Now Reading
ਸਾਮਰਾਜ ਵਿਰੋਧੀ ਸੰਘਰਸ਼ ਨੂੰ ਤੇਜ ਕਰਨਾ ਹੀ ਸ਼ਹੀਦ-ਇ-ਆਜ਼ਮ ਨੂੰ ਸੱਚੀ ਸ਼ਰਧਾਂਜਲੀ

ਸਾਮਰਾਜ ਵਿਰੋਧੀ ਸੰਘਰਸ਼ ਨੂੰ ਤੇਜ ਕਰਨਾ ਹੀ ਸ਼ਹੀਦ-ਇ-ਆਜ਼ਮ ਨੂੰ ਸੱਚੀ ਸ਼ਰਧਾਂਜਲੀ

ਸਰਬਜੀਤ ਗਿੱਲ
ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਦਾ ਦਿਨ 23 ਮਾਰਚ ਪੂਰੇ ਦੇਸ਼ ‘ਚ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਅੰਗਰੇਜ਼ ਸਾਮਰਾਜ ਨੇ ਸਾਜ਼ਿਸ਼ ਤਹਿਤ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੇ ਤਖ਼ਤੇ ‘ਤੇ ਚੜ੍ਹਾ ਦਿੱਤਾ ਸੀ। ਵਿਚਾਰਧਾਰਕ ਤੇ ਸਿਧਾਂਤਕ ਪੱਖ ਤੋਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਆਰੰਭਿਆ ਸੰਘਰਸ਼ ਅੰਗਰੇਜ਼ ਸਾਮਰਾਜ ਦੇ ਖ਼ਿਲਾਫ਼ ਸੀ। ਉਹ ਹਰ ਕੀਮਤ ‘ਤੇ ਅੰਗਰੇਜ਼ ਸਾਮਰਾਜ ਨੂੰ ਦੇਸ਼ ਤੋਂ ਬਾਹਰ ਕੱਢਣਾ ਚਾਹੁੰਦੇ ਸਨ। ਉਨ੍ਹਾਂ ਵੱਲੋਂ ਲਗਾਇਆ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਸਿਰਫ਼ ਇੱਕ ਨਾਅਰਾ ਹੀ ਨਹੀਂ ਸੀ ਸਗੋਂ ਇਸ ਨਾਅਰੇ ਦੀ ਸੰਪੂਰਨਤਾ ‘ਸਾਮਰਾਜਵਾਦ ਮੁਰਦਾਬਾਦ’ ਨਾਲ ਹੀ ਹੁੰਦੀ ਹੈ। ਉਨ੍ਹਾਂ ਮੁਤਾਬਿਕ : ”ਸਿਰਫ਼ ਬਗ਼ਾਵਤ ਨੂੰ ਇਨਕਲਾਬ ਕਹਿਣਾ ਗ਼ਲਤੀ ਹੈ, ਹਾਂ ਅਸੀਂ ਇਹ ਸਵੀਕਾਰ ਕਰਦੇ ਹਾਂ ਕਿ ਆਖ਼ਰਕਾਰ ਬਗ਼ਾਵਤਾਂ ਦਾ ਨਤੀਜਾ ਇਨਕਲਾਬ ਦੀ ਸ਼ਕਲ ‘ਚ ਤਬਦੀਲ ਹੋ ਜਾਇਆ ਕਰਦਾ ਹੈ।”
ਸਾਮਰਾਜ ਤੇ ਸਰਮਾਏਦਾਰ ਪੱਖੀ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਇਸ ਦਿਨ ਸ਼ਹੀਦਾਂ ਨੂੰ ਯਾਦ ਕਰਨ ਦੇ ਨਾਂਅ ਹੇਠ ਮਗਰਮੱਛ ਦੇ ਹੰਝੂ ਵਹਾਉਂਦੇ ਨਹੀਂ ਥੱਕਦੇ। ਉਹ ਸ਼ਹੀਦਾਂ ਦੇ ਪਦ ਚਿੰਨ੍ਹਾਂ ‘ਤੇ ਚੱਲਣ ਦਾ ਐਲਾਨ ਵੀ ਕਰਦੇ ਹਨ ਪਰ ਅਗਲੇ ਹੀ ਦਿਨ ਸਾਮਰਾਜ ਦੇ ਸੋਹਲੇ ਗਾਉਣੇ ਸ਼ੁਰੂ ਕਰ ਦਿੰਦੇ ਹਨ, ਜਿਨ੍ਹਾਂ ਦਾ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਵਿਰੋਧ ਕੀਤਾ ਸੀ। ਦੇਸ਼ ਦੀਆਂ ਹਾਕਮ ਪਾਰਟੀਆਂ ਸਮੇਤ ਹੋਰ ਕਈ ਪਾਰਟੀਆਂ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨੂੰ ਜਿਸ ਢੰਗ ਨਾਲ ਵਰਤਣਾ ਸ਼ੁਰੂ ਕਰ ਦਿੱਤਾ ਹੈ, ਉਸ ਨਾਲ ਇਸ ਨਾਅਰੇ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ ਹਨ। ਹਰ ਜਣਾ-ਖਣਾਂ ਇਸ ਨਾਅਰੇ ਦੀ ਵਰਤੋਂ ਕਰਨ ਲੱਗ ਪਿਆ ਹੈ। ਐਪਰ, ਇਹ ਲੋਕ ‘ਸਾਮਰਾਜਵਾਦ ਮੁਰਦਾਬਾਦ’ ਨੂੰ ਭੁੱਲ ਜਾਂਦੇ ਹਨ।
ਦੇਸ਼ ਦੇ ਕੁਦਰਤੀ ਸਾਧਨ ਜਲ, ਜੰਗਲ ਅਤੇ ਜ਼ਮੀਨ ‘ਤੇ ਹੌਲੀ ਹੌਲੀ ਸਾਮਰਾਜੀ ਕੰਪਨੀਆਂ ਕਾਬਜ਼ ਹੋ ਰਹੀਆਂ ਹਨ। ਜਿਸ ਦੇਸ਼ ‘ਚੋਂ ਭਗਤ ਸਿੰਘ ਵਰਗੇ ਹਜ਼ਾਰਾਂ ਸੂਰਬੀਰਾਂ ਨੇ ਅਥਾਹ ਕੁਰਬਾਨੀ ਕਰਕੇ ਸਾਮਰਾਜੀਆਂ ਨੂੰ ਬਾਹਰ ਕੱਢਣ ਦਾ ਉੱਦਮ ਕੀਤਾ ਸੀ, ਉਸ ਨੂੰ ਦੇਸ਼ ਦੇ ਹਾਕਮ ਮੁੜ ਸੱਦਾ ਦੇ ਰਹੇ ਹਨ। ਅਜੋਕੇ ਦੌਰ ‘ਚ ਹਰ ਰੰਗ ਦੇ ਹਾਕਮ ਕਿਤੇ ਵੀ ਸਾਮਰਾਜ ਦਾ ਵਿਰੋਧ ਕਰਦੇ ਨਜ਼ਰ ਨਹੀਂ ਆਉਂਦੇ। ਹਾਕਮ ਧਿਰ ਦੀਆਂ ਨੀਤੀਆਂ ਜੇ ਲੋਕ ਪੱਖੀ ਹੋਣਗੀਆਂ ਤਾਂ ਹੀ ਲੋਕਾਂ ਦਾ ਭਲਾ ਹੋ ਸਕਦਾ ਹੈ। ਜੇ ਇਹ ਨੀਤੀਆਂ ਸਾਮਰਾਜ ਪੱਖੀ ਹੋਣਗੀਆਂ ਤਾਂ ਸਾਮਰਾਜੀ ਦੇਸ਼ਾਂ ਨੇ ਸਾਡੇ ਦੇਸ਼ ਨੂੰ ਲੁੱਟਣ ਤੋਂ ਸਿਵਾ ਹੋਰ ਕੁੱਝ ਨਹੀਂ ਕਰਨਾ। ਮੁਨਾਫ਼ਾ ਹੀ ਇਨ੍ਹਾਂ ਸਾਮਰਾਜੀਆਂ ਦਾ ਉਦੇਸ਼ ਹੈ। ਮੁਨਾਫ਼ੇ ਲਈ ਇਨ੍ਹਾਂ ਨੂੰ ਮਨੁੱਖਤਾ ਦਾ ਘਾਣ ਵੀ ਕਰਨਾ ਪੈ ਜਾਵੇ, ਇਨ੍ਹਾਂ ਲਈ ਇਹ ਬਹੁਤ ਹੀ ਛੋਟੀ ਜਿਹੀ ਗੱਲ ਹੈ।
ਸ਼ਹੀਦ ਭਗਤ ਸਿੰਘ ਨੇ ਮਹਿਜ਼ 23 ਸਾਲ ਦੀ ਉਮਰ ‘ਚ ਹੀ ਸਾਮਰਾਜ ਦੀਆਂ ਕਰਤੂਤਾਂ ਨੂੰ ਜਾਣ ਲਿਆ ਸੀ। ਇਹ ਕਰਤੂਤਾਂ ਹੁਣ ਦੇ ਸਮੇਂ ਦੌਰਾਨ ਬਹੁਤ ਹੀ ਤਿੱਖੇ ਰੂਪ ‘ਚ ਸਾਹਮਣੇ ਆ ਰਹੀਆਂ ਹਨ। ਸ਼ਹੀਦ ਭਗਤ ਸਿੰਘ ਦੇ ਸਾਥੀ ਸ਼ਿਵ ਵਰਮਾ ਅਨੁਸਾਰ ਉਸ ਵੇਲੇ ਸਮਾਜਵਾਦ ਜ਼ਮਾਨੇ ਦੀ ਪੁਕਾਰ ਸੀ, ਜਿਸ ਨੂੰ ਸਭ ਤੋਂ ਪਹਿਲਾਂ ਭਗਤ ਸਿੰਘ ਨੇ ਸੁਣਿਆ ਅਤੇ ਪਛਾਣਿਆ। ਇਸ ਮਾਮਲੇ ‘ਚ ਉਹ ਆਪਣੇ ਸਾਥੀਆਂ ਤੋਂ ਬਹੁਤ ਅੱਗੇ ਸੀ। ਸਾਮਰਾਜ ਦੇ ਦਫ਼ਨ ਤੋਂ ਬਿਨਾਂ ਇਨਕਲਾਬ ਦਾ ਸਰੂਪ ਸਮਾਜਵਾਦੀ ਨਹੀਂ ਹੋ ਸਕਦਾ। ਅਜਿਹੇ ਹਾਲਾਤ ‘ਚ ਹੀ ਭਗਤ ਸਿੰਘ ਨੇ ਸਮਾਜਵਾਦ ਨੂੰ ਨਾਲ ਜੋੜਦਿਆਂ ਆਪਣੀ ਜਥੇਬੰਦੀ ਦੇ ਨਾਂਅ ‘ਚ ‘ਸਮਾਜਵਾਦੀ’ ਸ਼ਬਦ ਨੂੰ ਸ਼ਾਮਲ ਕਰ ਦਿੱਤਾ ਸੀ। ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਦੇ ਦਸੰਬਰ 1929 ਨੂੰ ਲਾਹੌਰ ਕਾਂਗਰਸ ‘ਚ ਵੰਡੇ ਗਏ ਮੈਨੀਫੈਸਟੋ ‘ਚ ਸ਼ਹੀਦ ਭਗਤ ਸਿੰਘ ਦੇ ਸਾਥੀ ਭਗਵਤੀ ਚਰਨ ਵੋਹਰਾ ਲਿਖਦੇ ਹਨ ”ਭਾਰਤ ਸਾਮਰਾਜਵਾਦ ਦੇ ਜੂਲ਼ੇ ਹੇਠ ਪਿਸ ਰਿਹਾ ਹੈ। ਇਸ ਦੇ ਕਰੋੜਾਂ ਲੋਕ ਅੱਜ ਅਗਿਆਨਤਾ ਅਤੇ ਗ਼ਰੀਬੀ ਦੇ ਸ਼ਿਕਾਰ ਹੋ ਰਹੇ ਹਨ। ਭਾਰਤ ਦੀ ਬਹੁਤ ਵੱਡੀ ਗਿਣਤੀ, ਜੋ ਕਿਰਤੀਆਂ, ਕਿਸਾਨਾਂ ਦੀ ਹੈ, ਉਨ੍ਹਾਂ ਨੂੰ ਵਿਦੇਸ਼ੀ ਦਾਬੇ ਅਤੇ ਆਰਥਿਕ ਲੁੱਟ ਨੇ ਹੱਥਲ਼ ਕਰ ਦਿੱਤਾ ਹੈ। ਭਾਰਤੀ ਕਿਰਤੀ ਵਰਗ ਦੀ ਹਾਲਤ ਅੱਜ ਅਤਿ ਗੰਭੀਰ ਹੈ। ਉਸ ਨੂੰ ਦੋਹਰੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੂੰ ਵਿਦੇਸ਼ੀ ਪੂੰਜੀਵਾਦ ਦਾ ਇੱਕ ਪਾਸੇ ਤੋਂ ਅਤੇ ਭਾਰਤੀ ਪੂੰਜੀਵਾਦ ਦੇ ਧੋਖੇ ਭਰੇ ਹਮਲੇ ਦਾ ਦੂਜੇ ਪਾਸੇ ਤੋਂ ਖ਼ਤਰਾ ਹੈ। ਭਾਰਤੀ ਪੂੰਜੀਵਾਦ, ਵਿਦੇਸ਼ੀ ਪੂੰਜੀਵਾਦ ਨਾਲ ਹਰ ਰੋਜ਼ ਵਧੇਰੇ ਗੱਠਜੋੜ ਕਰ ਰਿਹਾ ਹੈ।” ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ‘ਚ ਵੀ ਮਨੁੱਖਤਾ ਨੂੰ ਅਹਿਮ ਮੰਨਦੇ ਹੋਏ ਅੰਗਰੇਜ਼ ਸਾਮਰਾਜ ਦਾ ਡਟ ਕੇ ਵਿਰੋਧ ਕਰਦੇ ਹੋਏ ਲਿਖਦੇ ਹਨ ਕਿ ”ਸਾਡੇ ਵਿਚੋਂ ਵੀ ਕਈ ਅਜਿਹੇ ਹਨ ਜੋ ਆਪਣੇ ਆਲਸ ਤੇ ਨਿਕੰਮੇਪਣ ਨੂੰ ਅੰਤਰਰਾਸ਼ਟਵਾਦ ਦੇ ਬੁਰਕੇ ‘ਚ ਛਪਾਉਂਦੇ ਹਨ। ਜੇ ਉਨ੍ਹਾਂ ਨੂੰ ਸੇਵਾ ਲਈ ਕਹੋ ਤਾਂ ਉਹ ਜਵਾਬ ਦੇਣਗੇ, ‘ਜਨਾਬ, ਅਸੀਂ ਤਾਂ ਕੌਮਾਂਤਰੀਵਾਦੀ ਹਾਂ ਅਤੇ ਅਸੀਂ ਕੌਮਾਂਤਰੀ ਭਾਈਚਾਰੇ ਵਿਚ ਵਿਸ਼ਵਾਸ ਰੱਖਦੇ ਹਾਂ। ਇਸ ਤਰ੍ਹਾਂ ਅੰਗਰੇਜ਼ ਵੀ ਸਾਡੇ ਭਰਾ ਹਨ, ਫਿਰ ਉਨ੍ਹਾਂ ਨਾਲ ਲੜਾਈ ਕਾਹਦੀ?” ਕਿੱਡਾ ਨੇਕ ਖ਼ਿਆਲ ਹੈ ਤੇ ਕਿੰਨੀ ਖ਼ੂਬਸੂਰਤ ਗੱਲ ਹੈ! ਪਰ ਉਹ ਇਸ ਦੇ ਅਸਲੀ ਭਾਵ ਨੂੰ ਨਹੀਂ ਸਮਝਦੇ। ਮਨੁੱਖੀ ਭਾਈਚਾਰੇ ਦਾ ਅਸੂਲ ਮੰਗ ਕਰਦਾ ਹੈ ਕਿ ਇੱਕ ਆਦਮੀ ਦੇ ਹੱਥੋਂ ਦੂਜੇ ਆਦਮੀ ਅਤੇ ਇੱਕ ਕੌਮ ਹੱਥੋਂ ਦੂਜੀ ਕੌਮ ਦੀ ਲੁੱਟ ਖਸੁੱਟ ਦਾ ਅੰਤ ਕਰ ਦਿੱਤਾ ਜਾਵੇ। ਕਿਸੇ ਵੀ ਕਿਸਮ ਦੇ ਵਿਤਕਰੇ ਤੋਂ ਬਗੈਰ ਹਰ ਇੱਕ ਨੂੰ ਤਰੱਕੀ ਦੇ ਇੱਕੋ ਜਿਹੇ ਮੌਕੇ ਦਿੱਤੇ ਜਾਣ ਪਰ ਅੰਗਰੇਜ਼ ਰਾਜ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਉਲਟ ਕੰਮ ਕਰ ਰਿਹਾ ਹੈ ਅਤੇ ਇਹ ਸਾਡੇ ਕਿਸੇ ਕੰਮ ਦਾ ਨਹੀਂ ਹੈ।”
