆ, ਇਹਦੇ ਬਾਰੇ ਤੂੰ ਦੱਸ… ਤੂੰ ਆਪ ਔਰਤ ਐਂ।”
ਸਾਡੀ ਧੀ ਆਖਣ ਲੱਗੀ, ”ਚਾਚਾ ਜੀ! ਪਤਾ ਨ੍ਹੀਂ ਠੀਕ ਤਰ੍ਹਾਂ। ਇਹ ਤਾਂ ਕੋਈ ਕਲਾਕਾਰ ਹੀ ਦੱਸ ਸਕਦੈ। ਮੈਂ ਤਾਂ ਮੈਡੀਕਲ ਸਟੂਡੈਂਟ ਆਂ। ਇਨਸਾਨ ਦੇ ਸਰੀਰਕ ਪੱਖ ਦਾ ਹੀ ਪਤੈ, ਰੂਹਾਨੀ ਪੱਖ ਦਾ ਨ੍ਹੀਂ।”
”ਖੋਤਾਲਾਈਜ਼ੇਸ਼ਨ”! ਆਖ ਮੈਂ ਆਪਣੀ ਧੀ ਨੂੰ ਛੇੜਿਆ। ਉਂਜ ਵੀ ਛੁੱਟੀਆਂ ਦੇ ਮੂਡ ਵਿੱਚ ਹੋਣ ਕਰਕੇ ਮੈਂ ਕਿਸੇ ਗੰਭੀਰ ਵਾਰਤਾਲਾਪ ਵਿੱਚ ਨਹੀਂ ਸਾਂ ਪੈਣਾ ਚਾਹੁੰਦਾ ਇਸੇ ਲਈ ਮੈਂ ਖੋਤੇ ਤੋਂ ਬਣਾਇਆ ਇਹ ਸ਼ਬਦ ਬੋਲਿਆ ਜਿਹੜਾ ਸਾਡੇ ਘਰ ‘ਚ ਸ਼ਾਹੀ ਖ਼ਾਨਦਾਨ, ਵਪਾਰੀਆਂ, ਖੁਸ਼ਕ ਸਿਆਸਤਦਾਨਾਂ ਅਤੇ ਕਲਾ-ਵਿਹੂਣੇ ਡਾਕਟਰਾਂ ਤੇ ਵਕੀਲਾਂ ਲਈ ਅਕਸਰ ਹੀ ਵਰਤਿਆ ਜਾਂਦਾ ਹੈ। ਸਾਰੇ ਹੱਸ ਪਏ ਅਤੇ ਸਾਡੀ ਧੀ ਤੇ ਮੇਰੀ ਪਤਨੀ ਨੇ ਕਸ਼ਮੀਰੀ ਡਰੈੱਸ ਤੇ ਬੁਰਕੇ ਪਾ ਤਸਵੀਰਾਂ ਖਿਚਵਾਈਆਂ। ਫਿਰ ਕਾਰ ਵਿੱਚ ਬੈਠ ਅਗਲੇ ਪੜਾਅ ਵੱਲ ਤੁਰ ਪਏ।
ਹੁਣ ਦਿਨ ਆਪਣੀ ਆਖਰੀ ਡਗਰ ‘ਤੇ ਤੁਰ ਰਿਹਾ ਸੀ। ਗਰਮੀ ਦੀ ਸ਼ਿੱਦਤ ਪਹਿਲਾਂ ਨਾਲੋਂ ਕਾਫ਼ੀ ਘੱਟ ਸੀ। ਕਾਰ ਅੰਦਰੋਂ ਠੰਢੀ ਵੇਖ ਸਾਡੀ ਧੀ ਕਹਿਣ ਲੱਗੀ, ”ਕਾਰ ਤਾਂ ਏਅਰ ਕੰਡੀਸ਼ੰਡ ਲੱਗਦੀ ਐ, ਨਹੀਂ?”
”ਮੈਂ ਕਾਰ ਨੂੰ ਠੰਢੀ ਜਗ੍ਹਾ ਖੜ੍ਹੀ ਕਰਕੇ ਧੋ ਦਿੱਤਾ ਸੀ ਤਾਂ ਕਿ ਸਾਡੀ ਬਿਟੀਆ ਨੂੰ ਗਰਮੀ ਨਾ ਲੱਗੇ।” ਅਲੀ ਮੁਹੰਮਦ ਨੇ ਮੁਸਕਰਾਂਦਿਆਂ ਆਖਿਆ।
”ਸ਼ੁਕਰੀਆ, ਅੱਬਾ ਜਾਨ!”
”ਤੂੰ ਇਹ ਮੁਸਲਮਾਨਾਂ ਵਾਲੇ ਲਫ਼ਜ਼ ਕਿੱਥੋਂ ਸਿੱਖ ਲਏ, ਬੇਟਾ?” ਅਲੀ ਮੁਹੰਮਦ ਨੇ ਪੁੱਛਿਆ। ਸਾਡੀ ਧੀ ਬੋਲੀ, ”ਜਿਹੜੇ ਸ਼ਹਿਰ ਵਿੱਚ ਅਸੀਂ ਰਹਿੰਦੇ ਆਂ ਉੱਥੇ ਪੰਤਾਲੀ ਹਜ਼ਾਰ ਮੁਸਲਿਮ ਰਹਿੰਦੇ ਨੇ। ਮੇਰੀ ਸਭ ਤੋਂ ਪੱਕੀ ਸਹੇਲੀ ਸਲਮਾ ਵੀ ਮੁਸਲਿਮ ਐ। ਉਹਦੀ ਰੀਸੇ ਮੈਂ ਉਹਦੇ ਡੈਡੀ ਨੂੰ ਵੀ ਅੱਬਾ ਜਾਨ ਹੀ ਕਹਿਨੀ ਆਂ। ਮੈਨੂੰ ਚੰਗਾ-ਚੰਗਾ ਲੱਗਦੈ… ਤੁਹਾਡਾ ਕੋਈ ਇਤਰਾਜ਼ ਤਾਂ ਨ੍ਹੀਂ?”
”ਨਹੀਂ ਬਿਟੀਆ, ਮੈਨੂੰ ਵੀ ਬਹੁਤ ਚੰਗਾ-ਚੰਗਾ ਲੱਗਦਾ ਏ।” ਅਲੀ ਮੁਹੰਮਦ ਨੇ ਆਖਿਆ।
ਉਹੀ ਛੁੱਟੀਆਂ ਦਾ ਮੂਡ! ਹੁਣੇ-ਹੁਣੇ ਕਸ਼ਮੀਰੀ ਡਰੈੱਸ ਤੇ ਬੁਰਕਿਆਂ ਨਾਲ ਤਸਵੀਰਾਂ ਖਿਚਵਾਈਆਂ ਸਨ ਤੇ ਇਹੀ ਗੱਲ ਤੁਰ ਪਈ…
”ਇਹ ਬੁਰਕਾ ਕਿਸ ਨੇ ਬਣਾਇਆ ਸੀ?” ਸਾਡੀ ਜਗਿਆਸੂ ਧੀ ਨੇ ਪੁੱਛਿਆ।
”ਉਂਜ ਤਾਂ ਹਰ ਚੀਜ਼ ਸਮੇਂ ਤੇ ਹਾਲਾਤ ਦੀ ਪੈਦਾਵਾਰ ਹੁੰਦੀ ਐ। ਪਰ ਇਹ ਪੱਕੀ ਗੱਲ ਐ ਕਿ ਬੁਰਕਾ ਬਣਾਉਣ ਵਾਲਾ ਬਹੁਤ ਹੀ ਲਾਇਕ ਬੰਦਾ ਹੋਵੇਗਾ।” ਮੈਂ ਆਖਿਆ।
”ਹੋਰ ਸੁਣ ਲੈ,” ਮੇਰੀ ਹਰ ਸਿੱਧੀ ਗੱਲ ਨੂੰ ਵੀ ਪੁੱਠੀ ਸਮਝਣ ਵਾਲੀ ਮੇਰੀ ਪਤਨੀ ਨੇ ਆਖਿਆ।
ਮੇਰੀ ਧੀ ਵੀ ਹੈਰਾਨ ਹੋ ਬੋਲੀ, ”ਤੁਸੀਂ ਇਹ ਗੱਲ ਕਿਵੇਂ ਆਖ ਦਿੱਤੀ, ਡੈਡੀ?” ਮੇਰੀ ਥਾਂ ਮੇਰਾ ਭਰਾ ਆਖਣ ਲੱਗਿਆ : ”ਤਾਂ ਕਿ ਔਰਤ ਨੂੰ ਅਕਲ ਦੀ ‘ਵਾ ਨਾ ਲਗ ਜਾਵੇ ਅਤੇ ਜਦੋਂ ਇਕ ਆਦਮੀ ਚਾਰ ਬੁਰਕਿਆਂ ਵਾਲੀਆਂ ਲੈ ਆਵੇ ਤਾਂ ਕੋਈ ਕਿਸੇ ‘ਤੇ ਇਤਰਾਜ ਨਾ ਕਰੇ।”
ਮੇਰੀ ਪਤਨੀ ਨੇ ਬੁਰਕੇ ਦੀ ਵਕਾਲਤ ਕਰਦੇ ਆਖਿਆ, ”ਚਾਹੇ ਕੁਝ ਵੀ ਪਏ ਆਖੋ। ਪਰਦੇ ਬੁਰਕੇ ਦਾ ਇੱਕ ਲਾਭ ਤਾਂ ਝੁਠਲਾਇਆ ਨਹੀਂ ਜਾ ਸਕਦਾ ਹੈ ਕਿ ਔਰਤ ਮਰਦ ਦੀਆਂ ਭੁੱਖੀਆਂ ਨਜ਼ਰਾਂ ਤੇ ਛੇੜਛਾੜ ਤੋਂ ਤਾਂ ਬਚੀ ਰਹਿੰਦੀ ਐ ਨਾ।”
”ਫਿਰ ਮੇਰੀ ਏਨੀ ਸੋਹਣੀ ਮੰਮੀ ਨੂੰ ਤਾਂ ਜ਼ਰੂਰ ਹੀ ਬੁਰਕਾ ਪਾ ਕੇ ਰੱਖਣਾ ਚਾਹੀਦੈ,” ਸਾਡੀ ਧੀ ਬੋਲੀ।
”ਸੁਣੋ ਸਾਹਿਬਾਨ,” ਮੈਂ ਆਖਿਆ,”ਤੁਹਾਨੂੰ ਬੁਰਕੇ ਬਾਰੇ ਇੱਕ ਮਾਅਰਕੇ ਦੀ ਗੱਲ ਸੁਣਾਂਦੇ ਆਂ। ਬਿਲਕੁਲ ਸੱਚੀ। ਪਿਛਲੇ ਸਾਲ ਮੈਂ ਇੱਕ ਇਸਲਾਮੀ ਅਰਬ ਮੁਲਕ ਦੀ ਯੂਨੀਵਰਸਿਟੀ ‘ਚ ਪੇਪਰ ਪੜ੍ਹਨ ਗਿਆ। ਮੁਲਕ ਦਾ ਨਾਂਅ ਨਹੀਂ ਦੱਸਾਂਗਾ ਕਿਉਂਕਿ ਇੰਜ ਕਰਨ ਨਾਲ ਉਨ੍ਹਾਂ ਨੂੰ ਮੈਨੂੰ ਮੁੜ ਨਹੀਂ ਸੱਦਣਾ। ਜਿਹੜੇ ਪ੍ਰੋਫੈਸਰ ਨੇ ਮੈਨੂੰ ਚਾਹ ਦੀ ਦਾਅਵਤ ਦਿੱਤੀ ਉਹ ਜ਼ਰਾ ਨਿਰਪੱਖ ਆਦਮੀ ਸੀ। ਨਿਰਪੱਖ ਤੋਂ ਖੱਬੇਪੱਖੀ ਨਾ ਸਮਝ ਲੈਣਾ। ਕਿਉਂਕਿ ਉੱਥੇ ਤਾਂ ਹਵਾ ਵੀ ਖੱਬੇ ਪੱਖੋਂ ਚੱਲਣ ਦਾ ਜਿਗਰਾ ਨਹੀਂ ਕਰ ਸਕਦੀ। ਉਸ ਨੇ ਇੱਕ ਬੜੀ ਮਜ਼ੇਦਾਰ ਗੱਲ ਸੁਣਾਈ। ਇਕ ਖ਼ਾਤੂਨ ਜਾਣੀ ਔਰਤ ਜਲਦੀ ‘ਚ ਹੋਣ ਕਰਕੇ ਪੂਰੀਆਂ ਬਾਹਾਂ ਵਾਲਾ ਬਲਾਊਜ਼ ਪਾਉਣਾ ਭੁੱਲ ਗਈ। ਬਸ ਉਂਜ ਹੀ ਉਪਰੋਂ ਦੀ ਬੁਰਕਾ ਪਾ ਲਿਆ। ਹਵਾ ਆਈ ਤੇ ਉਹਦੀ ਬਾਂਹ ਨੰਗੀ ਹੋ ਗਈ। ਕਹਿਰ ਖ਼ੁਦਾ ਦਾ, ਕਿਸੇ ਮੁੱਲਾਂ ਦੀ ਨਜ਼ਰ ਪੈ ਗਈ…”
”ਪੈ ਨਹੀਂ ਗਈ, ਮੁੱਲਾਂ ਅੱਠੇ ਪਹਿਰ ਤਾੜਦੇ ਹੀ ਔਰਤਾਂ ਨੂੰ ਰਹਿੰਦੇ ਨੇ ਚਾਹੇ ਉਹ ਬੁਰਕੇ ਵਿੱਚ ਕਿਉਂ ਨਾ ਹੋਣ,” ਮੇਰੇ ਭਰਾ ਨੇ ਵਿਚਕਾਰੋਂ ਹੀ ਟੋਕ ਤਬਸਰਾ ਕੀਤਾ।
”ਚੁੱਪ ਰਹਿ ਵੇ ਤੂੰ… ਫੇਰ ਜੀ।” ਮੇਰੀ ਪਤਨੀ ਨੇ ਆਪਣੇ ਦਿਓਰ ਨੂੰ ਭਾਬੀਆਂ ਵਾਲੀ ਝਾੜ ਪਾਈ ਪਰ ਮੇਰੇ ਨਾਲ ਇਸ ਸਫ਼ਰ ਵਿੱਚ ਪਹਿਲੀ ਵਾਰ ਖਾਸੇ ਮੋਹ ਨਾਲ ਬੋਲੀ।
”ਫੇਰ ਜੀ, ਮੁੱਲਾਂ ਨੇ ਪੁਲਿਸ ਬੁਲਾ ਲਈ। ਇਸਲਾਮੀ ਅਦਾਲਤ ਨੇ ਫਤਵਾ ਦਿੱਤਾ ਕਿ ਉਸ ਔਰਤ ਦੀ ਉਹ ਨੰਗੀ ਬਾਂਹ ਵੱਢ ਦਿੱਤੀ ਜਾਵੇ।”
ਤੇ ਮੇਰੀ ਪਤਨੀ ਸੁਭਾਵਕ ਹੀ ਆਪਣੀ ਸੱਜੀ ਬਾਂਹ ਟੋਹਣ ਲੱਗ ਪਈ।
”ਫਿਰਕ ਨਾ ਕਰ, ਭਾਗਵਾਨੇ, ਤੇਰੀ ਤਾਂ ਅੱਜੇ ਸਹੀ ਸਲਾਮਤ ਐ…ਪਰ ਹਾਂ, ਜਿੱਧਰ ਨੂੰ ਪੰਜਾਬ ਤੁਰਿਆ ਹੋਇਐ ਬਾਂਹਾਂ ਤਾਂ ਕੀ ਸਿਰ ਉੱਡਣਗੇ।”
”ਲਓ ਜੀ, ਹਾਰਵਨ ਆ ਗਿਆ,” ਅਲੀ ਮੁਹੰਮਦ ਨੇ ਆਖਿਆ : ”ਇਹ ਕੋਈ ਸ਼ੋਖ ਜਗ੍ਹਾ ਤੇ ਹੈ ਨਹੀਂ, ਪਰ ਦਰਖਤ ਇਸ ਕਿਸਮ ਦੇ ਲਾਏ ਹੋਏ ਹਨ ਕਿ ਹਵਾ ਬਹੁਤ ਹੀ ਸਿਹਤ ਅਫ਼ਜ਼ਾ ਹੈ। ਬੈਠੋਗੇ ਤਾਂ ਸਾਰੀ ਥਕਾਵਟ ਦੂਰ ਹੋ ਜਾਵੇਗੀ।”
ਅਸੀਂ ਹਾਰਵਨ ਦੇ ਅੰਦਰ ਚਲੇ ਗਏ। ਸੀ ਤਾਂ ਅਗਸਤ ਦਾ ਅਖ਼ੀਰ ਪਰ ਸ੍ਰੀਨਗਰ ਦੀ ਧੁੱਪ ਚੁਭ ਰਹੀ ਸੀ। ਸਾਹਮਣੀ ਢਲਾਣ ‘ਤੇ ਬਣਾਈਆਂ ਕਿਆਰੀਆਂ ਵਿੱਚ ਫੁੱਲ ਖਿੜੇ ਹੋਏ ਸਨ। ਪਰ ਫੁੱਲ ਇਕੋ ਕਿਸਮ ਦੇ ਹੋਣ ਕਰਕੇ ਉਨ੍ਹਾਂ ਦੀ ਦਿੱਖ ਬਹੁਤ ਮਨਮੋਹਣੀ ਨਹੀਂ ਸੀ। ਖੂਬਸੂਰਤੀ ਲਈ ਜਿੱਥੇ ਮੌਸਮ ਸਾਜ਼ਗਾਰ ਹੋਣਾ ਚਾਹੀਦਾ ਹੈ ਉੱਥੇ ਵੰਨ ਸੁਵੰਨਤਾ ਵੀ ਹੋਣੀ ਚਾਹੀਦੀ ਹੈ, ਮੈਂ ਸੋਚਿਆ। ਸਾਥੋਂ ਥੋੜ੍ਹੀ ਦੂਰ ਇਕ ਸਰਦਾਰ ਕਿੰਨੇ ਸਾਰੇ ਟੱਬਰ ਨੂੰ ਲਈ ਇੰਜ ਬੈਠਾ ਸੀ, ਅਤੇ ਉਸ ਨੇ ਇੰਜ ਖਿਲਾਰਾ ਪਾਇਆ ਹੋਇਆ ਸੀ, ਜਿਵੇਂ ਉੱਠਣਾ ਹੀ ਨਾ ਹੋਵੇ। ਸਟੋਵ ਜਲ ਰਿਹਾ ਸੀ। ਸਬਜ਼ੀ ਤੇ ਪਰੌਂਠੇ ਤੱਤੇ ਹੋ ਰਹੇ ਸਨ। ਮਿੰਟ ਦਸ ਲੰਘੇ ਹੋਣਗੇ ਕਿ ਭਾਣਾ ਕਰਤਾਰ ਦਾ ਇਕ ਸੱਠ ਪੈਂਹਠ ਸਾਲ ਦੀ ਸਰਦਾਰਨੀ ਸਾਡੇ ਵੱਲ ਆਉਂਦੀ ਵਿਖਾਈ ਦਿੱਤੀ। ਉਹਦੇ ਹੱਥ ‘ਤੇ ਵੱਡੇ-ਵੱਡੇ ਚਾਰ ਪਰੌਂਠੇ, ਉੱਤੇ ਸੁੱਕੇ ਆਲੂਆਂ ਦੀ ਸਬਜ਼ੀ ਤੇ ਨਾਲ ਕੈਂਪਾ ਕੋਲਾ ਦੀਆਂ ਬੋਤਲਾਂ। ”ਲੈ ਧੀਏ, ਪਰਸ਼ਾਦਾ ਛਕੋ। ਤੁਹਾਡੇ ਸਲਵਾਰਾਂ ਕਮੀਜ਼ਾਂ ਪਾਈਆਂ ਵੇਖ ਮੈਂ ਅੰਦਾਜ਼ਾਂ ਲਾਇਆ ਆਪਣੇ ਹੀ ਬੰਦੇ ਨੇ।”
”ਨਹੀਂ ਮਾਸੀ ਜੀ, ਰਹਿਣ ਦੇਵੋ। ਸਾਨੂੰ ਭੁੱਖ ਵੀ ਜ਼ਿਆਦਾ ਨਹੀਂ ਜੇ। ਨਾਲੇ ਤੁਹਾਡੇ ਲਈ ਵੀ ਥੁੜ ਜਾਣਗੇ।” ਮੇਰੀ ਪਤਨੀ ਨੇ ਬੜੀ ਨਿਮਰਤਾ ਤੇ ਆਦਰ ਨਾਲ ਆਖਿਆ।
”ਨੀ ਧੀਏ, ਨਾਲੇ ਮਾਸੀ ਪਈ ਆਖਨੀ ਏਂ, ਨਾਲੇ ਨਾਂਹ ਕਰੇਨੀ ਏਂ, ਉਂਜ ਵੀ ਵੰਡ ਛਕਣ ਨਾਲ ਵੀ ਕਦੀ ਅੰਨ ਥੁੜਦਾ ਏ?”
”ਥੈਂਕ ਯੂ, ਮਾਸੀ ਜੀ।” ਮੇਰੀ ਪਤਨੀ ਪਰੌਂਠੇ ਫੜਦਿਆਂ ਬੋਲੀ।
”ਆਪ ਬਾਹਰੋਂ ਆਈ ਲੱਗਦੀ ਏਂ, ਪਰ ਪਿੱਛੋਂ ਰਾਵਲਪਿੰਡੀ ਵੱਲ ਦੇ ਜਾਪਦੇ ਹੋ।” ਸੋਹਣੀ ਬਜ਼ੁਰਗ ਸੁਆਣੀ ਨੇ ਆਖਿਆ।
”ਹਾਂ ਮਾਸੀ ਜੀ, ਮੇਰੇ ਮਾਤਾ ਜੀ ਰਾਵਲਪਿੰਡੀ ਦੇ ਸਨ… ਪਰ ਤੁਸੀਂ ਕਿੰਜ ਪਛਾਣਿਆ?”
”ਉੱਧਰ ਮਾਂ ਦੇ ਹਾਣ ਦੀ ਤ੍ਰੀਮਤ ਨੂੰ ਮਾਸੀ ਸੱਦਣ ਦਾ ਰਿਵਾਜ਼ ਸੀ…ਇਹ ਕੀ ਲੱਗਦੀ ਏ ਤੇਰੀ?” ਉਸ ਨੇ ਸਾਡੀ ਧੀ ਵੱਲ ਬੜੇ ਗਹੁ ਨਾਲ ਤੱਕਦਿਆਂ ਪੁੱਛਿਆ।
”ਇਹ ਮੇਰੀ ਧੀ ਏ।”
ਸਰਦਾਰਨੀ ਇੱਕਦਮ ਬੈਠੀ ਤੇ ਸਾਡੀ ਧੀ ਨੂੰ ਧਾਹ ਗਲਵਕੜੀ ਪਾ ਵਾਹੋਦਾਹੀ ਚੁੰਮਣ ਲੱਗੀ। ਇਹ ਅਮਲ ਬੜਾ ਜਜ਼ਬਾਤੀ ਹੋਣ ਕਰਕੇ ਮੈਨੂੰ ਜ਼ਰਾ ਓਪਰਾ ਲੱਗਿਆ। ਪਰ ਉਹ ਬਾਂਵਲਿਆਂ ਵਾਂਗ ਬੋਲਣ ਲੱਗ ਪਈ…”ਇੰਨ ਬਿੰਨ ਇਹਦੇ  ਵਰਗੀ ਸੀ ਮੇਰੀ ਭੈਣ…ਐਨ ਇਹੋ ਜਿਹੀਆਂ ਕਟੋਰਿਆਂ ਵਰਗੀਆਂ ਅੱਖਾਂ…ਮੋਤੀਆਂ ਵਰਗੇ ਦੰਦ…ਹੈਂਸਿਆਰੇ ਦਿਨ ਦਿਹਾੜੇ ਕਾਫ਼ਲੇ ‘ਤੇ ਹਮਲਾ ਕਰਕੇ ਚੁੱਕ ਕੇ ਲੈ ਗਏ। ਅਠੱਤੀ ਸਾਲ ਬੀਤ ਗਏ, ਹਾਲੀਂ ਤੀਕ ਉਘ-ਸੁਘ ਨਹੀਂ ਨਿਕਲੀ…ਇਕ ਵਾਰ ਆਪ ਜਾ ਕੇ ਵੀ ਢੂੰਢ ਥੱਕੇ…ਚੰਦਰਿਆਂ ਨੇ ਪਤਾ ਨਹੀਂ ਕਿੱਥੇ ਖਪਾ ਦਿੱਤੀ ਮੇਰੀ ਲਾਡਲੀ ਭੈਣ…।” ਉਹ ਪਾਗਲਾਂ ਵਾਂਗ ਆਖਦੀ ਗਈ ਤੇ ਫਿਰ ਪਤਾ ਨਹੀਂ ਉਹਨੂੰ ਕੀ ਹੋਇਆ ਲੱਪ-ਲੱਪ ਹੰਝੂ ਕੇਰਦੀ ਸਾਡੇ ਕੋਲੋਂ ਉੱਠ ਤੁਰੀ। ਅਸੀਂ ਬਹੁਤ ਸੁਆਦ ਨਾਲ ਪਰੌਂਠੇ ਖਾਧੇ। ਕਾਹਦੇ ਬਸ ਨਿਗਲੇ। ਸਾਰਿਆਂ ‘ਤੇ ਇਕ ਸਕਤਾ ਛਾ ਗਿਆ। ਕੋਈ ਕਿਸੇ ਵੱਲ ਤੱਕਣ ਤੀਕ ਦਾ ਹੌਸਲਾ ਨਹੀਂ ਸੀ ਕਰ ਰਿਹਾ। ਸਾਰੇ ਜਾਣੇ ਇੰਜ ਖ਼ਿਲਾਅ ਨੂੰ ਘੂਰ ਰਹੇ ਸਨ ਜਿਵੇਂ ਕਿਸੇ ਭੁਚਾਲ ਨੇ ਚਾਰੇ ਕੂਟਾਂ ਖੰਡਰੋ-ਖੰਡਰ ਬਣਾ ਘੱਤੀਆਂ ਹੋਣ।
ਹਾਰਵਨ ਦੀ ਸਿਹਤ ਅਫ਼ਜ਼ਾ ਹਵਾ ਸਾਡੇ ਲਈ ਬਹੁਤ ਬੋਝਲ ਬਣ ਗਈ ਅਤੇ ਅਸੀਂ ਉੱਥੇ ਹੋਰ ਨਾ ਰੁਕ ਸਕੇ। ਅਠੱਤੀ ਸਾਲਾਂ ਤੋਂ ਵਿਜੋਗ ਤੇ ਵਰਾਗ ਦੇ ਸੱਲ ਖਾਧੀ ਸਰਦਾਰਨੀ ਦੇ ਕੋਲ ਜਾਣ ਦੀ ਥਾਂ, ਅਸੀਂ ਦੂਰੋਂ ਹੀ ਬੁਝੀ-ਬੁਝੀ ਵਿਦਾਇਗੀ ਲਈ ਅਤੇ ਇਕ ਭਿਆਨਕ ਚੁੱਪ ਦਾ ਝੁੰਬਲਮਾਟਾ ਮਾਰ ਟੈਕਸੀ ਵਿੱਚ ਆ ਬੈਠੇ ਅਤੇ ਅਲੀ ਮੁਹੰਮਦ ਦੀ ਹਰ ਗੱਲ ਦਾ ਜਵਾਬ ਬਸ ਹਾਂ-ਹੂੰ ਵਿੱਚ ਦਿੰਦੇ ਰਹੇ।
ਕੁਝ ਮੀਲ ਜਾ ਕਾਰ ਫਿਰ ਰੁਕ ਗਈ। ਨਾ ਹੀ ਕੋਈ ਝੀਲ ਸੀ, ਨਾ ਹੀ ਕੋਈ ਬਾਗ਼ ਬਗ਼ੀਚਾ। ਸਾਡੇ ਕੁਛ ਪੁੱਛਣ ਤੋਂ ਪਹਿਲਾਂ ਹੀ ਅਲੀ ਮੁਹੰਮਦ ਬੋਲਿਆ, ”ਆਓ, ਤੁਹਾਨੂੰ ਅਸਲੀ ਕਸ਼ਮੀਰੀ ਫੈਮਿਲੀ ਵਿਖਾਈਏ।”
ਜਿਹੜਾ ਛਤਰੀ, ਬਰਸਾਤੀਆਂ ਤੇ ਝੋਲੇ ਆਦਿਕ ਥੋੜ੍ਹਾ ਬਹੁਤ ਸਾਮਾਨ ਸੀ, ਮੇਰੀ ਪਤਨੀ ਨੇ ਨਾਲ ਲੈ ਜਾਣ ਲਈ ਆਖਿਆ। ਪਰ ਅਲੀ ਮੁਹੰਮਦ ਬੋਲਿਆ, ”ਭੈਣ ਜੀ, ਸਾਮਾਨ ਕਾਰ ਵਿੱਚ ਹੀ ਰਹਿਣ ਦੇਵੋ। ਇਹ ਕਸ਼ਮੀਰੀ ਪਿੰਡ ਏ। ਇੱਥੇ ਤੁਹਾਡੇ ਜ਼ੇਵਰਾਤ ਤਕ ਨੂੰ ਵੀ ਕੋਈ ਖ਼ਤਰਾ ਨਹੀਂ। ਖ਼ਾਤਰ ਜਮ੍ਹਾਂ ਰੱਖੋ।”
ਗਰੀਬੜੀ ਜਿਹੀ ਸੜਕ ਕੰਢੇ ਇਕ ਗਰੀਬੜਾ ਜਿਹਾ ਪਿੰਡ ਸੀ। ਘਰ ਤਕਰੀਬਨ ਸਾਰੇ ਕੱਚੇ ਅਤੇ ਛੱਤਾਂ ਛੱਪਰਾਂ ਦੀਆਂ। ਇਹ ਸਰਦੀ ਦੇ ਕਹਿਰ ਅਤੇ ਬਰਫ਼ ਦੇ ਅੰਬਾਰਾਂ ਨੂੰ ਕਿਵੇਂ ਜਰਦੇ ਹੋਣਗੇ, ਮੈਂ ਸੋਚਿਆ ਪਰ ਦੂਜੇ ਹੀ ਪਲ ਖ਼ਿਆਲ ਆਇਆ ਕਿ ਮਨੁੱਖ ਦੀ ਕਰਾਮਾਤ ਹਰ ਕਹਿਰ ਦੇ ਦੰਦ ਖੱਟੇ ਕਰ ਦਿੰਦੀ ਹੈ।
ਪਤਾ ਨਹੀਂ ਕਿੱਧਰੋਂ ਸਾਰਾ ਪਿੰਡ ਇਕੱਠਾ ਹੋ ਗਿਆ : ਨੌਜਵਾਨ ਮੁੰਡੇ-ਕੁੜੀਆਂ, ਬੁੱਢੇ-ਬੁੱਢੀਆਂ, ਅੱਧਖੜ ਸੁਆਣੀਆਂ।
