Now Reading
ਸਾਂਝੀ ਗੰਨਾ ਸੰਘਰਸ਼ ਕਮੇਟੀ ਵੱਲੋਂ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ

ਸਾਂਝੀ ਗੰਨਾ ਸੰਘਰਸ਼ ਕਮੇਟੀ ਵੱਲੋਂ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ

ਗੁਰਦਾਸਪੁਰ : ਕਿਸਾਨਾਂ ਦੀਆਂ ਸਰਗਰਮ ਜਥੇਬੰਦੀਆਂ ਕੁੱਲ ਹਿੰਦ ਕਿਸਾਨ ਸਭਾ, ਜਮਹੂਰੀ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਵੱਲੋਂ ਕਾਇਮ ਸਾਂਝੀ ਗੰਨਾ ਸੰਘਰਸ਼ ਕਮੇਟੀ ਵੱਲੋਂ ਗੰਨਾ ਉਤਪਾਦਕਾਂ ਦੇ ਮਸਲਿਆਂ ਨੂੰ ਲੈ ਕੇ ਰੈਲੀ ਕੀਤੀ ਗਈ, ਜਿਸਦੀ ਅਗਵਾਈ ਕਮੇਟੀ ਆਗੂ ਅਸ਼ਵਨੀ ਕੁਮਾਰ ਲੱਖਣਕਲਾਂ, ਸੁਖਦੇਵ ਸਿੰਘ ਗੋਰਾਇਆ, ਭਜਨ ਸਿੰਘ ਚੰਡੀਗੜ੍ਹ, ਜਸਬੀਰ ਸਿੰਘ ਕੱਤੋਵਾਲ, ਸਵਰਣ ਸਿੰਘ ਅਤੇ ਅਜੀਤ ਸਿੰਘ ਭਰਥ ਵੱਲੋਂ ਸਾਂਝੇ ਤੌਰ ਉੱਤੇ ਕੀਤੀ ਗਈ। ਬੁਲਾਰਿਆਂ ਨੇ ਕਿਸਾਨਾਂ ਦੇ ਬਕਾਏ ਨਾ ਦਿੱਤੇ ਜਾਣ ਲਈ ਪੰਜਾਬ ਸਰਕਾਰ, ਮਿੱਲ ਪ੍ਰਬੰਧਕਾਂ ਅਤੇ ਅਧਿਕਾਰੀਆਂ ਦੀ ਅਲੋਚਨਾ ਕੀਤੀ।
ਉਨ੍ਹਾਂ ਮੰਗ ਕੀਤੀ ਕਿ ਗੰਨੇ ਦੀ ਅਦਾਇਗੀ ਛੇਤੀ ਤੋਂ ਛੇਤੀ ਕੀਤੀ ਜਾਵੇ, ਮਿੱਲ ਵੱਲੋਂ ਤਿਆਰ ਕੈਲੰਡਰ ਵਿੱਚ ਛੋਟੇ ਕਿਸਾਨਾਂ ਦਾ ਖਿਆਲ ਰੱਖਿਆ ਜਾਵੇ ਅਤੇ ਬਾਂਡ ਭਰਨ ਦੀ ਪ੍ਰਵਾਨਗੀ ਦਿੱਤੀ ਜਾਵੇ। ਸਾਰੀਆਂ ਗੰਨਾ ਮਿੱਲਾਂ ਪਹਿਲੀ ਨਵੰਬਰ ਤੋਂ ਚਾਲੂ ਕੀਤੀਆਂ ਜਾਣ ਤੇ ਪਨਿਆੜ ਤੇ ਬਟਾਲਾ ਮਿੱਲਾਂ ਦਾ ਨਵੀਨੀਕਰਨ ਕਰਕੇ ਪਿੜਾਈ ਦੀ ਸਮਰਥਾ ਵਧਾਈ ਜਾਵੇ ਅਤੇ ਮਿੱਲਾਂ ਦੀ ਗਲਤੀ ਕਾਰਨ ਕਿਸਾਨਾਂ ਦਾ ਜਿਹੜਾ ਗੰਨਾ ਖੇਤਾਂ ਵਿੱਚ ਰਹਿ ਗਿਆ ਹੈ, ਉਸ ਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਰੈਲੀ ਮਗਰੋਂ ਕਮੇਟੀ ਕਾਰਕੁਨਾਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਜ਼ੋਰਦਾਰ ਵਿਖਾਵਾ ਕਰਕੇ ਮੰਗ ਪੱਤਰ ਸੌਂਪ ਕੇ ਮੰਗਾਂ ਤੋਂ ਜਾਣੂ ਕਰਵਾ ਕੇ ਹੱਲ ਕਰਨ ਦੀ ਮੰਗ ਕੀਤੀ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੀਆਂ ਤਿੰਨ ਸਹਿਕਾਰੀ ਖੰਡ ਮਿੱਲ ਪਨਿਆੜ, ਬਟਾਲਾ ਅਤੇ ਕੀੜੀ ਅਫ਼ਗਾਨਾ ਦੇ ਮੁੱਖ ਪ੍ਰਬੰਧਕਾਂ ਨਾਲ ਜੁਲਾਈ ਦੇ ਪਹਿਲੇ ਹਫ਼ਤੇ ਮੀਟਿੰਗ ਤੈਅ ਕਰਕੇ ਮਸਲਿਆਂ ਦੇ  ਨਿਪਟਾਰੇ ਦਾ ਭਰੋਸਾ ਦਿਵਾਇਆ ਗਿਆ ਹੈ। ਕਿਸਾਨ ਆਗੂ ਤਰਲੋਕ ਸਿੰਘ ਬਹਿਰਾਮਪੁਰ, ਚੰਨਣ ਸਿੰਘ ਦੋਰਾਂਗਲਾ, ਅਸ਼ਵਨੀ ਕੁਮਾਰ, ਬਲਬੀਰ ਸਿੰਘ ਰੰਧਾਵਾ, ਬਲਜੀਤ ਸਿੰਘ ਬਾਜਵਾ, ਰਘਬੀਰ ਸਿੰਘ ਪਕੀਵਾ, ਅਜੀਤ ਸਿੰਘ ਠੱਕਰਸੰਧੂ, ਜੋਗਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਮੋਹਣ ਸਿੰਘ ਨੇ ਡੀਸੀ ਦੇ ਭਰੋਸੇ ਉੱਤੇ ਆਸ ਜਤਾਈ ਹੈ।

Scroll To Top