Now Reading
ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀ ਕੋਸੇ ਕੜਾਹ ਵਾਂਗ ਲਪਟਾਂ ਮਾਰਦੇ ਲੋਕ

ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀ ਕੋਸੇ ਕੜਾਹ ਵਾਂਗ ਲਪਟਾਂ ਮਾਰਦੇ ਲੋਕ

ਪਿ੍ਰੰਸੀਪਲ ਤਰਸੇਮ ਬਾਹੀਆ

ਬਿਨਾਂ ਸ਼ੱਕ ਭਗਤ ਸਿੰਘ 20ਵੀਂ ਸਦੀ ਦੀ ਸਾਮਰਾਜ ਵਿਰੋਧੀ ਲਹਿਰ ਦਾ ਏਸ਼ੀਆ ਦਾ ਸਭ ਤੋਂ ਵੱਡਾ ਸ਼ਹੀਦ ਹੈ । ਉਸਦੇ ਸਾਹਸੀ ਕਾਰਨਾਮਿਆਂ, ਉਸਦੀ ਵਿਦਵਤਾ ਤੇ ਚਿੰਤਨ ਅਤੇ ਉਸਦੀ ਸ਼ਖਸੀਅਤ ਦੇ ਹੋਰ ਗੁਣਾਂ ਕਾਰਨ ਉਸਨੇ ਪਹਿਲਾਂ ਹੀ ਸ਼ਹੀਦ-ਏ-ਆਜ਼ਮ ਦਾ ਦਰਜ਼ਾ ਹਾਸਲ ਕਰ ਲਿਆ ਹੈ । ਸਾਮਰਾਜ ਦੇ ਖਾਸੇ ਅਤੇ ਅਜ਼ਾਦੀ ਦੀ ਲਹਿਰ ਦੇ ਟੀਚਿਆਂ ਬਾਰੇ ਜੋ ਸਪੱਸ਼ਟਤਾ ਉਸਦੇ ਪਾਸ ਸੀ, ਉਹ ਕਿਸੇ ਹੋਰ ਇਨਕਲਾਬੀ ਦੇ ਹਿੱਸੇ ਨਹੀਂ ਸੀ ਆਈ । ਉਸਦੀ ਸ਼ਹੀਦੀ ਉਪਰੰਤ ਉਸਦੀ ਹਰਮਨ-ਪਿਆਰਤਾ ਮਹਾਤਮਾ ਗਾਂਧੀ ਤੋਂ ਘੱਟ ਨਹੀਂ ਸੀ । ਹੁਣ ਵੀ ਨਾ ਕੇਵਲ ਉੱਤਰੀ ਭਾਰਤ ਵਿੱਚ ਹੀ ਸਗੋਂ ਦੱਖਣੀ ਭਾਰਤ ਦੇ ਨਾਲ-ਨਾਲ ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਵੀ ਉਸਨੂੰ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਉਸਦੀ ਸ਼ਹਾਦਤ ਆਮ ਲੋਕਾਂ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਲਈ ਇਕ ਚਾਨਣ-ਮੁਨਾਰੇ ਦਾ ਕੰਮ ਕਰ ਰਹੀ ਹੈ।
ਸ਼ਹੀਦ ਭਗਤ ਸਿੰਘ ਨੇ ਠੀਕ ਹੀ ਕਿਹਾ ਸੀ ਕਿ ਕਿਸੇ ਵਿਅਕਤੀ ਦੇ ਸਰੀਰ ਨੂੰ ਖ਼ਤਮ ਕਰਨ ਨਾਲ ਉਸਦੀ ਮੌਤ ਨਹੀਂ ਹੋ ਜਾਂਦੀ ਕਿਉਂਕਿ ਉਸਦੇ ਵਿਚਾਰ ਜੁਗੋ-ਜੁਗ ਜਿਉਂਦੇ ਰਹਿੰਦੇ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਗਵਾਈ ਦਿੰਦੇ ਰਹਿੰਦੇ ਹਨ। ਇਸੇ ਕਰਕੇ ਹੀ ਭਗਤ ਸਿੰਘ ਨੂੰ ਮਾਰਨ ਦਾ ਕੰਮ ਉਸਨੂੰ ਫਾਂਸੀ ਦਿੱਤੇ ਜਾਣ ਨਾਲ ਹੀ ਮੁਕੰਮਲ ਨਹੀਂ ਹੋਇਆ। ਅੰਗਰੇਜ਼ਾਂ ਨੇ ਹਰ ਸੰਭਵ ਕੋਸ਼ਿਸ਼ ਕੀਤੀ ਕਿ ਉਸ ਵੱਲੋਂ ਲਿਖੀਆਂ-ਪੜ੍ਹੀਆਂ ਗਈਆਂ ਕਿਤਾਬਾਂ, ਦਿੱਤੇ ਗਏ ਬਿਆਨਾਂ ਦੀ ਭਾਫ਼ ਬਾਹਰ ਨਾ ਨਿੱਕਲੇ ਅਤੇ ਲੋਕਾਂ ਨਾਲ ਉਸਦੀ ਵਾਕਫ਼ੀਅਤ ਕੇਵਲ ਇਕ ਅਜਿਹੇ ਨੌਜਵਾਨ ਵਜੋਂ ਹੀ ਰਹੇ, ਜਿਸਨੇ ਇਕ ਅੰਗਰੇਜ਼ ਅਫ਼ਸਰ ਨੂੰ ਗੋਲ਼ੀ ਮਾਰ ਦਿੱਤੀ ਸੀ।
ਆਜ਼ਾਦੀ ਤੋਂ ਬਾਅਦ ਭਾਰਤ ਦੇ ਹਾਕਮ ਵੀ ਭਗਤ ਸਿੰਘ ਦੇ ਵਿਚਾਰਾਂ ਤੋਂ ਓਨਾ ਹੀ ਡਰਦੇ ਸਨ, ਜਿੰਨਾਂ ਕਿ “ਉਸਦੇ ਪਿਸਤੌਲ” ਤੋਂ ਅੰਗਰੇਜ਼ । ਭਾਰਤ ਦੇ ਹਾਕਮਾਂ ਨੇ ਵੀ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਨੂੰ ਹਰ ਹੀਲੇ ਦਬਾਉਣ ਅਤੇ ਲੁਕੋਈ ਰੱਖਣ ਦੇ ਯਤਨ ਕੀਤੇ । ਭਾਵੇਂ ਕਿ ਉਹ ਰਸਮੀਂ ਤੌਰ ਤੇ ਕਦੇ ਕਦਾਈਂ ਉਸ ਦੇ ਬੁੱਤ ਨੂੰ ਹਾਰ ਪਾ ਕੇ ਵੋਟਾਂ ਬਟੋਰਨ ਦਾ ਕੰਮ ਕਰਦੇ ਰਹੇ । ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਮੁਲਕ ਦੀ ਆਜ਼ਾਦੀ ਤੋਂ 70 ਵਰ੍ਹੇ ਬਾਅਦ ਵੀ ਅਜੇ ਤੱਕ ਕੋਈ ਯੂਨਵਿਰਸਿਟੀ ਜਾਂ ਖੋਜ ਸੰਸਥਾ ਭਗਤ ਸਿੰਘ ਦੇ ਨਾਂ ਉੱਤੇ ਨਹੀਂ ਹੈ ।
ਭਗਤ ਸਿੰਘ ਦੇ ਵਿਚਾਰਾਂ ਨੂੰ ਦਬਾਉਣ ਲਈ ਉਸਨੂੰ ਹਿੰਦੂ ਬਣਾਇਆ ਗਿਆ, ਸਿੱਖ ਬਣਇਆ ਗਿਆ, ਆਰੀਆ ਸਮਾਜੀ ਬਣਾਇਆ ਗਿਆ ਅਤੇ ਅੱਤਵਾਦੀ ਤੱਕ ਬਣਾਇਆ ਗਿਆ; ਕਿਉਂਕਿ ਅਸੀਂ ਆਪ ਭਗਤ ਸਿੰਘ ਦੇ ਹਾਣ ਦੇ ਨਹੀਂ ਸੀ ਬਣ ਸਕਦੇ ਇਸ ਲਈ ਭਗਤ ਸਿੰਘ ਨੂੰ ਆਪਣੇ ਵਰਗਾ ਬਣਾਇਆ ਗਿਆ । ਅਸੀਂ ਭਗਤ ਸਿੰਘ ਦੇ ਹੈਟ ਜਾਂ ਪਗੜੀ ਬਾਰੇ ਤਾਂ ਆਪਣੇ-ਆਪਣੇ ਦਾਅਵੇ ਕੀਤੇ ਪਰ ਉਸਦੇ ਸੀਸ ਜਾਂ ਦਿਮਾਗ ਨੂੰ ਬੇਦਾਵਾ ਦੇ ਦਿੱਤਾ।
