Now Reading
ਸਾਮਰਾਜੀ ਦਖ਼ਲ ਅਤੇ ਸੀਰੀਆ ਦਾ ਦੁਖਾਂਤ

ਸਾਮਰਾਜੀ ਦਖ਼ਲ ਅਤੇ ਸੀਰੀਆ ਦਾ ਦੁਖਾਂਤ

ਪ੍ਰੋ. ਜਸਵੰਤ ਸਿੰਘ
ਅਸੀਂ ਤਕਰੀਬਨ ਰੋਜ਼ ਹੀ ਅਖਬਾਰ ਪੜ੍ਹਦੇ ਹੋਏ ਸੀਰੀਆ ਦੇਸ਼ ਦੀਆਂ ਦੁਖਾਂਤਕ ਖਬਰਾਂ ਤੇ ਨਜ਼ਰਸਾਨੀ ਤਾਂ ਕਰਦੇ ਹਾਂ ਪਰ ਸਮੇਂ ਦੀ ਕਮੀਂ ਕਰਕੇ ਜਾਂ ਸੰਵੇਦਨਾ ਦੀ ਘਾਟ ਕਾਰਨ ਗੱਲ ਦੀ ਤਹਿ ਤਕ ਜਾਣ ਦੀ ਕੋਸ਼ਿਸ਼ ਨਹੀਂ ਕਰਦੇ। ਅਜ ਸੰਸਾਰ ਦੇ ਕਿਸੇ ਵੀ ਹਿੱਸੇ ਵਿਚ ਵਾਪਰਨ ਵਾਲੀ ਘਟਨਾ ਸਾਡੇ ਨਾਲ ਕਿਵੇਂ ਜੁੜੀ ਹੋ ਸਕਦੀ ਹੈ, ਇਸ ਦੀ ਤਾਜ਼ਾ ਮਿਸਾਲ ਕਰੋਨਾ ਵਾਇਰਸ ਤੋਂ ਢੁੱਕਵੀਂ ਹੋਰ ਕੋਈ ਨਹੀਂ ਹੋ ਸਕਦੀ। ਸੀਰੀਆ ਦੇ ਸੰਬੰਧ ਵਿਚ ਵੀ ਅਸੀਂ ਇਹੀ ਗੱਲ ਇਸ ਕਰ ਕੇ  ਕਹਿ ਸਕਦੇ ਹਾਂ ਕਿ  ਤੁਹਾਡੀ ਰਸੋਈ  ਵਿਚ ਵਰਤੇ ਜਾਣ ਵਾਲੇ ਜ਼ੀਰੇ ਨਾਲ ਇਸਦਾ ਖਾਸ ਸੰਬੰਧ ਹੈ। ਇਸਦੀ ਗੱਲ ਆਪਾਂ ਅੱਗੇ ਜਾ ਕੇ  ਸਮਝਾਂਗੇ।
ਸੀਰੀਆ, ਏਸ਼ੀਆ ਮਹਾਂਦੀਪ ਦਾ ਇਕ ਦੇਸ਼ ਹੈ। ਜੇਕਰ ਦੇਸ਼ਾਂ ਦੀਆਂ ਹੱਦਾਂ ਨੂੰ ਸੋਚ ਤੋਂ ਪਰਾਂ ਰੱਖ ਕੇ ਨਕਸ਼ਾ ਵਾਚੀਏ ਤਾਂ ਕਾਰ ਚਲਾ ਕੇ ਹੁਸ਼ਿਆਰਪੁਰ ਤੋਂ 63 ਘੰਟਿਆਂ ਵਿਚ ਸੀਰੀਆ ਦੀ ਰਾਜਧਾਨੀ ਅਪੜਿਆ ਜਾ ਸਕਦਾ ਹੈ। ਇਸ ਦੇ ਉੱਤਰ ਵਿਚ ਤੁਰਕੀ, ਪੂਰਬ ਵਿਚ ਇਰਾਕ, ਦੱਖਣ ਵਿਚ ਇਜ਼ਰਾਇਲ ਅਤੇ ਜੌਰਡਨ ਅਤੇ ਪੱਛਮ-ਦੱਖਣ ਵਿਚ ਲਿਬਨਾਨ ਅਤੇ ਪੱਛਮ  ਵਾਲੇ ਪਾਸੇ ਸਮੂੰਦਰ ਵਾਕਿਆ ਹੈ। ਸੀਰੀਆ ਦਾ ਇਰਾਕ ਨਾਲ 600 ਕਿਲੋਮੀਟਰ ਦਾ ਬਾਰਡਰ ਸਾਂਝਾ ਹੈ। ਆਬਾਦੀ ਪੌਣੇ ਦੋ ਕਰੋੜ ਦੇ ਆਸ ਪਾਸ ਹੈ ਭਾਵ ਪੰਜਾਬ ਤੋਂ ਵੀ ਘੱਟ। ਦੇਸ਼ ਦਾ ਅੱਧਾ ਰਕਬਾ ਮਾਰੂਥਲ ਹੈ, ਜੋ ਇਸਦੇ ਦੱਖਣ-ਪੂਰਬੀ ਹਿੱਸੇ ਵਿਚ ਹੈ। ਇਹ ਕੋਈ ਪੰਜ ਲੱਖ ਕਿਲੋਮੀਟਰ ਬਣਦਾ ਹੈ। ਕਣਕ, ਬਾਜਰਾ, ਕਪਾਹ, ਦਾਲਾਂ ਅਤੇ ਜੈਤੂਨ ਆਦਿ ਸੀਰੀਆ ਦੀਆਂ ਮੁੱਖ ਫ਼ਸਲਾਂ ਹਨ। ਜੰਗਲ ਸਿਰਫ 2.7% ਹੈ। 75% ਜ਼ਮੀਨ ਵਾਹੀਯੋਗ ਹੈ। ਕਰੰਸੀ ਸੀਰੀਅਨ ਪੌਂਡ ਹੈ। ਜ਼ਿਆਦਾਤਰ ਆਯਾਤ(32%) ਰੂਸ ਤੋਂ ਹੁੰਦਾ ਹੈ। ਜਦਕਿ ਤੁਰਕੀ ਅਤੇ ਚੀਨ ਤੋਂ ਵੀ ਵਸਤਾਂ ਆਯਾਤ ਹੁੰਦੀਆਂ ਹਨ। ਸਰਕਾਰੀ ਭਾਸ਼ਾ ਅਰਬੀ ਹੈ। ਪਰ ਤੁਰਕੀ ਅਤੇ ਕੁਰਦਿਸ਼ ਬੋਲੀਆਂ ਵੀ ਬੋਲੀਆਂ ਜਾਂਦੀਆਂ ਹਨ। ਸ਼ਹਿਰੀ ਵਸੋਂ 54% ਹੈ। ਜੋ ਜ਼ਿਆਦਾਤਰ ਅਲੋਪੋ ਪ੍ਰਾਂਤ ਵਿਚ ਹੈ।
ਸੀਰੀਆ ਦਾ ਸਮੁੰਦਰੀ ਤੱਟ ਵਾਲਾ  ਪਾਸਾ ਸਭ ਤੋਂ ਵੱਧ ਵਿਕਸਤ ਹੈ। ੳਪਰੋਂ ਤੁਰਕੀ ਵਾਲੇ ਪਾਸਿਉਂ ਸ਼ੁਰੂ ਹੋ ਕੇ ਇਹ ਨੀਚੇ ਲਿਬਨਾਨ ਨਾਲ ਜਾ ਜੁੜਦਾ ਹੈ। ਇਹ ਕੋਈ 193 ਕਿਲੋਮੀਟਰ ਬਣਦਾ ਹੈ। ਲਤਾਕੀਆ, ਬਨਿਆਨ ਅਤੇ ਤਾਰਤਸ ਪ੍ਰਸਿੱਧ ਬੰਦਰਗਾਹਾਂ ਹਨ। ਸਿਆਸੀ ਅਸਥਿਰਤਾ ਤੋਂ ਬਾਅਦ ਇਸ ਪਾਸੇ ਵਲ ਵਸੋਂ ਦਾ ਪਲਾਇਨ ਵਧਣ ਕਾਰਨ ਪੀਣ ਵਾਲੇ ਪਾਣੀ ਦੀ ਕਿਲੱਤ ਤੋਂ ਲੈ ਕੇ ਵਾਤਾਵਰਣ ਦੀ ਬਰਬਾਦੀ ਤਕ ਕਈ ਮੁਸ਼ਕਿਲਾਂ ਦਰਪੇਸ਼ ਹਨ। ਸਿਵਲ ਹਵਾਈ ਅੱਡੇ ਸਿਰਫ ਛੇ ਚਾਲੂ ਹਨ। ਇਨ੍ਹਾਂ ਵਿਚ ਦਮਾਸਕਸ, ਲਤਾਕੀਆ ਅਤੇ ਅਲੋਪੋ ਸ਼ਾਮਿਲ ਹਨ। ਬੇਰੁਜ਼ਗਾਰੀ ਦੀ ਦਰ ਪੰਜਾਹ ਫੀਸਦੀ (2016 ਦੇ ਅੰਕੜਿਆਂ ਮੁਤਾਬਕ) ਅਤੇ ਮੰਹਿਗਾਈ ਦੀ ਦਰ ਸੰਤਾਲੀ ਫੀਸਦੀ ਹੈ। ਆਉ ਜਾਣੀਏ ਕਿ ਐਸਾ ਕਿਉਂ ਹੋ ਰਿਹਾ ਹੈ?