ਸਾਮਰਾਜ ਦੇ ਖ਼ਿਲਾਫ਼ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਹਰ ਤਰ੍ਹਾਂ ਦੀ ਜੰਗ ਲੜ ਰਹੇ ਸਨ ਅਤੇ ਕੋਈ ਵੀ ਮੌਕਾ ਨਹੀਂ ਗਵਾ ਰਹੇ ਸਨ, ਜਿਸ ਦੀ ਮਿਸਾਲ 24 ਜਨਵਰੀ 1930 ਨੂੰ ਲੈਨਿਨ ਦਿਵਸ ਦੇ ਮੌਕੇ ਤੀਜੀ ਇੰਟਰਨੈਸ਼ਨਲ ਨੂੰ ਭੇਜੀ ਇੱਕ ਤਾਰ ਤੋਂ ਮਿਲਦੀ ਹੈ। ਜਿਸ ਬਾਰੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਵਲੋਂ ਸੰਪਾਦਿਤ ਕਿਤਾਬ ‘ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਲਿਖਤਾਂ’ ‘ਚ ਲਿਖਿਆ ਹੈ ਕਿ ਇਸ ਦਿਨ ਲਾਹੌਰ ਸਾਜ਼ਿਸ਼ ਕੇਸ ਦੇ ਮੁਲਜ਼ਮ ਲਾਲ ਰੁਮਾਲ ਬੰਨ੍ਹ ਕੇ ਅਦਾਲਤ ‘ਚ ਆਏ ਸਨ। ਉਹ ਕਾਕੋਰੀ ਦੇ ਗੀਤ ਗਾਉਂਦੇ ਰਹੇ ਸਨ। ਮੈਜਿਸਟਰੇਟ ਦੇ ਆਉਣ ‘ਤੇ ਉਨ੍ਹਾਂ ਸਮਾਜਵਾਦੀ ‘ਇਨਕਲਾਬ ਜ਼ਿੰਦਾਬਾਦ’, ‘ਕਮਿਊਨਿਸਟ ਇੰਟਰਨੈਸ਼ਨਲ ਜ਼ਿੰਦਾਬਾਦ’, ‘ਲੈਨਿਨ ਜ਼ਿੰਦਾਬਾਦ’, ‘ਪ੍ਰੋਲਤਾਰੀ ਜ਼ਿੰਦਾਬਾਦ’ ਅਤੇ ‘ਸਾਮਰਾਜਵਾਦ ਮੁਰਦਾਬਾਦ’ ਦੇ ਨਾਅਰੇ ਬੁਲੰਦ ਕੀਤੇ ਅਤੇ ਭੇਜੀ ਗਈ ਤਾਰ ‘ਚ ਇਉਂ ਲਿਖਿਆ ”ਲੈਨਿਨ ਦਿਵਸ ਦੇ ਮੌਕੇ ‘ਤੇ ਅਸੀਂ ਸੋਵੀਅਤ ਰੂਸ ਵਿਚ ਹੋ ਰਹੇ ਮਹਾਨ ਤਜ਼ਰਬੇ ਦੀ ਸਾਥੀ ਲੈਨਿਨ ਦੀ ਸਫਲਤਾ ਨੂੰ ਅਗਾਂਹ ਖੜਨ ਦੀ ਜਿੱਤ ਵਾਸਤੇ ਆਪਣੀਆਂ ਦਿਲੀ ਵਧਾਈਆਂ ਭੇਜਦੇ ਹਾਂ। ਸੰਸਾਰ ਇਨਕਲਾਬੀ ਲਹਿਰ ਨਾਲ ਅਸੀਂ ਆਪਣੇ ਆਪ ਨੂੰ ਜੋੜਨਾ ਚਾਹੁੰਦੇ ਹਾਂ। ਮਜ਼ਦੂਰਾਂ ਦੇ ਰਾਜ ਦੀ ਜੈ ਹੋਵੇ। ਸਰਮਾਏਦਾਰੀ ਦੀ ਖੈ ਹੋਵੇ। ਸਾਮਰਾਜਵਾਦ ਮੁਰਦਾਬਾਦ।”
ਸ਼ਹੀਦ ਭਗਤ ਸਿੰਘ ਦਾ ਬਿੰਬ ਕੁੱਝ ਲੋਕ ਧਾਰਮਿਕ ਅਤੇ ਕੁੱਝ ਲੋਕ ਬੰਬਾਂ, ਪਿਸਤੌਲਾਂ ਵਾਲਾ ਬਣਾਉਣ ਦੀ ਕੋਸ਼ਿਸ਼ ‘ਚ ਲੱਗੇ ਰਹਿੰਦੇ ਹਨ। ਧਾਰਮਿਕ ਤੌਰ ‘ਤੇ ਬਿੰਬ ਬਣਾਉਣ ਵਾਲਿਆਂ ਨੂੰ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਜ਼ਰੂਰ ਪੜ੍ਹ ਲੈਣੀਆਂ ਚਾਹੀਦੀਆਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸੇ ਸ਼ਖ਼ਸੀਅਤ ਨੂੰ ਉਸ ਨਜ਼ਰੀਏ ਨਾਲ ਹੀ ਵਾਚਣਾ ਚਾਹੀਦਾ ਹੈ, ਜਿਹੜੀ ਉਸ ਦੀ ਕਰਮ ਭੂਮੀ ਹੋਵੇ। ਸ਼ਹੀਦ ਭਗਤ ਸਿੰਘ ਦੀ ਕਰਮ ਭੂਮੀ ਧਾਰਮਿਕ ਨਹੀਂ ਸੀ ਸਗੋਂ ਰਾਜਨੀਤਕ ਸੀ। ‘ਇਨਕਲਾਬ ਜ਼ਿੰਦਾਬਾਦ’ ਅਤੇ ‘ਸਾਮਰਾਜਵਾਦ ਮੁਰਦਾਬਾਦ’ ਦੀ ਰਾਜਨੀਤੀ ਹੀ ਉਨ੍ਹਾਂ ਦੀ ਕੇਂਦਰੀ ਰਾਜਨੀਤੀ ਸੀ। ਇਸ ਦੇ ਬਾਵਜੂਦ ਵੀ ਭਗਤ ਸਿੰਘ ਨੇ ਦੂਜੀਆਂ ਲਹਿਰਾਂ ਦੀਆਂ ਚੰਗੀਆਂ ਗੱਲਾਂ ਦਾ ਪ੍ਰਭਾਵ ਜ਼ਰੂਰ ਕਬੂਲਿਆਂ ਸੀ ਪਰ ਕੇਂਦਰ ‘ਚ ਉਨ੍ਹਾਂ ਨੇ ਆਪਣੀ ਲੋਕ ਪੱਖੀ ਅਤੇ ਮਨੁੱਖਤਾ ਵਾਦੀ ਰਾਜਨੀਤੀ ਨੂੰ ਹੀ ਰੱਖਿਆ ਸੀ। ਬੰਬਾਂ, ਪਿਸਤੌਲਾਂ ਦੇ ਸਬੰਧ ‘ਚ ਵੀ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਬੀ. ਕੇ. ਦੱਤ ਨੇ ਇਨਕਲਾਬ ਦੇ ਸ਼ਬਦ ਬਾਰੇ ਲਿਖਦਿਆਂ ਕਿਹਾ ਕਿ ”ਇਸ ਲਫ਼ਜ਼ ਦਾ ਇੱਕ ਸ਼ਬਦ-ਕੋਸ਼ ਵਾਲਾ ਮਤਲਬ ਵੀ ਹੈ ਪਰ ਇਸ ਦੇ ਸਿਰਫ਼ ਸ਼ਬਦ-ਕੋਸ਼ ਵਾਲੇ ਅਰਥ ਨੂੰ ਲੈਣਾ ਕਾਫ਼ੀ ਨਹੀਂ, ਇਸ ਲਫ਼ਜ਼ ਨਾਲ ਉਨ੍ਹਾਂ ਲੋਕਾਂ ਦੀਆਂ ਜਿਹੜੇ ਇਸ ਨੂੰ ਪੇਸ਼ ਕਰਦੇ ਹਨ, ਕੁੱਝ ਖ਼ਾਸ ਹਕੀਕਤਾਂ ਸਬੰਧਿਤ ਹੁੰਦੀਆਂ ਹਨ। ਸਾਡੀਆਂ ਇਨਕਲਾਬ ਪਸੰਦਾਂ ਦੀਆਂ ਨਜ਼ਰਾਂ ਵਿਚ ਇਹ ਇੱਕ ਪਾਕ ਅਤੇ ਇੱਜ਼ਤਯੋਗ ਲਫ਼ਜ਼ ਹੈ। ਅਸੀਂ ਅਦਾਲਤ ਦੇ ਸਾਹਮਣੇ ਜਿਹੜਾ ਬਿਆਨ ਦਿੱਤਾ ਸੀ, ਉਸ ਨੇ ਇਸ ਪਾਕ ਲਫ਼ਜ਼ ਦੀ ਅਹਿਮੀਅਤ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਸੀ। ਤੁਸੀਂ ਉਸ ਬਿਆਨ ਨੂੰ ਪੜ੍ਹੋ ਤੇ ਫਿਰ ਦੇਖੋ ਕਿ ਅਸੀਂ ਕੀ ਕਿਹਾ ਸੀ? ਅਸੀਂ ਇਨਕਲਾਬ ਨੂੰ ਸਦਾ ਅਤੇ ਹਰ ਮੌਕੇ ‘ਤੇ ਹਥਿਆਰਬੰਦ ਇਨਕਲਾਬ ਦੇ ਮਤਲਬ ਨਾਲ ਨਹੀਂ ਜੋੜਦੇ। ਇਨਕਲਾਬ ਸਿਰਫ਼ ਬੰਬਾਂ ਪਿਸਤੌਲਾਂ ਨਾਲ ਹੀ ਅਕੀਦਤ ਨਹੀਂ ਰੱਖਦਾ ਬਲਕਿ ਇਹ ਬੰਬ ਤੇ ਪਿਸਤੌਲਾਂ ਤਾਂ ਕਦੀ ਕਦਾਈਂ ਇਸ ਇਨਕਲਾਬ ਦੇ ਵੱਖ-ਵੱਖ ਹਿੱਸਿਆਂ ਦੀ ਪੂਰਤੀ ਲਈ ਇਕ ਸਾਧਨ ਬਣ ਜਾਂਦੇ ਹਨ ਪਰ ਮੁਕੰਮਲ ਇਨਕਲਾਬ ਨਹੀਂ ਕਹਿਲਾ ਸਕਦੇ।”
‘ਇਨਕਲਾਬ’ ਨੂੰ ਹੋਰ ਸਪਸ਼ਟ ਕਰਦਿਆਂ ਲਿਖਿਆ ਹੈ ਕਿ ”ਇਨਕਲਾਬ ਤੋਂ ਸਾਡਾ ਭਾਵ ਸਪਸ਼ਟ ਹੈ। ਇਸ ਸਦੀ ਵਿਚ ਇਸ ਦੇ ਸਿਰਫ਼ ਇਕ ਹੀ ਮਤਲਬ ਹੋ ਸਕਦੇ ਹਨ : ਜਨਤਾ ਲਈ, ਜਨਤਾ ਦਾ, ਰਾਜਨੀਤਕ ਤਾਕਤ ‘ਤੇ ਕਬਜ਼ਾ। ਅਸਲ ਵਿਚ ਇਹ ਹੈ ‘ਇਨਕਲਾਬ’। ਬਾਕੀ ਸਭ ਬਗ਼ਾਵਤਾਂ ਤਾਂ ਸਿਰਫ਼ ਮਾਲਕਾਂ ਦੀ ਤਬਦੀਲੀ ਕਰਕੇ ਪੂੰਜੀਵਾਦੀ ਸੜਿਆਂਧ ਨੂੰ ਹੀ ਅੱਗੇ ਤੋਰਦੀਆਂ ਹਨ। ਕਿਸੇ ਵੀ ਹੱਦ ਤੱਕ ਲੋਕਾਂ ਨਾਲ ਜਾਂ ਉਨ੍ਹਾਂ ਦੇ ਉਦੇਸ਼ ਲਈ ਦਿਖਾਈ ਹਮਦਰਦੀ, ਜਨਤਾ ਤੋਂ ਅਸਲੀਅਤ ਨੂੰ ਛੁਪਾ ਨਹੀਂ ਸਕਦੀ, ਉਹ ਛਲਾਵੇ ਨੂੰ ਪਛਾਣਦੇ ਹਨ। ਭਾਰਤ ਵਿਚ ਵੀ, ਅਸੀਂ ਭਾਰਤੀ ਕਿਰਤੀ ਦੇ ਰਾਜ ਤੋਂ ਘੱਟ, ਕੁੱਝ ਨਹੀਂ ਚਾਹੁੰਦੇ ਹਾਂ। ਭਾਰਤੀ ਕਿਰਤੀ ਨੇ, ਭਾਰਤ ਅੰਦਰ ਸਾਮਰਾਜਵਾਦੀ ਅਤੇ ਉਨ੍ਹਾਂ ਦੇ ਮਦਦਗਾਰਾਂ ਨੂੰ, ਜੋ ਕਿ ਉਸ ਆਰਥਿਕ ਸਿਸਟਮ, ਜਿਸ ਦੀਆਂ ਜੜ੍ਹਾਂ ਲੁੱਟ ‘ਤੇ ਅਧਾਰਿਤ ਹਨ, ਦੇ ਪੈਰੋਕਾਰ ਹਨ, ਹਟਾ ਕੇ ਅੱਗੇ ਆਉਣਾ ਹੈ। ਅਸੀਂ ਚਿੱਟੀ ਬੁਰਾਈ ਦੀ ਥਾਂ ਕਾਲੀ ਬੁਰਾਈ ਨੂੰ ਲਿਆ ਕੇ ਕਸ਼ਟ ਨਹੀਂ ਝੱਲਣਾ ਚਾਹੁੰਦੇ। ਬੁਰਾਈਆਂ, ਇੱਕ ਹਿਤ ਦੇ ਸਮੂਹ ਵਾਂਗ ਹੈ, ਜੋ ਇੱਕ ਦੂਜੇ ਦੀ ਥਾਂ ਲੈਣ ਨੂੰ ਤਿਆਰ ਹਨ।
ਸਾਮਰਾਜਵਾਦੀਆਂ ਨੂੰ ਗੱਦੀਉਂ ਲਾਹੁਣ ਲਈ ਭਾਰਤ ਦਾ ਇੱਕੋ ਇੱਕ ਹਥਿਆਰ ਕਿਰਤੀ ਇਨਕਲਾਬ ਹੈ। ਕੋਈ ਹੋਰ ਚੀਜ਼ ਇਸ ਉਦੇਸ਼ ਦੀ ਪੂਰਤੀ ਨਹੀਂ ਕਰ ਸਕਦੀ। ਹਰ ਵਿਚਾਰ ਦੇ ਕੌਮਵਾਦੀ, ਇੱਕ ਉਦੇਸ਼ ‘ਤੇ ਸਹਿਮਤ ਹਨ ਸਾਮਰਾਜਵਾਦੀਆਂ ਤੋਂ ਆਜ਼ਾਦੀ ਪ੍ਰਾਪਤੀ। ਉਨ੍ਹਾਂ ਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਦੀ ਲਹਿਰ ਦੀ ਚਾਲਕ ਸ਼ਕਤੀ ਬਾਗੀ ਜਨਤਾ ਹੈ ਅਤੇ ਉਨ੍ਹਾਂ ਦੇ ਜੁਝਾਰੂ ਜਨਤਕ ਐਕਸ਼ਨਾਂ ਰਾਹੀਂ ਹੀ ਕਾਮਯਾਬੀ ਪ੍ਰਾਪਤ ਹੋਣੀ ਹੈ। ਕਿਉਂਕਿ ਇਸ ਲਈ ਸੌਖੀ ਤਰ੍ਹਾਂ ਹੀਲਾ ਨਹੀਂ ਹੋ ਸਕਦਾ, ਇਸ ਕਰਕੇ ਆਪਣੇ ਆਪ ਨਾਲ ਛਲਾਵਾ ਕਰਕੇ ਉਸ ਪਾਸੇ ਲਪਕਦੇ ਹਨ, ਜਿਸਨੂੰ ਉਹ ਆਰਜ਼ੀ ਇਲਾਜ, ਪਰ ਝਟਪਟ ਅਤੇ ਪ੍ਰਭਾਵਸ਼ਾਲੀ ਸਮਝਦੇ ਹਨ। ਯਾਨੀ ਕਿ ਚੰਦ ਸੈਂਕੜੇ ਦ੍ਰਿੜ੍ਹ ਆਦਰਸ਼ਵਾਦੀ ਕੌਮ ਪ੍ਰਸਤਾਂ ਦੀ ਹਥਿਆਰਬੰਦ ਮੁਖਲਾਫਤ ਰਾਹੀਂ ਵਿਦੇਸ਼ੀ ਰਾਜ ਨੂੰ ਉਲਟਾ ਕੇ ਰਿਆਸਤ ਨੂੰ ਸਮਾਜਵਾਦੀ ਲੀਹਾਂ ‘ਤੇ ਮੁੜ ਸੰਗਠਿਤ ਕਰਨਾ। ਉਨ੍ਹਾਂ ਨੂੰ ਵਕਤ ਦੀ ਅਸਲੀਅਤ ਵਿਚ ਝਾਕਣਾ ਚਾਹੀਦਾ ਹੈ। ਹਥਿਆਰ ਜਿਆਦਾ ਗਿਣਤੀ ਵਿਚ ਪ੍ਰਾਪਤ ਨਹੀਂ ਹਨ ਅਤੇ ਜੁਝਾਰੂ ਲੋਕਾਂ ਤੋਂ ਵੱਖਰੇ ਹੋ ਕੇ ਅਨਟਰੇਂਡ ਗਰੁੱਪ ਦੀ ਬਗ਼ਾਵਤ ਅੱਜ ਦੇ ਯੁੱਗ ਵਿਚ ਸਫਲਤਾ ਦਾ ਕੋਈ ਮੌਕਾ ਨਹੀਂ ਹੈ। ਕੌਮਪ੍ਰਸਤਾਂ ਦੇ ਕਾਮਯਾਬ ਹੋਣ ਲਈ, ਉਨ੍ਹਾਂ ਨੂੰ ਕੌਮ ਨੂੰ ਹਰਕਤ ਵਿਚ ਲਿਆਉਣਾ ਚਾਹੀਦਾ ਹੈ ਅਤੇ ਬਗ਼ਾਵਤ ਲਈ ਖੜ੍ਹੇ ਕਰਨਾ ਚਾਹੀਦਾ ਹੈ। ਕੌਮ, ਕਾਂਗਰਸ ਦੇ ਲਾਊਡ ਸਪੀਕਰ ਨਹੀਂ ਹੈ, ਸਗੋਂ ਮਜ਼ਦੂਰ ਕਿਸਾਨ ਹਨ, ਜਿਹੜੇ ਭਾਰਤ ਦੀ 95 ਫ਼ੀਸਦੀ ਵਸੋਂ ਹਨ। ਕੌਮ ਆਪਣੇ ਆਪ ਨੂੰ ਕੌਮੀਕਰਨ ਦੇ ਯਕੀਨ ‘ਤੇ ਹੀ ਹਰਕਤ ਵਿਚ ਲਿਆਏਗੀ, ਯਾਨੀ ਕਿ ਸਾਮਰਾਜਵਾਦੀ ਪੂੰਜੀਪਤੀ ਦੀ ਗ਼ੁਲਾਮੀ ਤੋਂ ਮੁਕਤੀ ਦੇ ਯਕੀਨ ਦਿਵਾਉਣ ‘ਤੇ। ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਕਿਰਤੀ ਇਨਕਲਾਬ ਦੇ ਸਿਵਾਏ, ਨਾ ਕਿਸੇ ਹੋਰ ਇਨਕਲਾਬ ਦੀ ਇੱਛਾ ਕਰਨੀ ਚਾਹੀਦੀ ਹੈ ਅਤੇ ਨਾ ਹੀ ਉਹ ਕਾਮਯਾਬ ਹੋ ਸਕਦਾ ਹੈ।”
ਸਾਡੇ ਦੇਸ਼ ਦੇ ਸੰਵਿਧਾਨ ‘ਚ ਚਾਹੇ ਸ਼ਬਦ ਸਮਾਜਵਾਦੀ ਲਿਖਿਆ ਹੋਇਆ ਹੈ ਪਰ ਕਿਸੇ ਨੇ ਨੀਤੀਆਂ ਬਦਲਣ ਦੀ ਹਾਲੇ ਤੱਕ ਗੱਲ ਨਹੀਂ ਕੀਤੀ। ਸਾਮਰਾਜੀ ਦੇਸ਼ਾਂ ਵਲੋਂ ਸੰਚਾਲਿਤ ਨੀਤੀਆਂ ਨੂੰ ਹੋਰ ਤੇਜ਼ੀ ਨਾਲ ਲਾਗੂ ਕਰਨ ਦੇ ਯਤਨ ਪਹਿਲਾਂ ਵੀ ਅਤੇ ਹੁਣ ਵੀ ਤੇਜ਼ੀ ਨਾਲ ਜਾਰੀ ਹਨ। ਅਜੋਕੇ ਦੌਰ ‘ਚ ਵੀ ਸਾਮਰਾਜ ਦੇ ਆਪਣੇ ਸੰਕਟ ਹਨ, ਇਹ ਸੰਕਟ ਦੂਰ ਕੀਤੇ ਹੀ ਨਹੀਂ ਜਾ ਸਕਦੇ ਕਿਉਂਕਿ ਇਨ੍ਹਾਂ ਦੀ ਪਹੁੰਚ ਮਨੁੱਖਤਾ ਵਾਦੀ ਹੁੰਦੀ ਹੀ ਨਹੀਂ। ਅਕਸਰ ਇਹ ਆਪਣੇ ਸੰਕਟ ਦੂਜੇ ਦੇਸ਼ਾਂ ‘ਤੇ ਹੀ ਲੱਦਦੇ ਰਹਿੰਦੇ ਹਨ। ਆਪਣੇ ਮੁਨਾਫ਼ੇ ਲਈ ਇੱਕ ਦੂਜੇ ਦੇਸ਼ਾਂ ਨੂੰ ਆਪਸ ‘ਚ ਲੜਾਉਣਾ ਵੀ ਇਨ੍ਹਾਂ ਦਾ ਕੰਮ ਹੈ। ਇਸ ਬਾਰੇ ਪੰਛੀ ਝਾਤ ਮਾਰਦਿਆਂ, ਬਿਨਾਂ ਕਿਸੇ ਠੋਸ ਕਾਰਨ ਇਰਾਕ ‘ਤੇ ਜੰਗ ਥੋਪੀ ਅਤੇ ਮਗਰੋਂ ਅਫਿਗਾਨਸਤਾਨ ‘ਚ ਆਪਣੀਆਂ ਫ਼ੌਜਾਂ ਭੇਜ ਦਿੱਤੀਆਂ। ਫ਼ਲਸਤੀਨ, ਸੀਰੀਆਂ ਸਮੇਤ ਹੋਰ ਅਨੇਕਾਂ ਦੇਸ਼ਾਂ ‘ਚ ਸਾਮਰਾਜੀਆਂ ਦੀ ਲੋੜੋਂ ਵੱਧ ਦਖ਼ਲਅੰਦਾਜ਼ੀ ਮਨੁੱਖਤਾ ਦੇ ਭਲੇ ਲਈ ਨਹੀਂ ਸਗੋਂ ਜੰਗਾਂ ‘ਚ ਝੋਕੇ ਗਏ ਦੇਸ਼ਾਂ ਨੂੰ ਹਥਿਆਰਾਂ ਦੀ ਮੰਡੀ ਵਜੋਂ ਦੇਖਣਾ ਹੀ ਹੈ। ਆਪਣੇ ਸੰਕਟ ਟਾਲਣ ਲਈ ਕਦੇ ਯੂਰਪ ਇਕੱਠਾ ਹੋ ਰਿਹਾ ਹੁੰਦਾ ਹੈ ਅਤੇ ਯੂਕੇ ਇਸ ‘ਚੋਂ ਬਾਹਰ। ਕਦੇ ਮੈਕਸੀਕੋ ਦੇ ਬਾਰਡਰ ਨਾਲ ਕੰਧ ਬਣਾਉਣ ਦਾ ਮਸਲਾ ਸਾਹਮਣੇ ਆ ਰਿਹਾ ਹੁੰਦਾ ਹੈ ਕਦੇ ਟਰੰਪ ਨੂੰ ਵਿਦੇਸ਼ਾਂ ‘ਚੋਂ ਰੁਜ਼ਗਾਰ ਲਈ ਆ ਰਹੇ ਲੋਕ ਸਤਾ ਰਹੇ ਹੁੰਦੇ ਹਨ। ਸਾਮਰਾਜੀ ਦੇਸ਼ ਵਪਾਰ ਲਈ ਆਪ ਹਰ ਪਾਸੇ ਜਾਣ ਲਈ ਤਿਆਰ ਰਹਿੰਦੇ ਹਨ ਪਰ ਰੁਜ਼ਗਾਰ ਦੀ ਭਾਲ ‘ਚ ਇੱਧਰੋਂ ਉੱਧਰ ਜਾ ਰਹੇ ਲੋਕਾਂ ‘ਤੇ ਪਾਬੰਦੀਆਂ ਲਗਾ ਕੇ ਰੱਖਦੇ ਹਨ।