ਸ਼ਹੀਦ ਭਗਤ ਸਿੰਘ ਦੇ ਪ੍ਰਸ਼ੰਸਕਾਂ ਨੇ ਵੀ ਜਾਂ ਤਾਂ ਉਸਨੂੰ ਇਕ ਪਿਸਤੌਲ ਵਾਲੇ ਮੁੱਛਫੁੱਟ ਗਭਰੂ ਵਜੋਂ ਚਿਤਵਿਆ ਅਤੇ ਜਾਂ ਕਿਸੇ ਹੋਰ ਦੁਨੀਆਂ ਦੇ ਇਕ ਅਜਿਹੇ ਦੇਵਤਾਨੁਮਾਂ ਮਸੀਹੇ ਵਜੋਂ; ਜਿਸਦੀ ਕਿ ਪੂਜਾ ਕੀਤੀ ਜਾਣੀ ਬਣਦੀ ਹੈ। ਇਸ ਤਰ੍ਹਾਂ ਉਸਦੇ ਪ੍ਰਸ਼ੰਸਕਾਂ ਨੇ ਵੀ ਉਸ ਤੋਂ ਇਕ ਹੱਡ-ਮਾਸ ਅਤੇ ਧੜਕਦੇ ਦਿਲ ਵਾਲੇ ਸਧਾਰਨ ਮਨੁੱਖ ਦਾ ਦਰਜ਼ਾ ਖੋਹ ਲਿਆ ਅਤੇ ਉਸਨੂੰ ਇਕ ਬੁੱਤ ਵਿੱਚ ਕੈਦ ਕਰਕੇ ਅਜਿਹੇ ਥਾਂ ਖੜ੍ਹਾ ਕਰ ਦਿੱਤਾ, ਜਿਸਨੂੰ ਅਸੀਂ ਹਾਰ ਤਾਂ ਪਾ ਸਕਦੇ ਹਾਂ ਪਰ ਜੱਫੀ ਵਿੱਚ ਨਹੀਂ ਲੈ ਸਕਦੇ ।
ਲਾਕ ਡਾਊਨ ਦੀ ਇਸ ਘੁਟਣ ਦੇ ਮਾਹੌਲ ਵਿੱਚ ਸਤਨਾਮ ਚਾਨਾ ਵੱਲੋਂ ਉਨ੍ਹਾਂ ਬਾਰੇ ਲਿਖੀ ਇਕ ਪੁਸਤਕ ਇਕ ਤਾਜ਼ਾ ਹਵਾ ਦੇ ਬੁਲ੍ਹੇ ਵਾਂਗੂੰ ਆਈ ਹੈ । ਉਸਨੇ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਸਾਹਸੀ ਕਾਰਨਾਮਿਆਂ ਦੀ ਗਿਣਤੀ-ਮਿਣਤੀ ਵਿੱਚ ਤਾਂ ਵਾਧਾ ਨਹੀਂ ਕੀਤਾ ਪਰ ਇਹਨਾਂ “ਦੇਵਤਾਨੁਮਾ ਬੰਦਿਆਂ” ਦਾ ਮਾਨਵੀਕਰਨ ਕੀਤਾ ਹੈ ਅਤੇ ਉਹਨਾਂ ਅਤੇ ਸਾਡੇ ਵਿਚਕਾਰ ਸਰੀਰਕ ਅਤੇ ਭਾਵਨਾਤਮਕ ਦੂਰੀ ਨੂੰ ਦੂਰ ਕੀਤਾ ਹੈ।
ਸਤਨਾਮ ਚਾਨਾ ਨੇ ਸਾਡੇ ਧਿਆਨ ਵਿੱਚ ਲਿਆਂਦਾ ਹੈ ਕਿ ਸ਼ਹੀਦ ਭਗਤ ਸਿੰਘ ਕੇਵਲ ਇਕ ਵਿਦਵਾਨ ਹੀ ਨਹੀਂ ਸੀ, ਜਿਸਨੇ ਕਿ ਸਕੂਲੀ ਜੀਵਨ ਵੇਲੇ 50 ਕਿਤਾਬਾਂ, ਕਾਲਜ ਦੇ ਦਿਨਾਂ ਵਿੱਚ 200 ਕਿਤਾਬਾਂ ਅਤੇ ਦੋ ਸਾਲ ਤੋਂ ਘੱਟ ਦੇ ਜੇਲ੍ਹ ਦੇ ਸਮੇਂ ਵਿੱਚ 300 ਕਿਤਾਬਾਂ ਪੜ੍ਹੀਆਂ ਸਨ ਅਤੇ ਦੁਨੀਆਂ ਭਰ ਦੇ ਸਾਹਿਤ ਦਾ ਮੁਤਾਲਿਆ ਕੀਤਾ ਸੀ, ਸਗੋਂ ਇਸ ਤੋਂ ਇਲਾਵਾ ਉਹ ਇਕ ਰੰਗੀਲਾ ਵਿਅਕਤੀ ਵੀ ਸੀ, ਜਿਸਨੂੰ ਨਾਟਕਾਂ ਵਿੱਚ ਅਭਿੰਨੈ ਕਰਨ ਦਾ ਵੀ ਸ਼ੌਕ ਸੀ ਅਤੇ ਫਿਲਮਾਂ ਵੇਖਣ ਦਾ ਵੀ । ਇਹ ਸ਼ੌਕ ਇਸ ਹੱਦ ਤੱਕ ਸੀ ਕਿ ਜਿਸਨੂੰ ਪੂਰਾ ਕਰਨ ਲਈ ਉਹ ਪਾਰਟੀ ਦੇ ਸ਼ਖ਼ਤ ਅਨੁਸ਼ਾਸਨ ਦੀ ਉਲੰਘਣਾ ਕਰਨ ਤੱਕ ਵੀ ਜਾ ਸਕਦਾ ਸੀ।