ਫਰਾਂਸੀਸੀ ਬਸਤੀਵਾਦੀ ਰਾਜ ਦੇ ਖਾਤਮੇ ਤੋਂ ਬਾਅਦ 1946 ਵਿਚ ਇਹ ਇਕ ਸੁਤੰਤਰ ਦੇਸ਼ ਬਣਿਆ। ਸਿਆਸੀ ਤਾਕਤਾਂ ਦੀ ਆਪਸੀ ਲੜਾਈ ਕਾਰਨ ਇਸ ਦੇਸ਼ ਵਿਚ ਕਈ ਸਾਲਾਂ ਤੋਂ ਆਮ ਆਦਮੀ ਦਾ ਜੀਣਾ ਦੁਸ਼ਵਾਰ ਹੋ ਗਿਆ ਹੈ। ਸਹਿਰਾਂ ਦੇ ਸ਼ਹਿਰ ਬੰਬਾਂ ਨੇ ਤਬਾਹ ਕਰ ਦਿੱਤੇ ਹਨ। ਸਕੂਲ ਬੰਦ ਹਨ। ਗਰੀਬੀ, ਬਿਮਾਰੀ, ਲਾਚਾਰੀ ਦੇਖ ਕੇ ਜੀ ਕੰਬਦਾ ਹੈ। ਪਿਛਲੇ ਇਕ ਦਹਾਕੇ ਵਿਚ ਇਥੋਂ 60 ਲੱਖ ਲੋਕ ਬੇਘਰ ਹੋਏ ਹਨ। 50 ਲੱਖ ਲੋਕ ਸੀਰੀਆ ਛੱਡਣ ਲਈ ਮਜਬੂਰ ਹੋਏ ਹਨ। ਸਭ ਤੋਂ ਵੱਧ ਪਰਵਾਸ ਤੁਰਕੀ ਵਿਚ ਹੋਇਆ ਹੈ। ਜਰਮਨੀ ਅਤੇ ਹੋਰ ਕਈ ਯੁਰਪੀਅਨ ਦੇਸ਼ ਵੀ ਮਾਸੂਮ ਸੀਰੀਅਨ ਲੋਕਾਂ ਨੂੰ ਸ਼ਰਨ ਦੇ ਰਹੇ ਹਨ। ਦੂਜੀ ਵਿਸ਼ਵ ਜੰਗ ਤੋਂ ਬਾਅਦ, ਇਤਿਹਾਸ ਵਿਚ ਰਿਫਯੂਜ਼ੀਆਂ ਦਾ ਇਹ ਸੰਕਟ ਸੱਭ ਤੋਂ ਵੱਧ ਭਿਆਨਕ ਹੈ। ਆਲਮ ਇਹ ਹੈ ਕਿ ਔਸਤਨ ਉਮਰ ਇਕ ਦਹਾਕੇ ਵਿਚ ਹੀ 75 ਤੋਂ 50 ਸਾਲ ਤੱਕ ਥੱਲੇ ਡਿੱਗ ਪਈ ਹੈ। ਇਕ ਅੰਦਾਜ਼ੇ ਅਨੁਸਾਰ 2010 ਤੋਂ 2017 ਤਕ ਦੇਸ਼ ਦੀ ਆਰਥਿਕਤਾ ਵਿਚ 70 ਫੀ ਸਦੀ ਤਕ ਦੀ ਗਿਰਾਵਟ ਆਈ ਹੈ। ਉਚੇਰੀ ਸਿਖਿਆ ਦਾ ਬੁਰਾ ਹਾਲ ਹੈ। ਦੁਨੀਆਂ ਵਿਚ ਜਾਣੀ ਜਾਂਦੀ ‘ਟਾਇਮਜ਼ ਹਾਇਰ ਐਜ਼ੁਕੇਸ਼ਨ’ ਨਾਂਅ ਦੀ ਵਕਾਰੀ ਸੰਸਥਾ ਦੇ ਮਿਆਰਾਂ ਅਨੁਸਾਰ ਇਕ ਵੀ ਯੂਨਵਿਰਸਿਟੀ ਕੋਈ ਵੀ ਦਰਜਾ ਨਹੀਂ ਰਖਦੀ। ਉਂਝ ਦੇਸ਼ ਵਿਚ 18 ਸਰਕਾਰੀ ਅਤੇ 21 ਨਿੱਜੀ ਖੇਤਰ ਦੀਆਂ ਯੂਨਵਿਰਸਿਟੀਆਂ ਹਨ। ਦਮਾਸਕਸ ਯੂਨੀਵਰਸਿਟੀ ਅਤੇ ਅਰਬ ਇੰਟਰਨੈਸ਼ਨਲ ਯੂਨੀਵਰਸਿਟੀ ਦੇਸ਼ ਦੀਆਂ ਵਕਾਰੀ ਸੰਸਥਾਵਾਂ ਹਨ। ਸੀਰੀਆ ਵਿਚ ਅੱਸੀ ਫੀਸਦੀ ਆਬਾਦੀ ਸੁੰਨੀ ਮੁਸਲਮਾਨਾਂ ਦੀ ਹੈ। ਪਰ ਸਰਕਾਰ ਸ਼ੀਆ ਮੁਸਲਮਾਨਾਂ ਦੀ ਹੈ। ਇਹ ਸਰਕਾਰ ਰੂਸ ਪੱਖੀ ਹੈ। ਇਰਾਨ ਵੀ ਸੀਰੀਆ ਪੱਖੀ ਹੈ। ਸੀਰੀਆ ਦੀ ਬੰਦਰਗਾਹ ਨੂੰ ਰੂਸ ਵਰਤਦਾ ਹੈ। ਰੂਸ ਦਾ ਇਸ ਦੇਸ਼ ਦੇ ਤੱਟੀ ਇਲਾਕੇ ਵਿਚ ਹਵਾਈ ਫੌਜ ਦਾ ਇਕ ਟਿਕਾਣਾ ਵੀ ਹੈ। ਇਸ ਤਰਾਂ ਰੂਸ ਦੀੇ ਦੂਰ ਮੈਂਡਟਿਰੇਨੀਅਨ ਸੰਮੁਦਰ ਵਿਚ ਫੌਜੀ ਹਾਜ਼ਰੀ, ਵਿਸ਼ਵ ਅੰਦਰ ਉਸ ਦੀ ਧੌਂਸ ਵਧਾਉਂਦੀ ਹੈ। ਅਮਰੀਕਾ ਅਤੇ ਇਸ ਦੇ ਪੱਖੀ ਦੇਸ਼ ਸੀਰੀਅਨ ਸਰਕਾਰ ਦੇ ਵਿਰੋਧੀ ਹਨ।
ਸੀਰੀਆ ਦਾ ਸਿਆਸੀ ਮੁਖੀ ਬਸ਼ਰ ਅਲ ਅਸਦ ਹੈ ਜੋ ਬਾਥ ਪਾਰਟੀ ਦਾ ਹੈ। ਸੰਨ 1973 ਤੋਂ ਸੰਨ 2000 ਤਕ ਉਸਦਾ ਬਾਪ ਸੀਰੀਆ ਦਾ ਰਾਜਾ ਰਿਹਾ ਸੀ। ਉਸ ਤੋਂ ਬਾਅਦ ਇਹ ਗੱਦੀ ਮੱਲੀ ਬੈਠਾ ਹੈ। ਇਹ ਤਾਨਾਸ਼ਾਹੀ ਹੀ ਸਾਰੀਆਂ ਮੁਸ਼ਕਿਲਾਂ ਦੀ ਜੜ੍ਹ ਹੈ। ਅੱਜ ਦੇ ਇਸ ਸਿਵਲ ਆਜ਼ਾਦੀ ਦੇ ਦੌਰ ਵਿਚ ਇਕ ਪਰਿਵਾਰ ਦਾ ਕਿਸੇ ਦੇਸ਼ ਵਿਚ ਅੱਧੀ ਸਦੀ ਤਕ ਸਿਆਸੀ ਕਬਜ਼ਾ ਬਣਾਈ ਰੱਖਣਾ ਹਾਸੋ ਹੀਣਾ ਲਗ ਰਿਹਾ ਹੈ। ਇਸ ਲਈ ਇਥੇ ਅਰਬ ਸਪਰਿੰਗ ਨਾਂਅ ਦੇ ਲੋਕ ਵਿਰੋਧ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਸ ਦੀ ਪਿਠਭੂਮੀ ਵਿਚ 2007 ਤੋਂ 2010 ਦੇ ਭਿਆਨਕ ਅਕਾਲ ਕਾਰਨ ਪਹਿਲਾਂ ਹੀ ਜੀਣਾ ਦੁਭੱਰ ਸੀ। ਕੁੱਝ ਸਿਆਸੀ ਵਿਰੋਧੀ ਲੋਕਾਂ ਨੇ 2012 ਵਿਚ ਇਕ ਜਲਾਵਤਨ ਸਰਕਾਰ ਦੀ ਸਥਾਪਨਾ ਵੀ ਕੀਤੀ ਸੀ। ਸਿਆਸੀ ਲੜਾਈ ਦੇ ਨਰਮ- ਖਿਆਲੀ ਲੋਕਾਂ ਨੂੰ ਅਮਰੀਕਾ, ਬਰਤਾਨੀਆ, ਫਰਾਂਸ ਆਦਿ ਦੇਸ਼ ਮਦਦ ਕਰਦੇ ਹਨ। ਇਰਾਨ ਦੀ ਸੀਰੀਆ ਨੂੰ ਹਮਾਇਤ ਦਾ ਇਕ ਕਾਰਨ ਦੋਵਾਂ ਦੇ  ਸ਼ੀਆ ਹੋਣ ਦੀ ਸਾਂਝ ਵੀ ਹੈ। ਉਧਰ ਇਰਾਨ ਅਤੇ ਅਮਰੀਕਾ ਦੇ ਆਪਸੀ ਵੈਰ ਦਾ ਇਕ ਕਾਰਨ ਇਰਾਨ ਦੀ ਅਸਾਦ ਸਰਕਾਰ ਨੂੰ ਦਿੱਤੀ ਜਾ ਰਹੀ ਮਦਦ ਵੀ ਹੈ। ਲਿਬਨਾਨ ਵਿਚ ਵੀ ਇਕ ਗਰੁੱਪ ਅਸਦ ਸਰਕਾਰ ਦਾ ਹਮਾਇਤੀ ਹੈ। ਸੋ ਗੁਆਂਢੀ ਮੁਲਕਾਂ ਦੇ ਆਪਸ ਵਿਚ ਟਕਰਾਉਂਦੇ ਹਿਤ, ਤਾਨਾਸ਼ਾਹੀ ਅਤੇ ਉਸ ਵਿਰੁੱਧ ਉਠ ਰਿਹਾ ਆਪਮੁਹਾਰਾ ਸੰਘਰਸ਼ ਸੀਰੀਅਨ ਲੋਕਾਂ ਲਈ ਆਫਤ ਸਾਬਤ ਹੋ ਰਿਹਾ ਹੈ।
ਆਪਣੀ ਜਨਤਾ ਦੇ ਹੱਕੀ ਵਿਰੋਧ ਨੂੰ ਦਬਾਊਣ ਲਈ ਸੀਰੀਆ ਦੀ ਅਸਦ ਸਰਕਾਰ ਨੇ ਅਗਸਤ 2013 ਵਿਚ  ਰਸਾਇਣਕ ਹਥਿਆਰਾਂ ਦੀ ਵਰਤੋਂ ਤਕ ਕੀਤੀ। ਰਾਜਧਾਨੀ ਦਮਾਸਕਸ ਕੋਲ ਸੈਂਕੜੇ ਲੋਕ ਮਾਰੇ ਗਏ ਸਨ। ਉਸ ਵੇਲੇ ਅਮਰੀਕਾ ਦੀ ਉਬਾਮਾ ਸਰਕਾਰ ਨੇ ਰੂਸੀ ਦਖਲਅੰਦਾਜ਼ੀ ਕਰਵਾ ਕੇ ਸੀਰੀਅਨ ਸਰਕਾਰ ਤੋਂ ਇਹ ਮਾਰੂ ਹਥਿਆਰ ਸਮਰਪਣ ਕਰਵਾਏ ਸੀ। 2015 ਵਿਚ ਅਸਦ ਦੀ ਸਰਕਾਰ ਡਿਗਣ ਕਿਨਾਰੇ ਸੀ। ਲਗਭਗ ਸਾਰਾ ਦੇਸ਼ ਵਿਰੋਧੀਆਂ ਦੇ ਕਬਜ਼ੇ ਵਿਚ ਸੀ। ਉਸ ਵੇਲੇ ਰੂਸ ਨੇ ਭੱਦਾ ਰੋਲ ਅਦਾ ਕੀਤਾ ਤੇ ਤਾਨਾਸ਼ਾਹ ਸਰਕਾਰ ਦਾ ਸਾਥ ਦੇ ਕੇ ਜੰਗ ਦੀ ਉਮਰ ਵਧਾਈ। 2016 ਵਿਚ ਅਮਰੀਕਾ-ਰੂਸ ਸਮਝੌਤਾ ਵੀ ਕਾਰਗਰ ਸਾਬਤ ਨਾ ਹੋਇਆ। ਸਲਾਮਤੀ ਕੌਂਸਲ ਦੇ 2012, 2014, 2015 ਅਤੇ 2016 ਦੇ ਫੈਸਲੇ ਧਰੇ-ਧਰਾਏ ਰਹਿ ਗਏ। ਵਿਸ਼ਵ ਦੇ ਦਹਿਸ਼ਤਗਰਦ ਗੁੱਟਾਂ ਦੀ ਸਰਗਰਮੀ ਨੇ ਸੀਰੀਅਨ ਧਰਤੀ ਦਾ ਰੰਗ ਖੂਨ ਨਾਲ ਲਾਲ ਕੀਤਾ ਹੋਇਆ ਹੈ। ਕੌਣ ਕਿਸ ਨਾਲ ਕਦੋਂ ਤਕ ਦਾ ਸਾਥੀ ਹੈ ਕੁੱਝ ਪਤਾ ਨਹੀਂ ਲਗਦਾ।