”ਇਹ ਮੇਰਾ ਪਿੰਡ ਏ। ਸੋਚਿਆ, ਕਿਸੇ ਹੋਰ ਦੀ ਥਾਂ ਆਪਣਾ ਹੀ ਪਰਿਵਾਰ ਕਿਉਂ ਨਾ ਵਿਖਾਵਾਂ।” ਅਲੀ ਮੁਹੰਮਦ ਸਾਨੂੰ ਅੰਦਰ ਲੈ ਗਿਆ। ਵੜਦਿਆਂ ਨੂੰ ਹੀ ਕੱਚੀ ਰਸੋਈ, ਕੱਚੀਆਂ ਪੌੜੀਆਂ, ਉੱਪਰ ਕੱਚੇ ਦੋ ਚੁਬਾਰੇ ਜਿਨਾਂ ਦੇ ਫਰਸ਼ਾਂ ‘ਤੇ ਵੱਡੀਆਂ-ਵੱਡੀਆਂ ਸਫ਼ਾਂ ਵਿਛੀਆਂ ਹੋਈਆਂ ਸਨ। ਇਕ ਚੁਬਾਰੇ ਵਿੱਚ ਇਕ ਨੌਜਵਾਨ ਫਰਸ਼ ‘ਤੇ ਬੈਠਾ ਕਸੀਦਾ ਕੱਢ ਰਿਹਾ ਸੀ। ਲਾਲ ਰੰਗ ਦੇ ਸ਼ਾਲ ‘ਤੇ ਪੀਲੇ ਰੰਗ ਦੀਆਂ ਕਿਨਾਰੀਆਂ ਕੱਢ ਰਿਹਾ, ਉਹ ਮੂਰਤੀ ਬਣਿਆ ਬੈਠਾ ਸੀ। ਸਾਨੂੰ ਵੇਖ ਖਲੋ ਗਿਆ ਤੇ ਮੈਂ ਉਸ ਨਾਲ ਹੱਥ ਮਿਲਾ ਪੁੱਛਿਆ, ”ਤੇਰੇ ਵਰਗੇ ਨੌਜਵਾਨ ਤਾਂ ਇਸ ਸੈਲਾਨੀਆਂ ਦੇ ਮੌਸਮ ਵਿੱਚ ਸ਼ਿਕਾਰੇ, ਘੋੜੇ ਤੇ ਟੈਕਸੀਆਂ ਚਲਾ ਪੈਸੇ ਕਮਾਂਦੇ ਨੇ। ਇਹ ਕਢਾਈ ਦਾ ਕੰਮ ਤਾਂ ਸਰਦੀਆਂ ਦਾ ਹੈ ਜਦੋਂ ਬਾਹਰ ਬਰਫ਼ ਹੀ ਹੁੰਦੀ ਐ।”
ਉਹ ਸਿਰਫ਼ ਮੁਸਕਰਾਇਆ-ਗੰਭੀਰ ਮਸਤ ਤੇ ਅਤਿ ਸ਼ਰੀਫ ਮੁਸਕਾਣ! ਤੇ ਅਲੀ ਮੁਹੰਮਦ ਆਖਣ ਲੱਗਿਆ, ”ਇਹ ਮੇਰਾ ਪੁੱਤਰ ਏ। ਬਾਹਰ ਜਾ ਕੇ ਕੰਮ ਕਰਨਾ ਪਸੰਦ ਨਹੀਂ ਕਰਦਾ। ਕਮਬਖ਼ਤ ਨਮਾਜ਼ ਵੀ ਨਹੀਂ ਪੜ੍ਹਦਾ। ਕਢਾਈ ਹੀ ਕਰੀ ਜਾਂਦਾ ਜਾਂ ਨਵੇਂ-ਨਵੇਂ ਨਮੂਨਿਆਂ ‘ਤੇ ਤਜਰਬੇ ਕਰਦਾ ਰਹਿੰਦਾ ਹੈ। ਬਸ ਕਢਾਈ ਦੀ ਹੀ ਇਬਾਦਤ ਕਰਦਾ ਹੈ। ਹਾਂ, ਜਦੋਂ ਮੈਂ ਘਰ ਪਰਤਦਾ ਹਾਂ ਤਾਂ ਮੈਨੂੰ ਹੁੱਕਾ ਤਾਜ਼ਾ ਕਰਕੇ ਦਿੰਦਾ ਹੈ। ਆਪਣੀ ਛੋਟੀ ਭੈਣ ਨੂੰ ਹਰ ਰੋਜ਼ ਇਕ ਘੰਟਾ ਕਢਾਈ ਸਿਖਾਂਦਾ ਹੈ ਅਤੇ ਬਿਨਾਂ ਨਾਗਾ ਸੌਣ ਤੋਂ ਪਹਿਲਾਂ ਆਪਣੀ ਅੰਮੀ ਦੀਆਂ ਲੱਤਾਂ ਘੁੱਟਦਾ ਹੈ।”
ਇਕ ਪਲ ਮੇਰੇ ਮਨ ਵਿੱਚ ਖ਼ਿਆਲ ਆਇਆ ਕਿ ਉਸ ਨੂੰ ਆਖਾਂ ਕਿ ਇਹ ਬੇਦਾਦਗਰਾਂ ਦੀ ਬਸਤੀ ਹੈ। ਪਰ ਦੂਜੇ ਹੀ ਪਲ ਇਹ ਸੋਚ ਇਸ ਸੋਚ ਨੂੰ ਝਟਕ ਦਿੱਤਾ ਕਿ ਕਲਾਕਾਰ ਦਾ ਮਨ ਹੈ ਕਿਤੇ ਟੁੱਟ ਨਾ ਜਾਵੇ। ਨਾਲੇ ਕੀ ਹੋਇਆ ਜੇ ਗੁਮਨਾਮ ਮਰ ਜਾਵੇਗਾ, ਹੁਨਰ ਅਤੇ ਮਾਂ ਦੀ ਪ੍ਰਸਤਿਸ਼ ਨਾਲ ਆਪਣੀ ਰੂਹ ਦੀ ਸ਼ਮ੍ਹਾਂ ਤਾਂ ਫਰੋਜ਼ਾਂ ਰੱਖ ਰਿਹਾ ਹੈ।
ਫਿਰ ਅਲੀ ਮੁਹੰਮਦ ਨੇ ਆਪਣੀ ਬੀਵੀ ਮਿਲਾਈ। ਉਸ ਦੇ ਫੁੱਲਾਂ ਵਾਲੀ ਕਮੀਜ਼ ਪਾਈ ਹੋਈ ਸੀ, ਜਿਸ ਵਿੱਚ ਉਹਦੀ ਸੁਰਾਹੀਦਾਰ ਗਰਦਣ ਅਤੇ ਛਾਤੀ ਦਾ ਉਪਰਲਾ ਹਿੱਸਾ ਤਕਰੀਬਨ ਨੰਗਾ ਸੀ। ਉਸਦੇ ਲੰਮੇ ਵਾਲ ਅਤੇ ਸਿਰ ‘ਤੇ ਬੰਨ੍ਹਿਆ ਰੁਮਾਲ ਲੱਕ ਤੀਕ ਪਲਮ ਰਹੇ ਸਨ। ਜਿੰਨਾ ਚਿਰ ਅਸੀਂ ਉਨਾਂ ਦੇ ਘਰ ਰਹੇ ਉਹ ਸਾਡੇ ਨਾਲ-ਨਾਲ ਫਿਰਦੀ ਰਹੀ।