ਭਗਤ ਸਿੰਘ ਦੇ ਸਾਥੀ ਸ਼ਿਵ ਵਰਮਾ ਦੇ ਹਵਾਲੇ ਨਾਲ ਸਤਨਾਮ ਚਾਨਾ ਦੱਸਦਾ ਹੈ ਕਿ ਇਕ ਵਾਰ ਅਜਿਹਾ ਹੀ ਹੋਇਆ ਸੀ ਜਦੋਂ ਉਸਨੇ ਥੀਏਟਰ ਵਿਚ ‘ਅੰਕਲ ਟਾਮਜ਼ ਕੈਬਨ‘ ਫਿਲਮ ਲੱਗੀ ਦੇਖੀ ਜੋ ਅਮਰੀਕਾ ਵਿਚ ਅਫ਼ਰੀਕੀ ਗੁਲਾਮਾਂ ਬਾਰੇ ਸੀ । ਫਿਲਮ ਦੇਖਣ ਦੀ ਇੱਛਾ ਪੂਰੀ ਕਰਨ ਲਈ ਭਗਤ ਸਿੰਘ ਭਗਵਾਨ ਦਾਸ ਮਹੌਰ ਦੀ ਜੇਬ੍ਹ ;ਚੋਂ ਪੈਸੇ ਕਢਾਉਣ ਵਾਸਤੇ ਝਗੜਾ ਕਰਨ ਤੱਕ ਚਲਾ ਗਿਆ ਸੀ । ਪੈਸੇ ਅਸਲ ਵਿਚ ਰੋਟੀ ਤੇ ਹੀ ਖਰਚਣ ਲਈ ਸਨ ਅਤੇ ਚੰਦਰ ਸ਼ੇਖਰ ਨੂੰ ਇਸ ਬਾਰੇ ਜਵਾਬ ਦੇਣਾ ਪੈਣਾ ਸੀ । ਝਗੜਾ ਟਾਲਣ ਲਈ ਮਹੌਰ ਨੇ ਪੈਸੇ ਦੇ ਦਿੱਤੇ ਅਤੇ ਫਿਲਮ ਤਿੰਨਾਂ ਨੇ ਹੀ ਦੇਖੀ । ਉਂਝ ਉਹ ਪੈਸੇ ਉਨ੍ਹਾਂ ਦੇ ਦੋ ਦਿਨਾਂ ਦੀ ਰੋਟੀ ਸੀ । ਚੰਦਰ ਸ਼ੇਖਰ ਨੂੰ ਪਤਿਆਉਣ ਵਿਚ ਭਗਤ ਸਿੰਘ ਨੂੰ ਕੋਈ ਦਿੱਕਤ ਨਾ ਆਈ ਕਿਉਂਕਿ ਉਹ ਆਪ ਵੀ ਕਲਾ ਤੇ ਮੋਹਤ ਹੋ ਜਾਣ ਵਾਲੀ ਅਜਿਹੀ ਸ਼ਖਸ਼ੀਅਤ ਸਨ ਕਿ ਕਲਾ ਦਾ ਅਨੰਦ ਲੈਣ ਲਈ ਆਪਣੀ ਜਾਨ ਦੀ ਪ੍ਰਵਾਹ ਵੀ ਭੁੱਲ ਸਕਦੇ ਸਨ । ਪੁਸਤਕਾ ਵਿਚ ਅਜਿਹਾ ਹੀ ਇਕ ਵਾਕਿਆ ਨੋਟ ਕੀਤਾ ਗਿਆ ਹੈ ਜਦੋਂ ਚੰਦਰ ਸ਼ੇਖਰ ਠੁਮਰੀ ਦੀ ਅਵਾਜ਼ ਦਾ ਅਨੰਦ ਲੈਣ ਲਈ, ਤਵਾਇਫਾਂ ਦੀ ਬਦਨਾਮ ਗਲੀ ਵਿਚ ਕਿੰਨ੍ਹੀ ਹੀ ਦੇਰ ਜੰਮਕੇ ਖੜ੍ਹੇ ਰਹਿੰਦੇ ਹਨ । ਉਹ ਵੀ ਉਸ ਸਮੇਂ ਜਦੋਂ ਉਨ੍ਹਾਂ ਨੂੰ ਲੱਭਣ ਲਈ, ਸ਼ਹਿਰ ਵਿਚ ਸੂਹੀਆਂ ਦਾ ਜਾਲ ਵਿਛਿਆ ਹੋਇਆ ਸੀ । ਇਸ ਘਟਨਾ ਦਾ ਬਿਰਤਾਂਤ ਵੀ, ਸ਼ਿਵ ਵਰਮਾਂ ਦੇ ਹਵਾਲੇ ਨਾਲ ਕੀਤਾ ਗਿਆ ਹੈ ।
ਭਗਤ ਸਿੰਘ ਆਪਣੇ ਦਲੀਲ ਅਤੇ ਤਰਕ ਲਈ ਹੀ ਨਹੀਂ ਸਗੋਂ ਆਪਣੇ ਮਜ਼ਾਕ ਲਈ ਵੀ ਮਸ਼ਹੂਰ ਸੀ । ਕਦੀ-ਕਦੀ ਤਾਂ ਕਿਸੇ ਸਾਥੀ ਨੂੰ ਗੁੱਸਾ ਚੜ੍ਹਾ ਦੇਣ ਵਾਲਾ ਵੀ ਮਜ਼ਾਕ ਕਰ ਦਿੰਦੇ ਸਨ। ਇਸੇ ਤਰ੍ਹਾ ਦੇ ਹੀ ਇਕ ਮਜ਼ਾਕ ਉਤੇ ਉਸਦਾ ਸਾਥੀ ਭਗਵਾਨ ਦਾਸ ਮਹੌਰ ਉਸ ਨਾਲ ਗੁੱਥਮ-ਗੁੱਥਾ ਹੋ ਪਿਆ ਸੀ । ਦੂਜੇ ਸਾਥੀਆਂ ਨੇ ਜਦ ਸੁਲਾਹ ਕਰਾਉਣ ਦਾ ਯਤਨ ਕੀਤਾ ਤਾਂ ਭਗਤ ਸਿੰਘ ਨੇ ਇਸ ਸ਼ਰਤ ਉੱਤੇ ਸੁਲਾਹ ਕੀਤੀ ਕਿ ਮਹੌਰ ਫਿਰ ਇਕ ਗਾਣਾ ਸੁਣਾ?