Now Reading
ਰੇਲਵੇ ਦੇ ਪੰਜ ਸ਼ਹੀਦ ਗੁਰਦੀਪ ਸਿੰਘ, ਲਛਮਣ ਸ਼ਾਹ, ਦੇਵ ਰਾਜ, ਰਾਜ ਬਹਾਦਰ ਅਤੇ ਗਾਮਾ ਦੀ ਯਾਦ ਵਿੱਚ 50ਵੀਂ ਸ਼ਹੀਦੀ ਕਾਨਫ਼ਰੰਸ ਕੀਤੀ

ਰੇਲਵੇ ਦੇ ਪੰਜ ਸ਼ਹੀਦ ਗੁਰਦੀਪ ਸਿੰਘ, ਲਛਮਣ ਸ਼ਾਹ, ਦੇਵ ਰਾਜ, ਰਾਜ ਬਹਾਦਰ ਅਤੇ ਗਾਮਾ ਦੀ ਯਾਦ ਵਿੱਚ 50ਵੀਂ ਸ਼ਹੀਦੀ ਕਾਨਫ਼ਰੰਸ ਕੀਤੀ

ਪਠਾਨਕੋਟ : ਆਲ ਗੌਰਮਿੰਟ ਇੰਪਲਾਈਜ਼ ਟਰੇਡ ਯੂਨੀਅਨ ਕੌਂਸਲ ਅਤੇ ਨਾਰਦਨ ਰੇਲਵੇ ਮੈਨਜ਼ ਯੂਨੀਅਨ (NRMU) ਦੇ ਸੱਦੇ ਤੇ ਹਰ ਸਾਲ ਦੀ ਤਰ੍ਹਾਂ 19 ਸਤੰਬਰ 1968 ਨੂੰ ਰੇਲਵੇ ਦੇ ਪੰਜ ਸ਼ਹੀਦ ਸਰਵ ਸ੍ਰੀ ਗੁਰਦੀਪ ਸਿੰਘ, ਲਛਮਣ ਸ਼ਾਹ, ਦੇਵ ਰਾਜ, ਰਾਜ ਬਹਾਦਰ ਅਤੇ ਗਾਮਾ ਦੀ ਯਾਦ ਵਿੱਚ 50ਵੀਂ ਸ਼ਹੀਦੀ ਕਾਨਫ਼ਰੰਸ ਕੀਤੀ ਗਈ। ਇਸ ਸ਼ਹੀਦੀ ਕਾਨਫ਼ਰੰਸ ਦੀ ਪ੍ਰਧਾਨਗੀ ਐਨ.ਆਰ.ਐਮ.ਯੂ. (NRMU) ਫ਼ਿਰੋਜ਼ਪੁਰ ਡਵੀਜ਼ਨ ਦੇ ਪ੍ਰਧਾਨ ਦਲਜੀਤ ਸਿੰਘ ਅਤੇ ਕੌਂਸਲ ਦੇ ਪ੍ਰਧਾਨ ਹਰਿੰਦਰ ਸਿੰਘ ਰੰਧਾਵਾ ਨੇ ਕੀਤੀ। ਇਸ ਸ਼ਹੀਦੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂਂ ਐਨ.ਆਰ.ਐਮ.ਯੂ. ਤੇ ਏ.ਆਈ.ਆਰ.ਐਫ. ਦੇ ਪ੍ਰਧਾਨ ਕਾਮਰੇਡ ਸ਼ਿਵ ਗੋਪਾਲ ਮਿਸ਼ਰਾ ਨੇ ਕਿਹਾ ਕਿ ਮੋਦੀ ਸਰਕਾਰ ਦੁਨੀਆ ਦੇ ਵੱਡੇ ਘਰਾਣਿਆਂ ਅਤੇ ਦੇਸ਼ ਦੇ ਵੱਡੇ ਪੂੰਜੀਪਤੀਆਂ ਨੂੰ ਲਾਭ ਦੇਣ ਹਿਤ ਹੋਰਨਾ ਉਦਯੋਗਾਂ ਵਾਂਗ ਰੇਲਵੇ ਦੇ ਮਹੱਤਵਪੂਰਨ ਅਦਾਰੇ ਨੂੰ ਵੀ ਨਿੱਜੀ ਹੱਥਾਂ ਵਿੱਚ ਦੇ ਰਹੀ ਹੈ। ਤਿੰਨ ਲੱਖ ਦੇ ਕਰੀਬ ਅਸਾਮੀਆਂ ਨੂੰ ਭਰਿਆ ਨਹੀਂ ਜਾ ਰਿਹਾ। ਉਨ੍ਹਾਂ ਅੱਗੇ ਕਿਹਾ ਕਿ ਸੱਤਵੇਂ ਪੇ-ਕਮਿਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਬੋਲਦਿਆਂ ਐਨ.ਆਰ.ਐਮ.ਯੂ. ਦੇ ਪ੍ਰਧਾਨ ਕਾਮਰੇਡ ਐਸ.ਕੇ.ਤਿਆਗੀ ਅਤੇ ਉਪ ਪ੍ਰਧਾਨ ਕਾਮਰੇਡ ਪ੍ਰਵੀਨ ਕੁਮਾਰ ਨੇ ਮੰਗ ਕੀਤੀ ਕਿ ਘੱਟੋ-ਘੱਟ ਉਜਰਤ 26,000/- ਰੁਪਏ ਤਹਿ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਵੇ ਅਤੇ ਡਵੀਜ਼ਨ ਪੱਧਰ ਦੀਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਇਸ ਕਾਨਫ਼ਰੰਸ ਵਿੱਚ ਉਚੇਚੇ ਤੌਰ ਤੇ ਪਹੁੰਚੇ ਸੀ.