ਉਹਦੀ ਧੀ ਵੀ ਨਾਲ-ਨਾਲ ਫਿਰ ਰਹੀ ਸੀ। ਪੰਦਰਾਂ ਸੋਲਾਂ ਸਾਲਾਂ ਦੀ ਹੋਵੇਗੀ-ਰੂਪ ਦੀ ਦੇਵੀ! ਇਸ ਸਮੇਂ ਉਨ੍ਹਾਂ ਦੇ ਘਰ ਦੇ ਬਾਹਰ ਖਲੋਤੇ ਸਾਂ ਅਤੇ ਅਲੀ ਮੁਹੰਮਦ ਦੀ ਧੀ ਮਹਿਮੂਦਾ ਦਸ ਪੰਦਰਾਂ ਹੋਰ ਔਰਤਾਂ ਨਾਲ ਬਿਲਕੁਲ ਸਾਡੇ ਸਾਹਵੇਂ ਖਲੋਤੀ ਸੀ। ਪਿਛੋਕੜ ਵਿੱਚ ਦਰਖਤ ਸਨ-ਹਰੇ ਕਚੂਚ : ਪਹਾੜ ਸਨ ਅਤੇ ਉਨ੍ਹਾਂ ਤੋਂ ਪਰ੍ਹੇ ਉਚਾਈ ਵਿੱਚ ਬਰਫ਼ ਲੱਦੀਆਂ ਟੀਸੀਆਂ। ਪਹਾੜ ਦੇ ਪੈਰਾਂ ਵਿੱਚ ਛਾਂ ਸੀ। ਦਰਖਤ ਲੱਦੇ ਪਹਾੜਾਂ ‘ਤੇ ਨਿੰਮ੍ਹੀ-ਨਿੰਮ੍ਹੀ ਧੁੱਪ ਚਮਕ ਰਹੀ ਸੀ, ਅਤੇ ਉਨ੍ਹਾਂ ਤੋਂ ਪਰ੍ਹੇ ਬਰਫ਼ ਲੱਦੀਆਂ ਟੀਸੀਆਂ ਇੰਨੀਆਂ ਚਿੱਟੀਆਂ ਸਨ ਕਿ ਉਨ੍ਹਾਂ ਦੇ ਤੇਜ ਨਾਲ ਬੱਦਲ ਵੀ ਚਿੱਟੇ-ਚਿੱਟੇ ਹੋ ਗਏ ਸਨ। ਤੇ ਜੇ ਇਸ ਸਮੱਗਰੀ ਨਾਲ ਕੋਈ ਕਲਾਕਾਰ ਸੁੰਦਰਤਾ ਦੀ ਦੇਵੀ ਸਿਰਜ ਸਕਦਾ ਤਾਂ ਉਹ ਮਹਿਮੂਦਾ ਸੀ। ਸਿਰ ਤੇ ਰੁਮਾਲ, ਪਰ ਸਿਰ ਦਾ ਅਗਲਾ ਹਿੱਸਾ ਬਿਲਕੁਲ ਨੰਗਾ!…. ਕਾਲੇ ਕੂਲੇ ਵਾਲ ਸਿੱਧੇ ਚੀਰ ਨਾਲ ਖੱਬੇ-ਸੱਜੇ ਵੰਡੇ ਹੋਏ ਅਤੇ ਉਹਦੀਆਂ ਬੁੱਲ੍ਹੀਆਂ ਦੀ ਨਾਜ਼ਕੀ ਮੀਰ ਦੇ ਆਖਣ ਵਾਂਗ ”ਪੰਖੜੀ ਏਕ ਗੁਲਾਬ ਕੀ ਸੀ ਹੈ!”
ਮੇਰੀ ਪਤਨੀ ਕੁਝ ਹੈਰਾਨ ਜਿਹੀ ਹੋ ਅਲੀ ਮੁਹੰਮਦ ਦੀ ਬੀਵੀ ਨੂੰ ਆਖਣ ਲੱਗੀ, ”ਬੜੀ ਅਜੀਬ ਗੱਲ ਏ। ਏਥੇ ਨਾ ਕਿਸੇ ਦੇ ਬੁਰਕਾ ਪਾਇਆ ਵੇਖਿਐ, ਨਾ ਹੀ ਪਰਦਾ ਅਤੇ ਨਾ ਹੀ ਮਰਦ ਵੇਖ ਤੁਸੀਂ ਅੰਦਰ ਨਸਦੀਆਂ ਹੋ…”
ਆਪਣੀ ਬੀਵੀ ਦੇ ਜਵਾਬ ਤੋਂ ਪਹਿਲਾਂ ਹੀ ਅਲੀ ਮੁਹੰਮਦ ਸਹਿਜ ਸੁਭਾ ਵਿੱਚ ਬੋਲਿਆ, ”ਏਥੇ ਜਾਨਵਰ ਘੱਟ ਨੇ।”

ਗ਼ਜ਼ਲ
– ਮੱਖਣ ਕੁਹਾੜ
ਝੂਠੀ ਹੈ ਸਰਕਾਰ ਕਿ ਨੇਤਾ ਝੂਠਾ ਹੈ।
ਕਿਉਂ ਕਰੀਏ ਇਤਬਾਰ ਕਿ ਨੇਤਾ ਝੂਠਾ ਹੈ।
ਝੂਠ ਨੂੰ ਸੱਚ ਬਣਾ ਕੇ ਮੁੜ-ਮੁੜ ਪੇਸ਼ ਕਰੇ,
ਗੋਬਲਜ਼ ਦਾ ਹੈ ਯਾਰ ਕਿ ਨੇਤਾ ਝੂਠਾ ਹੈ।
ਚੋਰਾਂ ਨੂੰ ਰਾਹ ਦੱਸੇ ਸੰਨ੍ਹਾਂ ਲਾਵਣ ਦਾ,
ਬਣ ਕੇ ਚੌਕੀਦਾਰ ਕਿ ਨੇਤਾ ਝੂਠਾ ਹੈ।
ਜਦ ਵੀ ਬੋਲੇ ਬਾਣ ਚਲਾਵੇ ਅਗਨੀ ਦੇ,
ਹੰਕਾਰੀ ਕਿਰਦਾਰ ਕਿ ਨੇਤਾ ਝੂਠਾ ਹੈ!
