ਮਿਸਾਲੀ ਕਮਿਊਨਿਸਟ ਯੋਧਾ ਸਾਥੀ ਭੀਮ ਸਿੰਘ ਦਿੜ੍ਹਬਾ
ਜਿੰਦਾਦਿਲ ਤੇ ਖੁੱਦਾਰ, ਦ੍ਰਿੜ੍ਹਤਾ ਦਾ ਮੁਜੱਸਮਾ, ਕਹਿਣੀ-ਕਰਨੀ ਦੀ ਇਕਸੁਰਤਾ ਨੂੰ ਰੂਪਮਾਨ ਕਰਦਾ ਸੂਰਮਾ, ਪ੍ਰਭਾਵਸ਼ਾਲੀ ਬੁਲਾਰਾ, ਦਾਨਵੀਰ, ਦਾਨਿਸ਼ਵਰ, ਵਸੋਂ ਦੇ ਸਮੂੰਹ ਭਾਗਾਂ ਵਿੱਚ ਵਿਸ਼ਾਲ ਰਸੂਖ ਰੱਖਣ ਵਾਲਾ, ਥੁੜੋਂ ਮਾਰਿਆਂ-ਲਿਤਾੜਿਆਂ ਲਈ ਜੂਝ ਮਰਨ ਦਾ ਜਜ਼ਬਾ ਰੱਖਣ ਵਾਲਾ, ਪ੍ਰਗਤੀ ਦਾ ਹਾਮੀ ਅਤੇ ਹੋਰ ਪਤਾ ਨਹੀਂ ਕਿੰਨੇ ਹੀ ਖੂਬਸੂਰਤ ਤੇ ਢੁਕਵੇਂ ਵਿਸ਼ੇਸ਼ਣਾਂ ਨਾਲ ਵੱਖੋ-ਵੱਖ ਬੁਲਾਰਿਆਂ ਵੱਲੋਂ ਨਿਵਾਜਿਆ ਗਿਆ ਸਾਥੀ ਭੀਮ ਸਿੰਘ ਦਿੜ੍ਹਬਾ ਨੂੰ, ਉਨ੍ਹਾਂ ਨਮਿੱਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਸ਼ਰਧਾਂਜਲੀਆਂ ਭੇਂਟ ਕਰਦਿਆਂ । ਇਹ ਵੀ ਸੱਚ ਹੈ ਕਿ ਆਪਣੀ ਸੰਖੇਪ ਪਰ ਹੰਗਾਮਿਆਂ ਭਰਪੂਰ ਜਿੰਦਗੀ ਜਿਉਂਦਿਆਂ ਸਾਥੀ ਭੀਮ ਸਿੰਘ ਦਿੜ੍ਹਬਾ ਜੀ ਨੇ ਅਜਿਹੀਆਂ ਨਰੋਈਆਂ ਮਿਸਾਲਾਂ ਕਾਇਮ ਕੀਤੀਆਂ ਕਿ ਉੱਪਰ ਬਿਆਨਿਆ ਹਰ ਵਿਸ਼ੇਸ਼ਣ ਉਨ੍ਹਾਂ ਦੀ ਜਾਦੂਮਈ ਸਖਸ਼ੀਅਤ ਨਾਲ ਐਨ ਮੇਚਵਾਂ ਜਾਪਦਾ ਹੈ। ਪਰ ਉਪਰ ਬਿਆਨੇ ਸਾਰੇ ਮਾਨਵੀ ਗੁਣਾਂ ਅਤੇ ਸਲਾਹੀਅਤਾਂ ਨੂੰ ਆਪਣੇ ਅੰਦਰ ਸਮੋਈ ਬੈਠੀ ਸਾਥੀ ਭੀਮ ਸਿੰਘ ਦਿੜ੍ਹਬਾ ਦੀ ਮਿਕਨਾਤੀਸੀ ਸਖਸ਼ੀਅਤ ਨੂੰ ਇੱਕੋ ਵਾਕ ‘ਚ ਸਮੇਟਦਿਆਂ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਉਹ ਇੱਕ ਪ੍ਰਤੀਬੱਧ ਕਮਿਊਨਿਸਟ ਕਾਰਕੁੰਨ ਸੀ ਜੋ ਪਾਰਟੀ ਦੀ ਸਮਝਦਾਰੀ ‘ਤੇ ਅਮਲ ਕਰਦਿਆਂ ਲੋਕਾਈ ਲਈ ਜੀਵਿਆ ਅਤੇ ਅੰਤ ਨੂੰ ਲੋਕਾਂ ਦੇ ਹੀ ਲੇਖੇ ਲੱਗਿਆ।
ਸੱਚਮੁਚ ਆਪਣੀ ਦਰਦਨਾਕ ਘਟਨਾਵਾਂ ਭਰਪੂਰ ਜਿੰਦਗੀ ਜਿਉਂਦਿਆਂ ਸਾਥੀ ਭੀਮ ਸਿੰਘ ਨੇ ਅਜਿਹੇ ਕਾਰਜ ਸਿਰੇ ਚੜ੍ਹਾਏ ਜਿਨ੍ਹਾਂ ਦੀ ਬਦੌਲਤ ਕਮਿਊਨਿਸਟ ਕਿਰਦਾਰ ਅਤੇ ਕਾਮਰੇਡ ਸ਼ਬਦ ਦੇ ਸਨਮਾਨ ਨੂੰ ਬੁਲੰਦੀਆਂ ਹਾਸਿਲ ਹੋਈਆਂ। ਬਾਬਾ ਬੈਰਸਿਆਨਾ ਚੈਰੀਟੇਬਲ ਟਰੱਸਟ, ਜਿਸ ਦੇ ਸਾਥੀ ਭੀਮ ਸਿੰਘ ਦਿੜ੍ਹਬਾ ਜੀ ਖੁਦ ਵੀ ਸਤਿਕਾਰਤ ਮੈਂਬਰ ਸਨ, ਵਲੋਂ ਚਲਾਏ ਜਾ ਰਹੇ ਹਸਪਤਾਲ ਵਿਖੇ 28 ਅਪ੍ਰੈਲ ਨੂੰ ਹੋਇਆ ਇਹ ਸ਼ਰਧਾਂਜਲੀ ਸਮਾਰੋਹ ਅਨੇਕਾਂ ਪੱਖਾਂ ਤੋਂ ਨਿਵੇਕਲਾ ਹੋਣ ਸਦਕਾ, ਡਾਢੇ ਸੋਗਮਈ ਵਾਤਾਵਰਣ ਦੇ ਬਾਵਜੂਦ ਬੇਹਦ ਉਤਸ਼ਾਹਵਧਾਊ ਸੀ। ਨਾ ਕੇਵਲ ਸਮੁੱਚੀ ਖੱਬੀ ਧਿਰ ਸਗੋਂ ਪੰਜਾਬ ਅੰਦਰ ਕੰਮ ਕਰਦੀ ਹਰ ਵੰਨਗੀ ਦੀ ਰਾਜਸੀ ਪਾਰਟੀ ਦੇ ਨੁਮਾਇੰਦੇ ਸਾਥੀ ਭੀਮ ਸਿੰਘ ਦਿੜ੍ਹਬਾ ਜੀ ਵੱਲੋਂ ਕੀਤੇ ਗਏ ਮਹਾਨ ਕਾਰਜਾਂ ਲਈ ਉਨ੍ਹਾਂ ਨੂੰ ਸਿਜ਼ਦਾ ਕਰਨ ਪੁੱਜੇ। ਇਨ੍ਹਾਂ ਵਿੱਚ ਕਮਿਊਨਿਸਟਾਂ ਦੇ ਸਿਰੇ ਦੇ ਵਿਚਾਰਧਾਰਕ ਵਿਰੋਧੀ ਅਤੇ ਹਕੂਮਤੀ ਨੁਮਾਇੰਦੇ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਦਿੜ੍ਹਬਾ ਇਲਾਕੇ ਦੇ ਸਾਹਿਤਕ, ਸਮਾਜਕ, ਸੰਗਰਾਮੀ ਸੰਗਠਨਾਂ ਦੇ ਕਾਰਕੁੰਨ ਵੀ ਵਹੀਰਾਂ ਘੱਤ ਕੇ ਪੁੱਜੇ। ਇਲਾਕੇ ਦੇ ਆਮ ਲੋਕ, ਜਿਨ੍ਹਾਂ ‘ਚ ਵੱਡੀ ਸੰਖਿਆ ‘ਚ ਔਰਤਾਂ ਸ਼ਾਮਲ ਸਨ, ਵੀ ਭਾਰੀ ਗਿਣਤੀ ਵਿੱਚ ਆਪਣੇ ਪਿਆਰੇ ਆਗੂ ਨੂੰ ਅਕੀਦਤ ਭੇਂਟ ਕਰਨ ਲਈ ਪੁੱਜੇ। ਅਸਲ ਵਿੱਚ ਇਸ ਸਮਾਗਮ ਨੇ ਲੈਨਿਨ ਮਹਾਨ ਦਾ ਉਹ ਮੁੱਲਵਾਨ ਕਥਨ ਇੱਕ ਵਾਰ ਫਿਰ ਸਹੀ ਸਿੱਧ ਕੀਤਾ ਹੈ ਕਿ ਇੱਕ ਕਮਿਊਨਿਸਟ ਕਾਰਕੁੰਨ ਨੂੰ ਕਿਸੇ ਵੀ ਪੱਧਰ ‘ਤੇ ਰਾਜਸੀ ਸਰਗਰਮੀ ਕਰਦਿਆਂ ਲੋਕਾਈ ‘ਚ ਇੰਝ ਘੁਲ ਮਿਲ ਕੇ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਹੈ ਕਿ ਉਸ ਦਾ ਪ੍ਰਭਾਵ ਹਜਾਰਾਂ ਲੋਕੀਂ ਕਬੂਲਣ। ਸਾਥੀ ਭੀਮ ਸਿੰਘ ਦਿੜ੍ਹਬਾ ਜੀ ਨੇ ਆਪਣਾ ਔਕੜਾਂ ਭਰਪੂਰ ਜੀਵਨ ਲੋਕਾਈ ਦੇ ਲੇਖੇ ਲਾਉਂਦਿਆਂ ਲੈਨਿਨ ਮਹਾਨ ਦੇ ਉਕਤ ਕਥਨ ਦੀ ਕਸਵੱਟੀ ‘ਤੇ ਖਰਾ ਉੱਤਰ ਕੇ ਦਿਖਾਇਆ ਹੈ।
ਪੈਂਹਠ ਸਾਲਾ ਸਾਥੀ ਭੀਮ ਸਿੰਘ ਦਿੜ੍ਹਬਾ ਜੀ ਲੰਮੇ ਸਮੇਂ ਤੋਂ ਕਮਿਊਨਿਸਟ ਲਹਿਰ ਨਾਲ ਜੁੜੇ ਹੋਏ ਸਨ। ਉਹ ਪ੍ਰਾਂਤ ਦੇ ਉਨ੍ਹਾਂ ਆਗੂਆਂ ‘ਚ ਸ਼ਾਮਲ ਸਨ ਜਿਨ੍ਹਾਂ ਨੂੰ ਸੀਪੀਐਮ ਪੰਜਾਬ ਦੀ ਸਥਾਪਨਾ ਕਰਨ ਦਾ ਮਾਣ ਹਾਸਲ ਹੈ। ਆਪ ਇਸ ਵੇਲੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸਤਿਕਾਰਤ ਆਗੂ ਅਤੇ ਮਾਰਗ ਦਰਸ਼ਕ ਵਜੋਂ ਬਹੁਤ ਹੀ ਹੌਂਸਲਾ ਵਧਾਊ ਸਰਗਰਮੀ ਕਰ ਰਹੇ ਸਨ। ਉਹ ਚੰਡੀਗੜ੍ਹ ਵਿਖੇ ਹੋਈ ਪਾਰਟੀ ਦੀ ਪਲੇਠੀ ਕੁੱਲ ਹਿੰਦ ਕਾਨਫਰੰਸ ਦੇ ਡੈਲੀਗੇਟ ਵੀ ਸਨ। ਉਸ ਕਾਨਫਰੰਸ ਵਿੱਚ ਉਨ੍ਹਾਂ ਦੀ ਸਹਾਇਤਾ ਕਰਨ ਵਾਲੇ ਬਠਿੰਡੇ ਜਿਲ੍ਹੇ ਨਾਲ ਸਬੰਧਤ ਵਲੰਟੀਅਰ ਸਾਥੀ ਉਨ੍ਹਾਂ ਦੇ ਵਿਛੋੜੇ ਦੀ ਖਬਰ ਸੁਣ ਕੇ ਭੁੱਬਾਂ ਮਾਰ ਕੇ ਰੋਏ। ਸਿਰਫ ਪੰਜ ਦਿਨਾਂ ਦਾ ਸਾਥੀ ਭੀਮ ਸਿੰਘ ਦਿੜ੍ਹਬਾ ਦਾ ਸਾਥ, ਨਾਲ ਦੇ ਸਾਥੀਆਂ ਦੀਆਂ ਭਾਵਨਾਵਾਂ ‘ਤੇ ਕਿੰਨਾ ਅਸਰਅੰਦਾਜ ਹੋ ਸਕਦਾ ਹੈ ਇਹ ਉਹਨਾਂ ਵਲੰਟੀਅਰ ਸਾਥੀਆਂ ਦੇ ਵਲਵਲਿਆਂ ‘ਚੋਂ ਬਾਖੂਬੀ ਮਹਿਸੂਸ ਕੀਤਾ ਜਾ ਸਕਦਾ ਹੈ। 19 ਅਪਰੈਲ ਦੀ ਰਾਤ ਨੂੰ ਇੱਕ ਗੁਮਨਾਮ ਵਾਹਨ ਨਾਲ ਹੋਇਆ ਹਾਦਸਾ ਸਾਥੀ ਭੀਮ ਸਿੰਘ ਦਿੜ੍ਹਬਾ ਜੀ ਲਈ ਜਾਨਲੇਵਾ ਸਾਬਤ ਹੋਇਆ।
ਜੀਵਨ ਭਰ ਅਣਵਿਆਹੇ ਰਹਿਣ ਵਾਲੇ ਸਾਥੀ ਭੀਮ ਸਿੰਘ, ਬਾਲ ਉਮਰੇ ਸਕੂਲ ਪੜ੍ਹਦੇ ਕਿਸੇ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਗਏ ਸਨ। ਇਸ ਨਾਮੁਰਾਦ ਬਿਮਾਰੀ ਨੇ ਉਨ੍ਹਾਂ ਦੇ ਜਿਸਮ ਦਾ ਲੱਕ ਤੋਂ ਹੇਠਲਾ ਹਿੱਸਾ ਸਦਾ ਲਈ ਨਾਕਾਰਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਆਪਣੀ ਬਾਕੀ ਜਿੰਦਗੀ ਵਹੀਲ ਚੇਅਰ ਦੇ ਆਸਰੇ ਜਿਉਣ ਲਈ ਮਜਬੂਰ ਹੋਣਾ ਪਿਆ। ਪਰ ਸਾਥੀ ਭੀਮ ਸਿੰਘ ਦਿੜ੍ਹਬਾ ਜੀ ਨੇ ਇਸ ਜਿਸਮਾਨੀ ਕਮਜੋਰੀ ਨੂੰ ਕਦੀ ਵੀ ਦੂਜਿਆਂ ਦੀ ਦਯਾ ਦੇ ਪਾਤਰ ਬਨਣ ਲਈ ਨਹੀਂ ਵਰਤਿਆ। ਸਗੋਂ ਇਸ ਨੂੰ ਇੱਕ ਚੁਣੌਤੀ ਵਜੋਂ ਸਵੀਕਾਰ ਕੀਤਾ ਅਤੇ ਜੀਵਨ ਸੰਗਰਾਮ ‘ਚ ਖੁਦ ਦੂਜਿਆਂ ਦੇ ਮਦਦਗਾਰ ਬਣ ਕੇ ਨਿਤੱਰਦਿਆਂ ਅਜਿਹੇ ਨਵੇਂ ਮਾਪਦੰਡ ਸਥਾਪਤ ਕੀਤੇ ਕਿ ਅਨੇਕਾਂ ਹੋਰਨਾਂ ਲੋਕਾਂ ਲਈ ਪ੍ਰੇਰਣਾ ਦੇ ਸੋਮੇ ਬਣ ਗਏ। ਸਾਥੀ ਭੀਮ ਸਿੰਘ ਦਿੜ੍ਹਬਾ ਇਸ ਵੇਲੇ ਇੱਕ ਚੈਰੀਟੇਬਲ ਟਰੱਸਟ ਦੇ ਮਹੱਤਵਪੂਰਨ ਮੈਂਬਰ ਵਜੋਂ ਵਿਚਰਦਿਆਂ ਇੱਕ ਕਾਲਜ, ਇੱਕ ਸਕੂਲ ਅਤੇ ਇੱਕ ਹਸਪਤਾਲ ਦੇ ਸੰਚਾਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਿਆਂ ਇਲਾਕੇ ਦੇ ਲੋਕਾਂ ਵਿੱਚ ਵਿੱਦਿਆ ਅਤੇ ਸਿਹਤ ਸਹੂਲਤਾਂ ਦੀ ਸੁਲੱਖਣੀ ਚਾਨਣੀ ਵੰਡ ਰਹੇ ਸਨ। ਸਾਥੀ ਭੀਮ ਜੀ ਨੇ ਕੁੱਝ ਸਮਾਂ ਪਹਿਲਾਂ ਹੀ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਬਣਾਈ ਜਾਇਦਾਦ ਵੇਚ ਕੇ ਲੱਖਾਂ ਰੁਪਏ ਪਲਿਓਂ ਖਰਚ ਕੇ ਕਸਬੇ ਦੇ ਸਰਕਾਰੀ ਸਕੂਲ ਦੀ ਸ਼ਾਨਦਾਰ ਇਮਾਰਤ ਤਾਮੀਰ ਕਰਵਾਈ ਸੀ। ਜਿਸ ਵਿੱਚ ਨੌਂ ਵੱਡੇ ਕਮਰੇ ਅਤੇ ਇੱਕ 30 ਗੁਣਾਂ 80 ਫੁੱਟ ਸਾਈਜ਼ ਦਾ ਹਾਲ ਕਮਰਾ ਵੀ ਸ਼ਾਮਲ ਹੈ। ਲੋਕ ਭਾਵਨਾਵਾਂ ਦੀ ਕਦਰ ਕਰਦੇ ਹੋਏ ਸਿੱਖਿਆ ਵਿਭਾਗ ਨੇ ਉਕਤ ਸਕੂਲ ਦਾ ਨਾਂ ”ਕਾਮਰੇਡ ਭੀਮ ਸਿੰਘ ਯਾਦਗਾਰੀ ਸਰਕਾਰੀ ਸੈਕੰਡਰੀ ਸਕੂਲ” ਰੱਖ ਦਿੱਤਾ ਹੈ।
ਇਸ ਸਮੇਂ ਹੋਏ ਇੱਕ ਮਿਸਾਲੀ ਸਮਾਗਮ ਦੌਰਾਨ ਕਿਸੇ ਟੀ ਵੀ ਚੈਨਲ ਦੀ ਐਂਕਰ ਲੜਕੀ ਨੇ ਸਾਥੀ ਭੀਮ ਸਿੰਘ ਦਿੜ੍ਹਬਾ ਜੀ ਨੂੰ ਪੁੱਛਿਆ, ”ਸਰ ਤੁਸੀਂ ਆਪਣੀ ਸਾਰੀ ਜਾਇਦਾਦ ਦਾਨ ਕਰ ਦਿੱਤੀ, ਤੁਹਾਡੀਆਂ ਭਵਿੱਖ ਦੀਆਂ ਲੋੜਾਂ ਦੀ ਪੂਰਤੀ ਕਿਥੋਂ ਹੋਵੇਗੀ?” ਸਾਥੀ ਭੀਮ ਸਿੰਘ ਦਿੜ੍ਹਬਾ ਜੀ ਨੇ ਬਹੁਤ ਸਹਿਜ ਨਾਲ ਉੱਤਰ ਦਿੱਤਾ, ”ਬੀਬਾ ਮੇਰਾ ਭਵਿੱਖ ਮੇਰੇ ਲੋਕ, ਮੇਰੇ ਮਿੱਤਰ, ਮੇਰੀ ਪਾਰਟੀ, ਮੇਰੀ ਲਹਿਰ ਹੈ।” ਅਜਿਹੀ ਸੋਚ ਕਿਸੇ ਸੱਚੇ-ਸੁੱਚੇ ਕਮਿਊਨਿਸਟ ਦੀ ਹੀ ਹੋ ਸਕਦੀ ਹੈ। ਜਿਸ ਨੇ ਪਾਰਟੀ ਦੀ ਮੈਂਬਰੀ ਦਾ ਫਾਰਮ ਭਰਨ ਸਮੇਂ ‘ਲੋਕਾਈ ਦੇ ਹਿਤ ਖੁਦ ਦੇ ਹਿਤਾਂ ਤੋਂ ਸਦਾ ਉੱਪਰ ਰੱਖਣ’ ਦੇ ਸਵੈ ਨਾਲ ਕੀਤੇ ਅਹਿਦ ਨੂੰ ਜੀਵਨ ਜਾਚ ਬਣਾ ਲਿਆ ਹੋਵੇ । ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ‘ਚ ਆਪ ਮੁਹਾਰੇ ਵਹੀਰਾਂ ਘੱਤ ਕੇ ਪੁੱਜੇ ਸਾਦ ਮੁਰਾਦੇ ਲੋਕਾਂ ਦੇ ਵਿਸ਼ਾਲ ਇੱਕਠ ਨੂੰ ਦੇਖ ਕੇ ਇੱਕ ਕਮਿਊਨਿਸਟ ਕਾਰਕੁੰਨ ਦੀ ਜੀਵਨ ਸਾਥਣ ਨੇ ਟਿੱਪਣੀ ਕੀਤੀ, ” ਕਹਿੰਦੇ ਸੀ ਭੀਮ ਵੀਰ ਜੀ ਦਾ ਆਪਣਾ ਕੋਈ ਨਹੀਂ ਪਰ ਉਨ੍ਹਾਂ ਨੇ ਤਾਂ ਸਾਰਾ ਸੰਸਾਰ ਹੀ ਆਪਣਾ ਬਣਾ ਲਿਆ ਸੀ।” ਰਾਜਨੀਤੀ ਦੇ ਜਾਣੂੰ ਇਸ ਤੱਥ ਤੋਂ ਸੁਚੇਤ ਹਨ ਕਿ ਕਮਿਊਨਿਸਟ ਪਾਰਟੀਆਂ ਹਮੇਸ਼ਾਂ ਆਰਥਿਕ ਸੰਕਟ ਨਾਲ ਦੋ ਚਾਰ ਹੁੰਦੀਆਂ ਰਹਿੰਦੀਆਂ ਹਨ। ਸਾਥੀ ਭੀਮ ਸਿੰਘ ਦਿੜ੍ਹਬਾ ਦੀ ਪਿਆਰੀ ਪਾਰਟੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੀ ਕਦੀ ਇਸ ਸਮੱਸਿਆ ਤੋਂ ਅਛੂਤੀ ਨਹੀਂ ਰਹੀ । ਪਰ ਸਾਥੀ ਭੀਮ ਸਿੰਘ ਦਿੜ੍ਹਬਾ ਅਜਿਹੇ ਹਰ ਔਖੇ ਵੇਲੇ ਪਾਰਟੀ ਨੂੰ ਨਾ ਕੇਵਲ ਖੁਦ ਦਿਲ ਖੋਲ੍ਹ ਕੇ ਮਾਇਕ ਇਮਦਾਦ ਦਿੰਦੇ ਸਨ ਬਲਕਿ ਹੋਰਨਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਦੇ ਸਨ । ਸਾਥੀ ਭੀਮ ਜੀ ਆਪਣੇ ਕਸਬੇ ਅਤੇ ਇਲਾਕੇ ਦੀ ਸਹਿਤ ਸਭਾ ਅਤੇ ਤਰਕਸ਼ੀਲ ਸੁਸਾਇਟੀ ਸਮੇਤ ਹਰ ਅਗਾਂਹਵਧੂ ਸੰਸਥਾ ਨਾਲ ਨੇੜਿਉਂ ਜੁੜੇ ਹੋਏ ਸਨ । ਉਨ੍ਹਾਂ ਦੇ ਦੁਖਦਾਈ ਵਿਛੋੜੇ ਨਾਲ ਪਾਰਟੀ , ਖੱਬੀ ਲਹਿਰ ਅਤੇ ਇਲਾਕੇ ਦੇ ਲੋਕਾਂ, ਖਾਸ ਕਰਕੇ ਗੁਰਬਤ ਦੇ ਝੰਬੇ ਕਿਰਤੀ ਲੋਕਾਂ ਨੂੰ ਬਹੁਤ ਭਾਰੀ ਘਾਟਾ ਪਿਆ ਹੈ । ਪਰ ਇਸ ਘਾਟੇ ਨੂੰ ਪੂਰਾ ਕਰਨ ਲਈ ਸਾਥੀ ਭੀਮ ਸਿੰਘ ਦਿੜ੍ਹਬਾ ਜੀ ਦੇ ਮਿਸਾਲੀ ਜੀਵਨ ਪੰਧ, ਘਾਲਣਾਵਾਂ, ਪ੍ਰਾਪਤੀਆਂ ਤੋਂ ਵੱਡਾ ਠੁੰਮਣਾ ਅਤੇ ਪ੍ਰੇਰਣਾ ਦਾ ਸੋਮਾ ਆਪਾਂ ਸਭਨਾਂ ਲਈ ਹੋਰ ਕੋਈ ਨਹੀਂ ਹੋ ਸਕਦਾ।
ਲਾਲ ਸਲਾਮ ਸਾਥੀ ਭੀਮ ਸਿੰਘ ਦਿੜ੍ਹਬਾ!