ਸੀਰੀਆ ਦਾ ਅਲੋਪੋ ਸ਼ਹਿਰ ਜੋ ਕਿਸੇ ਵੇਲੇ ਵਸਦਾ ਰਸਦਾ ਸ਼ਹਿਰ ਸੀ, ਦੇਸ਼ ਦੀ ਖਾਨਾਜ਼ੰਗੀ ਨੇ ਤਬਾਹ ਕਰ ਦਿੱਤਾ ਹੈ। ਸਦੀਆਂ ਪੁਰਾਣੀਆਂ ਯਾਦਗਾਰਾਂ ਅਤੇ ਇਤਿਹਾਸਿਕ ਇਮਾਰਤਾਂ ਬੰਬਾਂ ਨੇ ਢੇਰਾਂ ‘ਚ ਤਬਦੀਲ ਕਰ ਦਿੱਤੀਆਂ ਹਨ। ਮੀਨਾਰ, ਬਾਜ਼ਾਰ, ਮੁਹੱਲੇ ਅਤੇ ਘਰ ਡਰਾਉਣੇ ਖੰਡਰ ਬਣ ਗਏ ਹਨ। ਇਨ੍ਹਾਂ ਵਿਚੋਂ ਅਨੇਕਾਂ ਇਮਾਰਤਾਂ ਨੂੰ ਯੂਨੈਸਕੋ ਦੁਆਰਾ ਵਿਸ਼ਵ ਦੀਆਂ ਵਿਰਾਸਤੀ ਇਮਾਰਤਾਂ ਦਾ ਦਰਜਾ ਦਿੱਤਾ ਹੋਇਆ ਸੀ। ਸੀਰੀਆ ਦੇ ਰਿਫੁਊਜ਼ੀ ਲੋਕਾਂ ਦੀਆਂ ਦੁਸ਼ਵਾਰੀਆਂ ਦੀਆਂ ਅਨੇਕਾਂ ਰਿਪੋਰਟਾਂ ਦੁਨੀਆਂ ਦੇ ਸਨਮੁਖ ਹਨ। ਬੇਦੋਸ਼ੇ ਲੋਕਾਂ ਦੇ ਜੀਵਨ ਤਬਾਹ ਹੋ ਰਹੇ ਹਨ। ਬੇਘਰੇ ਲੋਕ ਹੋਰਾਂ ਦੇਸ਼ਾਂ ਵਿਚ ਸ਼ਰਨ ਲੈ ਰਹੇ ਹਨ। ਮਨੁਖੀ ਹੱਕਾਂ ਦਾ ਘਾਣ ਹੋ ਰਿਹਾ ਹੈ। ਵੱਡੇ ਦੇਸ਼ ਆਪਸੀ ਸਿਆਸੀ ਖੇਡ ਵਿਚ ਮਸਤ ਹਨ। ਬਾਗੀਆਂ ਅਤੇ ਸੀਰੀਆ ਦੀ ਸਰਕਾਰ ਦੇ ਯੁੱਧ ਕਾਰਨ ਸੀਰੀਆ ਇਕ ਦੇਸ਼ ਨਾ ਹੋ ਕੇ ਜੰਗ ਦਾ ਮੈਦਾਨ ਬਣ ਗਿਆ ਹੈ। ਸਿਆਸੀ ਚੌਧਰ ਲਈ ਇਥੇ ਕੋਈ 75 ਗਰੁੱਪ ਇਕ ਦੂਜੇ ਦੇ ਵੈਰੀ ਬਣੇ ਹੋਏ ਹਨ।
ਇਸ ਸੰਕਟ ਦੇ ਨਾਲ-ਨਾਲ ਸੀਰੀਆ ਵਿਚ ਕੁਰਦ ਲੋਕਾਂ ਦਾ ਮਸਲਾ ਵੀ ਦਰਪੇਸ਼ ਹੈ। ਕੁਰਦ ਲੋਕ ਸੀਰੀਆ ਦੇ ਉਤਰ-ਪੁਰਬ ਵਿਚ ਵਸੇ ਹੋਏ ਹਨ। ਇਹ ਸੀਰੀਆ ਦੀ ਕੁੱਲ ਅਬਾਦੀ ਦਾ 10% ਹਨ। ਆਪਣੇ ਵਖਰੇ ਸਭਿਆਚਾਰਕ ਪਿਛੋਕੜ ਕਾਰਨ ਉਹ ਸਵੈ ਨਿਰਣੇ ਦਾ ਹੱਕ ਮੰਗਦੇ ਹੋਏ ਵਖਰੇ ਦੇਸ਼ ਦੀ ਮੰਗ ਕਰਦੇ ਹਨ। ਕੁਰਦ ਲੋਕ ਇਰਾਨ, ਤੁਰਕੀ ਵਿਚ ਵੀ ਹਨ। ਕੁਝ ਹਿੱਸਾ ਸੀਰੀਆ ਦਾ ਵੀ ਵਿਚ ਪੈਂਦਾ ਹੋਣ ਕਾਰਨ ਸਿਆਸੀ ਸਮੀਕਰਣ ਹੋਰ ਉਲਝੇ ਪਏ ਹਨ। ਤੁਰਕੀ ਦੇ ਸੀਰੀਆ ਨਾਲ ਲਗਦੇ ਇਲਾਕੇ ਵਿਚ ਕੁਰਦ ਸਦੀਆਂ ਤੋਂ ਵਸੇ ਹੋਏ ਹਨ। ਉਹ ਤੁਰਕੀ ਸਰਕਾਰ ਤੋਂ ਵੀ ਆਜ਼ਾਦ ਕੁਰਦਸਤਾਨ ਲਈ ਆਪਣੇ ਹਿੱਸੇ ਦਾ ਇਲਾਕਾ ਮੰਗ ਰਹੇ ਹਨ। ਤੁਰਕੀ ਨਾਲ 909 ਕਿਲੋਮੀਟਰ ਦਾ ਲੰਮਾ  ਸੀਰੀਅਨ ਬਾਡਰ ਕੁਰਦਾਂ ਨੂੰ ਰਾਸ ਵੀ ਆਉਂਦਾ ਹੈ। ਉਧਰ ਅਮਰੀਕਾ, ਕੁਰਦਾਂ ਨੂੰ ਸੀਰੀਅਨ ਸਰਕਾਰ ਵਿਰੱਧ ਵਰਤਣਾ ਚਾਹੁੰਦਾ ਹੈ। ਉਹ ਤੁਰਕੀ ਨੂੰ ਵੀ ਇਹੀ ਕੰਮ ਕਰਨ ਲਈ ਉਕਸਾੳਂਦਾ ਰਹਿੰਦਾ ਹੈ। ਤੁਰਕੀ ਸਰਕਾਰ ਕਦੇ ਅਮਰੀਕਾ ਦੀ ਗੱਲ ਮੰਨਦੀ ਹੈ ਤੇ ਕਦੇ ਆਪਣੇ ਸਿਆਸੀ ਹਿੱਤ ਵੇਖਦੀ ਹੈ। ਕੁਰਦ ਮੁਸਲਮਾਨ ਤਾਂ ਹਨ ਪਰ ਉਹ ਨਾ ਤਾਂ ਅਰਬ ਹਨ ਨਾ ਹੀ ਤੁਰਕ। ਇਸ ਕਰਕੇ ਉਹ ਆਪਣੀ ਵਖਰੀ ਪਛਾਣ ਵਾਲਾ ਦੇਸ਼ ਚਾਹੁੰਦੇ ਹਨ। ਇਨ੍ਹਾਂ ਦੀ ਆਬਾਦੀ ਕੈਨੇਡਾ ਦੀ ਆਬਾਦੀ ਦੇ ਬਰਾਬਰ ਹੈ। ਕੁਰਦ ਲੋਕ ਸੀਰੀਅਨ ਸਰਕਾਰ ਲਈ ਲਗਾਤਾਰ ਸਿਰਦਰਦੀ ਬਣੇ ਹੋਏ ਹਨ। ਤੁਰਕੀ ਵਿਚ ਵੀ ਕੁਰਦਾਂ ਦੀਆਂ ਤੱਤੀਆਂ-ਠੰਢੀਆਂ ਜਥੇਬੰਦੀਆਂ ਹਨ। ਅਸਦ ਸਰਕਾਰ ਆਪਣੇ ਕੁਰਦਾਂ ਨੂੰ ਸਿਵਲ ਹੱਕ ਦੇਣ ਤੋਂ ਇਨਕਾਰੀ ਹੈ। ਉਹ ਵਖਰੇ ਦੇਸ਼ ਦੀ ਮੰਗ ਉਤੇ ਖੜ੍ਹੇ ਹਨ। ਸੋ ਟਕਰਾਅ ਅੱਟਲ ਬਣਦਾ ਜਾਪਦਾ ਹੈ। ਇਸ ਸਾਰੀ ਖਾਨਾਜ਼ੰਗੀ ਵਿਚ ਆਮ ਸੀਰੀਅਨ ਬੰਦਾ ਰੋਜ਼ ਹੀ ਅਣਆਈ ਮੌਤ ਮਰ ਰਿਹਾ ਹੈ। ਕੁਰਦਾਂ ਦਾ, ਸੀਰੀਆ ਵਿਚ ਸਰਗਰਮ, ਹੋਰ ਦਹਿਸ਼ਤਗਰਦ ਜਥੇਬੰਦੀਆਂ ਨਾਲ ਟਕਰਾਅ ਵੀ ਚਲਦਾ ਰਹਿੰਦਾ ਹੈ ਕਿਊਂਕਿ ਕੁਰਦਾਂ ਦੀਆਂ ਲੋੜਾਂ ਹੀ ਹੋਰ ਹਨ।