ਣਗੇ । ਮਹੌਰ ਨੇ ਆਪਣਾ ਮਨਪਸੰਦ ਮਰਾਠੀ ਗੀਤ ‘ਕੁੰਨ ਗੁੰਤਲਾ‘ ਸੁਣਾਇਆ । ਜੋ ਸਾਬਤ ਕਰਦਾ ਹੈ ਕਿ ਭਗਤ ਸਿੰਘ ਦਾ ਦਿਲ, ਵਿਚਾਰਾਂ ਦੀ ਦਿ੍ਰੜ੍ਹਤਾ ਦੇ ਨਾਲ-ਨਾਲ ਸਾਹਿਤ, ਕਲਾ ਅਤੇ ਸੰਗੀਤ ਪ੍ਰਤੀ ਕੋਮਲ ਭਾਵਨਾਵਾਂ ਅਤੇ ਸੂਖ਼ਮ ਸੰਵੇਦਨਾਵਾਂ ਨਾਲ ਵੀ ਲਬਰੇਜ਼ ਸੀ।
ਹੋਰਨਾਂ ਕ੍ਰਾਂਤੀਕਾਰੀਆਂ ਦੀਆਂ ਸੂਖਮ ਸੰਵੇਦਨਾਵਾਂ ਪ੍ਰਤੀ ਵੀ ਭਗਤ ਸਿੰਘ ਓਨੇ ਹੀ ਸੰਵੇਦਨਸ਼ੀਲ ਸਨ। ਇਸਦਾ ਪਤਾ ਉਨ੍ਹਾਂ ਵਲੋਂ ਸ਼ਹੀਦ ਮਦਨ ਲਾਲ ਢੀਂਗਰਾ ਬਾਰੇ ਲਿਖੇ ਲੇਖ ਤੋਂ ਲੱਗਦਾ ਹੈ, ਜਿਸਨੇ ਕਿ ਕਰਜ਼ਨ ਵਾਈਲੀ ਦੀ ਹੱਤਿਆ ਕੀਤੀ ਸੀ । ਬਰਤਾਨਵੀ ਜਾਸੂਸ ਈ. ਟੀ. ਵੁੱਡਹਾਲ ਦੇ ਹਵਾਲੇ ਨਾਲ ਭਗਤ ਸਿੰਘ ਲਿਖਦਾ ਹੈ ਕਿ ਮਦਨ ਲਾਲ ਢੀਂਗਰਾ ਬਾਗ਼ ਦੇ ਕਿਸੇ ਕੋਨੇ ਵਿੱਚ ਬੈਠ ਕੇ ਘੰਟਿਆਂ ਬੱਧੀ ਫੁੱਲਾਂ ਨੂੰ ਨਿਹਾਰਦਾ ਰਹਿੰਦਾ ਸੀ ਅਤੇ ਉਸਦੀ ਇਸ ਆਦਤ ਕਾਰਨ ਵੁੱਡਹਾਲ ਨੂੰ ਉਹ ਬਹੁਤ ਹੀ ਖ਼ਤਰਨਾਕ ਬੰਦਾ ਲੱਗਦਾ ਸੀ।
ਮਾਨਵਤਾ ਪ੍ਰਤੀ ਇਨ੍ਹਾਂ ਕ੍ਰਾਂਤੀਕਾਰੀ ਨੌਜਵਾਨਾਂ ਦੇ ਪਿਆਰ ਦੀ ਡੁੰਘਾਈ ਬਿਆਨ ਕਰਦਿਆਂ ਸਤਨਾਮ ਚਾਨਾ ਨੇ ਦੋ ਮਹੱਤਵਪੂਰਨ ਖੋਜ ਪੁਸਤਕਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਜਨਰਲ ਮਾਇਕਲ ਉਡਵਾਇਰ ਦੀ ਹੱਤਿਆ ਕਰਨ ਵਾਲੇ ਸ਼ਹੀਦ ਊਧਮ ਸਿੰਘ ਨੇ ਆਪਣੇ ਮੁਲਾਕਾਤੀਆਂ ਨੂੰ ਲਿਖਿਆ ਸੀ ਕਿ ਉਹ ਉਸਦੀਆਂ ਕਿਤਾਬਾਂ ਦੇ ਨਾਲ ਹੀਰ ਦਾ ਕਿੱਸਾ ਵੀ ਲਿਆਉਣ । ਕਿਉਂਕਿ ਕਚਹਿਰੀ ਵਿੱਚ ਉਹ ਕਿਸੇ ਧਾਰਮਿਕ ਪੁਸਤਕ ਉੱਤੇ ਹੱਥ ਰੱਖ ਕੇ ਸਹੁੰ ਖਾਣ ਦੀ ਥਾਂ ਹੀਰ ਦੇ ਕਿੱਸੇ ਉੱਤੇ ਹੱਥ ਰੱਖ ਕੇ ਸਹੁੰ ਖਾਣਾ ਪਸੰਦ ਕਰੇਗਾ । ਕਿਉਂਕਿ, ਹੀਰ ਜਿੰਨਾਂ ਪਿਆਰ ਇਕ ਬੰਦੇ ਨੂੰ ਕਰਦੀ ਸੀ ਉਹ ਓਨਾ ਪਿਆਰ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਕਰਦਾ ਹੈ ।
