ਸਤਨਾਮ ਚਾਨਾ
ਵਿਦਿਆਰਥੀ ਸੜਕਾਂ ’ਤੇ ਹਨ । ਕਾਰਨ ਦਿੱਲੀ ਵਿਚ ਵਿਦਿਆਰਥੀਆਂ ’ਤੇ ਕੀਤੇ ਜਾ ਰਹੇ ਘਿਨੌਣੇ ਹਮਲੇ ਹਨ, ਜਿਨ੍ਹਾਂ ਦੇ ਕੇਂਦਰ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਟੀ ਹੈ ਜਿਸਨੂੰ ਪੂਰਾ ਵਿਸ਼ਵ ਜੇ. ਐਨ.ਯੂ. ਦੇ ਨਾਮ ਨਾਲ ਜਾਣਦਾ ਹੈ । ਵਿਸ਼ਵ ਇਸਨੂੰ ਇਸ ਕਰਕੇ ਨਹੀਂ ਜਾਣਦਾ ਕਿ ਇਸ ਉੱਪਰ ਹਮਲੇ ਹੋ ਰਹੇ ਹਨ । ਸਗੋਂ ਇਸ ਕਰਕੇ ਜਾਣਦਾ ਹੈ ਕਿ ਇਸਦਾ ਪ੍ਰਸ਼ਨਵਾਚਕ ਅਤੇ ਤਰਕਸੰਗਤ ਸਭਿਆਚਾਰ ਵਿਗਿਆਨਕ ਦਿੱਖ ਉਸਾਰਦਾ ਹੈ, ਜਿੱਥੋਂ ਵਿਸ਼ਵ ਪ੍ਰਸਿੱਧੀ ਵਾਲੀਆਂ ਹਸਤੀਆਂ ਪੈਦਾ ਹੁੰਦੀਆਂ ਹਨ। ਇਹ ਇਕ ਅਜਿਹਾ ਅਦਾਰਾ ਹੈ ਜਿਸਨੇ ਦੱਬੇ ਕੁਚਲੇ ਵਰਗਾਂ ਨੂੰ ਸਪੇਸ ਦਿੱਤੀ ਹੈ ਜਿਨ੍ਹਾਂ ਵਰਗਾਂ ਨੇ ਉਸ ਮਿੱਥ ਨੂੰ ਤੋੜ ਸੁਟਿਆ ਹੈ ਜਿਸਦਾ ਦਾਅਵਾ ਸੀ ਕਿ ਵਿਦਵਤਾ ਕਿਸੇ ਵਿਸ਼ੇਸ਼ ਵਰਗ ਦੀ ਖਾਨਦਾਨੀ ਜਗੀਰ ਹੈ । ਵਿਦਿਆਰਥੀਆਂ ਉੱਪਰ ਹੋ ਰਿਹਾ ਜ਼ੁਲਮ ਕੇਵਲ ਨਿੰਦਾਯੋਗ ਹੀ ਨਹੀਂ ਸਗੋਂ ਇਸਦੇ ਚਰਿਤਰ ਨੂੰ ਸਮਝਣਾ ਗੰਭੀਰ ਵਿਸ਼ਾ ਵੀ ਹੈ।
ਕੀ ਸਾਡੇ ਮਨ ਵਿਚ ਕਦੇ ਇਹ ਪ੍ਰਸ਼ਨ ਵੀ ਉੱਠਿਆ ਹੈ ਕਿ ਜੇਕਰ ਪਿਛਲੇ ਸੱਤਰ ਸਾਲ ਦੇਸ਼ ਦੀਆਂ ਸਾਰੀਆਂ ਯੂਨੀਵਰਸਟੀਆਂ ਅਤੇ ਵਿਦਿਅਕ ਅਦਾਰਿਆਂ ਦੀ ਵਿਦਿਅਕ ਸ਼ੈਲੀ ਜੇ. ਐਨ. ਯੂ. ਸਮਾਨ ਰਹੀ ਹੁੰਦੀ ਤਾਂ ਅੱਜ ਦੇਸ਼ ਦੀ ਸਮਾਜੀ ਮਾਨਸਿਕਤਾ ਦੀ ਸਥਿੱਤੀ ਕੀ ਹੁੰਦੀ ? ਜਿਹੜਾ ਪ੍ਰਸ਼ਨ ਸਾਡੀ ਕਲਪਨਾ ਵਿਚ ਵੀ ਨਹੀਂ ਆਉਂਦਾ ਉਸ ਪ੍ਰਸ਼ਨ ਨੇ, ਚਿਰੋਕੇ ਸਮੇਂ ਤੋਂ ਹਮਲਾਵਰਾਂ ਦੀ ਨੀਂਦ ਹਰਾਮ ਕਰ ਰੱਖੀ ਸੀ । ਉਨ੍ਹਾ ਦਾ ਭੈਅ ਲਾਵਾ ਬਣਕੇ ਫੁਟਿਆ ਹੈ ਕਿ ਜੇਕਰ ਇਸ ਵਰਤਾਰੇ ਨੇ ਦੇਸ਼ ਦੀ ਸਾਰੀ ਵਿਦਿਅਕ ਵਿਵਸਥਾ ਨੂੰ ਆਪਣੀ ਲਪੇਟ ਵਿਚ ਲੈ ਲਿਆ ਤਾਂ ਦੇਸ਼ ਦੀ ਸਮਾਜੀ ਮਾਨਸਿਕਤਾ ਵਿਚ ਵਸਣ ਲਈ ਉਨ੍ਹਾਂ ਵਾਸਤੇ ਇਕ ਇੰਚ ਵੀ ਥਾਂ ਨਹੀਂ ਬਚੇਗੀ । ਇਸ ਕਰਕੇ, ਮਸਾਂ ਮਿਲੇ ਮੌਕੇ ਦਾ ਲਾਹਾ ਲੈਣ ਲਈ, ਹੁਣ ਉਹ ਅਤਿਅੰਤ ਜਲਦੀ ਵਿਚ ਹਨ ਕਿ ਇਸ ਤੋਂ ਪਹਿਲਾਂ ਕਿ ਦੇਸ਼ ਨੂੰ ਜੇ.ਐਨ.ਯੂ. ਦੇ ਅਸਲ ਮਹੱਤਵ ਦੀ ਸਮਝ ਪੈ ਜਾਵੇ, ਜੇ.ਐਨ.ਯੂ. ਵਿੱਚੋਂ ਇਸਦਾ ਮੂਲ ਚਰਿਤਰ ਹੀ ਖਾਰਜ ਕਰ ਦਿੱਤਾ ਜਾਵੇ । ਨਿਰਸੰਦੇਹ, ਅੰਦਰ ਖਾਤੇ, ਉਹ ਆਪਣੇ ਤੋਂ ਪਹਿਲੇ ਹਾਕਮਾਂ ਦੀ ਕਮ ਅਕਲੀ ਜਾਂ ਫਿਰ ਉਨ੍ਹਾ ਦੀ ਮੀਸਣੀ ਦਨਾਈ ਦੇ ਸ਼ੁਕਰਗੁਜ਼ਾਰ ਹੋ ਰਹੇ ਹੋਣਗੇ ਜਿਨ੍ਹਾਂ ਨੇ ਇਸ ਵਿਦਿਅਕ ਸ਼ੈਲੀ ਨੂੰ ਇਕ ਸੀਮਾਂ ਤੋਂ ਬਾਹਰ ਨਹੀਂ ਫੈਲਣ ਦਿੱਤਾ । ਨਹੀਂ ਤਾਂ ਵਿਦਿਅਕ ਅਦਾਰਿਆਂ ਵਿੱਚੋਂ ਵਿਦਿਆ ਲੈ ਚੁਕੀਆਂ ਘੱਟੋ ਘੱਟ ਚਾਰ ਪੀੜ੍ਹੀਆਂ ਪ੍ਰਗਤੀਸ਼ੀਲ ਮਾਨਸਿਕਤਾ ਵਾਲੀਆਂ ਹੁੰਦੀਆਂ ।
