ਸਤਨਾਮ ਚਾਨਾ
(ਨੋਟ : ਹੱਥਲਾ ਵਿਸ਼ਾ ਬਹੁਤ ਹੀ ਸੰਵੇਦਨਸ਼ੀਲ ਹੈ ਜਿਸ ਕਰਕੇ ਆਪਣੇ ਵਿਸ਼ਲੇਸ਼ਣ ਵਿਚ ਜਾਣ ਦੀ ਥਾਂ ਉਪਲਭਧ ਸਬੂਤਾਂ ਉੱਪਰ ਟੇਕ ਰੱਖੀ ਗਈ ਹੈ। ਪਾਠਕ ਘੱਟੋ ਘੱਟ, ‘ਕਾਮਿਨਟਰਨ ਐਂਡ ਦ ਈਸਟ’, ‘ਹੰਡਰਡ ਯਿਅਰਜ਼ ਆਫਟਰ ਦ ਫਸਟ ਸੋਸ਼ਲਿਸਟ ਰੈਵੋਲੂਸ਼ਨ’, ‘ਡੌਕੂਮੈਂਟਸ ਆਫ ਦ ਕਮਿਉਨਿਸਟ ਮੂਵਮੈਂਟ ਇਨ ਇਂਡੀਆ’ ਦੀ ਸੈਂਚੀ ਚੌਵੀ ਦਾ ਪੰਜਵਾਂ ਅਧਿਆਏ ਅਤੇ ‘ਡਾਇਰੀ ਗਦਰੀ ਬਾਬਾ ਹਰਜਾਪ ਸਿੰਘ’ ਜ਼ਰੂਰ ਪੜ੍ਹਨ ਜਿੱਥੋਂ ਉਨ੍ਹਾਂ ਨੂੰ ਹੇਠਾਂ ਇਸਤੇਮਾਲ ਕੀਤੀ ਗਈ ਸਮੱਗਰੀ ਭਰਪੂਰ ਮਾਤਰਾ ਵਿਚ ਮਿਲ ਜਾਏਗੀ)
(ੳ)
ਇਤਿਹਾਸ ਦਾ ਪਹਿਲਾ ਵਿਗਿਆਨਕ ਸਮਾਜਵਾਦ, ਜਿਸਨੂੰ ਅਮਰ ਸਮਝ ਲਿਆ ਗਿਆ ਸੀ, 74 ਵਰ੍ਹਿਆਂ ਦੀ ਉਮਰ ਭੋਗ ਕੇ (1917-1991), ਹੁਣ ਤੋਂ 29 ਸਾਲ ਪਹਿਲਾਂ ਇਸ ਸੰਸਾਰ ਵਿੱਚੋਂ ਅਲੋਪ ਹੋ ਗਿਆ ਸੀ । ਉਹ ਆਪਣੇ ਪਿੱਛੇ ਸਵਾਲਾਂ ਤੇ ਸਬਕਾਂ ਦਾ ਭਰਪੂਰ ਖਜ਼ਾਨਾ ਛੱਡ ਗਿਆ ਹੈ । ਇਹ ਤਾਂ ਸਪੱਸ਼ਟ ਨਹੀਂ ਕਿ ਉਸ ਦੇ ਵਾਰਿਸ ਇਸ ਖਜ਼ਾਨੇ ਦੀ ਸੁਚੱਜੀ ਵਰਤੋਂ ਕਰਨਗੇ ਜਾਂ ਇਸਨੂੰ ਯਾਦਾਂ ਦਾ ਅਜਾਇਬ ਘਰ ਬਣਾ ਲੈਣਗੇ ਪਰ ਇਹ ਜ਼ਰੂਰ ਸਪੱਸ਼ਟ ਹੈ ਕਿ ਉਹ ਲੋਕ ਇਸ ਧੱਕੇ ਤੋਂ ਅਜੇ ਤੱਕ ਸੰਭਲੇ ਨਹੀਂ ਜਿਨ੍ਹਾਂ ਨੇ ਇਸ ਦੇ ਅਮਰ ਹੋਣ ਦੀ ਭਵਿੱਖ ਬਾਣੀ ਕੀਤੀ ਸੀ । ਦੂਜੇ ਪਾਸੇ, ਜਿਨ੍ਹਾਂ ਨੇ ਇਹ ਭਵਿੱਖਬਾਣੀ ਕੀਤੀ ਸੀ ਕਿ ‘ਲਾਲ ਕਰਾਂਤੀ’ ਕੁਝ ਦਿਨਾਂ ਦੀ ਹੀ ਪ੍ਰਾਹੁਣੀ ਹੈ, ਉਨ੍ਹਾਂ ਦੇ ਚਿਹਰਿਆਂ ਤੇ ਸ਼ਰਮਿੰਦਗੀ ਦਾ ਕੋਈ ਨਿਸ਼ਾਨ ਹੋਣ ਦੀ ਥਾਂ ਢੀਠ ਖੇੜੇ ਦਾ ਨਾਚ ਹੋ ਰਿਹਾ ਹੈ । ਕਹਿਣ ਦਾ ਮਨੋਰਥ ਇਹ ਨਹੀਂ ਕਿ ਰੂਸੀ ਕਰਾਂਤੀ ਦੇ ਸੱਤ ਤੋਂ ਵੱਧ ਦਹਾਕੇ ਜਿਊਂਦੇ ਰਹਿਣ ਨੇ ਪੂੰਜੀਪਤੀਆਂ ਨੂੰ ਅਤੇ ਕੇਵਲ ਸੱਤ ਦਹਾਕਿਆਂ ਵਿਚ ਹੀ ਵਿਨਾਸ਼ ਦੇ ਮੂੰਹ ਵਿਚ ਚਲੇ ਜਾਣ ਨੇ ਕਰਾਂਤੀਕਾਰੀਆਂ ਨੂੰ ਗਲਤ ਸਾਬਤ ਕੀਤਾ ਹੈ । ਨਿਰਸੰਦੇਹ, ਪੂੰਜੀਪਤੀਆਂ ਅਤੇ ਕਰਾਂਤੀਕਾਰੀਆਂ ਦੋਹਾਂ ਨੇ ਆਪਣੀ ਆਪਣੀ ਭਵਿੱਖਬਾਣੀ ਪੈਰਿਸ ਕਮਿਊਨ ਤੋਂ ਲਏ ਸਬਕਾਂ ਦੇ ਅਧਾਰ ‘ਤੇ ਹੀ ਕੀਤੀ ਸੀ, ਜਦੋਂ 18 ਮਾਰਚ 1871 ਨੂੰ ਮਜ਼ਦੂਰਾਂ ਨੇ ਪੂੰਜੀਪਤੀਆਂ ਤੋਂ ਪੈਰਿਸ ਦਾ ਰਾਜ ਖੋਹ ਲਿਆ ਸੀ ਅਤੇ ਪੂੰਜੀਪਤੀਆਂ ਨੇ ਤਕਰੀਬਨ ਤਿੰਨ ਮਹੀਨੇ ਦੀ ਘਮਾਸਾਨ ਜੰਗ ਉਪਰੰਤ ਰਾਜ ਦੁਬਾਰਾ ਖੋਹ ਲਿਆ ਸੀ । ਇਸ ਕਰਕੇ ਨਾ ਹੀ ਕਮਿਊਨਿਸਟਾਂ ਦੇ ਦਾਅਵੇ ਵਿਚ ਕੁਝ ਗਲਤ ਸੀ ਕਿ ਉਹ ਅਗਲੀ ਵਾਰ ਕਦੇ ਵੀ ਰਾਜ ਹੱਥੋਂ ਨਹੀਂ ਜਾਣ ਦੇਣਗੇ ਅਤੇ ਨਾ ਹੀ ਪੂੰਜੀਪਤੀਆਂ ਦਾ ਕਹਿਣਾ ਅਜੀਬ ਸੀ ਕਿ ਉਹ ਇਸ ਵਾਰ ਵੀ ਆਪਣਾ ਖੋਹਿਆ ਹੋਇਆ ਰਾਜ ਵਾਪਿਸ ਲੈਣ ਲਈ ਕੁਝ ਦਿਨ ਹੀ ਲਾਉਣਗੇ।
ਸੱਚ ਇਹ ਹੈ ਕਿ ਪੈਰਿਸ ਕਮਿਊਨ, ਕਰਾਂਤੀਕਾਰੀਆਂ ਲਈ ਅਚਾਨਕ ਫੁੱਟਿਆ ਖੇੜਿਆਂ ਦਾ ਫੁਹਾਰਾ ਸੀ ਅਤੇ ਪੂੰਜੀਪਤੀਆਂ ਲਈ ਅਚਾਨਕ ਡਿੱਗੀ ਆਫਤ ਸੀ, ਜੋ ਤਿੰਨ ਮਹੀਨੇ ਲੰਬਾ ਭਿਆਨਕ ਸੁਪਨਾ ਸਾਬਤ ਹੋਈ ਸੀ । ਇਸ ਤੋਂ ਵੀ ਵੱਡਾ ਅਚੰਭਾ ਇਹ ਸੀ ਕਿ ਪੈਰਿਸ ਕਮਿਊਨ, ਕਮਿਊਨਿਸਟ ਮੈਨੀਫੈਸਟੋ ਦੇ ਛਪਣ ਤੋਂ ਬਾਅਦ 23 ਸਾਲਾਂ ਦੇ ਅੰਦਰ-ਅੰਦਰ ਹੀ ਵਾਪਰ ਗਿਆ ਸੀ ਜਿਸਨੇ ਮਜ਼ਦੂਰਾਂ ਅੰਦਰ ਰਾਜ ਉੱਪਰ ਕਬਜ਼ੇ ਦਾ ਆਦਰਸ਼ ਜਗਾਇਆ ਸੀ । ਇਹ ਮਜ਼ਦੂਰਾਂ ਦਾ ਪਹਿਲਾ ਰਾਜ ਸੀ ਜਿਸਨੂੰ ਸਮਾਜਵਾਦ ਸਿਰਜਣ ਦਾ ਮੌਕਾ ਨਾ ਮਿਲਿਆ । ਮਜ਼ਦੂਰਾਂ ਨੂੰ ਸਮਾਜਵਾਦ ਸਿਰਜਣ ਦਾ ਖੁਲ੍ਹਾ ਮੌਕਾ, ਪੈਰਿਸ ਕਮਿਊਨ ਤੋਂ 46 ਸਾਲ ਬਾਅਦ, ਅਕਤੂਬਰ ਇਨਕਲਾਬ ਨੇ ਦੇ ਦਿੱਤਾ ਸੀ । ਉਸਦਾ ਵੀ ਅੰਤਮ ਨਤੀਜਾ ਢਹਿ ਢੇਰੀ ਹੋਣ ਵਿਚ ਹੀ ਨਿਕਲਿਆ ਪਰ ਤਿੰਨ ਮਹੀਨਿਆਂ ਦੀ ਥਾਂ ਪੌਣੀ ਸਦੀ ਪੂਰੀ ਕਰ ਲੈਣ ਤੋਂ ਬਾਅਦ। ਇਸ ਅਣਕਿਆਸੀ ਘਟਨਾ ਨੇ ਦੋ ਪ੍ਰਕਾਰ ਦੇ ਲੋਕਾਂ ਵਾਸਤੇ ਦੋ ਤਰ੍ਹਾਂ ਦੇ ਦੁੱਖ ਪੈਦਾ ਕੀਤੇ । ਪਹਿਲੀ ਪ੍ਰਕਾਰ ਦੇ ਲੋਕ ਉਹ ਹਨ ਜੋ ਇਸਨੂੰ ਸਮਾਜਵਾਦੀ ਕਰਾਂਤੀ ਦਾ ਦੂਜਾ ਤਜਰਬਾ ਮੰਨ ਲੈਣ ਤੋਂ ਇਨਕਾਰੀ ਹਨ ਅਤੇ ਦੂਜੀ ਪ੍ਰਕਾਰ ਦੇ ਲੋਕ ਉਹ ਹਨ ਜੋ ਇਸਨੂੰ ਟਾਲਣ ਯੋਗ ਗਲਤੀਆਂ ਦਾ ਸਿੱਟਾ ਮੰਨਦੇ ਹਨ, ਅਥਵਾ ਜਿਨ੍ਹਾਂ ਨੂੰ ਇਸਦਾ ਵਿਨਾਸ਼ ਕੁਰੱਖਤ ਹੈਂਕੜਬਾਜ਼ੀ, ਸੋਧਵਾਦ ਅਤੇ ਗਦਾਰੀ ਕਾਰਨ ਹੋਇਆ ਨਜ਼ਰ ਆਉਂਦਾ ਹੈ । ਕੁਝ ਦਾਨਿਸ਼ਵਰ ਇਹ ਵੀ ਮੰਨਦੇ ਹਨ ਕਿ ਰੂਸੀ ਸਮਾਜਵਾਦ ਦੀ ਉਸਾਰੀ ਮਾਰਕਸਵਾਦੀ ਸਿਧਾਂਤਾਂ ਦੇ ਅਨੁਕੂਲ ਹੀ ਨਹੀਂ ਸੀ ਅਤੇ ਨਾ ਹੀ ਮਾਰਕਸ ਅਤੇ ਏਂਗਲਜ਼ ਨੇ ਕਿਸੇ ਇਕਲੌਤੇ ਦੇਸ਼ ਵਿਚ ਸਮਾਜਵਾਦੀ ਕਰਾਂਤੀ ਵਾਪਰਨ ਬਾਰੇ ਚਿਤਵਿਆ ਹੀ ਸੀ ।
ਅਸਲ ਗੱਲ ਇਹ ਹੈ ਕਿ ਇਤਿਹਾਸ ਕਿਸੇ ਨੂੰ ਵੀ ਮਨਮਰਜ਼ੀ ਕਰਨ ਦੀ ਆਗਿਆਂ ਨਹੀਂ ਦਿੰਦਾ, ਸਗੋਂ ਜ਼ਿਮੇਵਾਰੀ ਸੌਂਪਦਾ ਅਤੇ ਹਿਸਾਬ ਮੰਗਦਾ ਹੈ । ਜਿਹੜੇ ਲੋਕ ਜਿਮੇਂਵਾਰੀ ਨਿਭਾਉਣ ਤੋਂ ਅਸਮੱਰਥ ਹੁੰਦੇ ਹਨ ਜਾਂ ਇਤਿਹਾਸ ਨਾਲ ਚਲਾਕੀ ਖੇਡਦੇ ਹਨ ਇਤਿਹਾਸ ਉਨ੍ਹਾਂ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿੰਦਾ ਹੈ । ਕਰਾਂਤੀ ਦਾ ਇਤਿਹਾਸ ਆਪਣਾ ਅਦਰਸ਼ ਨਹੀਂ ਬਦਲਦਾ ਸਗੋਂ ਉਸਦੀ ਜ਼ਿਮੇਵਾਰੀ ਉਠਾਉਣ ਵਾਲੇ ਬੰਦੇ ਬਦਲਦਾ ਹੈ ਅਤੇ ਆਪਣੀ ਚਾਲੇ ਚੱਲਦਾ ਜਾਂਦਾ ਹੈ। ਬੰਦਿਆਂ ਦੀ ਅਸਮੱਰਥਾ ਕਾਰਨ ਜਾਂ ਪਿੱਠ ਦੇਣ ਕਾਰਨ ਜੇ ਕਰ ਕਰਾਂਤੀ ਦੀ ਤੋਰ ਵਿਚ ਕੋਈ ਰੁਕਾਵਟ ਆਉਂਦੀ ਹੈ ਤਾਂ ਉਹ ਰੁਕਾਵਟ ਕਰਾਂਤੀ ਦੇ ਅਦਰਸ਼ ਦੀ ਨਹੀਂ ਸਗੋਂ ਬੰਦਿਆਂ ਦੀ ਹਾਰ ਹੁੰਦੀ ਹੈ। ਰੂਸੀ ਸਮਾਜਵਾਦ ਦਾ ਵਿਨਾਸ਼ ਮਾਰਕਸਵਦ ਨੂੰ ਅਮਲ ਵਿਚ ਲਿਆਉਣ ਵਾਲਿਆਂ ਦੀ ਹਾਰ ਸੀ ਨਾ ਕਿ ਮਾਰਕਸਵਾਦ ਦੀ। ਰੂਸੀ ਕਰਾਂਤੀ ਵਾਪਰਨ ਦੇ ਸਪੱਸ਼ਟ ਕਾਰਨ ਰੂਸ ਦੇ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਬਗਾਵਤਾਂ ਅਤੇ ਸਾਮਰਾਜੀਆਂ ਦੀ ਵਿਸ਼ਵ ਜੰਗ ਵਿੱਚੋਂ ਲੱਭੇ ਜਾ ਸਕਦੇ ਹਨ। ਫਿਰ ਵੀ, ਕੀ ਇਹ ਕਰਾਂਤੀ ਲੰਬੀ ਉਮੀਦ ਤੋਂ ਬਿਨਾਂ, ਅਚਾਨਕ ਹੀ ਵਾਪਰ ਗਈ ਸੀ ?
ਰੂਸ ਵਿਚ ਸਮਾਜਵਾਦੀ ਕਰਾਂਤੀ ਦੀਆਂ ਸੰਭਾਵਨਾਵਾਂ ਦਾ ਅੰਦਾਜ਼ਾ ਲਾਉਣ ਵਾਲਾ ਪਹਿਲਾ ਵਿਅਕਤੀ ਕਾਮਰੇਡ ਲੈਨਿਨ ਹੀ ਨਹੀਂ ਸੀ ਸਗੋਂ ਸਭ ਤੋਂ ਪਹਿਲਾਂ ਇਸਦਾ ਅੰਦਾਜ਼ਾ ਕਾਰਲ ਮਾਰਕਸ ਨੇ ਲਗਾਇਆ ਸੀ, ਉਹ ਵੀ ਰੂਸੀ ਕਰਾਂਤੀ ਫੁੱਟਣ ਤੋਂ 36 ਸਾਲ ਪਹਿਲਾਂ। ਇਹ ਗੱਲ 1881 ਦੀ ਹੈ ਜਦੋਂ ਕਾਰਲ ਮਾਰਕਸ ਨੇ ਰੂਸੀ ਕਿਸਾਨਾਂ ਦੀ ਬੇਚੈਨੀ ਨੂੰ ਨੀਝ ਨਾਲ ਤੱਕਿਆ ਅਤੇ ਵੇਰਾ ਜਾਸ਼ੂਲਿਚ ਨੂੰ ਪੱਤਰ ਲਿਖਕੇ ਦੱਸਿਆ ਕਿ ਰੂਸ ਵਿਚ ਸਮਾਜਵਾਦੀ ਕਰਾਂਤੀ ਦੀਆਂ ਸੰਭਾਵਨਾਵਾਂ ਮੌਜੂਦ ਹਨ । ਇਨ੍ਹਾਂ ਹੀ ਸੰਭਾਵਨਾਵਾਂ ਨੂੰ ਵੀ. ਆਈ. ਲੈਨਿਨ ਨੇ 1905 ਵਿਚ ਇਕਦਮ ਆਪਣੇ ਸਾਹਮਣੇ ਖੜੋਤੀਆਂ ਦੇਖਿਆ ਸੀ । ਮਾਰਕਸ ਨੇ ਆਪਣੇ ਉਸ ਪੱਤਰ ਵਿਚ ਲਿਖਿਆ ਸੀ ਕਿ ਜੇਕਰ ਰੂਸੀ ਇਨਕਲਾਬ ਨੂੰ ਆਪਣੇ ਆਪ ਤੇ ਨਾ ਛੱਡ ਦਿੱਤਾ ਗਿਆ ਤਾਂ ਪੱਛਮੀਂ ਦੇਸ਼ਾਂ ਦੇ ਮਜ਼ਦੂਰ ਵੀ ਪੂੰਜੀਵਾਦ ਦੀਆਂ ਬੇੜੀਆਂ ਤੋਂ ਆਜ਼ਾਦ ਹੋ ਜਾਣਗੇ। ਪਰ ਜੇਕਰ ਰੂਸੀ ਇਨਕਲਾਬ ਆਪਣੇ ਸਮਾਜਵਾਦੀ ਮੰਤਵ ਨੂੰ ਪੂਰਾ ਕਰਨ ਲਈ ਇਕੱਲਾ ਰਹਿ ਗਿਆ ਤਾਂ ਇਸਦਾ ਵਿਨਾਸ਼ ਅਟੱਲ ਹੈ । ਮਾਰਕਸ ਦੇ ਇਸ ਕਥਨ ਦਾ ਜ਼ਿਕਰ ਇਫਰਾਨ ਹਬੀਬ ਨੇ ਵੀ ਆਪਣੀ ਇਕ ਲਿਖਤ ਵਿਚ ਕੀਤਾ ਹੈ । ਇਰਫਾਨ ਹਬੀਬ ਕਹਿੰਦਾ ਹੈ ਕਿ ਇਹ ਕਹਿਣਾ ਠੀਕ ਨਹੀਂ ਕਿ ਰੂਸੀ ਇਨਕਲਾਬ ਮਾਰਕਸ ਦੀਆਂ ਧਾਰਨਾਵਾਂ ਦੇ ਅੰਤਰ ਵਿਰੋਧ ਵਿਚ ਸੀ।
ਰੂਸ ਅੰਦਰ ਭਾਵੇਂ ਕਿ 22 ਜਨਵਰੀ 1905 ਤੋਂ ਅਕਤੂਬਰ 1917 ਦਰਮਿਆਨ ਤੁਫਾਨੀ ਘਟਨਾਵਾਂ ਵਾਪਰੀਆਂ ਸਨ ਪਰ ਫਸਵਾਂ ਵਰਗ ਸੰਘਰਸ਼ ਕਾਫੀ ਲੰਬੇ ਸਮੇਂ ਤੋਂ ਗਹਿਗੱਚ ਚੱਲ ਰਿਹਾ ਸੀ । ਤਿੱਖੇ ਸ਼ਰੇਣੀ ਸੰਘਰਸ਼ ਵਿਚੋਂ ਗੁਜ਼ਰ ਰਹੇ ਰੂਸੀ ਲੋਕਾਂ ਲਈ ਕਾਰਲ ਮਾਰਕਸ ਦਾ ਸਿਧਾਂਤ ਐਨ੍ਹ ਮੌਕੇ ਸਿਰ ਆਇਆ । ਓਦੋਂ ਕਾਮਰੇਡ ਲੈਨਿਨ ਅਜੇ ਸੰਘਰਸ਼ ਦੀਆਂ ਸਫਾਂ ਵਿਚ ਉਭਰਿਆ ਵੀ ਨਹੀਂ ਸੀ ਜਦੋਂ ਮਾਰਕਸਵਾਦੀ ਸਿਧਾਂਤ ਨੇ ਰੂਸ ਵਿਚ ਪ੍ਰਵੇਸ਼ ਕੀਤਾ ਸੀ । ਰੂਸ ਵਿਚ ਉਸਦਾ ਪ੍ਰਵੇਸ਼ ਕਰਾਉਣ ਵਾਲੇ, ‘ਹਰਜ਼ੇਨ ਨਿਰੋਧਨਿਕ’ ਨਾਂ ਦੀ ਜਥੇਬੰਦੀ ਦੇ ਕਾਰਕੁੰਨ ਸਨ। ਡੇਨੀਅਲਸਨ ਨਾਮ ਦੇ ਇਕ ਨਿਰੋਧਨਿਕ ਨੇ ‘ਦਾਸ ਕੈਪੀਟਲ’ ਦਾ ਰੂਸੀ ਵਿਚ ਅਨੁਵਾਦ ਓਦੋਂ ਹੀ ਛਪਵਾ ਦਿੱਤਾ ਸੀ ਜਦੋਂ ਦਾਸ ਕੈਪੀਟਲ ਨੂੰ ਲਿਖਿਆਂ ਅਜੇ ਚਾਰ ਸਾਲ ਹੀ ਹੋਏ ਸਨ। ਪਰ ਆਪਣੀਆਂ ਅਯੋਗ ਨੀਤੀਆਂ ਕਾਰਨ, ਨਿਰੋਧਨਿਕ ਲਹਿਰ ਵੀਹਵੀਂ ਸਦੀ ਵਿਚ ਪ੍ਰਵੇਸ਼ ਹੀ ਨਾ ਕਰ ਸਕੀ। ਤਾਂ ਵੀ ਨਿਰੋਧਨਿਕਾਂ ਨੇ, ਤਕਰੀਬਨ 30 ਸਾਲ ਤੱਕ ਪੇਂਡੂ ਗਤੀਵਿਧੀਆਂ ਵਿਚ ਪ੍ਰਭਾਵਸ਼ਾਲੀ ਸਰਗਰਮੀ ਜਾਰੀ ਰੱਖੀ ਸੀ । ਇਸੇ ਤਰ੍ਹਾਂ ਮਜ਼ਦੂਰਾਂ ਨੂੰ ਸੰਗਠਤ ਕਰਨ ਵਾਲਾ ਪਹਿਲਾ ਆਗੂ ਪਲੈਖਾਨੋਵ ਸੀ ਜਿਸਨੂੰ ਲੈਨਿਨ ਪਹਿਲੀ ਵਾਰ ਸਵਿਟਜ਼ਲੈਂਡ ਵਿਚ ਮਿਲਿਆ ਸੀ । ਓਦੋਂ ਉਹ ਜਲਾਵਤਨੀ ਕੱਟ ਰਿਹਾ ਸੀ। ਪਲੈਖਾਨੋਵ ਹੀ ਸੀ ਜਿਸ ਨੇ 1895 ਵਿਚ ‘ਰਸ਼ੀਅਨ ਸੋਸ਼ਲ ਡੈਮੋਕਰੈਟਿਕ ਲੇਬਰ ਪਾਰਟੀ’ ਬਣਾਈ ਸੀ, ਜੋ ਬਾਅਦ ਵਿਚ ਬਾਲਸ਼ਵਿਕਾਂ ਅਤੇ ਮੈਨਸ਼ਵਿਕਾਂ ਵਿਚ ਵੰਡੀ ਗਈ ਸੀ ਅਤੇ ਉਨ੍ਹਾਂ ਦੇ ਲੀਡਰ ਕ੍ਰਮਵਾਰ ਲੈਨਿਨ ਅਤੇ ਪਲੈਖਾਨੋਵ ਸਨ । ਤੀਜੇ ਉੱਘੇ ਕਰਾਂਤੀਕਾਰੀ ਟਰਾਟਸਕੀ ਨਾਲ ਲੈਨਿਨ ਦੀ ਨੇੜਤਾ ਲੰਡਨ ਵਿਚ ਹੀ ਹੋਈ ਦੱਸੀ ਜਾਂਦੀ ਹੈ, ਜਦੋਂ ਟਰਾਟਸਕੀ ਜੇਲ੍ਹ ਵਿੱਚੋਂ ਫਰਾਰ ਹੋ ਕੇ ਲੰਡਨ ਪੁੱਜਾ ਸੀ। ਲੰਡਨ ਪਹੁੰਚਣ ਤੋਂ ਪਹਿਲਾਂ ਲੈਨਿਨ ਵੀ ਤਿੰਨ ਸਾਲ ਸਾਇਬੇਰੀਆਂ ਦੀ ਜੇਲ੍ਹ ਵਿਚ ਰਿਹਾ ਸੀ ਜਿੱਥੋਂ ਉਸ ਨੇ ਲਿਖ ਕੇ ਛਪਵਾਉਣ ਲਈ ਆਪਣਾ ਫਰਜ਼ੀ ਨਾਮ ਲੈਨਿਨ ਰੱਖ ਲਿਆ ਸੀ ਅਤੇ ਬਾਅਦ ਵਿੱਚ ਉਸਦਾ ਇਹ ਅਸਲੀ ਨਾਮ ਬਣ ਗਿਆ।
ਪ੍ਰਸ਼ਨ ਇਹ ਹੈ ਕਿ ਕੀ ਸੱਚਮੁੱਚ ਹੀ ਰੂਸ ਦੇ ਹਾਲਾਤ ਕਰਾਂਤੀ ਲਈ ਸਾਜ਼ਗਾਰ ਸਨ? ਇਹ ਤਾਂ ਕਾਰਲ ਮਾਰਕਸ ਦੇ ਉਪਰੋਕਤ ਪੱਤਰ ਤੋਂ ਵੀ ਸਪੱਸ਼ਟ ਹੈ ਪਰ ਉਹ ਕਿਹੜੇ ਠੋਸ ਕਾਰਨ ਸਨ ਜੋ ਕਰਾਂਤੀ ਲਈ ਢੁੱਕਵੇਂ ਸਮੇਂ ਦਾ ਯਕੀਨ ਦੁਆਉਂਦੇ ਸਨ ? ਉਸ ਸਮੇਂ ਮਜ਼ਦੂਰ ਕਿੰਨੇ ਕੁ ਜਾਗ੍ਰਿਤ ਹੋ ਚੁਕੇ ਹੋਣਗੇ ਇਸਦਾ ਅੰਦਾਜ਼ਾ 22 ਜਨਵਰੀ 1915 ਦੀ ਮਜ਼ਦੂਰ ਬਗਾਵਤ ਤੋਂ ਲੱਗਦਾ ਹੈ ਜਦੋਂ ਪੀਟਰੋਗ੍ਰਾਦ ਦੇ ਮਜ਼ਦੂਰਾਂ ਨੇ ਭਾਰੀ ਜਲੂਸ ਕੱਢਿਆ ਅਤੇ ਜ਼ਾਰ ਦੇ ਮਹੱਲ ਨੂੰ ਘੇਰ ਲਿਆ। ਮਹੱਲ ਨੂੰ ਮਜ਼ਦੂਰਾਂ ਦੇ ਕਬਜ਼ੇ ਤੋਂ ਬਚਾਉਣ ਲਈ ਹਥਿਆਰਬੰਦ ਦਸਤਿਆਂ ਨੇ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਇਹ ਦਿਨ ਰੂਸੀ ਇਤਿਹਾਸ ਦਾ ‘ਖੂਨੀ ਐਤਵਾਰ’ ਮੰਨਿਆ ਜਾਂਦਾ ਹੈ। ਉਸ ਸਮੇਂ ਲੈਨਿਨ ਜਨੇਵਾ ਵਿਚ ਸੀ ਜਿੱਥੋਂ ਉਹ ਝੱਟਪਟ ਰੂਸ ਵਿਚ ਦਾਖਲ ਹੋਇਆ। ਉਸ ਸਮੇਂ ਰੂਸ ਦੇ ਕਿਸਾਨ, ਮਜ਼ਦੂਰਾਂ ਦੀ ਪਿੱਠ ਤੇ ਨਹੀਂ ਸਨ ਅਤੇ ਨਾ ਹੀ ਮਜ਼ਦੂਰਾਂ ਨੇ ਉਨ੍ਹਾਂ ਦਾ ਸਮੱਰਥਨ ਲੈਣ ਦਾ ਯਤਨ ਹੀ ਕੀਤਾ ਸੀ। ਰੂਸ ਦੀ ਇਹ ਪਹਿਲੀ ਹਥਿਆਰਬੰਦ ਕਰਾਂਤੀ ਸੀ ਜੋ ਦੇਸ਼ ਦੇ ਬਾਕੀ ਹਿੱਸਿਆਂ ਵਿਚ ਵੀ ਫੈਲ ਗਈ ਸੀ ਪਰ ਜ਼ਾਰ ਦੇ ਹਥਿਆਰਬੰਦ ਦਸਤਿਆਂ ਵੱਲੋਂ ਜ਼ੁਲਮ ਰਾਹੀਂ ਦਬਾਅ ਦਿੱਤੀ ਗਈ ਸੀ । ਜਿਸ ਬਾਰੇ ਬਾਅਦ ਵਿਚ ਪਲੈਖਾਨੋਵ ਨੇ ਕਿਹਾ ਸੀ ਕਿ ਹਥਿਆਰ ਉਠਾਉਣਾ ਮਜ਼ਦੂਰਾਂ ਦੀ ਗਲਤੀ ਸੀ, ਪਰ ਲੈਨਿਨ ਦਾ ਮੱਤ ਸੀ ਕਿ ਮਜ਼ਦੂਰਾਂ ਦੀ ਇਸ ਅਸਫਲਤਾ ਦਾ ਮਹੱਤਵ ਸਫਲਤਾ ਨਾਲੋਂ ਘੱਟ ਨਹੀਂ ਹੈ । ਇੱਥੇ ਇਹ ਵੀ ਯਾਦ ਰੱਖਣ ਯੋਗ ਹੈ ਕਿ ਉਸ ਸਮੇਂ ਉਨ੍ਹਾਂ ਮਜ਼ਦੂਰਾਂ ਵਿਚ ਨਾ ਹੀ ਬਾਲਸ਼ਵਿਕਾਂ ਦੇ ਅਤੇ ਨਾ ਹੀ ਮੈਨਿਸ਼ਵਿਕਾਂ ਦੇ ਮਜ਼ਬੂਤ ਸੰਗਠਨ ਸਨ। ਫਿਰ ਵੀ ਸਰਕਾਰੀ ਦਮਨ ਦੀ ਇੰਤਹਾ ਨੇ ਅਤੇ ਹੜਤਾਲ ਦੇ ਪਿਸ ਜਾਣ ਕਾਰਨ ਦੋਹਾਂ ਪਾਰਟੀਆਂ ਦੇ ਕਈ ਵੱਡੇ ਆਗੂਆਂ ਦੀ ਹਿੰਮਤ ਤੋੜ ਦਿੱਤੀ ਸੀ । ਟਰਾਟਸਕੀ ਵੀ ਲੈਨਿਨ ਦਾ ਸਾਥ ਛੱਡ ਗਿਆ ਸੀ । ਪਰ ਖੂਨੀ ਐਤਵਾਰ ਅਕਤੂਬਰ ਕਰਾਂਤੀ ਦੀ ਚੰਗਿਆੜੀ ਤਾਂ ਮਘਾ ਹੀ ਚੁਕਾ ਸੀ। 1906 ਵਿਚ ਕਿਸਾਨਾਂ ਦੀਆਂ ਵੀ ਕਈ ਬਗਾਵਤਾਂ ਉੱਠੀਆਂ ਸਨ ਜੋ ਅਸਫਲ ਹੀ ਰਹੀਆਂ ਸਨ । ਪਰ ਮਜ਼ਦੂਰਾਂ ਤੇ ਕਿਸਾਨਾਂ ਅੰਦਰ ਕਰੋਧ ਵੱਧਦਾ ਗਿਆ ਅਤੇ ਤਰ੍ਹਾਂ-ਤਰ੍ਹਾਂ ਦੀਆਂ ਬਗਾਵਤਾਂ ਦੀ ਇਕ ਲੜੀ ਬਣ ਗਈ ਜਿਸ ਵਿਚ ਪੋਟਿਮਕਿਨ ਜੰਗੀ ਬੇੜੇ ਦੀ ਬਗਾਵਤ ਵੀ ਸ਼ਾਮਲ ਸੀ। ਮਜ਼ਦੂਰਾਂ ਨੇ ਆਪਣੀਆਂ ਸੋਵੀਅਤਾਂ (ਕੌਂਸਲਾਂ) ਗਠਤ ਕਰ ਲਈਆਂ। ਪੀਟਰਜ਼ਬਰਗ ਦੇ ਮਜ਼ਦੂਰਾਂ ਦੀ ਕੌਂਸਲ ਨੇ ਟਰਾਟਸਕੀ ਨੂੰ ਆਪਣਾ ਪ੍ਰਧਾਨ ਬਣਾ ਲਿਆ। ਇਸ ਨੇ ਜ਼ਾਰ ਦੀ ਤਾਨਾਸ਼ਾਹੀ ਨੂੰ ਪਾਰਲੀਮਾਨੀ ਰਾਹ ਵੱਲ ਜਾਣ ਲਈ ਮਜਬੂਰ ਕਰ ਦਿੱਤਾ, ਭਾਵੇਂ ਕਿ ਇਸ ਰਾਹ ਉੱਤੇ ਪੈਰ ਘੜੀਸ-ਘੜੀਸ ਕੇ ਵਧਿਆ ਗਿਆ ਸੀ ਅਤੇ 1912 ਤੱਕ ਕਈ ਉਤਰਾਅ-ਚੜ੍ਹਾਅ ਆਏ ਸਨ। ਇਸ ਸਮੇਂ ਰਾਜਨੀਤੀ ਦੇ ਖੇਤਰ ਵਿਚ ਕਈ ਧੜੇ ਸਰਗਰਮ ਸਨ।
ਦੂਜੇ ਪਾਸੇ, 1905 ਵਿਚ ਹੀ ਪੂਰਬੀ ਫਰੰਟ ਉੱਤੇ ਰੂਸ ਨੂੰ ਜਪਾਨ ਹੱਥੋਂ ਨਮੋਸ਼ੀ ਭਰੀ ਹਾਰ ਹੋ ਗਈ ਸੀ। ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਹੀ ਯੂਰੋਪ ਪਹਿਲੇ ਵਿਸ਼ਵ ਯੁੱਧ ਵੱਲ ਵਧਦਾ ਦਿਖਾਈ ਦੇਣ ਲਗ ਪਿਆ ਸੀ ਤੇ ਅੰਤ ਵਿਚ ਪਹਿਲਾ ਵਿਸ਼ਵ ਯੁੱਧ ਛਿੜ ਹੀ ਗਿਆ। ਉਸ ਸਮੇਂ ਰੂਸ ਨੇ ਜਰਮਨੀ, ਆਸਟਰੀਆ ਅਤੇ ਹੰਗਰੀ ਦੇ ਖਿਲਾਫ ਫਰਾਂਸ ਅਤੇ ਇੰਗਲੈਂਡ ਦਾ ਸਾਥ ਦਿੱਤਾ ਸੀ । ਪਰ ਲੈਨਿਨ ਨੇ ਇਸ ਯੁੱਧ ਦੀ ਸਖਤ ਨਿੰਦਾ ਕੀਤੀ ਅਤੇ ਇਸ ਦੇ ਵਿਰੋਧ ਵਿਚ ਸਟੈਂਡ ਲਿਆ। ਬਾਲਿਸ਼ਵਿਕ ਪਾਰਟੀ ਵਲੋਂ ਯੁੱਧ ਦੇ ਖਿਲਾਫ ਪ੍ਰਚਾਰ ਕਰਨ ਕਾਰਨ ਉਸ ਦੇ ਨੇਤਾਵਾਂ ਅਤੇ ਬਹੁਤ ਸਾਰੇ ਕਾਕੁੰਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ ਸੀ । ਪਰ ਕਾਮਰੇਡ ਲੈਨਿਨ ਭੂਮੀਗਤ ਹੋ ਕੇ ਆਸਟਰੀਆ ਜਾਣ ਵਿਚ ਸਫਲ ਹੋ ਗਿਆ ਸੀ । ਇਸਦੇ ਉਲਟ, ਦੂਜੇ ਦੇਸ਼ਾਂ ਦੀਆਂ ਮਜ਼ਦੂਰ ਪਾਰਟੀਆਂ ਰਾਸ਼ਟਰਵਾਦ ਦਾ ਸ਼ਿਕਾਰ ਹੋ ਗਈਆਂ ਅਤੇ ਆਪਣੀ-ਆਪਣੀ ਸਰਕਾਰ ਦੀ ਪਿੱਠ ਤੇ ਖੜੋ ਗਈਆਂ। ਢਾਈ ਸਾਲ ਚੱਲੇ ਯੁੱਧ ਨੇ ਜਿੱਥੇ ਬੇਅੰਤ ਸੈਨਿਕਾਂ ਨੂੰ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਉੱਥੇ ਦੇਸ਼ ਨੂੰ ਵਿਨਾਸ਼ ਦੇ ਕਿਨਾਰੇ ਪਹੁੰਚਾ ਦਿੱਤਾ। ਕੇਵਲ ਪੂੰਜੀਪਤੀ ਹੀ ਸਨ ਜਿਨ੍ਹਾਂ ਨੇ ਯੁੱਧ ਦੌਰਾਨ ਮੁਨਾਫਿਆਂ ਦੇ ਢੇਰ ਲਾ ਲਏ। ਜਿਸ ਕਾਰਨ ਲੋਕਾਂ ਅੰਦਰ ਪੂੰਜੀਪਤੀਆਂ ਅਤੇ ਜਗੀਦਾਰਾਂ ਵਿਰੁੱਧ ਗੁੱਸਾ ਹੋਰ ਵੀ ਪ੍ਰਚੰਡ ਹੋ ਗਿਆ ਸੀ। ਦੇਸ਼ ਦੇ ਲੋਕਾਂ ਨੇ ਸਾਮਰਾਜੀਆਂ ਦੇ ਮੁਨਾਫੇ ਦੀ ਇਸ ਖੇਡ ਨੂੰ ਸਮਝ ਲਿਆ ਸੀ । ਪਰ ਲੋਕਾਂ ਵਿਚ ਬਾਲਸ਼ਵਿਕਾਂ ਦਾ ਅਧਾਰ ਅਜੇ ਵੀ ਸੀਮਤ ਹੀ ਸੀ। ਉਂਝ ਬਾਲਸ਼ਵਿਕਾਂ ਉਪਰ ਹੁੰਦੇ ਸਰਕਾਰੀ ਅਤਿਆਚਾਰ ਨੇ ਲੋਕਾਂ ਅੰਦਰ ਉਨ੍ਹਾਂ ਦੀ ਸਾਖ ਬਣਾਉਣੀ ਸ਼ੁਰੂ ਕਰ ਦਿੱਤੀ ਸੀ । ਉਹ ਬਾਲਿਸ਼ਵਿਕਾਂ ਦੇ ਕਿਰਦਾਰ ਤੋਂ ਕੁਝ ਨਾ ਕੁਝ ਜਾਣੂੰ ਹੋਣਾ ਸ਼ੁਰੂ ਹੋ ਗਏ ਸਨ । ਜ਼ਾਰਸ਼ਾਹੀ ਖੇਰੂੰ-ਖੇਰੂੰ ਹੋ ਰਹੀ ਸੀ ਪਰ ਕਰਾਂਤੀ ਦੀ ਅਗਵਾਈ ਕਰਨ ਵਾਲਾ ਕੋਈ ਨਹੀਂ ਸੀ ।
ਜਰਮਨ ਫੌਜਾਂ ਤੇਜ਼ੀ ਨਾਲ ਰੂਸ ਅੰਦਰ ਘੁਸਦੀਆਂ ਜਾ ਰਹੀਆਂ ਸਨ ਅਤੇ ਜ਼ਾਰ ਨੇ ਬਰਤਾਨੀਆਂ ਅਤੇ ਫਰਾਂਸ ਦਾ ਸਾਥ ਛੱਡ ਕੇ ਜਰਮਨੀ ਨਾਲ ਸਮਝੌਤਾ ਕਰਨ ਦਾ ਫੈਸਲਾ ਕਰ ਲਿਆ ਸੀ । ਨਿਰਸੰਦੇਹ, ਇਹ ਸਮਝੌਤਾ ਬਰਤਾਨੀਆਂ ਅਤੇ ਫਰਾਂਸ ਲਈ ਖਤਰੇ ਦੀ ਘੰਟੀ ਸੀ ਜਿਸ ਕਰਕੇ ਉਹ ਚੁੱਪ ਬੈਠਣ ਵਾਲੇ ਨਹੀਂ ਸਨ । ਫਰਵਰੀ ਦਾ ਮਹੀਨਾ ਸੀ, ਜਦੋਂ ਜ਼ਾਰ ਜਰਮਨੀ ਨਾਲ ਸਮਝੌਤਾ ਕਰਨ ਲਈ ਰੇਲ ਗੱਡੀ ਰਾਹੀਂ ਜਾ ਰਿਹਾ ਸੀ ਤਾਂ ਕਰਿੰਸਕੀ ਨੇ ਬਰਤਾਨੀਆਂ ਦੇ ਥਾਪੜੇ ਨਾਲ ਗੱਡੀ ਘੇਰ ਕੇ ਜ਼ਾਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਿਲੀਕੋਫ ਦੀ ਪ੍ਰਧਾਨਗੀ ਹੇਠ ਨਵੀਂ ਸਰਕਾਰ ਦਾ ਐਲਾਨ ਕਰ ਦਿੱਤਾ । ਦੂਜੇ ਪਾਸੇ ਪੀਟਰੋਗ੍ਰਾਡ ਵਿਚ ਫਿਰ ਵਿਦਰੋਹ ਉੱਠਿਆ । ਮਜ਼ਦੂਰਾਂ ਅਤੇ ਸੈਨਿਕਾਂ ਦੇ ਪ੍ਰਤੀਨਿਧਾ ਨੇ 27 ਫਰਬਰੀ 1917 