ਸ਼ਰਧਾਂਜਲੀ ਸਮਾਗਮ
ਲੰਘੀ 28 ਅਪ੍ਰੈਲ ਨੂੰ ਕਸਬਾ ਦਿੜ੍ਹਬਾ (ਸੰਗਰੂਰ) ਦੇ ਬਾਬਾ ਬੈਰਸਿਆਨਾ ਚੈਰੀਟੇਬਲ ਹਸਪਤਾਲ ਦੇ ਖੁੱਲ੍ਹੇ ਵਿਹੜੇ ਵਿੱਚ ਇਕੱਤਰ ਹੋਏ ਹਜਾਰਾਂ ਇਲਾਕਾ ਨਿਵਾਸੀਆਂ, ਜਿਨ੍ਹਾਂ ਵਿੱਚ ਭਾਰੀ ਗਿਣਤੀ ਔਰਤਾਂ ਵੀ ਸ਼ਾਮਲ ਸਨ, ਵਲੋਂ ਸਾਥੀ ਭੀਮ ਸਿੰਘ ਦਿੜ੍ਹਬਾ ਜੀ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। 19 ਅਪਰੈਲ ਨੂੰ ਇੱਕ ਸੜਕ ਹਾਦਸੇ ਵਿੱਚ ਸਦੀਵੀਂ ਵਿਛੋੜਾ ਦੇ ਗਏ ਸਾਥੀ ਭੀਮ ਸਿੰਘ ਦਿੜ੍ਹਬਾ ਇਸ ਹਸਪਤਾਲ ਦੀ ਸੰਚਾਲਕ ਬਾਬਾ ਬੈਰਸਿਆਨਾ ਚੈਰੀਟੇਬਲ ਟਰੱਸਟ ਦੇ ਮਹੱਤਵਪੂਰਨ ਮੈਂਬਰ ਵਜੋਂ ਵੀ ਸੇਵਾਵਾਂ ਦੇ ਰਹੇ ਸਨ ।ਸਾਥੀ ਭੀਮ ਸਿੰਘ ਦਿੜ੍ਹਬਾ ਆਰਐਮਪੀਆਈ ਦੇ ਸਤਿਕਾਰਤ ਆਗੂ ਸਨ। ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਾਥੀ ਭੀਮ ਸਿੰਘ ਦਿੜ੍ਹਬਾ ਅਜੋਕੇ ਦੌਰ ਦੀ ਕਮਿਊਨਿਸਟ ਲਹਿਰ ਦੇ ਉਨ੍ਹਾਂ ਸਿਰਕੱਢ ਆਗੂਆਂ ਚੋਂ ਸਨ ਜਿਨ੍ਹਾਂ ਨੇ ਆਪਣੇ ਤਿਆਗ ਅਤੇ ਸਮਰਪਣ ਸਦਕਾ ਵਸੋਂ ਦੇ ਵਿਸ਼ਾਲ ਹਿੱਸਿਆਂ ਨੂੰ ਪਰਭਾਵਿਤ ਕੀਤਾ। ਉਨ੍ਹਾਂ ਕਿਹਾ ਕਿ ਸਾਥੀ ਭੀਮ ਦਾ ਜੀਵਨ, ਕਮਿਊਨਿਸਟ ਕਾਰਕੁੰਨਾਂ ਵਲੋਂ ਲੋਕਾਈ ਦੇ ਹਿੱਤ ਹਮੇਸ਼ਾਂ ਨਿੱਜੀ ਹਿੱਤਾਂ ਤੋਂ ਉੱਪਰ ਰੱਖਣ ਵਾਲੀ ਭਾਵਨਾ ਦੀ ਸ਼ਾਨਦਾਰ ਮਿਸਾਲ ਹੈ। ਆਪਣੀ ਭਾਵਪੂਰਤ ਸ਼ਰਧਾਂਜਲੀ ਦਰਮਿਆਨ ਉਨ੍ਹਾਂ ਕਿਹਾ ਕਿ ਸਾਥੀ ਭੀਮ ਸਿੰਘ ਦਿੜ੍ਹਬਾ ਬੇਸ਼ਕ ਮੈਨੂੰ ਆਪਣਾ ਆਦਰਸ਼ ਆਗੂ ਤਸਲੀਮ ਕਰਦੇ ਸਨ ਪਰ ਅਸਲ ਗੱਲ ਇਹ ਹੈ ਕਿ ਮੇਰੇ ਸਮੇਤ ਸਮੁੱਚੀ ਪ੍ਰਗਤੀ ਹਾਮੀ ਲਹਿਰ ਦੇ ਹਰ ਕਾਰਕੁੰਨ ਲਈ ਉਹ ਖੁਦ ਇੱਕ ਖੁਸ਼ਨੁਮਾ ਪ੍ਰੇਰਣਾ ਸਰੋਤ ਹੋ ਨਿਬੜੇ। ਉਨ੍ਹਾਂ ਸਾਥੀ ਭੀਮ ਸਿੰਘ ਦਿੜ੍ਹਬਾ ਦੀਆਂ ਪਾਰਟੀ ਪ੍ਰਤੀ ਕੀਤੀਆਂ ਮਿਸਾਲੀ ਕੁਰਬਾਨੀਆਂ ਨੂੰ ਮਾਣ ਨਾਲ ਯਾਦ ਕਰਦਿਆਂ ਐਲਾਨ ਕੀਤਾ ਕਿ ਪਾਰਟੀ ਸਾਥੀ ਭੀਮ ਵਲੋਂ ਦਿਖਾਏ ਰਸਤੇ ਤੇ ਸਾਬਤ ਕਦਮੀਂ ਤੁਰਦੀ ਰਹੇਗੀ। ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ, ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਸਾਬਕਾ ਵਜ਼ੀਰ ਬਲਦੇਵ ਸਿੰਘ ਮਾਨ ਅਤੇ ਗੁਰਚਰਨ ਸਿੰਘ ਦਿੜ੍ਹਬਾ, ਸਿਖਿਆ ਸਕੱਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ, ਤਰਕਸ਼ੀਲ ਸੁਸਾਇਟੀ ਦੇ ਸੂਬਾਈ ਆਗੂ ਰਜਿੰਦਰ ਭਦੌੜ, ਸੀ ਪੀ ਆਈ (ਐਮ) ਦੇ ਸੂਬਾ ਸਕੱਤਰੇਤ ਦੇ ਮੈਂਬਰ ਭੂਪ ਚੰਦ ਚੰਨੋ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪਰਧਾਨ ਅਤੇ ਜਨਰਲ ਸਕੱਤਰ ਸਕੱਤਰ ਤੇਜਵੰਤ ਸਿੰਘ ਮਾਨ ਤੇ ਪਵਨ ਹਰਚੰਦਪੁਰੀ, ਬੀ ਕੇ ਯੂ ਏਕਤਾ (ਉਗਰਾਹਾਂ) ਦੇ ਸੂਬਾਈ ਆਗੂ ਦਰਬਾਰਾ ਸਿੰਘ ਛਾਜਲਾ, ਐਕਸ ਐਸ ਪੀ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਸਾਥੀ ਭੀਮ ਸਿੰਘ ਦਿੜ੍ਹਬਾ ਨੇ ਇਕ ਵਿਅਕਤੀ ਨਾ ਹੋ ਕੇ ਸੰਸਥਾ ਵਜੋਂ ਵਿਚਰਦਿਆਂ ਸਮਾਜ ਦੇ ਥੁੜਾਂ ਮਾਰੇ ਲੋਕਾਂ ਦੇ ਸਰਵਪੱਖੀ ਵਿਕਾਸ ਲਈ ਬਹੁਮੰਤਵੀ ਯਤਨ ਕੀਤੇ। ਬੁਲਾਰਿਆਂ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਸਾਥੀ ਭੀਮ ਸਿੰਘ ਦਿੜ੍ਹਬਾ ਸਰੀਰਕ ਕਮਜ਼ੋਰੀਆਂ ਦੇ ਬਾਵਜੂਦ ਰਾਹ ਰੁਸ਼ਨਾਊ ਕਾਰਜ ਇਸ ਕਰਕੇ ਪੂਰੇ ਕਰ ਸਕੇ ਕਿਉਂਕਿ ਉਹ ਕਮਿਊਨਿਸਟ ਵਿਚਾਰਧਾਰਾ ਨੂੰ ਪਰਣਾਏ ਹੋਏ ਸਨ। ਇਸ ਮੌਕੇ ਉਨ੍ਹਾਂ ਦੀ ਯਾਦ ਵਿੱਚ ਲਾਇਬ੍ਰੇਰੀ ਉਸਾਰਨ ਦਾ ਵੀ ਐਲਾਨ ਕੀਤਾ ਗਿਆ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾਂ, ਆਰ ਐਮ ਪੀ ਆਈ ਦੇ ਸੂਬਾਈ ਸਕੱਤਰੇਤ ਦੇ ਮੈਂਬਰ ਸਾਥੀ ਭੀਮ ਸਿੰਘ ਆਲਮਪੁਰ, ਕਾਂਗਰਸ ਦੇ ਜਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਰਾਜਾ , ਐਕਸ ਚੇਅਰਮੈਨ ਗੁਰਬਚਨ ਸਿੰਘ ਬਚੀ, ਬੀਬੀ ਹਰਜੀਤ ਕੌਰ ਢੀਂਡਸਾ, ਪ੍ਰਿੰਸੀਪਲ ਗੁਰਤੇਜ ਸਿੰਘ, ਪ੍ਰਿੰਸੀਪਲ ਡਾਕਟਰ ਹਰਜੋਤ ਕੌਰ, ਜੱਸੀ ਜਸਰਾਜ, ਜਰਨੈਲ ਘੁਮਾਣ, ਗੁਰਮੇਲ ਸਿੰਘ ਕੋਚ, ਸੱਤਨਾਮ ਸਿੰਘ ਸੱਤਾ, ਕੈਪਟਨ ਗੁਲਾਬ ਸਿੰਘ, ਕੁਲਭੂਸ਼ਣ ਗੋਇਲ, ਹਰਕੇਸ਼ ਸਿੰਘ ਸਿੱਧੂ, ਬਲਵੰਤ ਸਿੰਘ ਸ਼ੇਰਗਿੱਲ, ਪ੍ਰੀਤਮ ਸਿੰਘ ਜੌਹਲ, ਹਰੀ ਸਿੰਘ, ਗੁਰਮੀਤ ਸਿੰਘ ਖੇਤਲਾ, ਬਿੱਟੂ ਖਾਨ, ਗੁਲਜ਼ਾਰ ਸਿੰਘ ਮੂਣਕ, ਗੁਰਜੀਤ ਸਿੰਘ ਜੀਤੀ, ਵਿਲੀਅਮ ਜੇਜੀ ਅਤੇ ਪੁਸ਼ਵਿੰਦਰ ਸਿੰਘ (ਦੋਹੇਂ ਡੀ ਐਸ ਪੀ), ਅਜੈਬ ਸਿੰਘ ਰਟੌਲਾਂ ਆਦਿ ਮਾਨਯੋਗ ਸਖ਼ਸ਼ੀਅਤਾਂ ਵੀ ਇਸ ਮੌਕੇ ਹਾਜਰ ਸਨ।
ਅੰਤ ਵਿੱਚ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਸ਼ਰਧਾਂਜਲੀ ਸਮਾਗਮ ਵਿੱਚ ਪੁੱਜਣ ਵਾਲੇ ਸਭਨਾਂ ਦਾ ਧੰਨਵਾਦ ਕੀਤਾ।
– ਮਹੀਪਾਲ
ਸ਼ਹੀਦ ਸਾਥੀ ਟੀ.ਪੀ. ਚੰਦਰਸ਼ੇਖਰਨ ਦੀ ਚੌਥੀ ਬਰਸੀ ਮੌਕੇ ਸ਼ਹੀਦੀ ਸਮਾਗਮ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ. ਆਈ.) ਦੀ ਕੇਰਲਾ ਰਾਜ ਕਮੇਟੀ ਵਲੋਂ ਸ਼ਹੀਦ ਕਾਮਰੇਡ ਟੀ.ਪੀ.ਚੰਦਰ ਸ਼ੇਖਰਨ ਦਾ ਸ਼ਹੀਦੀ ਦਿਵਸ, 4 ਮਈ, ਇਨਕਲਾਬੀ ਜੋਸ਼ੋ ਖਰੋਸ਼ ਨਾਲ ਤੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ। ਸਾਥੀ ਚੰਦਰਸ਼ੇਖਰਨ ਦੀ ਸੰਘਰਸ਼ਮਈ ਜਿੰਦਗੀ ਬਾਰੇ ਰੌਸ਼ਨੀ ਪਾਉਂਦਿਆਂ ਆਰ.ਐਮ.ਪੀ.ਆਈ ਦੀ ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਕੇ.ਐਸ. ਹਰੀਹਰਨ ਨੇ ਕਿਹਾ ਕਿ ਉਹ ਕੇਰਲਾ ਆਰ.ਐਮ.ਪੀ. (ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਕੇਰਲਾ) ਦੇ ਸੰਸਥਾਪਕ ਸਨ। ਉਨ੍ਹਾਂ ਸੀ.ਪੀ.ਆਈ.(ਐਮ) ਦੀਆਂ ਵਿਦਿਆਰਥੀ ਅਤੇ ਯੁਵਕ ਜਥੇਬੰਦੀਆਂ ਰਾਹੀਂ ਆਪਣੇ ਜਨਤਕ ਜੀਵਨ ਦੀ ਸ਼ੁਰੂਆਤ ਕੀਤੀ। ਪਾਰਟੀ ਅੰਦਰ ਘਰ ਕਰ ਗਏ ਸੋਧਵਾਦੀ ਰੁਝਾਨਾਂ ਅਤੇ ਗੈਰ ਕਮਿਊਨਿਸਟ ਵਿਹਾਰਾਂ ਵਿਰੁੱਧ ਬੜੀ ਦਿਲੇਰੀ ਅਤੇ ਸੂਝਬੂਝ ਨਾਲ ਵਿਚਾਰਧਾਰਕ ਘੋਲ ਲੜਦਿਆਂ ਉਨ੍ਹਾਂ ਨੂੰ ਆਪਣੀ ਜਾਨ ਗੁਆਉਣੀ ਪਈ।