ਇਸ ਸਾਮਰਾਜ ਦੀ ਪਛਾਣ ਸ਼ਹੀਦ ਭਗਤ ਸਿੰਘ ਨੇ ਤਾਂ ਉਸ ਵੇਲੇ ਹੀ ਕਰ ਲਈ ਸੀ ਜਦੋਂ ਉਸ ਦੀ ਉਮਰ ਹਾਲੇ 23 ਸਾਲਾਂ ਤੋਂ ਵੀ ਘੱਟ ਦੀ ਸੀ। ਐਪਰ ਸਾਡੇ ਦੇਸ਼ ਦੀਆਂ ਬੁਰਜ਼ੂਆ ਪਾਰਟੀਆਂ ਦਾ ਕਿਰਦਾਰ ਸਾਮਰਾਜ ਦੇ ਹੱਕ ਦਾ ਹੀ ਰਿਹਾ ਹੈ। ਲੋੜ ਪੈਣ ‘ਤੇ ਇਹ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਹਨ ਪਰ ਸਾਮਰਾਜ ਦਾ ਵਿਰੋਧ ਕਿਤੇ ਵੀ ਨਹੀਂ ਕਰਦੀਆਂ। ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਸਿਰਫ਼ ਲੋਕਾਂ ਨੂੰ ਮੂਰਖ ਬਣਾਉਣ ਲਈ ਹੀ ਲਾਉਂਦੀਆਂ ਹਨ। ਲੋਕਾਂ ਨੂੰ, ਆਪਣੇ ਵਡੇਰੇ ਹਿੱਤਾਂ ਦੀ ਰਾਖੀ ਲਈ, ਇਕੱਠੇ ਹੋ ਕੇ ਇਨ੍ਹਾਂ ਸਾਮਰਾਜੀ ਨੀਤੀਆਂ ਨੂੰ ਲਾਗੂ ਕਰਨ ਵਾਲੀਆਂ ਪਾਰਟੀਆਂ ਖ਼ਿਲਾਫ਼ ਲੜਨਾ ਹੀ ਪੈਣਾ ਹੈ। ਇਹ ਲੜਾਈ ਉਸ ਵੇਲੇ ਤੱਕ ਜਾਰੀ ਰਹੇਗੀ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਬੰਦ ਨਹੀਂ ਹੋ ਜਾਂਦੀ। ਸ਼ਹੀਦ ਭਗਤ ਸਿੰਘ ਨੇ ਆਪਣਾ ਸਾਮਾਰਜ ਵਿਰੋਧੀ ਨਿਸ਼ਾਨਾ ਮਿੱਥ ਕੇ ਸ਼ਹੀਦੀ ਤੋਂ ਪਹਿਲਾਂ ਕਿਹਾ ਸੀ ਕਿ ”ਮੇਰੀ ਦਲੇਰੀ ਭਰੇ ਢੰਗ ਨਾਲ ਹੱਸਦਿਆਂ ਹੱਸਦਿਆਂ ਫ਼ਾਂਸੀ ਚੜ੍ਹਨ ਦੀ ਸੂਰਤ ਵਿਚ ਹਿੰਦੋਸਤਾਨੀ ਮਾਵਾਂ ਆਪਣਿਆਂ ਬੱਚਿਆਂ ਦੇ ਭਗਤ ਸਿੰਘ ਬਣਨ ਦੀ ਆਰਜ਼ੂ ਕਰਿਆ ਕਰਨਗੀਆਂ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲਿਆਂ ਦੀ ਗਿਣਤੀ ਏਨੀ ਵੱਧ ਜਾਏਗੀ ਕਿ ਇਨਕਲਾਬ ਨੂੰ ਰੋਕਣਾ ਸਭ ਸ਼ੈਤਾਨ ਸਾਮਰਾਜਵਾਦੀ ਤਾਕਤਾਂ ਦੇ ਵੱਸ ਦੀ ਗੱਲ ਨਹੀਂ ਰਹੇਗੀ।” ਆਓ, ਦੇਸ਼ ਦੇ ਜਲ, ਜੰਗਲ ਅਤੇ ਜ਼ਮੀਨ ਨੂੰ ਬਚਾਉਣ ਲਈ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਉਕਤ ਵਿਚਾਰਾਂ ‘ਤੇ ਪਹਿਰਾ ਦਿੰਦੇ ਹੋਏ ਅਤੇ ਉਨ੍ਹਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਂਦੇ ਹੋਏ ਸਾਮਰਾਜਵਾਦ ਵਿਰੋਧੀ ਜੰਗ ਨੂੰ ਹੋਰ ਤੇਜ਼ ਕਰੀਏ। ਇਹੀ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਦਾ ਅਸਲ ਸੁਨੇਹਾ ਹੈ।

Scroll To Top