Now Reading
ਸਬਰ-ਸਿਦਕ ਨਾਲ ਜਬਰ ਦਾ ਟਾਕਰਾ ਕਰਦਿਆਂ ਹੁਕੂਮਤੀ ਮਨਸੂਬੇ ਫੇਲ੍ਹ ਕਰਾਂਗੇ

ਸਬਰ-ਸਿਦਕ ਨਾਲ ਜਬਰ ਦਾ ਟਾਕਰਾ ਕਰਦਿਆਂ ਹੁਕੂਮਤੀ ਮਨਸੂਬੇ ਫੇਲ੍ਹ ਕਰਾਂਗੇ

ਬਠਿੰਡਾ, 4 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- “ਬੀਤੇ ਕਲ੍ਹ ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿਖੇ, ਯੋਗੀ ਸਰਕਾਰ ਦੀ ਸ਼ਹਿ ਪ੍ਰਾਪਤ ਗੁੰਡਾ ਗਰੋਹਾਂ ਵੱਲੋਂ ਚਾਰ ਕਿਸਾਨਾਂ ਨੂੰ ਸ਼ਹੀਦ ਕਰਨ ਅਤੇ ਅਨੇਕਾਂ ਨੂੰ ਗੰਭੀਰ ਜ਼ਖ਼ਮੀ ਕਰਨ ਦੀ ਘਟਨਾ, ਆਰ.ਐਸ.ਐਸ. ਤੇ ਭਾਜਪਾ ਦੀ ਦੇਸ਼ ਵਿਆਪੀ ਕਿਸਾਨ ਘੋਲ ਨੂੰ ਲੀਹੋਂ ਲਾਹੁਣ ਲਈ ਕੀਤੀ ਗਈ ਹਿੰਸਾ ਭੜਕਾਉਣ ਦੀ ਗਿਣੀ-ਮਿਥੀ ਸਾਜ਼ਿਸ਼ ਦਾ ਨਤੀਜਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖੱਟਰ ਵੱਲੋਂ, ਉਕਤ ਘਟਨਾ ਤੋਂ ਠੀਕ ਪਹਿਲਾਂ ਸੰਘੀ ਕਾਰਕੁੰਨਾਂ ਨੂੰ ਪੁਰਅਮਨ ਵਿਰੋਧ ਕਰ ਰਹੇ ਕਿਸਾਨਾਂ ‘ਤੇ ਡਾਂਗਾਂ ਵਰ੍ਹਾਉਣ ਲਈ ਉਕਸਾਏ ਜਾਣ ਤੋਂ ਉਕਤ ਸਾਜ਼ਿਸ਼ ਦੀ ਪੁਸ਼ਟੀ ਹੁੰਦੀ ਹੈ।”
ਇਹ ਗੱਲ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਜਿਲ੍ਹੇ ਦੀਆਂ ਕਿਸਾਨ-ਮਜ਼ਦਸਥਾਜੱਥੇਬੰਦੀਆਂ ਸਥਾਨਕ ਡੀਸੀ ਦਫਤਰ ਮੂਹਰੇ ਮਾਰੇ ਗਏ ਜ਼ੋਰਦਾਰ ਰੋਸ ਧਰਨੇ ਨੂੰ ਸੰਬੋਧਨ ਕਰਨ ਵਾਲੇ ਕਿਸਾਨ ਲੀਡਰਾਂ ਅਤੇ ਜਨਤਕ ਆਗੂਆਂ ਨੇ ਕਹੀ।
ਆਗੂਆਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਮੁੰਡੇ ਵੱਲੋਂ ਕਿਸਾਨਾਂ ਨੂੰ ਗੱਡੀ ਹੇਠ ਦਰੜ ਕੇ ਕਤਲ ਕਰ ਦੇਣਾ, ਗੋਲੀਆਂ ਦੀ ਬੁਛਾੜ ਕਰ ਦੇਣਾ ਅਤੇ ਪੁਲਸ ਦਾ ਮੂਕ ਦਰਸ਼ਕ ਬਣੇ ਰਹਿਣਾ ਸੁਤੇ ਸਿੱਧ ਵਾਪਰਿਆ ਵਰਤਾਰਾ ਨਹੀਂ ਬਲਕਿ ਹਿੰਦੂਤਵੀ ਲਾਣੇ ਦੀ ਚਿਰੋਕਣੀ ਵਿਉਂਤਬੰਦੀ ਦਾ ਨਤੀਜਾ ਹੈ।