ਸੀ.ਪੀ.ਆਈ.(ਐਮ) ਦੇ ਪਾਲੇ ਗੁੰਡਿਆਂ ਨੇ ਦੇਰ ਰਾਤ ਪਾਰਟੀ ਕਾਰਜ ਨਿਪਟਾ ਕੇ ਘਰ ਪਰਤਦਿਆਂ ਉਨ੍ਹਾਂ ਨੂੰ ਘੇਰ ਕੇ ਨਿਰਦਇਤਾ ਨਾਲ ਸ਼ਹੀਦ ਕਰ ਦਿੱਤਾ। ਪੋਸਟ ਮਾਰਟਮ ਦੀ ਰਿਪੋਰਟ ਅਨੁਸਾਰ ਉਨ੍ਹਾਂ ਦੇ ਸਿਰ ਅਤੇ ਚਿਹਰੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਪੰਜਾਹ ਤੋਂ ਵਧੇਰੇ ਵਾਰ ਕੀਤੇ ਗਏ। ਪਰ ਇਨ੍ਹਾਂ ਕਾਤਲਾਂ ਅਤੇ ਉਨ੍ਹਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਸੋਧਵਾਦੀਆਂ ਨੂੰ ਚੁਣੌਤੀ ਦਿੰਦਿਆਂ ਟੀ.ਪੀ.ਚੰਦਰਸ਼ੇਖਰਨ ਦੇ ਸੰਗੀ ਸਾਥੀਆਂ ਨੇ ਸੋਧਵਾਦ ਵਿਰੁੱਧ ਸਮਝੌਤਾ ਰਹਿਤ ਵਿਚਾਰਧਾਰਕ ਜੰਗ ਜਾਰੀ ਰੱਖੀ। ਅੱਜ ਉਨ੍ਹਾਂ ਵਲੋਂ ਗਠਿਤ ਕੀਤੀ ਗਈ ਪਿਆਰੀ ਪਾਰਟੀ ਆਰ.ਐਮ.ਪੀ.ਕੇਰਲਾ, ਕੁਲ ਹਿੰਦ ਪੱਧਰ ਦੀ ਪਾਰਟੀ ਆਰ.ਐਮ.ਪੀ.ਆਈ. ਦੇ ਰੂਪ ਵਿਚ ਵਿਕਾਸ ਕਰਦਿਆਂ ਉਨ੍ਹਾਂ ਦੇ ਅਧੂਰੇ ਕਾਰਜ ਪੂਰੇ ਕਰਨ ਲਈ ਸਾਬਤ ਕਦਮੀਂ ਅਗਾਂਹ ਵੱਧ ਰਹੀ ਹੈ। ਸਮਾਰੋਹ ਨੂੰ ਪਾਰਟੀ ਦੀ ਕੇਰਲਾ ਰਾਜ ਕਮੇਟੀ ਦੇ ਪ੍ਰਧਾਨ ਸਾਥੀ ਟੀ.ਐਲ. ਸੰਤੋਸ਼, ਸਕੱਤਰ ਸਾਥੀ ਐਨ. ਵੇਨੂੰ ਅਤੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਪੀ. ਕੁਮਾਰਨਕੁੱਟੀ ਨੇ ਵੀ ਸੰਬੋਧਨ ਕੀਤਾ।
ਉਕਤ ਸ਼ਹੀਦੀ ਸਮਾਰੋਹ ਸਾਥੀ ਟੀ.ਪੀ. ਚੰਦਰਸ਼ੇਖਰਨ ਦੀ ਜਨਮ ਸਥਲੀ ਅਤੇ ਕਰਮਭੂਮੀ ਓਂਚੀਅਮ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿਚ ਹਜ਼ਾਰਾਂ ਦ੍ਰਿੜ ਸੰਕਲਪ ਸਾਥੀਆਂ ਨੇ ਸ਼ਮੂਲੀਅਤ ਕੀਤੀ। ਇਸ ਸਮਾਰੋਹ ਦੀ ਮੁੱਖ ਖਿੱਚ ਇਸਤਰੀਆਂ ਖਾਸ ਕਰ ਜਵਾਨ ਧੀਆਂ ਦੀ ਹਾਜ਼ਰੀ ਸੀ। ਇਸ ਤੋਂ ਪਹਿਲਾਂ ਸ਼ਹਿਰ ਅਤੇ ਇਲਾਕੇ ਵਿਚ ਪ੍ਰਭਾਵਸ਼ਾਲੀ ਲੋਕ ਮਾਰਚ ਕੀਤਾ ਗਿਆ ਜਿਸ ਦੀ ਅਗਵਾਈ ਕੇਰਲਾ ਦਾ ਰਿਵਾਇਤੀ ਬੈਂਡ ਅਤੇ ਲਾਲ ਵਰਦੀ ਧਾਰੀ ਵਲੰਟੀਅਰ ਕਰ ਰਹੇ ਸਨ। ਸਮੁੱਚੇ ਇਲਾਕੇ ਦੀ ਕ੍ਰਾਂਤੀਕਾਰੀ ਚਿੰਨ੍ਹਾਂ ਨਾਲ ਕਲਾਤਮਕ ਸਜਾਵਟ ਕੀਤੀ ਹੋਈ ਸੀ। ਰਾਤ ਦੇ ਜਿਸ ਪਹਿਰ ਮਨਹੂਸ ਸੋਧਵਾਦੀ ਗੁਰਗਿਆਂ ਨੇ ਸਾਥੀ ਨੂੰ ਸ਼ਹੀਦ ਕੀਤਾ ਸੀ ਉਸ ਸਮੇਂ ਕੁੱਝ ਪਲ ਸਮੁੱਚੀ ਕਾਰਵਾਈ ਰੋਕ ਦਿੱਤੀ ਗਈ। ਇੱਥੋਂ ਤੱਕ ਕਿ ਬੱਤੀਆਂ ਵੀ ਬੁੁਝਾ ਦਿੱਤੀਆਂ ਗਈਆਂ। ਹਜ਼ਾਰਾਂ ਲੋਕਾਂ ਦੀ ਹਾਜ਼ਰੀ ਦੇ ਬਾਵਜੂਦ ਕੋਈ ਹਿੱਲਜੁਲ ਨਹੀਂ ਸੀ। ਬਾਕਮਾਲ ਅਨੁਸ਼ਾਸਨ ਦਾ ਬੇਹਦ ਖੂਬਸੂਰਤ ਮੁਜ਼ਾਹਰਾ ਸੀ ਇਹ ਦ੍ਰਿਸ਼। ਇਸ ਪ੍ਰੋਗਰਾਮ ਦੀ ਸਭ ਤੋਂ ਵਿਲੱਖਣਤਾ ਛਾਪ ਸੀ ਕਾਮਰੇਡ ਕੇ.ਕੇ. ਰੇਮਾ ਦੀ ਗੌਰਵਪੂਰਣ ਭਾਗੀਦਾਰੀ। ਕਾਮਰੇਡ ਕੇ.ਕੇ. ਰੇਮਾ ਸ਼ਹੀਦ ਟੀ.ਪੀ. ਦੀ ਜੀਵਨ ਸਾਥਣ ਅਤੇ ਆਰ.ਐਮ.ਪੀ.ਆਈ. ਦੀ ਕੇਂਦਰੀ ਕਮੇਟੀ ਦੀ ਮੈਂਬਰ ਹੈ।
ਸ਼ਹੀਦ ਸਾਥੀ ਦੀਪਕ ਧਵਨ ਨੂੰ ਯਾਦ ਕਰਦਿਆਂ
ਪ੍ਰਤੀਬੱਧ ਕਮਿਊਨਿਸਟ, ਜਹੀਨ ਵਿਚਾਰਕ ਸਾਥੀ ਦੀਪਕ ਧਵਨ ਨੂੰ 19 ਮਈ 1987 ਵਾਲੇ ਦਿਨ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਸ਼ਹੀਦ ਕਰ ਦਿੱਤਾ ਸੀ। ਸਾਥੀ ਦੀਪਕ ਆਪਣੀਆਂ ਲਿਖਤਾਂ ਅਤੇ ਭਾਸ਼ਣਾਂ ਰਾਹੀਂ ਖਾਲਿਸਤਾਨੀਆਂ ਦੀ ਲੋਕ ਦੋਖੀ ਵਿਚਾਰਧਾਰਾ ਨੂੰ ਬਹੁਤ ਹੀ ਬਾਦਲੀਲ ਢੰਗ ਨਾਲ ਲੋਕਾਂ ਦਰਮਿਆਨ ਰੱਦ ਕਰਦੇ ਸਨ। ਉਹ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਡਰੋਂ ਹਿਜ਼ਰਤ ਕਰ ਗਏ ਹਿੰਦੂ ਪਰਿਵਾਰਾਂ ਨੂੰ ਦੇਸ਼ ਦੇ ਵੱਖੋ ਵੱਖ ਭਾਗਾਂ ‘ਚੋਂ ਵਾਪਸ ਲਿਆਉਣ ਦੇ ਉਪਰਾਲੇ ਵੀ ਕਰਦੇ ਰਹਿੰਦੇ ਸਨ ਅਤੇ ਅਨੇਕਾਂ ਪਰਿਵਾਰ ਉਨ੍ਹਾਂ ਦੀ ਪ੍ਰੇਰਣਾ ਸਦਕਾ ਪਰਤੇ ਵੀ ਸਨ।