ਚਿੜੀਆਂ ਦੇ ਖੰਭ ਤੋੜੇ ਸ਼ਿਕਰੇ ਸ਼ਿਸ਼ਕਾਰੇ
ਬਿੰਜੂਆ ਦਾ ਸਰਦਾਰ ਕਿ ਨੇਤਾ ਝੂਠਾ ਹੈ!
ਵੋਟਾਂ ਵੇਲੇ ਮੀਂਹ ਵਰ੍ਹਾਵੇ ਵਾਅਦਿਆਂ ਦਾ,
ਫੇਰ ਕਰੇ ਇਨਕਾਰ ਕਿ ਨੇਤਾ ਝੂਠਾ ਹੈ!
ਰੌਸ਼ਨੀਆਂ ਵੱਲ ਘੂਰੀਆਂ ਵੱਟ-ਵੱਟ ਵਿੰਹਦਾ ਹੈ,
ਨੇਰ੍ਹ ਨੂੰ ਦਏ ਸਤਿਕਾਰ ਕਿ ਨੇਤਾ ਝੂਠਾ ਹੈ।
ਕਹਿਣੀ ਕਰਨੀ ਦਿਨ ਤੇ ਰਾਤ ਦੇ ਫ਼ਰਕ ਜਿਹੀ,
ਮੱਖਣਾ ਬਾ-ਹੁਸ਼ਿਆਰ ਕਿ ਨੇਤਾ ਝੂਠਾ ਹੈ।

ਗ਼ਜ਼ਲ
– ਹਰਮਿੰਦਰ ਸਿੰਘ ਕੋਹਾਰਵਾਲਾ
ਹੰਝੂ ਹਉਕੇ ਆਮ ਦਿਆਂਗੇ, ਕਦੇ ਕਦਾਈਂ ਹਾਸੇ।
ਖੜਕਾ ਦੜਕਾ ਵੀ ਹੋ ਸਕਦੈ, ਜੇ ਖੜਕਾਏ ਕਾਸੇ।
ਏਸ ਮੁਲਕ ਵਿਚ ਸਵਾ ਅਰਬ ਨੂੰ, ਰੱਜਵਾਂ ਟੁੱਕ ਜੁੜੇ ਨਾ,
ਅਰਬਾਂਪਤੀਆਂ ਦੇ ਪਰ ਇੱਥੇ, ਜ਼ਰਬਾਂ ਖਾਣ ਅਸਾਸੇ।
ਸੱਤ ਪੁਸ਼ਤਾਂ ਦੀ ਚਿੰਤਾ ਵਿਚ ਹੀ, ਡੁੱਬੇ ਰਹਿੰਦੇ ਰਾਜਨ,
ਸਾਡੇ ਜ਼ਖ਼ਮਾਂ ਦੇ ਦਰਦਾਂ ਨੂੰ, ਇੱਥੇ ਕੌਣ ਕਿਆਸੇ।
ਉਹਨਾਂ ਦੀ ਮਰਜ਼ੀ ‘ਤੇ ਨਿਰਭਰ, ਕਰਨ ਕਦੋਂ ਰੱਬ ਤਰਸੀ,
ਹੱਥ ਪੱਲੇ ਉਹ ਕੁਝ ਨਾ ਪਾਉਂਦੇ, ਕੇਵਲ ਦੇਣ ਦਿਲਾਸੇ।
ਹੱਡ ਕੜਕਾਉਂਦਾ ਪੋਹ ਦਾ ਪਾਲ਼ਾ, ਜਾਨ ਲੈਣ ਤੱਕ ਜਾਂਦਾ,
ਪਿੱਪਲਾਂ ਕਿੱਕਰਾਂ ਥੱਲੇ ਬਹਿ ਬਹਿ, ਲਈਏ ਕੱਟ ਚੁਮਾਸੇ।
ਦੁੱਖ ਤਸੀਹੇ ਦੇ ਦੇ ਉਹਨਾਂ, ਕਰ ਦਿੱਤੇ ਹਾਂ ਨਿੱਸਲ਼,
ਪਾਸਾ ਥੱਲਣ ਨੂੰ ਜੇ ਕਹੀਏ, ਭੰਨ ਦੇਣ ਉਹ ਪਾਸੇ।
ਸਾਗਰ ਦੇ ਤੱਟ ਉੱਤੇ ਵਰ੍ਹ ਕੇ, ਮੇਘ ਮੁਕਾਉਂਦੇ ਕਣੀਆਂ,
ਮੇਘ ਥਲਾਂ ਵੱਲ ਮੂੰਹ ਨਾ ਕਰਦੇ, ਸੁੱਕਣ ਖੇਤ ਪਿਆਸੇ।
ਬੜਾ ਧਿਆਇਆ ਅਸੀਂ ਖ਼ੁਦਾ ਨੂੰ, ਦਿਨ ਫੇਰੇ ਨਾ ਇਸ ਨੇ,
ਫੇਰ ਫੇਰ ਕੇ ਮਾਲ਼ਾ ਪਾਏ, ਹਰ ਮਣਕੇ ‘ਤੇ ਘਾਸੇ।

Scroll To Top