ਜੇ.ਐਨ.ਯੂ. ਦੇ ਵਿਦਿਆਰਥੀਆਂ ਨਾਲ ਕੀ ਵਾਪਰੀ ਹੈ ਅਤੇ ਵਿਸ਼ੇਸ਼ ਵਿਚਾਰਧਾਰਾ ਵਾਲੇ ਚਿੰਤਕਾਂ, ਲੇਖਕਾਂ, ਪੱਤਰਕਾਰਾਂ ਉੱਪਰ ਕਿਸ ਪ੍ਰਕਾਰ ਦੇ ਅਤਿਆਚਾਰ ਹੋ ਰਹੇ ਹਨ, ਉਨ੍ਹਾਂ ਨੂੰ ਸ਼ਰੀਰਕ ਤੌਰ ’ਤੇ ਖਤਮ ਕੀਤਾ ਜਾ ਰਿਹਾ ਹੈ ਜਾਂ ਸਲੇਬਸਾਂ ਵਿਚੋਂ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ ਮਨਫੀ ਕੀਤਾ ਜਾ ਰਿਹਾ ਹੈ, ਇਸ ਦੇ ਵੇਰਵੇ ਸਭਨਾ ਦੀ ਜਾਣਕਾਰੀ ਵਿਚ ਹਨ । ਪ੍ਰਸ਼ਨ ਇਸ ਮਾਹੌਲ ਪਿਛਲੀ ਅਸਲੀਅਤ ਨੂੰ ਜਾਨਣ ਦਾ ਹੈ । ਅਸੀਂ ਇਸ ਅਸਲੀਅਤ ਨੂੰ ਆਸਾਨੀ ਨਾਲ ਹੀ ਜਾਣ ਸਕਦੇ ਹਾਂ ਜੇਕਰ ਸਾਡੇ ਵੱਲੋਂ ਵਰਤਮਾਨ ਹਾਕਮਾਂ ਨੂੰ ਪੁੱਛੇ ਜਾਂਦੇ ਸਵਾਲਾਂ ਦਾ ਉੱਤਰ ਅਸੀਂ ਖੁਦ ਹੀ ਦੇਈਏ । ਅਸੀਂ ਭਾਜਪਾ ਅਤੇ ਆਰ ਐਸ ਐਸ ਨੂੰ ਬੜੇ ਕਰੋਧ ਨਾਲ ਪੁੱਛਦੇ ਹਾਂ ਕਿ ਦੇਸ਼ ਜਦੋਂ ਆਜ਼ਾਦੀ ਦੀ ਜੰਗ ਲੜ ਰਿਹਾ ਸੀ ਤਾਂ ਉਹ ਕਿੱਥੇ ਸਨ । ਉਨ੍ਹਾਂ ਨੇ ਤਾਂ, ਨਾ ਕੇਵਲ ਮਾਫੀਆਂ ਮੰਗੀਆਂ ਸਨ, ਸਗੋਂ ਖੁਲ੍ਹਮ ਖੁਲ੍ਹਾ, ਸਾਮਰਾਜ ਦਾ ਸਾਥ ਦਿੱਤਾ ਸੀ । ਇੱਥੇ ਸਾਨੂੰ ਇਕ ਸਵਾਲ ਅਪਣੇ ਆਪਨੂੰ ਪੁਛਣਾ ਚਾਹੀਦਾ ਹੈ ਕਿ ਏਨੇ ਗੁਨਾਹਾਂ ਦੇ ਬਾਵਜੂਦ ਦੇਸ਼ ਦੇ ਲੋਕਾਂ ਨੇ ਸੱਤਰ ਸਾਲਾਂ ਦੀ ਅਜ਼ਾਦੀ ਤੋਂ ਬਾਅਦ ਵੀ ਸੱਤਾ ਇਨ੍ਹਾਂ ਨੂੰ ਕਿਉਂ ਸੌਂਪੀ ? ਉਨ੍ਹਾਂ ਨੂੰ ਕਿਉਂ ਨਾ ਸੌਂਪੀ ਜਿਨ੍ਹਾਂ ਨੇ ਜਾਨਾਂ ਵਾਰੀਆਂ ਅਤੇ ਕੁਰਬਾਨੀਆਂ ਕੀਤੀਆਂ ਸਨ ? ਇਨ੍ਹਾਂ ਨੇ ਸੱਤਰ ਸਾਲਾਂ ਵਿਚ ਅਜਿਹਾ ਕੀ ਕੀਤਾ ਜੋ ਪ੍ਰਸਥਿਤੀਆਂ ਦੇ ਸਤਾਏ ਹੋਏ ਅਵਾਮ ਨੂੰ ਹੂੰਝਕੇ ਲਿਜਾਣ ਵਿਚ ਸਫਲ ਹੋ ਗਏ ?
ਦੇਸ਼ ਦੇ ਦੱਬੇ ਕੁਚਲੇ ਲੋਕ ਅਤੇ ਪ੍ਰਗਤੀਸ਼ੀਲ ਤਾਕਤਾਂ ਜਦੋਂ ਰੋਟੀ ਰੋਜ਼ੀ ਅਤੇ ਸਹੂਲਤਾਂ ਦੀ ਲੜਾਈ ਲੜ ਰਹੀਆਂ ਸਨ ਤਾਂ ਇਹ ਵਿਚਾਰਧਾਰਕ ਲੜਾਈ ਵਿਚ ਰੁੱਝੇ ਹੋਏ ਸਨ । ਉਹ ਜਿਸ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਹਨ ਉਹ ਵਿਚਾਰਧਾਰਾ ਹਜ਼ਾਰਾਂ ਸਾਲਾਂ ਤੋਂ ਸੱਤਾ ’ਤੇ ਬਿਰਾਜਮਾਨ ਰਹੀ ਸੀ । ਦੱਬੇ ਕੁਚਲੇ ਮਿਹਨਤਕਸ਼ਾਂ ਦਾ ਜਾਗਰਤ ਹੋਣਾ ਸੱਤਾਰੂੜ੍ਹ ਤਾਕਤਾਂ ਲਈ ਖਤਰਾ ਪੈਦਾ ਕਰਦਾ ਹੈ ਅਤੇ ਵਿਦਿਆ ਜਾਗਰਤੀ ਦਾ ਮੂਲ੍ਹ ਸਰੋਤ ਹੈ । ਇਹ ਹੀ ਕਾਰਨ ਹੈ ਕਿ ਕਿਰਤੀ ਮਜ਼ਲੂਮਾਂ ਨੂੰ ਜਾਗਰਤ ਕਰਨ ਵਾਲੇ ਹਮੇਸ਼ਾ ਸੱਤਾ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦੇ ਹਨ ਕਿੳਂਕਿ ਉਹ ਸੱਤਾਰੂੜ੍ਹ ਸ਼ਰੇਣੀ ਹੇਠੋਂ ਉਸਦੀ ਜਾਇਦਾਦ ਖਿਸਕਾ ਰਹੇ ਹੁੰਦੇ ਹਨ । ਇਸਨੂੰ ਪੂਰੇ ਮਾਨਵੀ ਇਤਿਹਾਸ ਵਿਚ ਦੇਖਿਆ ਜਾ ਸਕਦਾ ਹੈ ।
ਜੇ.ਐਨ.ਯੂ. ਦਾ ਅਸਲ ਦੋਸ਼ ਉਸਦਾ ਵਿਦਿਅਕ ਮਿਆਰ ਨਹੀਂ ਸਗੋਂ ਦੱਬੇ ਕੁਚਲੇ ਵਰਗਾਂ ਲਈ ਉੱਚ ਵਿਦਿਆ ਪ੍ਰਾਪਤ ਕਰਨ ਦੇ ਮੌਕੇ ਪ੍ਰਦਾਨ ਕਰਨਾ ਹੈ, ਆਪਣੀ ਕਾਬਲੀਅਤ ਪ੍ਰਗਟ ਕਰਨ ਦੇ ਮੌਕੇ ਦੇਣਾ ਹੈ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰ ਮੰਗਣ ਵਾਲੀ ਜ਼ੁਬਾਨ ਪ੍ਰਦਾਨ ਕਰਨਾ ਹੈ । ਦੱਬੇ ਕੁਚਲੇ ਵਰਗ ਜਦੋਂ ਉੱਚ ਸਿੱਖਿਆ ਵਿਚ ਮੱਲਾਂ ਮਾਰਦੇ ਹਨ ਤਾਂ ਉਨ੍ਹਾਂ ਨੂੰ ਸੱਤਾ ਦੇ ਅੰਦਰ ਤੱਕ ਪ੍ਰਵੇਸ਼ ਕਰ ਜਾਣ ਦੇ ਮੌਕੇ ਵੀ ਮਿਲ ਜਾਂਦੇ ਹਨ ਅਤੇ ਉਹ ਆਪਣੀ ਸੰਪਤੀ ਵੀ ਬਣਾ ਸਕਦੇ ਹਨ । ਇਸ ਨਾਲ ਵਿਸ਼ੇਸ਼ ਵਰਗ ਦੀ ਇਜਾਰੇਦਾਰੀ ਟੁੱਟਦੀ ਹੈ । ਇਨ੍ਹਾਂ ਵਿਚ ਉਹ ਸ਼ਰੇਣੀਆਂ ਵੀ ਹਨ ਜਿਨ੍ਹਾਂ ਲਈ ਕਿਸੇ ਵੇਲੇ ਵਿਦਿਆ ਅਤੇ ਸੰਪਤੀ ਵਿਵਰਜਤ ਸਨ, ਬਲਕਿ ਜ਼ੁਰਮ ਮੰਨੀ ਜਾਂਦੀ ਸੀ, ਸਜ਼ਾ ਦੇ ਭਾਗੀ ਸਨ । ਅਜੋਕੇ ਸਮੇਂ ਵਿਚ, ਸਿੱਧੇ ਤੌਰ ’ਤੇ ਵਿਵਰਜਤ ਕਰਨਾ ਜਾਂ ਵਿਦਿਆ ਨੂੰ ਦੋਸ਼ੀ ਕਰਾਰ ਦੇਣਾ ਤਾਂ ਸੰਭਵ ਨਹੀਂ ਹੈ, ਪਰ ਉਨ੍ਹਾਂ ਨੂੰ ਵਿਦਿਆ ਤੋਂ ਦੂਰ ਰੱਖਣਾ ਸੰਭਵ ਹੈ । ਇਸ ਕਰਕੇ ਨਵੇਂ ਕਿਸਮ ਦੀ ਵਿਵਰਜਤਤਾ ਈਜਾਦ ਕੀਤੀ ਗਈ ਹੈ । ਨਵੇਂ ਤਰੀਕੇ ਲੱਭੇ ਗਏ ਹਨ । ਦੋ ਵਿਧੀਆਂ ਨਾਲ ਵਿਦਿਆ ਨੂੰ ਦੱਬੇ ਕੁਚਲੇ ਵਰਗਾਂ ਦੀ ਪਹੁੰਚ ਤੋਂ ਬਾਹਰ ਕੀਤਾ ਜਾ ਰਿਹਾ ਹੈ । ਵਿਸ਼ੇਸ਼ ਕਰਕੇ ਉਚ ਵਿਦਿਆ ਨੂੰ ਜੋ ਵਰਤਮਾਨ ਪ੍ਰਸਥਿਤੀਆਂ ਵਿਚ ਸਾਰਥਕ ਤੇ ਮਿਆਰੀ ਹੈ । ਵਿਦਿਆ ਨੂੰ ਏਨਾ ਮਹਿੰਗਾ ਕਰ ਦਿੱਤਾ ਜਾਏ ਕਿ ਨਿਚਲਾ ਵਰਗ ਉਸ ਅੰਦਰ ਪ੍ਰਵੇਸ਼ ਕਰਨ ਦੀ ਹਿੰਮਤ ਹੀ ਨਾ ਜੁਟਾ ਸਕੇ ਅਤੇ ਸਲੇਬਸ ਵਿਤਕਰੇ ਭਰਪੂਰ ਹੋਵੇ ਜਿਸ ਨਾਲ ਸ਼ਰੇਣੀ ਵੰਡ ਨੂੰ ਆਂਚ ਨਾ ਆਵੇ ।