ਸਾਥੀ ਦੀਪਕ, ਆਰਥਕ ਪੱਖੋਂ ਸਭ ਤੋਂ ਲੁਟੀਂਦੇ ਅਤੇ ਸਮਾਜਕ ਨਾਬਰਾਬਰੀ ਦੇ ਲਿਤਾੜੇ ਬੇਜ਼ਮੀਨੇ ਮਜ਼ਦੂਰਾਂ ਨੂੰ, ਜਥੇਬੰਦ ਕਰਦੇ ਸਨ। ਇਸ ਤਬਕੇ ਨੂੰ ਸਾਥੀ ਦੀਪਕ ਨੇ ਖਾਲਿਸਤਾਨੀ ਵਿਚਾਰਧਾਰਾ ਵਿਰੁੱਧ ਵੀ ਲੈਸ ਕੀਤਾ।
ਇਨ੍ਹਾਂ ਕਾਰਨਾਂ ਕਰਕੇ ਉਹ ਦਹਿਸ਼ਤਗਰਦਾਂ ਨੂੰ ਬਹੁਤ ਚੁਭਦੇ ਸਨ। ਸੰਸਾਰ ਦੀ ਹਰ ਅੱਤਵਾਦੀ ਤਨਜੀਮ ਵਾਂਗੂੰ ਖਾਲਿਸਤਾਨੀਆਂ ਕੋਲ ਵੀ ਸਾਥੀ ਦੀਪਕ ਦੀ ਤਿੱਖੀ ਸੂਝ ਅਤੇ ਨਿੱਗਰ ਦਲੀਲਾਂ ਦਾ ਕੋਈ ਤੋੜ ਨਹੀਂ ਸੀ। ਇਸ ਲਈ ਉਨ੍ਹਾਂ ਦਲੀਲ ਦੀ ਥਾਂ ਗੋਲੀ ਦਾ ਸਹਾਰਾ ਲੈਂਦਿਆਂ ਉਸ ਦੀ ਪੁਰਅਸਰ ਆਵਾਜ਼ ਖਾਮੋਸ਼ ਕਰਨ ਦਾ ਅਸਫਲ ਉਪਰਾਲਾ ਕੀਤਾ ਅਤੇ ਸਾਥੀ ਨੂੰ ਸ਼ਹੀਦ ਕਰ ਦਿੱਤਾ।
ਅਦਾਰਾ ‘ਸੰਗਰਾਮੀ ਲਹਿਰ’ ਅਤੇ ਆਰ.ਐਮ.ਪੀ.ਆਈ. ਕਿਰਤੀ ਸ਼੍ਰੇਣੀ ਦੇ ਇਸ ਜ਼ਹੀਨ ਬੁੱਧੀਜੀਵੀ ਸੰਗਠਨਕਰਤਾ, ਅਧਿਆਪਕ ਅਤੇ ਅਣਥੱਕ ਆਗੂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਪ੍ਰਣ ਕਰਦੇ ਹਨ ਕਿ ਉਨ੍ਹਾਂ ਦੇ ਅਧੂਰੇ ਕਾਰਜਾਂ ਦੀ ਪੂਰਤੀ ਦਾ ਸੰਗਰਾਮ ਹਰ ਹੀਲੇ ਜਾਰੀ ਰੱਖਿਆ ਜਾਵੇਗਾ।
ਲਾਲ ਸਲਾਮ ਸਾਥੀ ਦੀਪਕ ਧਵਨ!
ਸ਼ਹੀਦੇ-ਏ-ਆਜਮ ਭਗਤ ਸਿੰਘ ਦੇ ਸਾਥੀ ਪੰਡਤ ਕਿਸ਼ੋਰੀ ਲਾਲ ਜੀ ਦੀ ਯਾਦ ਵਿੱਚ ਸਮਾਗਮ
ਕੰਢੀ ਖ਼ੇਤਰ ਦੇ ਜੰਮਪਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਯੁੱਧ ਸਾਥੀ ਇਨਕਲਾਬੀ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਦੀ ਯਾਦ ‘ਚ ਉਨ੍ਹਾਂ ਦੇ ਪਿੰਡ ਧਰਮਪੁਰ ਵਿਖੇ ਸ਼੍ਰੀ ਦੁਰਗਾ ਮਾਤਾ ਮੰਦਿਰ ਕਮੇਟੀ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 10ਵਾਂ ਇਨਕਲਾਬੀ ਨਾਟਕ ਮੇਲਾ ਕਰਵਾਇਆ ਗਿਆ। ‘ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ, ਤਲਵਾੜਾ’ ਵੱਲੋਂ ਕਰਵਾਏ ਗਏ ਇਸ ਨਾਟਕ ਮੇਲੇ ‘ਚ ਚੰਡੀਗੜ੍ਹ ਸਕੂਲ ਆਫ਼ ਡਰਾਮਾ ਦੇ ਕਲਾਕਾਰਾਂ ਨੇ ਨਾਟਕ ਖੇਡੇ, ਮੰਦਿਰ ਕਮੇਟੀ ਨੇ ਚਾਹ -ਪਾਣੀ ਅਤੇ ਲੰਗਰ ਦਾ ਪ੍ਰਬੰਧ ਕੀਤਾ। ਸਮਾਗਮ ਦੇ ਖ਼ਰਚੇ ‘ਚ ਵੱਡਾ ਯੋਗਦਾਨ ਮੁਲਾਜ਼ਮ ਭਾਈਚਾਰੇ ਨੇ ਪਾਇਆ।
ਪਿਛਲੇ 10 ਸਾਲਾਂ ਤੋਂ ਲਗਾਤਾਰ ਯਾਦਗਾਰ ਕਮੇਟੀ ਵਲੋਂ ਇਹ ਮੇਲਾ ਕਰਵਾਇਆ ਜਾ ਰਿਹਾ ਹੈ । ਇਸ ਮੇਲੇ ਰਾਹੀਂ ਲੋਕਾਂ ਨੂੰ ਜਾਗਰੂਕ ਕਰਦਿਆਂ ਯਾਦਗਾਰ ਕਮੇਟੀ ਸ਼ਹੀਦ ਭਗਤ, ਸ਼ਹੀਦ ਸਰਾਭੇ ਅਤੇ ਕਿਸ਼ੋਰੀ ਲਾਲ ਦੇ ਸੁਪਨਿਆਂ ਦਾ ਦੇਸ਼ ਤੇ ਸਮਾਜ ਉਸਾਰਨ ਲਈ ਲੋਕਾਈ ਨੂੰ ਸੰਘਰਸ਼ਾਂ ਦੇ ਪਿੜ ਮੱਲਣ ਦਾ ਹੋਕਾ ਦਿੰਦੀ ਹੈ । ਇੰਝ ਸ਼ਹੀਦਾਂ ਅਤੇ ਸੁਤੰਤਰਤਾ ਸੰਗਰਾਮੀਆਂ ਵਲੋਂ ਪਾਏ ਪੂਰਨਿਆਂ ਦੀ ਅਲੱਖ ਜਗਾਉਂਦਿਆਂ, ਸਮਾਜ ‘ਚ ਬਰਾਬਰਤਾ ਲਿਆਉਣ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਸਰਵ ਸਾਂਝੇ ਸੰਗਰਾਮ ਵਿੱਚ ਯਾਦਗਾਰ ਕਮੇਟੀ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ ।