ਉਨ੍ਹਾਂ ਨੇ ਕਿਹਾ ਕਿ ਜਿੱਤ ਵੱਲ ਸਾਬਤ ਕਦਮੀਂ ਅੱਗੇ ਵਧ ਰਹੇ ਸ਼ਾਂਤਮਈ ਸੰਘਰਸ਼, ਦਿਨੋਂ-ਦਿਨ ਮਜ਼ਬੂਤ ਹੁੰਦੀ ਜਾ ਰਹੀ ਜਮਾਤੀ ਏਕਤਾ ਅਤੇ ਮਹਾਂਪੰਚਾਇਤਾਂ ਵਿੱਚ ਆਰਐੱਸਐੱਸ ਦੇ ਫਿਰਕੂ-ਫਾਸ਼ੀ, ਫੁੱਟਪਾਊ ਏਜੰਡੇ ਨੂੰ ਚੁਣੌਤੀ ਦਿੱਤੇ ਜਾਣ ਤੋਂ ਸੰਘ-ਪਰਿਵਾਰ ਬੁਖਲਾਹਟ ਵਿੱਚ ਆ ਗਿਆ ਹੈ ਅਤੇ ਆਪਣੇ ਕੁਲਹਿਣੇ ਇਰਾਦਿਆਂ ਨੂੰ ਸਿਰੇ ਚੜ੍ਹਾਉਣ ਲਈ ਹੀ ਉਨ੍ਹਾਂ ਵੱਲੋਂ ਅਜਿਹੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ।
ਆਗੂਆਂ ਨੇ ਭੜਕਾਹਟਾਂ ਤੋਂ ਬਚਦੇ ਹੋਏ ਪੁਰਅਮਨ ਤਰੀਕੇ ਨਾਲ ਕਿਸਾਨ ਸੰਘਰਸ਼ ਨੂੰ ਹੋਰ ਤੇਜ ਕਰਦਿਆਂ ਸੰਘੀ ਸਾਜ਼ਿਸ਼ਾਂ ਦਾ ਬੁਥਾੜ ਭੰਨਣ ਦੀ ਅਪੀਲ ਕੀਤੀ ਹੈ।
ਰੋਸ ਧਰਨੇ ਨੂੰ ਬਲਦੇਵ ਸਿੰਘ ਭਾਈ ਰੂਪਾ, ਬਲਦੇਵ ਸਿੰਘ ਸੰਦੋਹਾ, ਗੁਰਤੇਜ ਸਿੰਘ ਗਹਿਰੀ, ਅਮਰਜੀਤ ਹਨੀ, ਮਹੀਪਾਲ, ਸਿੰਕਦਰ ਸਿੰਘ ਧਾਲੀਵਾਲ, ਗਗਨਦੀਪ ਭੁੱਲਰ, ਰਾਜ ਮਹਿੰਦਰ ਕੋਟ ਭਾਰਾ, ਗੁਰਬਿੰਦਰ ਸਿੰਘ ਬੱਲ੍ਹੋ, ਗੁਰਸੇਵਕ ਸਿੰਘ ਸੰਧੂ, ਪ੍ਰੋਫੈਸਰ ਗੁਰਪ੍ਰੀਤ ਸਿੰਘ ਧਾਲੀਵਾਲ, ਪ੍ਰਿਤਪਾਲ ਸਿੰਘ ਮੰਡੀ ਕਲਾਂ ਨੇ ਸੰਬੋਧਨ ਕੀਤਾ।
ਆਰੰਭ ਵਿੱਚ ਸ਼ਹੀਦ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੰਚ ਸੰਚਾਲਨ ਦੇ ਫਰਜ ਬਿੰਦਰ ਸਿੰਘ ਕੋਟਲੀ ਨੇ ਨਿਭਾਏ। ਜਿਲ੍ਹਾ ਅਧਿਕਾਰੀਆਂ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ।
ਧਰਨਾਕਾਰੀਆਂ ਨੇ ਮੰਗ ਕੀਤੀ ਕਿ ਹਿੰਸਾ ਭੜਕਾਉਣ ਦੇ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਫੌਰੀ ਬਰਖਾਸਤ ਕਰਕੇ ਉਸ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਗੱਡੀ ਚੜ੍ਹਾ ਕੇ ਅਤੇ ਗੋਲੀਆਂ ਨਾਲ ਕਿਸਾਨਾਂ ਨੂੰ ਸ਼ਹੀਦ ਕਰਨ ਵਾਲੇ ਮੋਨੂੰ ਮਿਸ਼ਰਾ ਅਤੇ ਉਸ ਦੇ ਗੁੰਡਾ ਗਰੋਹ ਨੂੰ ਕਤਲ ਦੀਆਂ ਧਾਰਾਵਾਂ ਤਹਿਤ ਫੌਰੀ ਜੇਲ੍ਹ ਭੇਜਿਆ ਜਾਵੇ ਅਤੇ ਸ਼ਰ੍ਹੇਆਮ ਸੰਵਿਧਾਨ ਦੀ ਉਲੰਘਣਾ ਕਰਨ ਵਾਲੇ ਖੱਟਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

Scroll To Top