ਨੂੰ ਆਪਣੀ ਸੋਵੀਅਤ ਬਣਾ ਲਈ । ਨਤੀਜੇ ਵਜੋਂ ਪਹਿਲੀ ਮਾਰਚ 1917 ਨੂੰ ਅੰਤਰਮ ਸਰਕਾਰ ਹੋਂਦ ਵਿਚ ਆਈ ਪਰ ਜਲਦੀ ਹੀ ਅਸਤੀਫਾ ਦੇ ਦਿੱਤੇ ਜਾਣ ਕਾਰਨ ਜਮਹੂਰੀ ਸਰਕਾਰ ਗਠਤ ਕਰਨੀ ਪਈ ਜਿਸਨੇ ਰਾਜਨੀਤਕ ਕੈਦੀ ਰਿਹਾਅ ਕਰ ਦਿੱਤੇ । ਇਸ ਉਪਰੰਤ ਥਾਂ-ਥਾਂ ਮਜ਼ਦੂਰਾਂ ਅਤੇ ਸੈਨਿਕਾਂ ਦੀਆਂ ਸੋਵੀਅਤਾਂ ਹੋਂਦ ਵਿਚ ਆਉਣੀਆਂ ਸ਼ੁਰੂ ਹੋ ਗਈਆਂ। ਇਸ ਤਰ੍ਹਾਂ ਦੇਸ਼ ਵਿਚ ਦੁਹਰੀ ਸੱਤਾ ਸਥਾਪਤ ਹੋ ਗਈ । ਉਸ ਸਮੇਂ ਵੀ ਲੈਨਿਨ ਵਿਦੇਸ਼ ਵਿਚ ਸੀ । ਇਸ ਨਾਜ਼ੁਕ ਸਮੇਂ ਤੇ ਸਵਿਟਜ਼ਲੈਂਡ ਦੇ ਇਕ ਉੱਘੇ ਨੇਤਾ ਕਾਰਲ ਮੂਰ ਦੀ ਭੂਮਿਕਾ ਕਾਰਨ ਜਰਮਨ ਜਰਨੈਲ ਲੂਡਨ ਡੋਰਫ ਦੀ ਸਹਾਇਤਾ ਨਾਲ ਕਾਮਰੇਡ ਲੈਨਿਨ, ਦੂਜੇ ਬਾਲਸ਼ਵਿਕ ਸਾਥੀਆਂ ਨਾਲ ਰੂਸ ਵਿਚ ਪ੍ਰਵੇਸ਼ ਕਰ ਗਿਆ। ਲੂਡਨ ਡੋਰਫ ਨੇ ਇਹ ਕੰਮ ਰੂਸ ਨੂੰ ਬਰਤਾਨੀਆ ਅਤੇ ਫਰਾਂਸ ਤੋਂ ਦੂਰ ਰੱਖਣ ਦੀ ਉਮੀਦ ਨਾਲ ਕੀਤਾ ਸੀ, ਕਿਉਕਿ ਉਸਨੂੰ ਉਮੀਦ ਸੀ ਕਿ ਲੈਨਿਨ ਰਾਜ ਹਥਿਆਉਣ ਵਿਚ ਸਫਲ ਹੋ ਜਾਏਗਾ । ਪਰ ਬਾਲਸ਼ਵਿਕਾਂ ਦਾ ਪ੍ਰਭਾਵ ਅਜੇ ਵੀ ਨਾਮਾਤਰ ਹੀ ਸੀ ਅਤੇ ਓਦੋਂ ਤੱਕ ਉਹ ਅੰਤਰਮ ਸਰਕਾਰ ਦੇ ਸਮੱਰਥਨ ਵਿਚ, ਰੱਖਿਆਤਮਕ ਜੰਗ ਦਾ ਸਮੱਰਥਨ ਕਰਨ ਬਾਰੇ ਸੋਚਣ ਲੱਗ ਪਏ ਸਨ । ਲੈਨਿਨ ਨੇ ਜਲਾਵਤਨੀ ਤੋਂ ਪਰਤਦਿਆਂ ਹੀ ਬਾਲਿਸ਼ਵਿਕਾਂ ਦੇ ਇਸ ਵਿਚਾਰ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ। ਇਸ ਨਾਜ਼ੁਕ ਸਮੇਂ ਟਰਾਟਸਕੀ ਨੇ ਲੈਨਿਨ ਦਾ ਸਾਥ ਦਿੱਤਾ। ਬਾਅਦ ਵਿਚ ਅਕਤੂਬਰ ਕਰਾਂਤੀ ਦੀ ਜੰਗ ਸਮੇਂ ਟਰਾਟਸਕੀ ਦੀ ਭੂਮਿਕਾ ਆਗੂ ਵਾਲੀ ਬਣ ਗਈ ਸੀ ਜਿਸ ਵਿਚ ਮਜ਼ਦੂਰਾਂ ਅਤੇ ਲਾਲ ਗਾਰਡਾਂ ਨੇ ਸਰਕਾਰ ਦਾ ਤਖਤਾ ਪਲਟ ਦਿੱਤਾ । ਇੱਥੇ ਧਿਆਨ ਦੇਣ ਵਾਲੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਪਰੈਲ 1917 ਤੱਕ ਬਾਲਸ਼ਵਿਕਾਂ ਦੀ ਮੈਂਬਰਸ਼ਿਪ ਕੇਵਲ 80 ਹਜ਼ਾਰ ਹੀ ਸੀ ਜੋ ਅਗੱਸਤ ਵਿਚ ਵਧਕੇ ਢਾਈ ਲੱਖ ਅਤੇ ਅਕਤੂਬਰ ਤੱਕ ਵਧਕੇ ਪੰਜ ਲੱਖ ਹੋ ਗਈ ਸੀ ।
ਰਾਜ ਤੇ ਕਬਜ਼ਾ ਕਰਨ ਉਪਰੰਤ ਬਾਲਸ਼ਵਿਕਾਂ ਦੀ ਸਰਕਾਰ ਨੇ ਅਗਲੇ ਹੀ ਦਿਨ ਤੁਫਾਨੀ ਰਫਤਾਰ ਨਾਲ ਕਦਮ ਉਠਾਏ ਅਤੇ ਕਨੂੰਨ ਪਾਸ ਕੀਤੇ, ਜਿਵੇਂ ਕਿ ਬੇਜ਼ਮੀਨਿਆਂ ਲਈ ਜ਼ਮੀਨਾਂ, ਅੱਠ ਘੰਟੇ ਦੀ ਦਿਹਾੜੀ, ਰੂਸੀ ਬਸਤੀਵਾਦ ਦਾ ਖਾਤਮਾਂ ਅਤੇ ਬੈਂਕਾਂ ਦਾ ਸਰਕਾਰੀ ਕਰਨ ਆਦਿ । ਨਾਲ ਦੀ ਨਾਲ ਅਮਨ ਦੀ ਬਹਾਲੀ ਲਈ ਜਰਮਨ ਨਾਲ ਸੰਧੀ ਕਰ ਲਈ, ਭਾਵੇਂ ਕਿ ਸੰਧੀ ਦੀਆਂ ਸ਼ਰਤਾਂ ਰੂਸ ਦੇ ਹਿਤਾਂ ਦੇ ਪੂਰੀ ਤਰ੍ਹਾਂ ਅਨੁਕੂਲ ਨਹੀ ਸਨ । ਪਰ ਅਮਨ, ਲੋਕਾਂ ਅਤੇ ਸੈਨਿਕਾਂ ਦੀ ਪ੍ਰਬਲ ਇੱਛਾ ਸੀ, ਕਿਉਂਕਿ ਜੰਗ ਨੇ ਉਨ੍ਹਾਂ ਨੂੰ ਮੌਤਾਂ ਤੇ ਬਰਬਾਦੀ ਤੋਂ ਸਿਵਾ ਕੁਝ ਨਹੀਂ ਦਿੱਤਾ ਸੀ ।
ਸੱਤਾ ਤੇ ਕਬਜ਼ੇ ਦੀ ਲੜਾਈ ਦੌਰਾਨ ਹੀ ਬਾਲਸ਼ਵਿਕਾਂ ਨੇ ਪਾਰਟੀ ਦਾ ਨਾਮ ਬਦਲਕੇ ਕਮਿਊਨਿਸਟ ਪਾਰਟੀ ਰੱਖ ਲਿਆ ਸੀ । ਇਸ ਨਾਲ ਕਰਾਂਤੀ ਦਾ ਇਕ ਪੜਾਅ ਸਫਲਤਾ ਨਾਲ ਪੂਰਾ ਹੋ ਗਿਆ ਸੀ ਜਿਸ ਨੂੰ ਹੁਣ ਨਾ ਹੀ ਇਤਿਹਾਸ ਦੇ ਸਫਿਆਂ ਤੋਂ ਹਟਾਇਆ ਜਾ ਸਕਦਾ ਸੀ ਅਤੇ ਨਾ ਹੀ ਇਸ ਵੱਲੋਂ ਵਿਸ਼ਵ ਕਰਾਂਤੀ ਦੀ ਲਹਿਰ ਨੂੰ ਦਿੱਤਾ ਹੁਲਾਰਾ ਹੀ ਵਾਪਿਸ ਲਿਆ ਜਾ ਸਕਦਾ ਸੀ ।
(ਅ)
ਸਮਾਜਵਾਦੀ ਸੱਤਾ ਦੀ ਸਥਾਪਨਾ ਅਤੇ ਕਿਸੇ ਵਿਦੇਸ਼ੀ ਸਰਕਾਰ ਵੱਲੋਂ ਉਸਨੂੰ ਤੁਰੰਤ ਮਾਨਤਾ ਦਿੱਤੇ ਜਾਣਾ ਪੈਰਿਸ ਕਮਿਊਨ ਤੋਂ ਬਾਅਦ ਇਕ ਲੰਬੀ ਛਲਾਂਗ ਸੀ, ਜਿਸ ਦੀ ਧਮਕ ਨੇ ਪੂਰੇ ਸਾਮਰਾਜੀ ਸੰਸਾਰ ਦੀ ਨੀਂਦ ਹਰਾਮ ਕਰ ਦਿੱਤੀ ਸੀ। ਪਰ ਇਸਦਾ ਟਿਕੇ ਰਹਿਣਾ ਨਿਰੰਤਰ ਖਤਰੇ ਵਿਚ ਪਿਆ ਰਿਹਾ ਸੀ। ਇਸ ਪਿੱਛੇ ਅਨੇਕਾਂ ਕਾਰਨ ਕੰਮ ਕਰ ਰਹੇ ਸਨ। ਪੂੰਜੀਪਤੀਆਂ ਅਤੇ ਉਨ੍ਹਾਂ ਦੇ ਸਫੇਦ ਗਾਰਡਾਂ ਨੇ ਘਰੇਲੂ ਜੰਗ ਭੜਕਾ ਦਿੱਤੀ ਸੀ । ਭੰਨ-ਤੋੜ ਦੇ ਨਾਲ-ਨਾਲ ਹਥਿਆਰਾਂ, ਅਖ਼ਬਾਰਾਂ ਅਤੇ ਸ਼ਰਾਬ ਦਾ ਸੰਯੁਕਤ ਹਮਲਾ ਬੋਲਿਆ ਗਿਆ ਸੀ । ਪੂੰਜੀਪਤੀਆਂ, ਜਗੀਰਦਾਰਾਂ ਅਤੇ ਉਨ੍ਹਾਂ ਦੀ ਹਮਾਇਤੀ ਅਫ਼ਸਰਸ਼ਾਹੀ ਨੇ ਸਰਕਾਰੀ ਦਫਤਰਾਂ ਵਿਚ ਹੜਤਾਲ ਕਰਾ ਦਿੱਤੀ ਸੀ । ਉਦਯੋਗਾਂ ਦੇ ਮੈਨੇਜਰਾਂ ਨੇ ਮਸ਼ੀਨਾਂ ‘ਚ ਵਿਗਾੜ ਪਾ ਕੇ ਸਾਬੋਤਾਜ ਕੀਤਾ । ਅਮਰੀਕਾ ਦਾ ਇਕ ਪ੍ਰਸਿੱਧ ਪੱਤਰਕਾਰ ਐਲਬਰਟ ਰਾਈਸ ਵਿਲੀਅਮਜ਼, ਜਿਹੜਾ ਕਰਾਂਤੀ ਦੇ ਫੁੱਟਣ ਸਮੇਂ ਰੂਸ ਵਿਚ ਸੀ ਅਤੇ ਲੈਨਿਨ ਨੂੰ ਕਈ ਵਾਰ ਮਿਲਿਆ ਸੀ ਤੇ ਜਿਸਨੇ ਕਰਾਂਤੀ ਦੀ ਰਾਖੀ ਲਈ ਥੋੜ੍ਹੀ ਦੇਰ ਬੰਦੂਕ ਵੀ ਚੁੱਕੀ ਸੀ, ਲਿਖਦਾ ਹੈ ਕਿ ਬਹੁਤ ਸਾਰੇ ਲੋਕ ਕਰਾਂਤੀ ਕਾਰਨ ਮਿਲੀ ‘ਕੰਮ ਦੀ ਆਜ਼ਾਦੀ ਨੂੰ ਕੰਮ ਤੋਂ ਆਜ਼ਾਦੀ’ ਸਮਝਣ ਲੱਗ ਪਏ ਸਨ । ਉਨ੍ਹਾਂ ਲਈ ਕਰਾਂਤੀ ਦਾ ਅਰਥ ਮੌਜ-ਮਸਤੀ ਬਣ ਗਿਆ ਸੀ । ਇਸ ਦਾ ਅਸਰ ਸੈਨਿਕਾਂ ਉੱਪਰ ਵੀ ਦੇਖਿਆ ਗਿਆ । ਆਮ ਕਰਕੇ ਸੈਨਿਕ, ਮਸ਼ਕਾਂ ਕਰਨ ਦੀ ਥਾਂ ਤਾਸ਼ ਖੇਡਕੇ ਸਮਾਂ ਗੁਜ਼ਾਰਦੇ ਦੇਖੇ ਗਏ । ਬਹੁਤ ਸਾਰੇ ਲੋਕਾਂ ਨੂੰ ਸ਼ਰਾਬ ‘ਚ ਧੁੱਤ ਹੋ ਕੇ ਬਰਫ ਤੇ ਡਿੱਗੇ ਪਏ ਦੇਖਿਆ ਜਾ ਸਕਦਾ ਸੀ ਕਿਓਂਕਿ ਮਹਿੰਗੀ ਤੋਂ ਮਹਿੰਗੀ ਸ਼ਰਾਬ ਦੇ ਤਹਿਖਾਨੇ ਖੁੱਲ੍ਹੇ ਛੱਡ ਦਿੱਤੇ ਗਏ ਸਨ । ਕਈਆਂ ਨੂੰ ਕੌਮੀਸਾਰ ਬਣਕੇ ਫੋਕੀ ਟੌਹਰ ਬਣਾਉਣ ਦਾ ਮੌਕਾ ਮਿਲ ਗਿਆ ਸੀ । ਕਰਾਂਤੀ ਨਾਲ ਮੁਹੱਬਤ ਦਾ ਦਿਖਾਵਾ ਕਰਨ ਵਾਲੇ ਰਿਸ਼ਵਤਾਂ ਲੈਣ ਵਿਚ ਰੁੱਝ ਗਏ ਸਨ, ਆਦਿ । ਉਸ ਬੇਯਕੀਨੀ ਦੇ ਸਮੇਂ, ਹੜਤਾਲ ਤੇ ਗਏ ਮੁਲਾਜ਼ਮਾਂ ਦੀਆਂ ਜ਼ਿਮੇਵਾਰੀਆਂ ਪਾਰਟੀ ਕਾਡਰ ਨੇ ਸੰਭਾਲੀਆਂ, ਜਿਨ੍ਹਾਂ ਨੂੰ ਉਨ੍ਹਾਂ ਕੰਮਾਂ ਦਾ ਤਜਰਬਾ ਵੀ ਨਹੀ ਸੀ । ਬਹੁਤ ਸਾਰੇ ਪਾਰਟੀ ਕਾਰਕੁੰਨ ਲਾਲ ਫੌਜ ਵਿਚ ਵੀ ਭਰਤੀ ਹੋ ਕੇ ਕਰਾਂਤੀ ਦੀ ਰਾਖੀ ਕਰਨ ਲੱਗ ਪਏ ਸਨ । ਉਨ੍ਹਾਂ ਵਿਚ ਕੁਝ ਵਿਦੇਸ਼ੀ ਕਾਮਰੇਡ ਵੀ ਸਨ, ਜਿਵੇਂ ਕਿ ਪੱਤਰਕਾਰ ਐਲਬਰਟ, ਜਿਨ੍ਹਾਂ ਦਾ ਵੱਖਰਾ ਸੈਨਿਕ ਯੂਨਿਟ ਵੀ ਬਣਾ ਦਿੱਤਾ ਗਿਆ ਸੀ, ਅਦਿ ।
ਦੂਜੇ ਪਾਸੇ ਵਿਦੇਸ਼ੀ ਤਾਕਤਾਂ ਨੇ ਸਫੇਦ ਗਾਰਡਾਂ ਦੀ ਸਹਾਇਤਾ ਲਈ, ਸਾਂਝੀ ਰਣਨੀਤੀ ਅਧੀਨ ਰੂਸ ਉੱਪਰ ਧਾਵੇ ਬੋਲੇ । ਨਤੀਜੇ ਵਜੋਂ ਸਫੇਦ ਗਾਰਡਾਂ ਦੀ ਇਕ ਟੁਕੜੀ ਤਾਂ ਮਾਸਕੋ ਤੋਂ ਸੌ ਕੁ ਕਿਲੋਮੀਟਰ ਹੀ ਦੂਰ ਰਹਿ ਗਈ ਸੀ ਅਤੇ ਦੂਜੀ ਸਾਇਬੇਰੀਆ ਵੱਲੋਂ ਮਾਰੋਮਾਰ ਕਰਦੀ ਹੋਈ ਅੱਗੇ ਵੱਧ ਰਹੀ ਸੀ । ਪਰ ਸਮਾਜਵਾਦੀ ਸਰਕਾਰ ਨੇ ਹਰ ਪ੍ਰਕਾਰ ਦੇ ਹਮਲੇ ਦਾ ਜਵਾਬ ਫੌਲਾਦੀ ਜਿਗਰੇ ਨਾਲ, ਤਾਕਤ ਨਾਲ, ਰਾਜਸੀ ਰਣਨੀਤੀ ਅਤੇ ਮਿਸਾਲੀ ਡਿਪਲੋਮੇਸੀ ਨਾਲ ਦਿੱਤਾ। ਜਿਸ ਦਾ ਅੰਤਮ ਸਿੱਟਾ ਇਹ ਨਿਕਲਿਆ ਕਿ ਲਾਲ ਸੈਨਿਕਾਂ ਨੇ 25 ਅਕਤੂਬਰ 1922 ਤੱਕ ਘਰੇਲੂ ਜੰਗ ਉੱਪਰ ਮੁਕੰਮਲ ਫਤਹਿ ਪਾ ਲਈ।
ਸੱਤਾ ਉੱਪਰ ਕਬਜ਼ੇ ਤੋਂ ਬਾਅਦ, ਪੰਜ ਸਾਲ ਦੀ ਰਾਖੀ ਦਾ ਇਹ ਸਮਾਂ ਏਨਾ ਭਿਆਨਕ ਅਤੇ ਅਸਥਿਰਤਾ ਵਾਲਾ ਸੀ ਕਿ ਪੂੰਜੀਪਤੀਆਂ ਦੇ ਇਸ ਦਾਅਵੇ ਵਿਚ ਜਾਨ ਦਿਖਾਈ ਦੇਣ ਲੱਗ ਪੈਂਦੀ ਸੀ ਕਿ ‘ਲਾਲ ਸਰਕਾਰ’ ਕੁਝ ਦਿਨਾਂ ਦੀ ਹੀ ਪ੍ਰਾਹੁਣੀ ਹੈ। ਕਈ ਵੱਡੇ ਬਾਲਿਸ਼ਵਿਕ ਨੇਤਾ ਵੀ ਥਿੜਕ ਗਏ ਸਨ । ਐਲਬਰਟ ਦਾ ਮੰਨਣਾ ਹੈ ਕਿ ਇਹ ਭੈਅ ਲੈਨਿਨ ਦੇ ਮਨ ਵਿਚ ਵੀ ਦੇਖਿਆ ਗਿਆ ਸੀ। ਕਰਾਂਤੀ ਦੀਆਂ ਡਾਵਾਂਡੋਲ ਪ੍ਰਸਥਿਤੀਆਂ ਨੇ ਬਹੁਤ ਸਾਰੇ ਧੜੱਲੇਦਾਰ ਤੇ ਪ੍ਰਸਿੱਧ ਨੇਤਾਵਾਂ ਨੂੰ ਵੀ ਡਾਵਾਂਡੋਲ ਕਰ ਦਿੱਤਾ ਸੀ । ਤਿੰਨ ਕੌਮੀਸਾਰ ਅਸਤੀਫੇ ਦੇ ਕੇ ਪਰ੍ਹਾਂ ਹੋ ਗਏ ਅਤੇ ਪੰਜ ਬਾਲਿਸ਼ਵਿਕ ਨੇਤਾਵਾਂ ਨੇ ਆਪਣੇ ਅਸਤੀਫੇ ਕੇਂਦਰੀ ਕਮੇਟੀ ਨੂੰ ਸੌਂਪ ਦਿੱਤੇ ਸਨ। ਲੂਨਾਚਾਰਸਕੀ ਦਾ ਬਿਆਨ ਵੀ ਦਰਜ ਕੀਤਾ ਹੋਇਆ ਹੈ, ਜਿਸਨੇ ਆਪਣੇ ਅਸਤੀਫੇ ਵਿਚ ਲਿਖਿਆ ਸੀ ਕਿ “ਮੇਰਾ ਸਬਰ ਦਾ ਪਿਆਲਾ ਭਰ ਗਿਆ ਹੈ , ਮੈਂ ਇਸ ਦਹਿਸ਼ਤ ਨੂੰ ਸਹਿਣ ਨਹੀ ਕਰ ਸਕਦਾ, ਮੈਂ ਅਜਿਹੇ ਵਿਚਾਰਾਂ ਦੇ ਦਬਾਅ ਹੇਠ ਕੰਮ ਨਹੀਂ ਕਰ ਸਕਦਾ ਜੋ ਮੈਨੂੰ ਪਾਗਲ ਕਰ ਦੇਣ, ਮੈਂ ਹੋਰ ਸਹਿਣ ਨਹੀਂ ਕਰ ਸਕਦਾ, ਮੈਂ ਅਸਤੀਫਾ ਦਿੰਦਾ ਹਾਂ”। ਉਸਦੇ ਇਹ ਲਫਜ਼ ਉਸ ਸਮੇਂ ਦੀਆਂ ਪ੍ਰਸਥਿਤੀਆਂ ਅਤੇ ਨੇਤਾਵਾਂ ‘ਤੇ ਬਣੇ ਮਾਨਸਿਕ ਦਬਾਅ ਦੀ ਤਸਵੀਰ ਪੇਸ਼ ਕਰਦੇ ਹਨ। ਪਰ ਪਾਰਟੀ ਦਾ ਆਮ ਕਾਰਕੁੰਨ ਅਤੇ ਕਰਾਂਤੀ ਦਾ ਹਮਾਇਤੀ ਜੰਮਕੇ ਲੜਿਆ ਅਤੇ ਬਿਲਕੁਲ ਵੀ ਨਾ ਡੋਲਿਆ, ਜਿਸ ਦਾ ਜ਼ਿਕਰ ਕਰਦਿਆ ਲੈਨਿਨ ਨੇ ਕਿਹਾ ਸੀ, “ਲਾਹਨਤ ਹੈ ਐਸੇ ਬੇਵਸਾਹੇ ਲੋਕਾਂ ਤੇ ਜਿਹੜੇ ਹਿਚਕਚਾਉਂਦੇ ਅਤੇ ਵਹਿਮੀ ਹੋ ਗਏ ਹਨ, ਪੂੰਜੀਪਤੀਆਂ ਦੀਆਂ ਲੇਰਾਂ ਸੁਣਕੇ, ਉਨ੍ਹਾਂ ਨੇ ਸਾਹ ਸਤ ਛੱਡ ਦਿੱਤੇ ਹਨ, ਆਮ ਲੋਕਾਂ ਵਲ ਦੇਖੋ ਜਿਨ੍ਹਾਂ ਵਿਚ ਜ਼ਰਾ ਜਿੰਨੀ ਵੀ ਥਿੜਕਣ ਨਹੀਂ ਆਈ।” ਪਰ ਇਸ ਦਾ ਅਰਥ ਇਹ ਵੀ ਨਹੀਂ ਕਿ ਲੈਨਿਨ ਦੇ ਆਪਣੇ ਮਨ ਵਿਚ ਹਾਰ ਜਾਣ ਦਾ ਸ਼ੰਕਾ ਉੱਕਾ ਹੀ ਨਹੀ ਸੀ। ਐਲਬਰਟ ਦੱਸਦਾ ਹੈ ਕਿ ਇਕ ਵਾਰ ਤਾਂ ਲੈਨਿਨ ਨੇ ਵੀ ਕਹਿ ਦਿੱਤਾ ਸੀ, “ਬੱਸ ਦਸ ਦਿਨ ਹੋਰ ਜਾਂ ਸੱਤਰ ਦਿਨ – ਜਿਵੇਂ ਕਿ ਪੈਰਿਸ ਕਮਿਊਨ ਨਾਲ ਹੋਇਆ ਸੀ।” ਇਸੇ ਤਰ੍ਹਾਂ ਇਕ ਹੋਰ ਆਗੂ ਪੀਟਰਸ ਦਾ ਕਥਨ ਨੋਟ ਕੀਤਾ ਹੈ, “ਅਸੀਂ ਆਪਣੇ ਵੱਲੋਂ ਪੂਰੀ ਵਾਹ ਲਾ ਦਿੱਤੀ ਹੈ ਪਰ ਸਾਡੇ ਲਈ ਛੇਤੀ ਹੀ ਸਭ ਸਮਾਪਤ ਹੋ ਜਾਏਗਾ।” ਪੋਰਕੋਵਸਕੀ ਨੇ ਇਸ ਤੋਂ ਵੀ ਅੱਗੇ ਜਾਂਦਿਆਂ ਕਿਹਾ ਸੀ, “ਸ਼ਾਇਦ ਕੱਲ੍ਹ ਹੀ ਸਾਨੂੰ ਸੌਣ ਲਈ ਇਕ ਲੰਬੀ ਨੀਂਦ ਮਿਲ ਜਾਵੇ।” ਇਸੇ ਨੂੰ ਹੀ ਜਾਨ ਤਲੀ ਤੇ ਰੱਖ ਕੇ ਲੜਨਾ ਕਹਿੰਦੇ ਹਨ ਜਦੋਂ ਅੰਤ ਕੁਝ ਕਦਮਾਂ ਦੀ ਦੂਰੀ ਤੇ ਖੜੋਤਾ ਦਿਖਾਈ ਦੇ ਰਿਹਾ ਹੋਵੇ ਅਤੇ ਹੌਸਲੇ ਬੁਲੰਦ ਹੋਣ। ਨੇਤਾਵਾਂ ਅਤੇ ਪਾਰਟੀ ਮੈਬਰਾਂ ਦੀ, ਉਸ ਸਮੇਂ ਦੀ ਮਾਨਸਿਕਤਾ ਦੇ ਫਰਕ ਦਾ ਅੰਦਾਜ਼ਾ ਲਗਾਉਣ ਦੀ ਲੋੜ ਹੈ ਜਦੋਂ ਉਹ ਕਰਾਂਤੀ ਦੇ ਮੈਦਾਨ ਵਿਚ ਕੁੱਦੇ ਹੋਏ ਹੋਣ। ਸਾਫ ਹੈ ਕਿ ਪਾਰਟੀ ਕੇਡਰ ਦੀ ਨਿਡਰਤਾ ਨੇ ਵੱਡੇ ਨੇਤਾਵਾਂ ਅੰਦਰ ਲੜਦੇ ਜਾਣ ਦੀ ਜੋਤ ਜਗਾਈ ਰੱਖੀ ਸੀ ਜਿਨ੍ਹਾਂ ਵਿਚ ਲੈਨਿਨ ਖੁਦ ਵੀ ਸ਼ਾਮਲ ਸੀ ਜਿਸਦਾ ਲੈਨਿਨ ਨੇ ਹੀ ਜ਼ਿਕਰ ਕਰਦਿਆਂ ਡੋਲ ਜਾਣ ਵਾਲਿਆ ਨੂੰ ਲਾਹਣਤਾਂ ਪਾਈਆਂ ਸਨ । ਦੂਜੇ ਸ਼ਬਦਾਂ ਵਿਚ ਲੈਨਿਨ ਦੇ ਆਪਣੇ ਹੌਸਲੇ ਦੀ ਸ਼ਕਤੀ ਵੀ ਪਾਰਟੀ ਕੈਡਰ ਦੇ ਅਡੋਲ ਹੌਸਲੇ ਵਿਚ ਹੀ ਸੀ । ਸਪੱਸ਼ਟ ਹੈ ਕਿ ਨੇਤਾ ਦੀ ਯੋਗਤਾ ਵਿਚ ਆਮ ਮੈਂਬਰ ਦੀ ਭੂਮਿਕਾ ਵੀ ਹੁੰਦੀ ਹੈ। ਦੂਜੇ ਪਾਸੇ ਦੇਸ਼ ਦੇ ਆਮ ਲੋਕਾਂ ਦਾ ਹੁੰਗਾਰਾ ਅਜੇ ਵੀ ਉਤਸ਼ਾਹਜਨਕ ਨਹੀਂ ਸੀ। ਆਮ ਵਸੋਂ ਕਰਾਂਤੀ ਤੋਂ ਨਿਰਲੇਪ, ਆਮ ਵਾਂਗ ਹੀ ਆਪਣੇ ਕੰਮਾਂ ਕਾਰਾਂ ਵਿਚ ਰੁੱਝੀ ਹੋਈ ਸੀ, ਜਿਵੇਂਕਿ ਜਗੀਰੂ ਯੁੱਗ ਵਿਚ ਹੁੰਦਾ ਹੀ ਆਇਆ ਸੀ । ਕਰਾਂਤੀ ਦੇ ਮੁੱਢਲੇ ਸਾਲਾਂ ਵਿਚ ਲੋਕ ਦੇਸ਼ ਵਿਚ ਵਾਪਰ ਰਹੀਆਂ ਤੁਫਾਨੀ ਘਟਨਾਵਾਂ ਤੋਂ ਲਗਭਗ ਅਭਿੱਜ ਹੀ ਰਹੇ । ਕਰਾਂਤੀ ਉਨ੍ਹਾਂ ਲਈ ਦੇਰ ਨਾਲ ਦਿਲਚਸਪੀ ਦਾ ਕਾਰਨ ਬਣੀ ਸੀ । ਫਿਰ ਉਹ ਤੇਜ਼ੀ ਨਾਲ ਵਿਦਿਆ ਅਤੇ ਸਭਿਆਚਾਰ ਵੱਲ ਰੁਚਿਤ ਹੋ ਗਏ । ਉਹ ਸਰਕਾਰ ਦੀਆਂ ਯੋਜਨਾਵਾਂ ਨਾਲ ਵੀ ਜੁੜਨ ਲੱਗ ਪਏ ਸਨ ।
ਉਪਰੋਕਤ ਘਟਨਾਵਾਂ ਦੇ ਵੇਰਵੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ 1905 ਦੇ ਖੂਨੀ ਐਤਵਾਰ ਨੇ ਕਰਾਂਤੀ ਦਾ ਬੀਜ, ਬੀਜ ਦਿੱਤਾ ਸੀ ਜਦੋਂ ਮਜ਼ਦੂਰਾਂ ਨੇ ਪਹਿਲਾ ਹੱਲਾ ਪੀਟਰੋਗ੍ਰਾਡ ਤੇ ਕੀਤਾ ਸੀ ਤੇ ਮਾਸਕੋ ਸਮੇਤ ਕਈ ਸ਼ਹਿਰਾਂ ਵਿਚ ਫੈਲ ਗਿਆ ਸੀ । ਅਗਲੇ ਸਾਲ ਕਿਸਾਨੀ ਬਗਾਵਤਾਂ ਉੱਠ ਪਈਆਂ ਸਨ । ਓਦੋਂ ਮਜ਼ਦੂਰ ਅਤੇ ਕਿਸਾਨ ਇਕੱਲੇ ਇਕੱਲੇ ਲੜੇ ਸਨ । ਨਤੀਜੇ ਵਜੋਂ ਇਕੱਲੇ-ਇਕੱਲੇ ਕੁਚਲੇ ਗਏ ਸਨ । ਫਿਰ ਅਗਲੇ ਦਸ ਸਾਲਾਂ ਦੀਆਂ ਬੇਚੈਨ ਜਨਤਕ ਸਰਗਰਮੀਆਂ ਦੇ ਸਿੱਟੇ ਵਜੋਂ, 1915 ਵਿਚ ਤੁਫਾਨੀ ਦੌਰ ਸ਼ੁਰੂ ਹੋ ਗਿਆ ਜੋ ਫਰਬਰੀ 1917 ਵਿਚ, ਵਾ-ਵਰੋਲੇ ਵਾਂਗ ਕਰਾਂਤੀ ਨੂੰ ਉਠਾ ਕੇ ਸਿਖਰ ਤੇ ਲੈ ਚੜ੍ਹਿਆ । ਉਸ ਸਮੇਂ ਤੱਕ ਵੀ ਬਾਲਸ਼ਵਿਕਾਂ ਦੀ ਸ਼ਕਤੀ ਘਟਨਾਵਾਂ ਨੂੰ ਕੋਈ ਮੋੜ ਦੇ ਸਕਣ ਦੇ ਸਮੱਰਥ ਨਹੀਂ ਸੀ । ਦੂਜੀਆਂ ਖੱਬੀਆਂ ਧਿਰਾਂ ਨੂੰ, ਵਾਪਰਨ ਵਾਲੀ ਕਰਾਂਤੀ ਦਾ ਨਾ ਹੀ ਅੰਦਾਜ਼ਾ ਸੀ ਅਤੇ ਨਾ ਹੀ ਉਹ ਮਾਨਸਿਕ ਤੌਰ ਤੇ ਤਿਆਰ ਸਨ । ਇਨ੍ਹਾਂ ਖੱਬੀਆਂ ਧਿਰਾਂ ਵਿਚ ਮੈਨਿਸ਼ਵਿਕ ਅਤੇ ਉਸ ਸਮੇਂ ਦੀ ਸਭ ਤੋਂ ਵੱਧ ਚਰਚਤ ‘ਸੋਸ਼ਲ ਰੈਵੋਲੂਸ਼ਨਰੀ ਪਾਰਟੀ’ ਵੀ ਸੀ । ਜਦੋਂ ਕਿ ਸਮੇਂ ਦੀ ਸਭ ਤੋਂ ਪਹਿਲੀ ਲੋੜ ਇਹ ਸੀ ਕਿ ਪਹਿਲਾਂ ਤਾਂ ਖੱਬੀ ਸ਼ਕਤੀ ਦੇ ਨੇਤਾਵਾਂ ਦੀ ਮਾਨਸਿਕਤਾ ਵਿਚ ਕਰਾਂਤੀ ਆਵੇ । ਉਹ ਕਰਾਂਤੀ ਜਿਹੜੀ ਆਮ ਲੋਕਾਂ ਦੀ ਮਾਨਸਿਕਤਾ ਵਿਚ ਆ ਚੁਕੀ ਸੀ । ਪਰ ਕਥਿਤ ਕਰਾਂਤੀਕਾਰੀਆਂ ਦੀ ਮਾਨਸਿਕਤਾ ਲੋਕਾਂ ਦੀ ਮਾਨਸਿਕ ਸਥਿੱਤੀ ਤੋਂ ਕੋਹਾਂ ਪਛੜ ਗਈ ਸੀ । ਸਮੇਂ ਦੀ ਇਸ ਲੋੜ ਨੂੰ ਸਭ ਤੋਂ ਪਹਿਲਾਂ ਲੈਨਿਨ ਨੇ ਪਛਾਣਿਆ ਸੀ ਪਰ ਬਾਲਸ਼ਵਿਕਾਂ ਦੀ ਸ਼ਕਤੀ ਅਜੇ ਵੀ ਆਟੇ ਵਿਚ ਲੂਣ ਸਮਾਨ ਹੀ ਸੀ । ਰੂਸ ਵਰਗੇ ਵਿਸ਼ਾਲ ਦੇਸ਼ ਵਿਚ, ਬਾਲਸ਼ਵਿਕ ਪਾਰਟੀ ਤੋਂ ਬਣੀ ਕਮਿਊਨਿਸਟ ਪਾਰਟੀ ਦੇ ਮੈਂਬਰ, ਅਜੇ ਵੀ 80 ਹਜ਼ਾਰ ਨੂੰ ਹੀ ਪਹੁੰਚੇ ਸਨ। ਜਿਵੇਂ ਕਿ ਲੈਨਿਨ ਨੇ ਕਰਾਂਤੀ ਨੂੰ ਪਛਾਣ ਲਿਆ ਸੀ ਉਸੇ ਤਰ੍ਹਾਂ ਕਰਾਂਤੀ ਵਿਚ ਕੁੱਦੇ ਲੋਕਾਂ ਨੇ ਵੀ ਲੈਨਿਨ ਨੂੰ ਪਛਾਣ ਲਿਆ ਸੀ। ਅਗਲੇ ਛੇ ਮਹੀਨਿਆਂ ਵਿਚ ਹੀ ਪਾਰਟੀ ਦੀ ਮੈਂਬਰਸ਼ਿਪ ਛੇ ਗੁਣਾ (5 ਲੱਖ) ਹੋ ਗਈ ਸੀ । ਇਹ ਇਕ ਭਲੀਭਾਂਤ ਸਬਕ ਹੈ ਕਿ ਇਤਿਹਾਸ ਜਦੋਂ ਤੁਫਾਨੀ ਚਾਲ ਫੜ੍ਹਦਾ ਹੈ ਤਾਂ ਨੇਤਾਵਾਂ ਦੀ ਮਾਨਸਿਕਤਾ ਵਿਚ ਵੀ ਤੁਫਾਨੀ ਪਰਿਵਰਤਨ ਦੀ ਲੋੜ ਹੁੰਦੀ ਹੈ। ਕਰਾਂਤੀਆਂ ਦਾ ਕੁਚਲੇ ਜਾਣਾ ਅਟੱਲ ਹੁੰਦਾ ਹੈ ਜੇਕਰ ਪੱਕੇ ਹੋਏ ਹਾਲਾਤ ਨੂੰ ਬੋਦੀਓਂ ਫੜਨ ਵਾਲਾ ਕੋਈ ਨਾ ਹੋਵੇ । ਬਾਲਸ਼ਵਿਕਾਂ ਨੇ ਰਚੇ ਜਾ ਰਹੇ ਇਤਿਹਾਸ ਦੀ ਲੋੜ ਨੂੰ ਪੂਰਾ ਕੀਤਾ ਜਿਸ ਕਾਰਨ ਕਰਾਂਤੀ ਸੰਪੂਰਨ ਹੋ ਗਈ । ਇਸ ਨੂੰ ਅੰਦਰੂਨੀ ਅਤੇ ਬਾਹਰੀ ਹਮਲਿਆਂ ਤੋਂ ਬਚਾ ਵੀ ਲਿਆ ਗਿਆ । ਇੱਥੋਂ ਕਰਾਂਤੀ ਦਾ ਤੀਜਾ ਦੌਰ ਸ਼ੁਰੂ ਹੁੰਦਾ ਹੈ । ਕਰਾਂਤੀ ਨੇ ਅਥਿੱੜਕ ਸੰਘਰਸ਼ ਲੜਦਿਆਂ, ਉਪਰੋਥਲੀ ਦੋ ਜਿੱਤਾਂ ਦਰਜ਼ ਕਰ ਲਈਆਂ ਸਨ ਅਤੇ ਤੀਜੀ ਜੰਗ ਦੀ ਰਣਭੂਮੀ ਵਿਚ ਉੱਤਰ ਪਈ ਸੀ । ਇਹ ਸਮਾਜਵਾਦ ਦੀ ਰਚਨਾ ਦੇ ਰਣ ਦੀ ਲੜਾਈ ਸੀ ਜਿਸ ਵਿਚੋਂ ਲੈਨਿਨ ਗੈਰ ਹਾਜ਼ਰ ਸੀ ਅਤੇ ਕਰਾਂਤੀ ਚਿੱਤ ਹੋ ਗਈ ।
(ੲ)