ਵਿਦਿਆ, ਕਾਮਾ ਸ਼ਕਤੀ ਪੈਦਾ ਕਰਨ ਦੇ ਨਾਲ ਨਾਲ ਵਿਚਾਰਧਾਰਕ ਪਸਾਰ ਕਰਨ ਦਾ ਸਭ ਤੋਂ ਵਧੇਰੇ ਕਾਰਗਰ ਸਾਧਨ ਬਣ ਗਈ ਹੈ ਅਤੇ ਇਸ ਰਾਹੀਂ ਵਿਸ਼ੇਸ਼ ਵਿਚਾਰਧਾਰਾ ਨੂੰ ਸਮਾਜ ਦੇ ਨਿਚਲੇ ਹਿੱਸਿਆਂ ਤੱਕ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ । ਵਿਚਾਰਧਾਰਾ ਸਮਾਜਿਕ ਪਰਿਵਰਤਨ ਲਿਆਉਣ ਜਾਂ ਸਮਾਜੀ ਮਾਨਸਿਕਤਾ ਨੂੰ ਰੂਪ ਦੇਣ ਦਾ ਸਾਧਨ ਹੈ । ਇਹ ਅੱਜ ਨਹੀਂ ਹੋਈ ਸਗੋਂ ਮੁੱਢ ਕਦੀਮ ਤੋਂ ਹੈ । ਲੋਕ-ਮਾਨਸਿਕਤਾ ਨੂੰ ਆਪਣੀ ਜਕੜ ਵਿਚ ਲੈ ਲੈਣ ਕਾਰਨ ਹੀ ਹੈ ਕਿ ਦੇਸ਼ ਵਿਚ ਵਿਤਕਰੇ ਭਰਪੂਰ ਸਮਾਜੀ ਢਾਂਚਾ ਸਫਲਤਾ ਨਾਲ ਚੱਲਦਾ ਰਿਹਾ ਹੈ ।
ਵਰਤਮਾਨ ਸਰਕਾਰ ਜਿਸ ਪ੍ਰਕਾਰ ਨਾਗਰਿਕਤਾ ਸੋਧ ਕਾਨੂੰਨ ਵਰਗੇ ਖਤਰਨਾਕ ਕਾਨੂੰਨ ਲੈਕੇ ਆਈ ਹੈ ਉਸੇ ਪ੍ਰਕਾਰ, ਤਿਆਰ ਕੀਤੀ ਜਾ ਚੁਕੀ, ਨਵੀਂ ਵਿਦਿਅਕ ਨੀਤੀ ਵੀ ਹੈ ਜਿਸ ਬਾਰੇ ਦੇਸ਼ ਬਿਲਕੁਲ ਵੀ ਸੁਚੇਤ ਨਹੀਂ ਹੈ, ਕਿਉਂਕਿ ਸਾਰਾ ਦੇਸ਼ ਨੋਟਬੰਦੀ, ਧਾਰਾ 370, ਨਾਗਰਿਕਤਾ ਬਿੱਲ ਵਰਗੇ ਮੁਦਿਆਂ ਵਿਚ ਉਲ੍ਹਝਿਆ ਹੋਇਆ ਹੈ । ਨਵੀਂ ਵਿਦਿਅਕ ਨੀਤੀ ਨੂੰ ਵਿਸ਼ੇਸ਼ ਵਿਚਾਰਧਾਰਕ ਮਨੋਰਥ ਲਈ ਲਾਗੂ ਕੀਤੇ ਜਾਣ ਦੇ ਸੰਕੇਤ ਹਨ । ਜੇਕਰ ਅਜਿਹਾ ਅਮਲ ਵਿਚ ਆਉਂਦਾ ਹੈ ਤਾਂ ਦੇਸ਼ ਅਣਕਿਆਸੀ ਦਿਸ਼ਾ ਵੱਲ ਚਲਾ ਜਾਏਗਾ ।