ਟੀ.ਯੂ. ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਆਮ ਲੋਕਾਂ ਦੇ ਬੁਨਿਆਦੀ ਮੁੱਦਿਆਂ ਜਿਵੇਂ ਕਿ ਬੇਰੁਜ਼ਗਾਰੀ, ਮਹਿੰਗਾਈ, ਗ਼ਰੀਬੀ, ਸਿਹਤ, ਸਿੱਖਿਆ, ਪਾਣੀ ਅਤੇ ਬਿਜਲੀ ਆਦਿ ਤੋਂ ਧਿਆਨ ਹਟਾ ਕੇ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਵੰਡਣ ਦੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਰੋਜ਼ਾਨਾ ਬਾਲੜੀਆਂ ਤੋਂ ਲੈ ਕੇ ਅਧੇੜ ਉਮਰ ਤੱਕ ਦੀਆਂ ਔਰਤਾਂ ਨਾਲ ਬਲਾਤਕਾਰ ਹੋ ਰਹੇ ਹਨ, ਮਜ਼ਦੂਰ ਤੇ ਕਿਸਾਨ ਕਰਜ਼ੇ ਦੇ ਬੋਝ ਕਰਕੇ ਖੁਦਕੁਸ਼ੀਆਂ ਕਰ ਰਹੇ ਹਨ। ਰੋਜ਼ਾਨਾ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀ ਕੀਮਤਾਂ ਦੇ ਵਧਣ, ਡਾਲਰ ਦੇ ਮੁਕਾਬਲੇ ਰੁਪਏ ਦਾ 72 ਰੁਪਏ ਤੋਂ ਵੱਧ ਗਿਰ ਜਾਣ ਕਰਕੇ ਮਹਿੰਗਾਈ ਸਿਖ਼ਰਾਂ ਨੂੰ ਛੋਹ ਰਹੀ ਹੈ। ਦੇਸ਼ ਅੰਦਰ 2 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਦਾਅਵਾ ਜੁਮਲਾ ਸਾਬਤ ਹੋਇਆ ਹੈ, ਜਿਸ ਦਾ ਅਸਰ ਇਹ ਕਿ ਪਿਛਲੇ ਸਾਲ ਇਕੱਲੇ ਪੰਜਾਬ ਤੋਂ ਹੀ 1 ਲੱਖ ਤੋਂ ਵੱਧ ਨੌਜਵਾਨ ਮਜਬੂਰੀ ਵੱਸ ਜ਼ਮੀਨਾਂ ਵੇਚ ਕੇ ਅਤੇ ਕਰਜ਼ੇ ਲੈ ਕੇ ਵਿਦੇਸ਼ਾਂ ਵਿੱਚ ਚਲੇ ਗਏ ਹਨ। ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਡੇਢ ਸਾਲ ਬੀਤ ਜਾਣ ਤੋਂ ਬਾਅਦ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਅਤਿ ਸੰਵੇਦਨਸ਼ੀਲ ਮਸਲੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਦੋਸ਼਼ੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਬਜਾਏ ਵਿਰੋਧੀ ਧਿਰ ਤੇ ਸਰਕਾਰ ਇਕ ਦੂਜੇ ਤੇ ਦੋਸ ਮੜ੍ਹ ਕੇ ਟਾਈਮ ਪਾਸ ਕਰ ਰਹੀਆਂ ਹਨ। ਉਨ੍ਹਾਂ ਮਜ਼ਦੂਰਾਂ ਮੁਲਾਜ਼ਮਾਂ ਨੂੰ ਹਰ ਪੱਧਰ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਸੱਦਾ ਦਿੱਤਾ। ਇਸ ਸ਼ਹੀਦੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਐਨ.ਆਰ.ਐਮ.ਯੂ. ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਦੱਤ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਡਵੀਜ਼ਨ ਪੱਧਰ ਮੰਗਾਂ ਜਿਵੇਂ ਕੰਡਮ ਕੁਆਟਰ ਦੀ ਜਗ੍ਹਾ ਨਵੇਂ ਕੁਆਟਰ, ਰਨਿੰਗ ਘਲਾਉਸ 1980 ਦੇ ਫ਼ਾਰਮੂਲੇ ਦੇ ਅਨੁਸਾਰ ਆਦਿ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ। ਕਾਨਫ਼ਰੰਸ ਨੂੰ ਸੀ.ਟੀ.ਯੂ. ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ ਨੇ ਮੰਗ ਕੀਤੀ ਕਿ ਨਿਰਮਾਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ, ਨਵੀਨੀਕਰਨ ਅਤੇ ਵੱਖ-ਵੱਖ ਭਲਾਈ ਸਕੀਮਾਂ ਦੇ ਲਾਭ ਦੇਣ ਲਈ ਲੇਬਰ ਵਿਭਾਗ ਪੰਜਾਬ ਤੁਰੰਤ ਆਨ-ਲਾਈਨ ਦੇ ਨਾਲ ਨਾਲ ਆਫ਼-ਲਾਈਨ ਚਾਲੂ ਕਰੇ, ਥੀਨ ਡੈਮ ਵਰਕਰਜ਼ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਸ਼ਾਹਪੁਰ ਕੰਡੀ ਡੈਮ ਦਾ ਕੰਮ ਪ੍ਰਾਈਵੇਟ ਕੰਪਨੀਆਂ ਤੋਂ ਰੱਦ ਕਰਕੇ ਸਰਕਾਰੀ ਤੌਰ ਤੇ ਸ਼ੁਰੂ ਕਰਵਾਏ। ਇਸ ਮੌਕੇ ਤੇ ਸ਼ਹੀਦਾਂ ਦੇ ਵਾਰਸਾਂ ਤੇ ਜ਼ਖ਼ਮੀਆਂ ਨੂੰ ਵਿੱਤੀ ਸਹਾਇਤਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਦੇ ਚੇਅਰਮੈਨ ਮਾਸਟਰ ਸੁਭਾਸ਼ ਸ਼ਰਮਾ ਨੇ ਗੈਰ ਜਥੇਬੰਦ ਘਰੇਲੂ ਮਜ਼ਦੂਰਾਂ ਦੀ ਭਲਾਈ ਲਈ ਬਣੇ 2008 ਦੇ ਕਾਨੂੰਨ ਨੂੰ ਫ਼ੌਰੀ ਲਾਗੂ ਕਰਨ ਦੀ ਮੰਗ ਕੀਤੀ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਿਲਕ ਰਾਜ ਅਤੇ ਰਾਮ ਬਿਲਾਸ ਠਾਕੁਰ, ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਦੇ ਆਗੂ ਮਾਸਟਰ ਪ੍ਰੇਮ ਸਾਗਰ, ਆਸ਼ਾ ਰਾਣੀ, ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਰਵਿਸ ਦੇ ਪ੍ਰਧਾਨ ਰਾਜਿੰਦਰ ਧੀਮਾਨ, ਸਤਪਾਲ ਵਰਮਾ ਅਤੇ ਐਨ.ਆਰ.ਐਮ.ਯੂ. ਦੇ ਆਗੂ ਪਰਮਜੀਤ ਸਿੰਘ, ਮਾਸਟਰ ਜਨਕ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।

Scroll To Top