ਇਸ ਤਰ੍ਹਾਂ ਜਾਪਦਾ ਹੈ ਕਿ ਸਾਡੇ ਇਹਨਾਂ ਸ਼ਹੀਦਾਂ ਦੀ ਕੋਮਲਤਾ, ਸੂਖ਼ਮਤਾ ਅਤੇ ਮੁਹੱਬਤਾਂ ਦੀ ਦਾਸਤਾਂ ਸਾਡੇ ਅਣਫਰੋਲੇ ਇਤਿਹਾਸ ਅਤੇ ਰੂੜ੍ਹੀਵਾਦੀ ਸੋਚ ਦੀ ਗਰਦ ਹੇਠਾਂ ਦਬੀ ਪਈ ਹੈ, ਜਿਸ ਦੇ ਨੈਣ ਨਕਸ਼ਾਂ ਨੂੰ ਸਤਨਾਮ ਚਾਨਾ ਨੇ ਆਪਣੇ ਵਿਚਾਰਾਂ ਦੀਆਂ ਫੂਕਾਂ ਮਾਰ ਕੇ ਉਭਾਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਤਰ੍ਹਾਂ ਉਸਨੇ ਸਾਡੇ ਸ਼ਹੀਦਾਂ ਪ੍ਰਤੀ ਸਾਡੀ ਖੋਜ ਦੇ ਖੇਤਰ ਵਿੱਚ ਇਕ ਨਵੀਂ ਲੀਹ ਪਾਈ ਹੈ।
ਇੱਥੇ ਹੀ ਬੱਸ ਨਹੀਂ, ਇਸ ਪੁਸਤਕਾ ਵਿਚ, ਕ੍ਰਾਂਤੀ ਬਾਰੇ ਭਗਤ ਸਿੰਘ ਦੇ ਫਲਸਫੇ ਨੂੰ ਸਰਲ ਅਤੇ ਸਪੱਸਟ ਰੂਪ ਵਿਚ ਨਿਖਾਰਨ ਦਾ ਯਤਨ ਕੀਤਾ ਗਿਆ ਹੈ। ਜਿਵੇਂ ਕਿ ਭਗਤ ਸਿੰਘ ਖੁਦ ਲਿਖਦਾ ਹੈ ਕਿ ਇੰਕਲਾਬ ਪਿਸਤੌਲ ਅਤੇ ਬੰਬ ਦਾ ਸਭਿਆਚਾਰ ਨਹੀਂ ਅਤੇ ਅਸੀਂ ਨੌਜਵਾਨਾ ਨੂੰ ਬੰਬ ਅਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ । ਇਨ੍ਹਾਂ ਦੀ ਲੋੜ ਖਾਸ ਸਮੇਂ ਅਤੇ ਖਾਸ ਥਾਂਵਾਂ ਤੇ ਹੀ ਪਿਆ ਕਰਦੀ ਹੈ । ਸਤਨਾਮ ਚਾਨਾ ਕਹਿੰਦਾ ਹੈ ਕਿ ਭਗਤ ਸਿੰਘ ਨੇ ਇੱਕੋ ਵਾਰੀ ਹੀ ਪਿਸ਼ਤੌਲ ਚਲਾਇਆ ਸੀ ਪਰ ਜਿਸ ਪ੍ਰਕਾਰ ਉਸਦਾ ਸਮਾਂ ਅਤੇ ਕਾਰਨ ਚੁਣਿਆ ਗਿਆ ਉਸ ਵਰਗੀ ਉਦਾਹਰਣ ਪੂਰੀ ਦੁਨੀਆਂ ਵਿਚ ਹੋਰ ਕੋਈ ਨਹੀਂ ਹੈ । ਇਹ ਪਹਿਲਾ ਹੀ ਪਿਸਤੌਲ ਦਾ ਵਾਰ ਸੀ ਜੋ ਉਸ ਵਿਅਕਤੀ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਗਿਆ ਜਿਸ ਨਾਲ ਕਿ ਤਿੱਖੇ ਮਤਭੇਦ ਸਨ, ਬਲਕਿ ਤਿੱਖਾ ਵਿਰੋਧ ਸੀ । ਵਿਰੋਧ ਹੀ ਨਹੀਂ ਸੀ ਸਗੋਂ ਉਸਨੇ ਭਗਤ ਸਿੰਘ ਨੂੰ ਰੂਸੀ ਏਜੰਟ ਕਿਹਾ ਸੀ ਜੋ ਕਿ ਦੁਸ਼ਮਣੀ ਵਾਲੀ ਕਾਰਵਾਈ ਸੀ । ਇਹ ਫਾਂਸੀ ਵੀ ਦੁਨੀਆਂ ਦੀ ਇਕੋ-ਇਕ ਫਾਂਸੀ ਹੈ ਜੋ ਉਸ ਵਿਅਕਤੀ ਦੀ ਹੱਤਿਆ ਦਾ ਬਦਲਾ ਲੈਣ ਕਾਰਨ ਹੋਈ ਜਿਸ ਨੇ ਫਾਂਸੀ ਲੱਗਣ ਵਾਲਿਆਂ ਲਈ ਆਪਣੇ ਘਰ ਦੇ ਸਰਵਾਜ਼ੇ ਬੰਦ ਕੀਤੇ ਹੋਏ ਸਨ । ਭਗਤ ਸਿੰਘ ਕਹਿੰਦਾ ਹੈ ਕਿ ਲਾਲਾ ਜੀ ਨਾਲ ਮਤਭੇਦ ਤਾਂ ਸਨ ਪਰ ਉਹ ਸਾਡੇ ਬਾਪੂ ਵੀ ਸਨ । ਸਤਨਾਮ ਚਾਨਾ ਅਨੁਸਾਰ ਭਗਤ ਸਿੰਘ ਨੂੰ ਲਾਲਾ ਲਾਜਪਤ ਰਾਏ ਵਿੱਚੋਂ ਪੂਰਾ ਰਾਸ਼ਟਰ ਦਿਖਾਈ ਦਿੰਦਾ ਹੈ ਨਾ ਕਿ ਇਕ ਵਿਅਕਤੀ । ਇਸੇ ਤਰ੍ਹਾਂ ਕੇਂਦਰੀ ਅਸੰਬਲੀ ਵਿਚ ਸੁੱਟੇ ਗਏ ਬੰਬ ਬਾਰੇ ਵੀ ਪੁਸਤਕਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਹੁਣ ਤੱਕ ਚਲਾਏ ਗਏ ਬੰਬਾਂ ਵਿੱਚੋਂ ਕੇਵਲ ਏਹੋ ਹੀ ਇਕ ਬੰਬ ਹੈ ਜਿਸਨੂੰ ਨਿਰਸੰਕੋਚ ‘ਅਹਿੰਸਕ ਬੰਬ‘ ਕਿਹਾ ਜਾ ਸਕਦਾ ਹੈ । ਜਿਸ ਨੂੰ ਸੁੱਟਣ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਗਿਆ ਸੀ ਕਿ ਇਸਦੇ ਫਟਣ ਨਾਲ ਕਿਸੇ ਨੂੰ ਝਰੀਟ ਤੱਕ ਨਾ ਆਵੇ ।
ਸਤਨਾਮ ਚਾਨਾ ਲਿਖਦਾ ਹੈ ਕਿ ਭਗਤ ਸਿੰਘ ਦੀ ਨਾਸਤਿਕਤਾ ਸਾਬਤ ਕਰਦੀ ਹੈ ਕਿ ਕ੍ਰਾਂਤੀ ਦੀ ਜੰਗ ਵਿਚ ਆਸਤਿਕਾਂ ਅਤੇ ਨਾਸਤਿਕਾਂ ਦੇ ਇਕੱਠੇ ਜੂਝਣ ਵਿਚ ਕੋਈ ਦਿੱਕਤ ਨਹੀਂ ਹੈ । ਭਗਤ ਸਿੰਘ ਦੇ ਸੰਗਰਾਮ ਸਾਥੀਆਂ ਦੀ ਵੱਡੀ ਗਿਣਤੀ ਈਸ਼ਵਰ ਵਿਚ ਵਿਸ਼ਵਾਸ ਰੱਖਣ ਵਾਲਿਆਂ ਦੀ ਸੀ ਜਿਨ੍ਹਾਂ ਨੇ ਬਲੀਦਾਨ ਦਿੱਤੇ ਅਤੇ ਅਤਿ ਦੇ ਅਤਿਆਚਾਰ ਸਹਾਰੇ। ਭਗਤ ਸਿੰਘ ਦੇ ਪ੍ਰੇਰਨਾ ਸਰੋਤਾਂ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਵੀ ਸਨ।