ਅਸੀਂ ਆਪਣੇ ਪਹਿਲੇ ਪ੍ਰਸ਼ਨ ਵੱਲ ਆਉਂਦੇ ਹਾਂ ਕਿ ਵਰਤਮਾਨ ਹਾਕਮਾਂ ਨੇ ਅਜਿਹਾ ਕੀ ਕੀਤਾ ਜੋ ਬਿਨਾ ਦੇਸ਼ ਦੀ ਸੇਵਾ ਕੀਤਿਆਂ ਸੱਤਾ ਤੇ ਕਾਬਜ਼ ਹੋ ਗਏ । ਉਨ੍ਹਾਂ ਨੇ 70 ਸਾਲ ਵਿਚਾਰਧਾਰਕ ਮੁਹਿੰਮ ਵਿਚ ਦਿਨ ਰਾਤ ਇਕ ਕੀਤਾ ਹੈ । ਹਰ ਸਾਧਨ ਇਸੇਮਾਲ ਕੀਤਾ । ਲੋਕ ਜਦੋਂ ਅਜ਼ਾਦੀ ਦੀ ਲੜਾਈ ਲੜ ਰਹੇ ਸਨ ਤਾਂ ਇਹ ਆਪਣੀ ਸ਼ਕਤੀ ਨੂੰ ਬਚਾ ਕੇ ਰੱਖਣ ਦੇ ਯਤਨਾਂ ਵਿਚ ਜੁੱਟੇ ਹੋਏ ਸਨ । ਜਦੋਂ ਅਸੀਂ ਹੋਰ ਪਿੱਛੇ ਵੱਲ ਝਾਤ ਮਾਰਦੇ ਹਾਂ ਤਾਂ ਸਪੱਸ਼ਟ ਹੁੰਦਾ ਹੈ ਕਿ ਇਸ ਵਿਚਾਰਧਾਰਾ ਦੇ ਆਗੂ ਅਤੇ ਚਿੰਤਕ ਕਿਸੇ ਵੀ ਹਕੂਮਤ ਨਾਲ ਹੱਥ ਮਿਲਾ ਸਕਦੇ ਸਨ ਪ੍ਰੰਤੂ ਦੱਬੇ ਕੁਚਲੇ ਵਰਗਾਂ ਨੂੰ ਮਾਮੂਲੀ ਛੋਟ ਵੀ ਦੇਣ ਲਈ ਰਜ਼ਾਮੰਦ ਨਹੀਂ ਹੁੰਦੇ ਸਨ, ਭਾਵੇਂ ਵਿਦਿਆ ਦਾ ਮਸਲਾ ਹੋਵੇ, ਭਾਵੇਂ ਆਰਥਿਕ ਅਧਿਕਾਰਾਂ ਦਾ ਮਸਲਾ ਹੋਵੇ ਜਾਂ ਸੱਤਾ ਵਿਚ ਛੋਟੀ ਮੋਟੀ ਭਾਈਵਾਲੀ ਦਾ । ਅਥਵਾ ਹਰ ਵਿਚਾਰਧਾਰਾ ਦੀ ਤੈਅ ਹੇਠਲੀ ਸ਼ਰੇਣੀ ਹੈ ਅਤੇ ਹਿੰਦੂਤਵ ਦੀ ਵਿਚਾਰਧਾਰਾ ਉੱਚਤਮ ਵਰਗ ਦੀ ਵਿਚਾਰਧਾਰਾ ਹੈ ਜਿਸ ਨੇ ਨਿਚਲੇ ਤੋਂ ਨਿਚਲੇ ਵਰਗਾਂ ਨੂੰ ਕੋਈ ਛੋਟ ਦਿੱਤੇ ਬਿਨਾ ਪ੍ਰਭਾਵਤ ਕਰਕੇ ਰੱਖਿਆ ਹੋਇਆ ਹੈ।
