Now Reading
ਰੋਸ ਮੁਜ਼ਾਹਰਾ ਕਰਨ ਉਪਰੰਤ ਬਸ ਅੱਡੇ ਤੇ ਹਕੂਮਤਾਂ ਦਾ ਪੁਤਲਾ ਫੂਕਿਆ

ਰੋਸ ਮੁਜ਼ਾਹਰਾ ਕਰਨ ਉਪਰੰਤ ਬਸ ਅੱਡੇ ਤੇ ਹਕੂਮਤਾਂ ਦਾ ਪੁਤਲਾ ਫੂਕਿਆ

ਤਲਵੰਡੀ ਸਾਬੋ  : ਡੀਜ਼ਲ ਪੈਟਰੋਲ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧੇ, ਮਨੁੱਖੀ ਜਾਨਾਂ ਦਾ ਖੌਅ ਬਣੀ ਮਹਿੰਗਾਈ, ਖਤਰਨਾਕ ਹਦ ਤਕ ਵਧ ਚੁਕੀ ਅਤੇ ਰੋਜ਼ਾਨਾ ਵਧਦੀ ਜਾ ਰਹੀ ਬੇਰੁਜਗਾਰੀ ਖਿਲਾਫ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਕਾਰਕੁੰਨਾਂ ਵਲੋਂ ਅੱਜ ਸਥਾਨਕ ਬਜਾਰਾਂ ਵਿੱਚ ਜਬਰਦਸਤ ਰੋਸ ਮੁਜ਼ਾਹਰਾ ਕਰਨ ਉਪਰੰਤ ਬਸ ਅੱਡੇ ਤੇ ਹਕੂਮਤਾਂ ਦਾ ਪੁਤਲਾ ਫੂਕਿਆ ਗਿਆ। ਮੁਜਾਹਰੇ ਦੀ ਅਗਵਾਈ ਪਾਰਟੀ ਦੇ ਜਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਅਤੇ ਤਹਿਸੀਲ ਕਮੇਟੀ ਦੇ ਮੈਂਬਰ ਸਾਥੀ ਮੱਖਣ ਸਿੰਘ ਤਲਵੰਡੀ ਸਾਬੋ ਵਲੋਂ ਕੀਤੀ ਗਈ । ਮੁਜ਼ਾਹਰਾਕਾਰੀ ਉਕਤ ਅਲਾਮਤਾਂ ਲਈ ਮੁੱਖ ਜਿੰਮੇਵਾਰ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਤਿੱਖਾ ਰੋਸ ਪਰਗਟ ਕਰ ਰਹੇ ਸਨ। ਮੁਜਾਹਰੇ ਤੋਂ ਪਹਿਲਾਂ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਆਰਐਮਪੀਆਈ ਦੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਕਿਹਾ ਕਿ ਕੌਮਾਂਤਰੀ ਮੰਡੀ ਵਿੱਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਡਿੱਗਣ ਦੇ ਬਾਵਜੂਦ ਮੋਦੀ ਹੁਕੂਮਤ ਤੇਲ ਕੰਪਨੀਆਂ ਦੇ ਮੁਨਾਫੇ ਵਧਾਉਣ ਲਈ ਲਗਭਗ ਹਰ ਰੋਜ਼ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧੇ ਖਿਲਾਫ ਵਾਧੇ ਕਰਕੇ ਲੋਕਾਂ ਦੀ ਅੰਨੀ ਲੁੱਟ ਕਰਵਾ ਰਹੀ ਹੈ। ਰਹਿੰਦੀ ਕਸਰ ਤਰ੍ਹਾਂ ਤਰ੍ਹਾਂ ਦੇ ਟੈਕਸਾਂ/ਸੈਸਾਂ ਅਤੇ ਵੈਟ ਰਾਹੀਂ ਕੀਤੀ ਜਾ ਰਹੀ ਪ੍ਰਸ਼ਾਸਕੀ ਲੁੱਟ ਨੇ ਕਢ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਧਨਾਢ ਪੱਖੀ ਨੀਤੀਆਂ ਕਰਕੇ ਮਹਿੰਗਾਈ ਛਾਲਾਂ ਮਾਰ ਕੇ ਵਧ ਰਹੀ ਹੈ ਜਿਸ ਸਦਕਾ ਦੇਸ਼ ਵਿੱਚ ਹਰ ਰੋਜ ਭੁੱਖਮਰੀ ਨਾਲ ਮੌਤਾਂ ਹੋ ਰਹੀਆਂ ਹਨ। ਕਮਿਊਨਿਸਟ ਆਗੂ ਨੇ ਕਿਹਾ ਕਿ ਦੇਸ਼ ਦੇ ਅੱਜ ਤਕ ਦੇ ਸਭ ਤੋਂ ਵੱਡੇ ਫਰੇਬੀ ਪ੍ਰਧਾਨ ਮੰਤਰੀ ਵਜੋਂ ਨਾਮਣਾ ਖੱਟ ਚੁੱਕੇ ਨਰਿੰਦਰ ਮੋਦੀ ਨੇ ਧੋਖੇ ਭਰੀਆਂ ਅਪੀਲਾਂ ਰਾਹੀ ਲੱਖਾਂ ਲੋਕਾਂ ਤੋਂ ਗੈਸ ਸਬਸਿਡੀ ਛੁਡਵਾਉਣ ਦੇ ਬਾਵਜੂਦ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਪਿਛਲੇ ਚਾਰ ਸਾਲਾਂ ਦੌਰਾਨ ਸੌ ਫੀਸਦੀ ਤੋਂ ਵਧੇਰੇ ਦਾ ਵਾਧਾ ਕੀਤਾ ਹੈ ਅਤੇ ਪਿਛਲੇ ਇਕ ਸਾਲ ਵਿੱਚ ਹੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਸਾਢੇ ਤਿੰਨ ਸੌ ਰੁਪਏ ਪ੍ਰਤੀ ਰੀਫਿਲ ਦਾ ਵਾਧਾ ਹੋਇਆ ਹੈ।

ਸਾਥੀ ਮਹੀਪਾਲ ਨੇ ਕਿਹਾ ਕਿ ਵਧ ਰਹੀ ਬੇਰੁਜ਼ਗਾਰੀ ਬੜਾ ਖਤਰਨਾਕ ਵਰਤਾਰਾ ਹੈ ਅਤੇ ਸਰਕਾਰਾਂ ਇਸ ਤੇ ਕਾਬੂ ਪਾਉਣ ਲਈ ਭੋਰਾ ਭਰ ਵੀ ਗੰਭੀਰ ਨਹੀਂ। ਉਨ੍ਹਾਂ ਰੋਜ਼ਗਾਰ ਦੇਣ ਦੇ ਵਾਅਦੇ ਤੋਂ ਭੱਜਣ ਲਈ ਮੋਦੀ ਅਤੇ ਅਮਰਿੰਦਰ ਦੀ ਸਖਤ ਨਿਖੇਧੀ ਕੀਤੀ। ਰੋਸ ਐਕਸ਼ਨ ਵਿੱਚ ਸਾਥੀ ਤਾਰਾ ਸਿੰਘ ਕੋਟੜਾ, ਸਤਪਾਲ ਸਿੰਘ, ਗੁਰਮੇਲ ਸਿੰਘ ਮੌੜ, ਦੇਸਾ ਸਿੰਘ, ਅਜੈਬ ਸਿੰਘ, ਜਗਸੀਰ ਸਿੰਘ, ਲੀਲਾ ਸਿੰਘ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ।

Scroll To Top