Now Reading
ਲੋਕ ਯੁੱਧ ਬਣ ਚੁੱਕੇ ਕਿਸਾਨ ਸੰਗਰਾਮ ਨੇ ਫਾਸ਼ੀਵਾਦੀ ਹਕੂਮਤ ਨੂੰ ਕੰਬਣੀਆਂ ਛੇੜੀਆਂ : ਪਾਸਲਾ

ਲੋਕ ਯੁੱਧ ਬਣ ਚੁੱਕੇ ਕਿਸਾਨ ਸੰਗਰਾਮ ਨੇ ਫਾਸ਼ੀਵਾਦੀ ਹਕੂਮਤ ਨੂੰ ਕੰਬਣੀਆਂ ਛੇੜੀਆਂ : ਪਾਸਲਾ

ਤਰਨਤਾਰਨ, 22 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਅਡਾਨੀ-ਅੰਬਾਨੀ ਵਰਗੇ ਦੇਸੀ-ਵਿਦੇਸ਼ੀ ਕਾਰਪੋਰੇਟ ਲੋਟੂਆਂ ਦੀ ਮੁਨਾਫਿਆਂ ਦੀ ਭੁੱਖ ਪੂਰੀ ਕਰਨ ਲਈ ਕਿਸਾਨਾਂ-ਖਪਤਕਾਰਾਂ ਤੇ ਆਮ ਲੋਕਾਂ ਦੀ ਸੰਘੀ ਘੁੱਟਣ ਲਈ ਮੋਦੀ ਸਰਕਾਰ ਵੱਲੋਂ ਘੜੇ ਗਏ ਖੇਤੀ ਨਾਲ ਸਬੰਧਤ ਕਾਲੇ ਕਾਨੂੰਨਾਂ ਖਿਲਾਫ਼ ਜਾਰੀ ਕਿਸਾਨ ਸੰਘਰਸ਼ ਨੇ ਫਿਰਕੂ-ਫਾਸ਼ੀ ਸਰਕਾਰ ਦੀਆਂ ਚੂਲਾਂ ਹਿਲਾ ਦਿੱਤੀਆਂ ਹਨ। ਦੇਸ਼ ਦੇ ਲੋਕਾਂ ਵੱਲੋਂ ਮਿਲੇ ਅਪਾਰ ਜਨ ਸਮਰਥਨ ਸਦਕਾ ਇਹ ਸੰਘਰਸ਼ ਹੁਣ ਸਹੀ ਅਰਥਾਂ ਵਿੱਚ ਲੋਕ ਯੁੱਧ ਦਾ ਰੂਪ ਵਟਾ ਚੁੱਕਾ ਹੈ ਅਤੇ ਇਸ ਦੀਆਂ ਗੂੰਜਾਂ ਵਿਸ਼ਵ ਭਰ ਵਿੱਚ ਸੁਣੀਆਂ ਜਾ ਰਹੀਆਂ ਹਨ।” ਉਕਤ ਸ਼ਬਦ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਪਾਰਟੀ ਵੱਲੋਂ ਸ਼ਹੀਦ ਭਗਤ ਦੇ ਜਨਮ ਦਿਨ ਨੂੰ ਸਮਰਪਿਤ ਗਾਂਧੀ ਪਾਰਕ ਤਰਨ ਤਾਰਨ ਚ ਆਯੋਜਿਤ ਪ੍ਰਭਾਵਸ਼ਾਲੀ ਕਾਨਫਰੰਸ ਵਿੱਚ ਇਕੱਤਰ ਲੋਕਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਇਸ ਸ਼ਾਨਾਮੱਤੇ ਸੰਘਰਸ਼ ਦੀ ਫਤਹਿ, ਜਿਸ ਦੀਆਂ ਪੂਰਨ ਸੰਭਾਵਨਾਵਾਂ ਹਨ, ਭਵਿੱਖ ਵਿੱਚ ਕਿਰਤੀ ਸ਼੍ਰੇਣੀ ਦੇ ਸੰਘਰਸ਼ਾਂ ਦੀਆਂ ਜਿੱਤਾਂ ਦੇ ਰਾਹ ਪੱਧਰੇ ਕਰੇਗੀ। 

ਸਾਥੀ ਪਾਸਲਾ ਨੇ ਕਿਹਾ ਕਿ ਕਿਸਾਨੀ ਦੇ ਹੱਕ ਵਿੱਚ ਨਿੱਤਰੀ ਲੋਕ ਸ਼ਕਤੀ ਨੇ ਮੋਦੀ ਸਰਕਾਰ ਅਤੇ ਸੰਘ ਪਰਿਵਾਰ ਦੀਆਂ ਉਕਤ ਲੋਕ ਯੁੱਧ ਨੂੰ ਫਿਰਕੂ ਲੀਹਾਂ ਉੱਪਰ ਵੰਡਣ ਅਤੇ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਘੱਟੇ ਰੋਲ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਇਹ ਵਿਸ਼ਾਲ ਸਹਿਯੋਗ ਦਰਅਸਲ ਮੋਦੀ ਸਰਕਾਰ ਦੀਆਂ ਮਹਿੰਗਾਈ-ਬੇਰੁਜ਼ਗਾਰੀ, ਕੰਗਾਲੀ- ਭੁੱਖਮਰੀ ਤੇ ਅਮੀਰੀ-ਗਰੀਬੀ ਦਾ ਪਾੜਾ ਵਧਾਉਣ ਵਾਲੀਆਂ, ਲੁੱਟੇ- ਲਤਾੜੇ ਆਵਾਮ ਨੂੰ ਸਿੱਖਿਆ, ਸਿਹਤ ਸੇਵਾਵਾਂ, ਸਮਾਜਿਕ ਸੁਰੱਖਿਆ ਤੇ ਹੋਰ ਬੁਨਿਆਦੀ ਲੋੜਾਂ, ਮਨੁੱਖੀ ਤੇ ਸੰਵਿਧਾਨਕ ਅਧਿਕਾਰਾਂ ਅਤੇ ਕਿਰਤ ਕਾਨੂੰਨਾਂ ਤੋਂ ਵਾਂਝੇ ਕਰਨ ਵਾਲੀਆਂ ਨਵਉਦਾਰਵਾਦੀ ਨੀਤੀਆਂ ਖਿਲਾਫ਼ ਨੀਤੀਆਂ ਖਿਲਾਫ਼ ਪਨਪ ਰਹੇ ਅੰਤਾਂ ਦੇ ਰੋਹ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਸ ਸੰਗਰਾਮ ਨੇ ਇਹ ਵੀ ਸਿੱਧ ਕੀਤਾ ਹੈ ਕਿ ਜਨ ਸਮੂਹਾਂ ਨੂੰ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਲਾਮਬੰਦ ਕਰਦਿਆਂ ਸੰਗਰਾਮ ਛੇੜਿਆ ਜਾਣਾ ਹੀ ਫਿਰਕੂ- ਫਾਸ਼ੀਵਾਦੀ ਅਜੰਡੇ ਨੂੰ ਭਾਂਜ ਦੇਣ ਦੀ ਇੱਕੋ ਇੱਕ ਗਰੰਟੀ ਹੈ। ਸਾਥੀ ਪਾਸਲਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਇਸ ਸੰਘਰਸ਼ ਨੂੰ ਜਬਰ ਰਾਹੀਂ ਦਬਾਉਣ ਦੇ ਕੋਝੇ ਮਨਸੂਬਿਆਂ ਤੋਂ ਬਾਜ ਆਵੇ।

ਉਨ੍ਹਾਂ ਲੋਕਾਈ ਨੂੰ ਸੱਦਾ ਦਿੱਤਾ ਕਿ ਉਹ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਸੰਘਵਾਦ ਦੀ ਰਾਖੀ ਲਈ ਸੰਗਰਾਮਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ। ਸਾਥੀ ਪਾਸਲਾ ਨੇ ਕਿਹਾ ਕਿ ਖੁਦ ਮੁਖਤਿਆਰ ਸੰਸਥਾਵਾਂ ਜਿਵੇਂ ਨਿਆਂ ਪਾਲਿਕਾ, ਚੋਣ ਕਮਿਸ਼ਨ, ਰੀਜ਼ਰਵ ਬੈਂਕ, ਸੀਬੀਆਈ ਆਦਿ ਨੂੰ ਸਾਹਸੱਤਹੀਣ ਕਰਨ ਦੀਆਂ ਸੰਘ ਭਾਜਪਾ ਦੀਆਂ ਕੁਚਾਲਾਂ ਦੀ ਲੋਕਾਈ ਨੂੰ ਭਾਰੀ ਕੀਮਤ ਤਾਰਨੀ ਪਾਵੇਗੀ। ਉਨ੍ਹਾਂ ਸੱਦਾ ਦਿੱਤਾ ਕਿ ਸਿੱਖ ਫਲਸਫੇ ਦੇ ਮਾਨਵਤਾ ਵਾਦੀ ਸਰੋਕਾਰਾਂ, ਅਤੀਤ ਦੀਆਂ ਸ਼ਾਨਾਮੱਤੀਆਂ ਲੋਕ ਲਹਿਰਾਂ, ਗ਼ਦਰੀ ਬਾਬਿਆਂ, ਸ਼ਹੀਦ ਭਗਤ ਸਿੰਘ ਤੇ ਸਾਥੀਆਂ ਅਤੇ ਸੁਤੰਤਰਤਾ ਸੰਗਰਾਮ ਦੇ ਸ਼ਹੀਦਾਂ ਤੇ ਹੋਰਨਾਂ ਦੇਸ਼ ਭਗਤਾਂ ਦੀਆਂ ਸਿਖਿਆਵਾਂ ਤੋਂ ਪ੍ਰੇਰਣਾ ਲੈਂਦੇ ਹੋਏ ਦਲਿਤਾਂ, ਘੱਟ ਗਿਣਤੀਆਂ, ਇਸਤਰੀਆਂ ਖਿਲਾਫ਼ ਹੁੰਦੇ ਅਤਿਆਚਾਰਾਂ ਵਿਰੁੱਧ ਸੰਘਰਸ਼ਾਂ ਵਿੱਚ ਨਿੱਤਰਨ।

See Also

ਕਾਨਫਰੰਸ ਵੱਲੋਂ ਸਰਵਸੰਮਤੀ ਨਾਲ  ਸਯੁੰਕਤ ਕਿਸਾਨ ਮੋਰਚੇ ਵੱਲੋ 27 ਸਤੰਬਰ ਦੇ ਭਾਰਤ ਬੰਦ ਵਿੱਚ ਪੂਰੀ ਸ਼ਕਤੀ ਨਾਲ ਸਮੂਲੀਅਤ ਕਰਨ ਦਾ ਮਤਾ ਪਾਸ ਕੀਤਾ ਗਿਆ। ਸਾਥੀ ਪਾਸਲਾ ਨੇ ਪੰਜਾਬ ਦੀ ਰਾਜਨੀਤੀ ਬਾਰੇ ਬੋਲਦਿਆ ਕਿਹਾ ਕਿ ਕਾਗਰਸ ਪਾਰਟੀ ਨੇ ਦਲਿਤ ਸਮਾਜ ਵਿੱਚੋਂ ਮੁੱਖ ਮੰਤਰੀ ਬਣਾਉਣਾ ਸ਼ੁਭ ਸਗਨ ਹੈ ਪਰ ਦੱਬੇ ਕੁਚਲੇ ਕਿਰਤੀ ਜਮਾਤ ਦੀ ਬਦ ਖਲਾਸੀ ਕਿਰਤੀ ਲੋਕਾਂ  ਦੇ ਹੱਕ ਦੀ ਤਰਜਮਾਨੀ ਕਰਦੀਆਂ ਨੀਤੀਆਂ ਨਾਲ ਹੀ ਹੋ ਸਕਦਾ ਹੈ। ਇਸ ਕਰਕੇ ਦਲਿਤ ਸਮਾਜ ਨੂੰ ਉਚਾ ਚੁਕਣ ਲਈ ਲੋਕ ਵਿਰੋਧੀ ਨੀਤੀਆਂ ਬਦਲਣ ਦੀ ਅਹਿਮ ਲੋੜ ਹੈ ਤਦ ਹੀ ਦਲਿਤ ਸਮਾਜ ਦਾ ਭਲਾ ਹੋ ਸਕਦਾ ਹੈ। ਕਾਨਫਰੰਸ ਦੀ ਪ੍ਰਧਾਨਗੀ ਸਰਵ ਸਾਥੀ ਮੁਖਤਾਰ ਸਿੰਘ  ਮੱਲਾ ਦਲਜੀਤ ਸਿੰਘ ਦਿਆਲਪੁਰਾ ਸੁਲੱਖਣ ਸਿੰਘ ਤੁੜ.ਕਰਮ ਸਿੰਘ ਫਤਿਆਬਾਫ ਤੇ ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ । ਇਸ ਮੌਕੇ ਜਸਪਾਲ ਸਿੰਘ ਝਬਾਲ ਚਮਨ ਲਾਲ ਦਰਾਜਕੇ ਬਲਦੇਵ ਸਿੰਘ ਪੰਡੋਰੀ ਸੁਲੱਖਣ ਸਿੰਘ ਤੁੜ ਜਸਬੀਰ ਸਿੰਘ ਵੈਰੋਵਾਲ  ਨਿਰਪਾਲ ਸਿੰਘ ਜਾਉਣੇਕੇ ਕੁਲਵੰਤ ਸਿੰਘ ਗੋਹਲਵੜ  ਹਰਜਿੰਦਰ ਸਿੰਘ ਚੂੰਘ ਸਵਿੰਦਰ ਸਿੰਘ ਚੱਕ ਪ੍ਰਿੰਸੀਪਲ ਦਲਬੀਰ ਸਿੰਘ ਦਲਿਓ, ਜਸਬੀਰ ਕੌਰ ਤਰਨ ਤਾਰਨ, ਲਖਵਿੰਦਰ ਕੌਰ ਝਬਾਲ, ਧਰਮ ਸਿੰਘ ਪੱਟੀ, ਹਰਭਜਨ ਸਿੰਘ ਪੱਟੀ ਨੇ ਸੰਬੋਧਨ ਕੀਤਾ।

Scroll To Top