ਜ਼ੀਰੇ ਦੀ ਬਰਾਮਦ ਵਿਚ ਸੀਰੀਆ ਵਿਸ਼ਵ ਵਿਚ ਦੂਜੇ ਨੰਬਰ ‘ਤੇ ਹੈ। ਵੱਡੀ ਮੰਡੀ ਭਾਰਤ ਕੋਲ ਹੈ। ਸੀਰੀਆ  ਦੀ ਬਦਅਮਨੀ ਕਾਰਨ ਵਿਸ਼ਵ ਮੰਡੀ ਵਿਚ ਭਾਰਤੀ ਜ਼ੀਰੇ ਦੀ ਮੰਗ ਵਧੀ ਹੈ। ਭਾਵੇਂ ਤੁਰਕੀ ਅਤੇ ਇਰਾਨ ਵੀ ਜ਼ੀਰੇ ਦੇ ਅੱਛੇ ਵਪਾਰੀ ਹਨ। ਪਰ ਸੀਰੀਆ ਤੋਂ ਪਿੱਛੇ ਹਨ। ਗੜਬੜ ਦੇ ਸਮੇਂ ਤੋਂ ਪਹਿਲਾਂ ਭਾਰਤ ਸੀਰੀਆ ਨੂੰ ਦਵਾਈਆਂ, ਮਸ਼ੀਨਰੀ ਅਤੇ ਰਸਾਇਣ ਬਰਾਮਦ ਕਰਦਾ ਰਿਹਾ ਹੈ।
ਸੀਰੀਆ ਵਿਚ ਭਾਰਤੀ ਲੋਕ ਬੜੇ ਘੱਟ ਹਨ। ਭਾਰਤੀ ਸਫਾਰਤਖਾਨੇ ਦੀ ਸੂਚਨਾ ਅਨੁਸਾਰ ਹੁਣ ਤਾਂ ਤਕਰੀਬਨ 150 ਲੋਕ ਹੀ ਰਹਿੰਦੇ ਹਨ। ਇਨ੍ਹਾਂ ਦਾ ਵਾਸਾ ਵੀ ਜ਼ਿਆਦਾਤਰ ਰਾਜਧਾਨੀ ਵਿਚ ਹੀ ਹੈ। ਭਾਰਤੀ ਸਰਕਾਰ ਦੇ ਵਜ਼ੀਫਿਆਂ ਉਤੇ ਕੁੱਝ ਵਿਦਿਆਰਥੀ ਭਾਰਤੀ ਉਚ-ਸਿੱਖਿਆ ਸੰਸਥਾਵਾਂ ਵਿਚ ਜ਼ਰੂਰ ਪੜ੍ਹ ਰਹੇ ਹਨ। ਅਟਲ ਬਿਹਾਰੀ ਵਾਜਪਾਈ ਪਹਿਲਾ ਪ੍ਰਧਾਨ ਮੰਤਰੀ ਸੀ ਜੋ 2003 ਵਿਚ ਸੀਰੀਆ ਦਾ ਸਰਕਾਰੀ ਮਹਿਮਾਨ ਬਣਿਆ। ਪ੍ਰਤਿਭਾ ਦੇਵੀ ਪਾਟਿਲ ਪਹਿਲੀ ਰਾਸ਼ਟਰਪਤੀ ਸੀ ਜਿਸਨੇ  2010 ਵਿਚ ਸੀਰੀਆ ਦਾ ਦੌਰਾ ਕੀਤਾ। ਸਭਿਆਚਾਰਕ ਅਦਾਨ ਪ੍ਰਦਾਨ ਵਿਚ ਭਾਰਤੀ ਅਤੇ ਸੀਰੀਅਨ ਸਾਹਿਤ ਦੇ ਵਿਰਲੇ ਅਨੁਵਾਦ ਵੀ ਮਿਲਦੇ ਹਨ। 2018 ਵਿਚ ਭਾਰਤ ਨੇ ਸੀਰੀਆ ਨੂੰ 178 ਮਿਲੀਅਨ ਯੁਰੋ ਦੀ ਬਰਾਮਦ ਕੀਤੀ ਸੀ।
ਸੋ ਅਸੀਂ ਦੇਖਦੇ ਹਾਂ ਕਿ ਏਸ਼ੀਆ ਮਹਾਂਦੀਪ ਦੇ ਦੇਸ਼ ਅਫਗਾਨਿਸਤਾਨ ਵਿਚ ਲੰਮੇ ਸਮੇਂ ਤੋਂ ਗੜਬੜ ਚਲ ਰਹੀ ਹੈ। ਸੀਰੀਆ, ਮਿਸਰ, ਇਰਾਨ ਅਤੇ ਇਰਾਕ ਦੀ ਅਮਰੀਕਾ ਨਾਲ ਖਿਚੋਤਾਣ ਹੈ। ਚੀਨ-ਭਾਰਤ ਸੀਮਾ ਵਿਵਾਦ ਨੇ ਏਸ਼ੀਆ ਦੇ ਕਲੇਸ਼ੀ ਮਾਹੌਲ ਨੂੰ ਹੋਰ ਸੰਗੀਨ ਕਰ ਦਿੱਤਾ ਹੈ। ਏਸ਼ੀਅਨ ਮਨੁੱਖ ਅੱਗੇ ਇਸ ਸਾਰੇ ਕੁੱਝ ਵਿਚੋਂ ਸਾਬਤ-ਸਬੂਤ ਨਿਕਲਣ ਦੀ ਚੁਣੌਤੀ ਦਰਪੇਸ਼ ਹੈ।

Scroll To Top