Now Reading
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਯਾਦ ਪੱਤਰ ਸੌਂਪਿਆ ਜਾਵੇਗਾ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਯਾਦ ਪੱਤਰ ਸੌਂਪਿਆ ਜਾਵੇਗਾ

ਬਠਿੰਡਾ, 2 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਪੇਂਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਵਿੱਚ ਸ਼ਾਮਲ ਬਠਿੰਡਾ ਜਿਲ੍ਹੇ ਨਾਲ ਸਬੰਧਤ ਮਜ਼ਦੂਰ ਸੰਗਠਨਾਂ ਦੇ ਪ੍ਰਮੁੱਖ ਆਗੂਆਂ ਦੇ ਇੱਕ ਜਨਤਕ ਵਫ਼ਦ (ਮਾਸ ਡੈਪੂਟੇਸ਼ਨ) ਵੱਲੋਂ ਆਉਂਦੀ 5 ਅਕਤੂਬਰ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਯਾਦ ਪੱਤਰ ਸੌਂਪਿਆ ਜਾਵੇਗਾ।
ਉਕਤ ਜਾਣਕਾਰੀ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰਧਾਨ ਜੋਰਾ ਸਿੰਘ ਨਸਰਾਲੀ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਕੁਲਵੰਤ ਸਿੰਘ ਸੇਲਬਰਾਹ, ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾਈ ਆਗੂ ਜਸਵੀਰ ਕੌਰ ਸਰਾਂ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੁਖਪਾਲ ਸਿੰਘ ਖਿਆਲੀਵਾਲਾ ਨੇ ਦਿੱਤੀ।
ਮਜ਼ਦੂਰ ਆਗੂਆਂ ਨੇ ਦੱਸਿਆ ਕਿ ਮਜ਼ਦੂਰ ਮੰਗਾਂ ਦੇ ਯੋਗ ਨਿਪਟਾਰੇ ਲਈ ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਦੀ ਮੁੱਖ ਮੰਤਰੀ ਪੰਜਾਬ ਨਾਲ ਤੈਅ ਹੋਈ 23 ਸਤੰਬਰ ਦੀ ਮੀਟਿੰਗ ਬਿਨਾਂ ਕਿਸੇ ਠੋਸ ਕਾਰਨ ਤੋਂ ਬਗੈਰ ਕੋਈ ਜਾਣਕਾਰੀ ਦਿੱਤਿਆਂ ਰੱਦ ਕੀਤੇ ਜਾਣ ਨੂੰ ਲੈਕੇ ਮਜ਼ਦੂਰਾਂ ਦੇ ਮਨਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਫਦ ਵੱਲੋਂ ਸੌਂਪੇ ਜਾਣ ਵਾਲੇ ਯਾਦ ਪੱਤਰ ਰਾਹੀਂ ਮੁੱਖ ਮੰਤਰੀ ਪੰਜਾਬ ਨਾਲ ਉਕਤ ਮੀਟਿੰਗ ਇੱਕ ਹਫਤੇ ਦੇ ਵਿੱਚ-ਵਿੱਚ ਕਰਵਾਏ ਜਾਣ ਦੀ ਮੰਗ ਕੀਤੀ ਜਾਵੇਗੀ।
ਬਿਆਨ ਜਾਰੀ ਕਰਨ ਵਾਲੇ ਆਗੂਆਂ ਨੇ ਰਿਹਾਇਸ਼ੀ ਪਲਾਟ ਅਲਾਟ ਕਰਨ ਲਈ ਪੰਚਾਇਤਾਂ ਤੋਂ ਮਤੇ ਪਵਾਉਣ ਲਈ ਤੈਅ ਕੀਤੀ ਗਈ 2 ਅਕਤੂਬਰ ਤੱਕ ਦੀ ਸਮਾਂ ਹੱਦ ਨੂੰ ਸਰਾਸਰ ਗਲਤ ਕਰਾਰ ਦਿੰਦਿਆਂ ਇਹ ਸਮਾਂ ਹੱਦ ਘੱਟੋ-ਘੱਟ 20 ਨਵੰਬਰ, 2021 ਤੱਕ ਵਧਾਏ ਜਾਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇ ਇਸ ਤਰ੍ਹਾਂ ਨਾ ਕੀਤਾ ਗਿਆ ਤਾਂ ਸੂਬੇ ਦੇ ਭਾਰੀ ਬਹੁਗਿਣਤੀ ਪਿੰਡਾਂ ਵਿੱਚ ਮਤੇ ਪਾਉਣ ਦੀ ਪ੍ਰਕਿਰਿਆ ਮੁਕੰਮਲ ਨਹੀਂ ਹੋ ਸਕੇਗੀ।
ਜਿਕਰ ਯੋਗ ਹੈ ਕਿ ਪੇਂਡੂ ਵਿਕਾਸ ‘ਤੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਦੀ 7 ਸਤੰਬਰ ਨੂੰ ਬਰਨਾਲਾ ਵਿਖੇ ਹੋਈ ਮੀਟਿੰਗ ਵਿੱਚ ਇੱਕ ਮਹੀਨੇ ਦੇ ਵਿੱਚ-ਵਿੱਚ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਦੇ ਰਿਹਾਇਸ਼ੀ ਪਲਾਟ ਦੇਣ ਦੇ ਪੰਚਾਇਤਾਂ ਤੋਂ ਮਤੇ ਪਵਾਉਣ, ਕੱਟੇ ਪਲਾਟਾਂ ਦੇ ਕਬਜ਼ੇ ਦਿਵਾਉਣ ਅਤੇ ਬਕਾਇਆ ਮਤਿਆਂ ਨੂੰ ਲਾਗੂ ਕਰਦਿਆਂ ਪਲਾਟ ਕੱਟਣ ਬਾਰੇ ਸਹਿਮਤੀ ਬਣੀ ਸੀ।
ਮਜ਼ਦੂਰਾਂ ਦੀਆਂ ਬਿਜਲੀ ਅਤੇ ਨੀਲੇ ਕਾਰਡਾਂ ਸਬੰਧੀ 25 ਅਗਸਤ ਦੀ ਮੀਟਿੰਗ ਵਿੱਚ ਮੰਨੀਆਂ ਗਈਆਂ ਮੰਗਾਂ ਲਾਗੂ ਕਰਨ ਸਬੰਧੀ ਜਾਰੀ ਪੱਤਰਾਂ ਨੂੰ ਮਜ਼ਦੂਰ ਸੰਘਰਸ਼ ਦੀ ਵੱਡੀ ਜਿੱਤ ਕਰਾਰ ਦਿੰਦਿਆਂ ਆਗੂਆਂ ਨੇ ਐਲਾਨ ਕੀਤਾ ਕਿ ਸਾਰੀਆਂ ਮੰਗਾ ਮੰਨੇ ਜਾਣ ਤੱਕ ਸੰਘਰਸ਼ ਹਰ ਹਾਲਤ ਜਾਰੀ ਰੱਖਿਆ ਜਾਵੇਗਾ।

Scroll To Top