ਸ਼ਹੀਦ ਭਗਤ ਸਿੰਘ ਮੁੱਢ ਤੋਂ ਹੀ ਮੇਰੇ ਲਈ ਵੀ ਮਹਾਂਨਾਇਕ (ਆਈਕਾਨ) ਸੀ । ਇਸ ਲਈ ਮੇਰੇ ਸੁਰਤ ਸੰਭਾਲਦਿਆਂ ਹੀ ਮੇਰੇ ਘਰ ਦੇ ਡਰਾਇੰਗ ਰੂਮ ਵਿੱਚ ਉਸਦਾ ਇਕ ਚਿੱਤਰ ਸੁਸ਼ੋਭਿਤ ਹੋ ਗਿਆ ਸੀ । ਉਸ ਤੋਂ ਕੁਝ ਦੇਰ ਬਾਅਦ ਮੇਰੇ ਬਦਲਦੇ ਰੌਂਅ ਅਤੇ ਬੌਧਿਕ ਵਿਕਾਸ ਨਾਲ ਉਹ ਕਮਰਾ ਲੈਨਿਨ, ਸ਼੍ਰੀ ਗੁਰੂ ਗੋਬਿੰਦ ਸਿੰਘ ਅਤੇ ਸ਼੍ਰੀ ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਨਾਲ ਸਜ਼ਦਾ ਚਲਿਆ ਗਿਆ । ਬਹੁਤ ਸਮਾਂ ਬਾਅਦ ਮੈਨੂੰ ਇਸ ਘਟਨਾਕ੍ਰਮ ਅਤੇ ਲੜੀ ਦੀ ਸਮਝ ਪਈ । ਸ਼ਹੀਦ ਭਗਤ ਸਿੰਘ ਨੇ ਸਮਾਜ ਵਿੱਚ ਕਾਣੀ ਵੰਡ ਅਤੇ ਲਾਲੋ-ਭਾਗੋ ਦਾ ਅੰਤਰ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਅਤੇ ਫਲਸਫੇ ਤੋਂ ਗ੍ਰਹਿਣ ਕੀਤਾ ਸੀ। ਹਿੰਸਾ-ਅਹਿੰਸਾ ਦਾ ਸੰਕਲਪ ਉਸਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੀਆਂ ਉਹਨਾਂ ਸਤਰਾਂ ਤੋਂ ਲਿਆ ਸੀ ਜਿਨ੍ਹਾਂ ਵਿੱਚ ਉਹ ਫੁਰਮਾਉਂਦੇ ਹਨ:
ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ
ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ
ਅਤੇ ਸਮਾਜ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਦੀ ਜੁਗਤ ਅਤੇ ਸੂਝ ਉਸਨੇ ਲੈਨਿਨ ਤੋਂ ਹਾਸਲ ਕੀਤੀ ਸੀ, ਜਿਸਦੀ ਕਿਤਾਬ ਉਹ ਫਾਂਸੀ ਦੇ ਫੰਦੇ ਨੂੰ ਚੁੰਮਣ ਤੋਂ ਠੀਕ ਪਹਿਲਾਂ ਪੜ੍ਹਦਾ ਰਿਹਾ ਸੀ।
ਸਤਨਾਮ ਚਾਨਾ ਦੀ ਇਹ ਹਥਲੀ ਕਿਤਾਬ ਪੜ੍ਹਨ ਉਪਰੰਤ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਭਗਤ ਸਿੰਘ ਆਪਣੀ ਫੋਟੋ ਫਰੇਮ ਵਿੱਚੋਂ ਬਾਹਰ ਨਿਕਲ ਕੇ ਮੇਰੀ ਜੱਫੀ ਵਿੱਚ ਆ ਗਿਆ ਹੋਵੇ ਅਤੇ ਨਾਲ ਹੀ ਉਸਨੇ ਮੈਨੂੰ ਇਹ ਨਿਹੋਰਾ ਵੀ ਦਿੱਤਾ ਹੋਵੇ ਕਿ ਪ੍ਰੋਫੈਸਰ ਸਾਹਿਬ! ਛੱਡੋ ਹੁਣ ਤੁਸੀਂ ਵੱਡੇ ਹੋ ਗਏ ਹੋ ਅਤੇ ਮੇਰੀ ਦੋਸਤੀ ਹੁਣ ਆਪਣੇ ਪੋਤੇ ਪੋਤੀਆਂ ਨਾਲ ਕਰਵਾਓ।

Scroll To Top