ਗਰੀਬ ਤਬਕਿਆਂ ਵਿੱਚੋਂ ਆਏ ਜੇ. ਐਨ. ਯੂ. ਦੇ ਵਿਦਿਆਰਥੀਆਂ ਨੂੰ ਜਦੋਂ ਸ਼ਹਿਰੀ ਨਕਸਲੀ ਹੋਣ ਦਾ ਨਾਮ ਦਿੱਤਾ ਜਾਂਦਾ ਹੈ ਤਾਂ ਇਸਦਾ ਇਹੀ ਅਰਥ ਹੈ ਕਿ ਮਿੱਟੀ ਨਾਲ ਮਿੱਟੀ ਹੋਣ ਵਾਲੇ ਮਿਹਨਤਕਸ਼ ਗਰੀਬਾਂ ਨੂੰ ਉੱਚ ਵਿਦਿਆ ਦੇ ਵਿਚ ਪ੍ਰਵੇਸ਼ ਕਰਨ ਦਾ ਅਧਿਕਾਰ ਨਹੀਂ ਹੈ । ਇੰਝ ਹੀ ਹੁਣ ਪ੍ਰਗਤੀਸ਼ੀਲ ਸਾਹਿਤ ਨੂੰ ਗਾਇਬ ਕਰਨਾ ਤਾਂ ਸੰਭਵ ਨਹੀਂ ਪ੍ਰੰਤੂ ਸਲੇਬਸਾਂ ਤੋਂ ਦੂਰ ਕਰਨ ਵਿਚ ਕੋਈ ਦਿੱਕਤ ਨਹੀਂ ਹੈ । ਇਸ ਕਰਕੇ ਦਿੱਲੀ, ਖਾਸ ਕਰਕੇ ਜੇ.ਐਨ.ਯੂ. ਦੇ ਵਿਦਿਆਰਥੀਆਂ ਦੀ ਲੜਾਈ ਦੇਸ਼ ਦਾ ਭਵਿੱਖ ਮਾਰਗ ਤੈਅ ਕਰਨ ਦੀ ਲੜਾਈ ਹੈ । ਇਹ ਲੜਾਈ ਕੇਵਲ ਦੇਸ਼ ਦੇ ਸਮੁੱਚੇ ਵਿਦਿਆਰਥੀਆਂ ਦੀ ਹੀ ਨਹੀਂ ਸਗੋਂ ਸਾਰੇ ਦੱਬੇ ਕੁਚਲੇ ਵਰਗਾਂ ਦੀ ਹੈ ਜਿਨ੍ਹਾਂ ਨੂੰ ਆਨੇ ਬਹਾਨੇ ਮਿਆਰੀ ਵਿਦਿਆ ਤੋਂ ਬਾਹਰ ਕਰਨ ਦੇ ਯਤਨ ਹੋ ਰਹੇ ਹਨ ।
ਜਿਵੇਂ ਕਿ ਸ਼ੁਰੂ ਵਿਚ ਹੀ ਕਿਹਾ ਗਿਆ ਹੈ ਕਿ ਆਜ਼ਾਦ ਭਾਰਤ ਜੇਕਰ ਆਪਣੇ ਸੰਵਿਧਾਨ ਦੇ ਅਨੁਕੂਲ ਵਿਦਿਅਕ ਵਿਵਸਥਾ ਦੀ ਉਸਾਰੀ ਕਰਦਾ, ਵਿਦਿਆ ਸੈਕੂਲਰ ਅਤੇ ਸਮਾਜਵਾਦੀ ਦਿਸ਼ਾ ਵਿਚ ਦਿੱਤੀ ਜਾਂਦੀ ਅਤੇ ਜੇ.ਐਨ.ਯੂ. ਦੇ ਪੈਟਰਨ ’ਤੇ ਵਿਦਿਅਕ ਅਦਾਰੇ ਸਥਾਪਤ ਹੁੰਦੇ ਤਾਂ ਸਾਡੀਆਂ ਸੈਕੂਲਰ ਕਦਰਾਂ ਕੀਮਤਾਂ ਨੂੰ ਪੁੱਠਾ ਗੇੜਾ ਆਉਣ ਦੀਆਂ ਸੰਭਾਵਨਾਵਾਂ ਖਤਮ ਹੋ ਜਾਂਦੀਆਂ।