ਇਸ ਵਾਰ ਦੇ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਨ ਲਈ ਦੇਸ਼ ਭਗਤ ਯਾਦਗਾਰ ਜਲੰਧਰ ਦੇ ਟਰਸਟੀ ਸਾਥੀ ਮੰਗਤ ਰਾਮ ਪਾਸਲਾ ਉਚੇਚੇ ਪੁੱਜੇ । ਉਨ੍ਹਾਂ ਆਪਣੇ ਸੰਬੋਧਨ ਵਿੱਚ ਲੋਕਾਂ ਨੂੰ ਚੇਤੇ ਕਰਾਇਆ ਕਿ ਪੰਡਤ ਜੀ ਮਿਸਾਲੀ ਸੁਤੰਤਰਤਾ ਸੰਗਰਾਮੀ ਤਾਂ ਸਨ ਹੀ ਜਿਨ੍ਹਾਂ ਨੇ ਆਪਣੀ ਜਿੰਦਗੀ ਦੀ ਚੜ੍ਹਦੀ ਅਵਸਥਾ ਦੇ 19 ਸਾਲ ਅੰਗਰੇਜ਼ ਸਾਮਰਾਜ ਵਿਰੁੱਧ ਜੂਝਦਿਆਂ ਜੇਲਾਂ? ਵਿੱਚ ਬਿਤਾਏ । ਪਰ ਇਸ ਤੋਂ ਵੀ ਵਧ ਕੇ ਪੰਡਿਤ ਜੀ ਮਾਨਵ ਮੁਕਤੀ ਦੇ ਉਸ ਸੰਗਰਾਮ ਦੇ ਸ਼ਾਨਦਾਰ ਯੋਧੇ ਸਨ ਜੋ ਸੰਗਰਾਮ ਧਰਤ ਤੇ ਮਨੁੱਖ ਹੱਥੋ ਮਨੁੱਖ ਦੀ ਲੁੱਟ ਦੇ ਖਾਤਮੇ ਦੀ ਜਾਮਨੀ ਕਰਦਾ ਹੈ ।ਇੰਝ ਪੰਡਿਤ ਕਿਸ਼ੋਰੀ ਲਾਲ ਜੀ ਭਾਰਤ ਦੇ ਹੀ ਨਹੀਂ ਵਿਸ਼ਵ ਭਾਈਚਾਰੇ ਦੀ ਸੁਤੰਤਰਤਾ ਦੇ ਸੰਗਰਾਮ ਦੇ ਆਗੂ ਸਨ। ਉਨ੍ਹਾਂ ਕਿਹਾ ਕਿ ਭਾਰਤ ਦੇ ਅਜੋਕੇ ਹਾਕਮਾਂ, ਅਜਾਰੇਦਾਰ ਪੂੰਜੀਪਤੀਆਂ ਤੇ ਰਜਵਾੜਾਸ਼ਾਹੀ ਦੀ ਮਿਲੀਭੁਗਤ ਸਦਕਾ ਪੰਡਤ ਜੀ ਵਰਗੇ ਯੋਧਿਆਂ ਦਾ ਦਬੱਲਿਆ ਸਾਮਰਾਜ ਫਿਰ ਤੋਂ ਸਾਡੇ ਦੇਸ਼ ਵਾਸੀਆਂ ਅਤੇ ਦੇਸ਼ ਦੇ ਬੇਸ਼ਕੀਮਤੀ ਕੁਦਰਤੀ ਖਜ਼ਾਨਿਆਂ ਦੀ ਬੇਕਿਰਕ ਲੁੱਟ ਕਰ ਰਿਹਾ ਹੈ । ਇਸੇ ਕਰਕੇ ਭਾਰਤੀ ਲੋਕ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਭਰਿਸ਼ਟਾਚਾਰ, ਘਿਰਣਾ ਯੋਗ ਅਪਰਾਧਾਂ ਦੀ ਚੱਕੀ ਵਿਚ ਪਿਸ ਰਹੇ ਹਨ । ਉਨ੍ਹਾਂ ਕਿਹਾ ਕਿ ਇਸ ਲੁੱਟਾ-ਖੋਹੀ ਨੂੰ ਸਦਾ ਲਈ ਕਾਇਮ ਰੱਖਣ ਵਾਸਤੇ ਸਾਮਰਾਜੀ ਇਸ਼ਾਰਿਆਂ ਤੇ ਵੰਡਵਾਦੀ ਤਾਕਤਾਂ ਉਂਝ ਤਾਂ ਦੇਸ਼ ਆਜ਼ਾਦ ਹੋਣ ਦੇ ਸਮੇਂ ਤੋਂ ਹੀ ਭਾਰਤੀ ਕਿਰਤੀ ਸ਼੍ਰੇਣੀ ਨੂੰ ਧਰਮਾਂ, ਜਾਤਾਂ ਆਦਿ ਦੇ ਨਾਮ ‘ਤੇ ਵੰਡਣ ਦੀ ਸਾਜ਼ਿਸ਼ ਕਰ ਰਹੀਆਂ ਹਨ । ਪਰ ਅੱਜ ਹਾਲਾਤ ਇਸ ਕਰਕੇ ਵਧੇਰੇ ਖਤਰਨਾਕ ਹਨ ਕਿਉਂਕਿ ਇਹ ਤਾਕਤਾਂ ਭਾਰਤ ਦੀ ਰਾਜਗੱਦੀ ਉੱਤੇ ਕਾਬਜ਼ ਹੋਣ ਵਿੱਚ ਕਾਮਯਾਬ ਹੋ ਗਈਆਂ ਹਨ । ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਪੰਡਿਤ ਕਿਸ਼ੋਰੀ ਲਾਲ ਜੀ ਦੀ ਸਭਨਾਂ ਕਿਰਤੀਆਂ, ਕਿਸਾਨਾਂ ਮਿਹਨਤਕਸ਼ਾਂ ਦੀ ਬਿਹਤਰੀ ਦੀ ਸਮਝਦਾਰੀ ਨੂੰ ਅੱਗੇ ਲਿਜਾਉਣ।
ਕਮੇਟੀ ਦੇ ਪਰਧਾਨ ਦੀਪਕ ਠਾਕੁਰ, ਸਕੱਤਰ ਜਸਵੀਰ ਤਲਵਾੜਾ, ਵਿੱਤ ਸਕੱਤਰ ਸ਼ਸ਼ੀ ਕਾਂਤ, ਉਪ ਪਰਧਾਨ ਵਰਿੰਦਰ ਵਿੱਕੀ, ਧਰਮਿੰਦਰ ਸਿੰਘ , ਵਰਿੰਦਰ ਕੋਠੀ , ਅਕਸ਼ਿਤ, ਵਰੁਣ, ਸਾਥੀ ਖੁਸ਼ੀ ਰਾਮ , ਸਾਥੀ ਬਲਦੇਵ ਸਿੰਘ, ਸ਼ਾਮ ਸਿੰਘ, ਧਰਮਿੰਦਰ ਸਿੰਬਲੀ, ਗਿਆਨ ਸਿੰਘ ਗੁਪਤਾ, ਸ਼ਿਵ ਕੁਮਾਰ ਨੇ ਵੀ ਸੰਬੋਧਨ ਕੀਤਾ । ਮੰਦਰ ਕਮੇਟੀ ਅਤੇ ਪਿੰਡ ਵਾਸੀਆਂ ਵਲੋਂ ਪਰਧਾਨ ਸੁਰੇਸ਼ ਪਰਮਾਰ ਜੀ ਨੇ ਸਭ ਦਾ ਧੰਨਵਾਦ ਕੀਤਾ।