ਉਪਰੋਕਤ ਵਿਚਾਰ ਚਰਚਾ ਵਿਚ ਅਕਤੂਬਰ ਕਰਾਂਤੀ ਨੂੰ ਰੂਸ ਦੀਆਂ ਹੱਦਾਂ ਵਿਚ ਰਹਿਕੇ ਵਿਚਾਰਿਆ ਗਿਆ ਹੈ ਜਦੋਂ ਕਿ ਇਹ ਪੂਰੇ ਵਿਸ਼ਵ ਵਿਚ ਉੱਠਿ ਕਰਾਂਤੀ ਦਾ ਇੱਕ ਹਿੱਸਾ ਸੀ । ਵਿਸ਼ਵ ਦੇ ਵਿਸ਼ਾਲ ਹਿੱਸਿਆਂ ਵਿਚ ਸਾਮਰਾਜ ਨੂੰ ਢਹਿ ਢੇਰੀ ਕਰਨ ਦੇ ਸੰਗਰਾਮ ਚੱਲ ਰਹੇ ਸਨ ਜਿਨ੍ਹਾਂ ਵਿਚ ਭਾਰਤ ਵੀ ਅਗਲੀ ਕਤਾਰ ਵਿਚ ਸੀ । ਇਸ ਦੀ ਚਰਚਾ ਵਿਚ ਜਾਣ ਤੋਂ ਪਹਿਲਾਂ ਗ਼ਦਰ ਪਾਰਟੀ ਦੇ ਬਾਨੀ ਤੇ ਪ੍ਰਧਾਨ ਰਹੇ ਬਾਬਾ ਸੋਹਣ ਸਿੰਘ ਭਕਨਾ ਦਾ ਕਥਨ ਦਰਜ਼ ਕਰ ਲਈਏ ਜੋ ਬਾਬਾ ਭਕਨਾ ਨੇ ਪ੍ਰੋ. ਮਾਲਵਿੰਦਰਜੀਤ ਸਿੰਘ ਵੜੈਚ ਨੂੰ ਇਕ ਸਵਾਲ ਦੇ ਜਵਾਬ ਵਿਚ ਲੈਨਿਨ ਦੀ ਜਿੱਤ ਦਾ ਜ਼ਿਕਰ ਕਰਦਿਆਂ ਉਚਾਰਿਆ ਸੀ। (ਲੇਖਕ ਵੱਲੋਂ ਪ੍ਰੋ. ਵੜੈਚ ਨਾਲ ਕੀਤੀ ਵੀਡੀਓ ਟਾਕ ਉਨ੍ਹਾਂ ਦੀ ਲਾਇਬਰੇਰੀ ਵਿਚ ਪਈ ਹੈ)। ਬਾਬਾ ਭਕਨਾ ਨੇ ਕਿਹਾ ਸੀ ਕਿ ਅਸੀਂ (ਬਾਲਸ਼ਵਿਕ ਤੇ ਗ਼ਦਰ ਪਾਰਟੀ) ਇਕੱਠਿਆਂ ਸੰਘਰਸ਼ ਸ਼ੁਰੂ ਕੀਤਾ ਸੀ। ਉਹ ਪਹਿਲਾਂ ਸਫ਼ਲ ਹੋ ਗਿਆ। ਜੇਕਰ ਪਹਿਲਾਂ ਅਸੀਂ ਸਫਲ ਹੋ ਜਾਂਦੇ ਤਾਂ ਵਿਸ਼ਵ ਦੇ ਕਰਾਂਤੀਕਾਰੀ ਸਾਡੇ ਤੋਂ ਸਿੱਖਣ ਦਾ ਯਤਨ ਕਰਦੇ ਹੁਣ ਲੈਨਿਨ ਅਤੇ ਰੂਸ ਦੇ ਇਨਕਲਾਬ ਤੋਂ ਸਿੱਖ ਰਹੇ ਹਨ। ਇਹ ਇਕ ਸਿੱਕੇਬੰਦ ਕਥਨ ਹੈ ਜਿਸਦਾ ਦਾਰਸ਼ਨਿਕ ਅਤੇ ਰਾਜਨੀਤਕ ਵਜ਼ਨ ਕਾਫੀ ਭਾਰਾ ਹੈ ।
ਵਿਸ਼ਵ ਭਰ ਵਿਚ ਉੱਠੀਆਂ ਅਜ਼ਾਦੀ ਦੀਆਂ ਲਹਿਰਾਂ ਦੇ ਆਗੂਆਂ ਲਈ ਅਕਤੂਬਰ ਇਨਕਲਾਬ, ਇਕ ਤਰ੍ਹਾਂ ਨਾਲ ਨਵਾਂ ਸੂਰਜ ਚੜ੍ਹਨ ਵਾਂਗ ਸੀ । ਰੂਸ ਲਈ ਉਨ੍ਹਾਂ ਅੰਦਰ ਮਿਕਨਾਤੀਸੀ ਖਿੱਚ ਪੈਦਾ ਹੋ ਗਈ ਸੀ । ਵਿਸ਼ਵ ਦੇ ਕੋਨੇ-ਕੋਨੇ ਵਿੱਚੋਂ ਬਹੁਤ ਸਾਰੇ ਆਜ਼ਾਦੀ ਸੰਗਰਾਮੀਏ ਕਾਮਰੇਡ ਲੈਨਿਨ ਨੂੰ ਮਿਲਣ ਲਈ ਪਹੁੰਚੇ ਜੋ ਆਪਣੇ ਆਪਣੇ ਦੇਸ਼ ਦੀ ਅਜ਼ਾਦੀ ਲਈ ਲੜ ਰਹੇ ਸਨ । ਉਨ੍ਹਾਂ ਵਿਚ ਬਹੁਤ ਸਾਰੇ ਕਮਿਊਨਿਸਟ ਵੀ ਨਹੀਂ ਸਨ । ਭਾਰਤੀ ਵੀ ਪਿੱਛੇ ਨਹੀਂ ਸਨ । ਉਹ ਸਾਰੇ ਕਰਾਂਤੀਕਾਰੀ ਅਤੇ ਅਜ਼ਾਦੀ ਸੰਗਰਾਮੀਏ ਰੂਸੀ ਕਰਾਂਤੀ ਦੀ ਪਿੱਠ ਤੇ ਸਨ ਅਤੇ ਰੂਸ ਤੋਂ ਹਮਾਇਤ ਵੀ ਚਾਹੁੰਦੇ ਸਨ। ਦੂਜੇ ਪਾਸੇ ਸਾਮਰਾਜੀ ਦੇਸ਼ਾਂ ਅੰਦਰ ਪਹਿਲਾਂ ਹੀ ਕਮਿਊਨਿਸਟ ਕਰਾਂਤੀਕਾਰੀ ਸਰਗਰਮ ਸਨ ਅਤੇ ਕਈਆਂ ਵਿਚ ਕਮਿਊਨਿਸਟ ਪਾਰਟੀਆਂ ਵੀ ਹੋਂਦ ਵਿਚ ਸਨ। ਲੈਨਿਨ ਨੇ ਮਜ਼ਦੂਰਾਂ ਦੀ ਕੌਮਾਂਤਰੀ ਇੱਕਮੁੱਠਤਾ ਵਾਸਤੇ 1919 ਵਿਚ ਇਕ ਹੋਰ ਉੱਦਮ ਕੀਤਾ। ਉਸ ਸਮੇਂ ਰੂਸੀ ਕਰਾਂਤੀ ਗੰਭੀਰ ਖਤਰਿਆਂ ਵਿੱਚੋਂ ਗੁਜ਼ਰ ਰਹੀ ਸੀ । ਉਨ੍ਹਾਂ ਨੇ ਤੀਜੀ ਕੌਮਾਂਤਰੀ (ਕਮਿਊਨਿਸਟ ਇਟਰਨੈਸ਼ਨਲ ਜਾਂ ਕਾਮਿਨਟਰਨ) ਦਾ ਗਠਨ ਕੀਤਾ। ਪਹਿਲੀ ਕਮਿਊਨਿਸਟ ਕੌਮਾਂਤਰੀ ਦਾ ਗਠਨ (1864) ਕਾਰਲ ਮਾਰਕਸ ਨੇ ਖੁਦ ਕੀਤਾ ਸੀ ਜੋ ਪੈਰਿਸ ਕਮਿਊਨ (1871) ਉਪਰੰਤ 1872 ਵਿਚ ਇਹ ਕਹਿਕੇ ਤੋੜ ਦਿੱਤੀ ਗਈ ਸੀ ਕਿ ਇਸਨੇ ਆਪਣਾ ਉਦੇਸ਼ ਪੂਰਾ ਕਰ ਦਿੱਤਾ ਹੈ, ਮਜ਼ਦੂਰ ਜਾਗ੍ਰਿਤ ਹੋ ਗਏ ਹਨ । ਫਿਰ ਵੀ, ਇਸ ਉਪਰੰਤ 1889 ਵਿਚ ਦੂਜੀ ਕੌਮਾਂਤਰੀ ਦੀ ਨੀਂਹ ਲੰਡਨ ਵਿਚ ਰੱਖੀ ਗਈ ਸੀ, ਜਿਸ ਦੀਆਂ ਮੈਂਬਰ ਪਾਰਟੀਆਂ 1914 ਦੇ ਵਿਸ਼ਵ ਯੁੱਧ ਸਮੇਂ ਆਪਣੇ-ਆਪਣੇ ਦੇਸ਼ ਦੀਆਂ ਪੂਜੀਪਤੀ ਸਰਕਾਰਾਂ ਨਾਲ ਜਾ ਰਲੀਆਂ ਸਨ ਤੇ ਜਿਸ ਦੇ ਨਤੀਜੇ ਵਜੋਂ ਕੌਮਾਂਤਰੀ ਦਾ 1915 ਵਿਚ ਆਪਣੇ ਆਪ ਹੀ ਭੋਗ ਪੈ ਗਿਆ ਸੀ। ਇਸ ਦਾ ਅਰਥ ਇਹ ਨਹੀ ਕਿ ਮਜ਼ਦੂਰ ਫਿਰ ਤੋਂ ਜਾਗ੍ਰਿਤੀ ਖੋਹ ਬੈਠੇ ਸਨ ਜਿਸ ਦੀ ਪਛਾਣ ਕਾਰਲ ਮਾਰਕਸ ਨੇ ਕੀਤੀ ਸੀ । ਜਦੋਂ 1919 ਵਿਚ ਤੀਜੀ ਕੌਮਾਂਤਰੀ ਦੀ ਨੀਂਹ ਰੱਖੀ ਗਈ ਸੀ ਤਾਂ ਓਦੋਂ ਤੱਕ ਵਿਸ਼ਵ ਦੇ ਮਜ਼ਦੂਰ, ਪੈਰਿਸ ਕਮਿਊਨ ਦੇ ਸਮੇਂ ਨਾਲੋਂ ਵੀ ਕਿਤੇ ਵਧੇਰੇ ਜਾਗ੍ਰਿਤ ਅਤੇ ਸੰਘਰਸ਼ਸ਼ੀਲ ਹੋ ਚੁਕੇ ਸਨ। ਫਿਰ ਇਹ ਕਦਮ ਕਿਉਂ ਉਠਾਇਆ ਗਿਆ? ਉਨ੍ਹਾਂ ਨੂੰ ਉਨ੍ਹਾਂ ਦੀਆਂ ਆਜ਼ਾਦ ਗਤੀਵਿਧੀਆਂ ਤੇ ਹੀ ਕਿਉਂ ਨਾ ਰਹਿਣ ਦਿੱਤਾ ਗਿਆ? ਇਹ ਸਵਾਲ ਕੋਈ ਵੀ ਪੁੱਛ ਸਕਦਾ ਹੈ।
ਤੀਜੀ ਕੌਮਾਂਤਰੀ ਵੱਖ-ਵੱਖ ਦੇਸ਼ਾਂ ਦੇ ਸੰਘਰਸ਼ਸ਼ੀਲ ਕਮਿਊਨਿਟਾਂ ਅਥਵਾ ਕਰਾਂਤੀਕਾਰੀਆਂ ਦੇ ਭਿੰਨ ਭਿੰਨ ਦ੍ਰਿਸ਼ਟੀਕੋਣਾਂ ਅਤੇ ਤਜਰਬਿਆਂ ਨੂੰ ਸਾਂਝਾ ਕਰਕੇ ਜੁੜਵਾਂ ਸੰਘਰਸ਼ ਕਰਨ ਦੀ ਜੁਗਤ ਪੈਦਾ ਕਰਨ ਦਾ ਵਸੀਲਾ ਕਰਨ ਦੇ ਉਦੇਸ਼ ਨਾਲ ਬਣਾਈ ਗਈ ਸੀ । ਜਿਸ ਕਰਕੇ ਲੈਨਿਨ ਨੇ ਇਸਨੂੰ ਕੌਮਾਂਤਰੀ ਮਜ਼ਦੂਰ ਲਹਿਰ ਦੇ ਵਾਜ਼ਿਬ ਕਰਾਂਤੀਕਾਰੀਆਂ ਦੇ ਸੰਘਰਸ਼ ਦਾ ਤਾਲਮੇਲ ਕੇਂਦਰ ਕਿਹਾ ਸੀ ਜਿਸ ਨੇ ਪਹਿਲੇ ਵਿਸ਼ਵ ਯੁੱਧ ਉਪਰੰਤ ਸਮਾਜਵਾਦੀ ਕਰਾਂਤੀ ਪ੍ਰਤੀ ਰੁਖ਼ ਤੈਅ ਕਰਨਾ ਸੀ । ਜਿਸਨੇ ਪੂੰਜੀਵਾਦੀ ਦੇਸ਼ਾਂ ਦੇ ਪ੍ਰੋਲੇਤਾਰੀਆਂ, ਅਜ਼ਾਦੀ ਦੀਆਂ ਲਹਿਰਾਂ ਅਤੇ ਸੰਸਾਰ ਦੇ ਪਹਿਲੇ ਸਮਾਜਵਾਦੀ ਰਾਜ ਦੇ ਸੰਯੁਕਤ ਐਕਸ਼ਨ ਦੀ ਏਕਤਾ ਬਣਾਉਣੀ ਸੀ। ਜਿਸ ਨੂੰ ਸਾਹਮਣੇ ਰੱਖਦਿਆਂ ਕਾਮਿਨਟਰਨ ਦੀ 1920 ਵਿਚ ਹੋਈ ਦੂਜੀ ਕਾਂਗਰਸ ਨੇ ਰਾਸ਼ਟਰੀ ਅਤੇ ਬਸਤੀਵਾਦੀ ਪ੍ਰਸ਼ਨ ਤੇ ਕੇਂਦਰਤ ਕਰਦਿਆਂ ਪੂਰਬ ਦੇ ਦੇਸ਼ਾਂ ਅੰਦਰ ਕਮਿਊਨਿਸਟ ਕਰਾਂਤੀਆਂ ਦੀਆਂ ਸੰਭਾਵਨਾਵਾਂ ਖੋਜਣ ਤੇ ਨਿੱਠ ਕੇ ਵਿਚਾਰ ਚਰਚਾ ਕੀਤੀ ਸੀ। ਕਾਮਿਨਟਰਨ ਰਸਮੀਂ ਤੌਰ ਤੇ ਭਾਵੇਂ ਆਜ਼ਾਦ ਸੰਸਥਾ ਸੀ ਪਰ ਗੈਰ ਰਸਮੀ ਤੌਰ ‘ਤੇ ਉਸਨੂੰ ਰੂਸੀ ਕਮਿਊਨਿਸਟ ਪਾਰਟੀ ਹੀ ਅਗਵਾਈ ਦਿੰਦੀ ਸੀ। ਇਸਦੇ ਬਾਵਜੂਦ ਮਹੌਲ ਏਨਾ ਖੁੱਲ੍ਹ-ਡੁੱਲ੍ਹ ਵਲਾ ਸੀ ਕਿ ਲੈਨਿਨ ਵਰਗੀ ਵਿਦਵਾਨ ਹਸਤੀ ਨਾਲ ਐਮ ਐਨ ਰਾਏ ਵਰਗਾ ਬੁੱਧੀਮਾਨ ਵਿਅਕਤੀ ਵੀ ਵਿਚਾਰਧਾਰਕ ਦਸਤਪੰਜਾ ਲੈ ਸਕਦਾ ਸੀ ਜਿਹੜਾ ਕਿ ਕਿਸੇ ਕਮਿਉਨਿਸਟ ਪਾਰਟੀ ਦਾ ਮੈਂਬਰ ਵੀ ਨਹੀਂ ਸੀ, ਕਿਉਂਕਿ ਉਸ ਦਿਨ ਤੱਕ ਭਾਰਤ ਵਿਚ ਕਮਿਊਨਿਸਟ ਪਾਰਟੀ ਦੀ ਹੋਂਦ ਹੀ ਨਹੀਂ ਸੀ । ਐਮ ਐਨ ਰਾਏ ਨੂੰ ਰੂਸੀ ਕਮਿਊਨਿਸਟਾਂ ਨਾਲ ਮੌਲਵੀ ਬਰਕਤ ਉਲਾ ਨੇ ਮਿਲਾਇਆ ਸੀ ਜਿਸ ਦੀ ਸਿਫਾਰਸ਼ ਉੱਪਰ ਰੂਸੀਆਂ ਨੂੰ ਪੂਰਾ ਭਰੋਸਾ ਸੀ। ਪ੍ਰੰਤੂ ਲੈਨਿਨ ਨੇ ਰਾਏ ਵੱਲੋਂ ਪੇਸ਼ ਕੀਤੇ ਥੀਸਿਸ ਦਾ ਗੰਭੀਰ ਨਰੀਖਣ ਕੀਤਾ ਸੀ ਅਤੇ ਅਸਿਹਮਤੀ ਦੇ ਨੁਕਤਿਆਂ ਦੀ ਦਲੀਲ ਨਾਲ ਸੁਧਾਈ ਕੀਤੀ ਸੀ । ਨਿਰਸੰਦੇਹ ਕਾਮਿਨਟਰਨ ਦਾ ਸਕੱਤਰੇਤ ਰੂਸੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਅੱਗੇ ਜਵਾਬ ਦੇਹ ਸੀ ਜਿਸਦਾ ਸਬੂਤ ਵੀ ਅੰਕਤ ਕੀਤਾ ਜਾ ਸਕਦਾ ਹੈ। ਕਾਮਿਨਟਰਨ ਦੇ ਸਕੱਤਰੇਤ ਨੇ 15 ਅਪਰੈਲ 1920 ਨੂੰ ਇਕ ਲਿਖਤੀ ਰਿਪੋਰਟ ਰਾਹੀਂ ਰੂਸੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਨੂੰ ਸੂਚਿਤ ਕੀਤਾ ਸੀ ਕਿ ਭਾਰਤ ਵਿਚ ਅਜੇ ਕੌਮਿਨਟਰਨ ਦੀ ਅਗਵਾਈ ਹੇਠ ਚੱਲਣ ਵਾਲੀ ਕਮਿਊਨਿਸਟ ਪਾਰਟੀ ਦਾ ਗਠਨ ਨਹੀਂ ਕੀਤਾ ਜਾ ਸਕਿਆ। ਤਾਂ ਵੀ, ਐਮ ਐਨ ਰਾਏ ਵੱਲੋਂ ਬਿਨਾਂ ਝਿਜਕ ਲੈਨਿਨ ਦੇ ਥੀਸਿਸ ਦੇ ਸਮਾਨਾਂਤਰ ਥੀਸਿਸ ਪੇਸ਼ ਕਰ ਦੇਣਾ ਦੱਸਦਾ ਹੈ ਕਿ ਕਾਮਿਨਟਰਨ ਦੀ ਸਥਾਪਨਾ ਦੇ ਮੁੱਢਲੇ ਸਾਲਾਂ ਵਿਚ ਦੂਜੇ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਜਾਂ ਕਰਾਂਤੀਕਾਰੀਆਂ ਉੱਪਰ ਕੋਈ ਦਬਾਅ ਨਹੀਂ ਸੀ ਕਿ ਉਹ ਰੂਸੀ ਕਮਿਊਨਿਸਟ ਪਾਰਟੀ ਦੇ ਪਿੱਛਲੱਗ ਹੋ ਕੇ ਚੱਲਣ । ਨਿਰਸੰਦੇਹ ਬਾਅਦ ਵਿਚ ਇਹ ਸਥਿਤੀ ਬਦਲ ਗਈ ਸੀ । ਉਸ ਸਮੇਂ ਰਾਏ ਤੋਂ ਇਲਾਵਾ ਦੂਜੇ ਕਰਾਂਤੀਕਾਰੀ ਨੇਤਾਵਾਂ ਵੱਲੋਂ ਵੀ ਆਜ਼ਾਦ ਅਤੇ ਵੱਖਰੀਆਂ ਰਾਵਾਂ ਖੁੱਲ੍ਹਕੇ ਰੱਖੀਆਂ ਜਾਂਦੀਆਂ ਰਹੀਆਂ ਸਨ । ਜਿਸ ਦੇ ਵਿਸਥਾਰ ਦੀ ਏਥੇ ਲੋੜ ਨਹੀਂ ਹੈ । ਫਿਰ ਵੀ ਕੁਝ ਮਹੱਤਵਪੂਰਨ ਗੱਲਾਂ ਨੂੰ ਚੇਤੇ ਵਿਚ ਰੱਖਣਾ ਸਾਡੀ ਸਮਝ ਨਿਖਾਰਨ ਵਿਚ ਸਹਾਇਤਾ ਕਰ ਸਕਦਾ ਹੈ ।
ਲੈਨਿਨ ਇਸ ਗੱਲ ਨਾਲ ਸਹਿਮਤ ਨਹੀਂ ਸੀ ਕਿ ਪੂਰਬ ਦੇ ਦੇਸ਼ਾਂ ਵਿਚ ਜੇਕਰ ਕਮਿਊਨਿਸਟ ਸੱਤਾ ਤੇ ਬੈਠ ਜਾਣ ਤਾਂ ਪੂੰਜੀਵਾਦੀ ਵਿਕਾਸ ਨੂੰ ਬਾਈਪਾਸ ਕਰਕੇ, ਸਮਾਜਵਾਦ ਵੱਲ ਜਾਣ ਦਾ ਛੋਟਾ ਰਾਹ ਲੱਭਿਆ ਜਾ ਸਕਦਾ ਹੈ । ਐਮ ਐਨ ਰਾਏ ਜਦੋਂ ਆਪਣੇ ਖੱਬਚੂ ਵਿਚਾਰਾਂ ਤੇ ਅੜਿਆ ਹੋਇਆਂ ਸੀ ਤਾਂ ਲੈਨਿਨ ਨੇ ਉਸ ਦੀਆਂ ਦਲੀਲਾਂ ਨੂੰ ਮੂਲੋਂ ਹੀ ਬੇਬੁਨਿਆਦ ਦੱਸਦਿਆਂ ਕਿਹਾ ਸੀ ਕਿ ਰਾਏ ਦੀ ਇਹ ਬਹੁਤ ਹੀ ਅੱਤਕਥਨੀ ਹੈ ਕਿ ਪੱਛਮ ਦਾ ਭਵਿੱਖ ਪੂਰਬੀ ਦੇਸ਼ਾਂ ਦੇ ਵਿਕਾਸ ਉੱਪਰ ਨਿਰਭਰ ਕਰਦਾ ਹੈ । ਲੈਨਿਨ ਨੇ ਕਿਹਾ ਕਿ ਰਾਏ ਨੂੰ ਏਨਾ ਦੱਸ ਦੇਣਾ ਹੀ ਕਾਫੀ ਹੈ ਕਿ ਭਾਰਤ ਵਿਚ 50 ਲੱਖ ਮਜ਼ਦੂਰ ਅਤੇ 3 ਕਰੋੜ 70 ਲੱਖ ਬੇਜ਼ਮੀਨੇ ਕਿਸਾਨ ਹੋਣ ਦੇ ਬਾਵਜੂਦ, ਭਾਰਤੀ ਕਮਿਊਨਿਸਟ ਭਾਰਤ ਵਿਚ ਕਮਿਊਨਿਸਟ ਪਾਰਟੀ ਨਹੀਂ ਬਣਾ ਸਕੇ । ਲੈਨਿਨ ਨੇ ਫਿਰ ਕਿਹਾ ਕਿ ਸਾਡੀ ਜਾਣਕਾਰੀ ਅਨੁਸਾਰ ਭਾਰਤ ਦੇ ਮਾਰਕਸਵਾਦੀ ਨਾ ਕੇਵਲ ਭਾਰਤ ਅੰਦਰ ਹੀ ਕਮਿਊਨਿਸਟ ਪਾਰਟੀ ਨਹੀਂ ਬਣਾ ਸਕੇ ਸਗੋਂ ਪਰਵਾਸੀ ਭਾਰਤੀਆਂ ਵਿਚ ਵੀ ਨਹੀਂ ਬਣਾ ਸਕੇ । ਇਸੇ ਸਮੇਂ ਸੁਲਤਾਨ ਗੇਲੀਯੇਵ, ਜਿਸਨੇ ਕਿਹਾ ਸੀ ਕਿ ਏਸ਼ੀਅਨ ਦੇਸ਼ ਸਮਾਜਵਾਦੀ ਕਰਾਂਤੀ ਲਈ ਤਿਆਰ ਹਨ ਅਤੇ ਕਮਿਊਨਿਸਟਾਂ ਨੂੰ ਸ਼ੁੱਧ ਕਮਿਊਨਿਸਟ ਨਾਹਰਾ ਦੇਣਾ ਚਾਹੀਦਾ ਹੈ, ਦੇ ਵਿਚਾਰਾਂ ਨੂੰ ਕੱਟਦਿਆਂ, ਵੀ. ਐਨ. ਲੂਕਾਸ਼ੋਵ ਨੇ ਕਿਹਾ ਸੀ ਕਿ ਜੇਕਰ ਅਸੀਂ ਕਮਿਊਨਿਜ਼ਮ ਨੂੰ ਪੂਰਬੀ ਦੇਸ਼ਾਂ ਵਿਚ ਲੈ ਕੇ ਜਾਵਾਂਗੇ ਤਾਂ ਪੂਰਬ ਨੇ ਸਾਨੂੰ ਧੱਕੇ ਮਾਰਕੇ ਬਾਹਰ ਕੱਢ ਦੇਣਾ ਹੈ । ਉਸ ਕਮਿਊਂਨਿਜ਼ਮ ਲਈ ਪੂਰਬ ਵਿਚ ਕੋਈ ਥਾਂ ਨਹੀਂ ਜਿਹੜਾ ਅਸੀਂ ਪੜ੍ਹਿਆ ਹੋਇਆ ਹੈ । ਉਸਨੇ ਕਿਹਾ ਕਿ ਜੇਕਰ ਲਿਜਾਣਾ ਵੀ ਹੈ ਤਾਂ ਰਾਸ਼ਟਰਵਾਦ ਵਿਚ ਲਪੇਟ ਕੇ ਲਿਜਾਓ । ਪੂਰਬ ਵਿਚ ਉਹ ਸਾਰੀਆਂ ਹਾਲਤਾਂ, ਆਰਥਿਕ ਅਤੇ ਜ਼ਿਰਾਇਤੀ ਪਹਿਲਾਂ ਹੀ ਮੌਜੂਦ ਹਨ ਜਿਨ੍ਹਾਂ ਦੀ ਸਮਾਜਵਾਦੀ ਪ੍ਰਬੰਧ ਉਸਾਰਨ ਲਈ ਲੋੜ ਹੁੰਦੀ ਹੈ । ਪਰ ਉਹ ਲੋਕ ਅਜੇ ਇਸਨੂੰ ਮਹਿਸੂਸ ਨਹੀਂ ਕਰ ਰਹੇ । ਇਸ ਕਰਕੇ ਅਜੇ ਉੱਥੇ ਸਮਾਜਵਾਦ ਦੀ ਕੋਈ ਸੰਭਾਵਨਾ ਨਹੀਂ, ਆਦਿ । ਪਰ ਲੱਗਦਾ ਹੈ ਕਿ ਐਮ ਐਨ ਰਾਏ ਉੱਪਰ ਲੈਨਿਨ ਦੀ ਲਾਈ ਚੋਭ ਦਾ ਕਾਫੀ ਅਸਰ ਹੋ ਚੁੱਕਾ ਸੀ । ਉਸਨੇ ਜਦੋਂ ਮਾਸਕੋ ਵਿਚ ਹੋਈ ਇਸ ਕਾਂਗਰਸ ਵਿਚ ਹਿੱਸਾ ਲੈਣ ਉਪਰੰਤ ਤਾਸ਼ਕੰਦ ਵਾਲੀ ਰੇਲ ਗੱਡੀ ਫੜੀ ਤਾਂ ਰਾਹ ਵਿਚ ਹੀ ਭਾਰਤੀ ਕਮਿਊਨਿਸਟ ਪਾਰਟੀ ਦਾ ਗਠਨ ਕਰ ਲਿਆ । ਇਸ ਮੀਟਿੰਗ ਵਿਚ ਐਮ ਐਨ ਰਾਏ ਦੀ ਮੈਕਸੀਕਨ ਪਤਨੀ ਅਤੇ ਇਕ ਰੂਸੀ ਕਾਮਰੇਡ ਤੋਂ ਬਿਨਾ ਪੰਜ ਹੋਰ ਭਾਰਤੀ ਕਾਮਰੇਡ ਸ਼ਾਮਲ ਸਨ ਜਿਨ੍ਹਾਂ ਵਿਚ ਐਚ ਮੁਕਰਜੀ ਦਾ ਨਾਮ ਵੀ ਦੱਸਿਆ ਗਿਆ ਹੈ । ਇਹ 17 ਅਕਤੂਬਰ ਦਾ ਦਿਨ ਸੀ ਅਤੇ ਦਸੰਬਰ ਦੇ ਅੰਤ ਤੱਕ ਨਵੀਂ ਬਣੀ ਭਾਰਤੀ ਕਮਿਊਨਿਸਟ ਪਾਰਟੀ ਦੇ 13 ਮੈਂਬਰ ਹੋ ਗਏ ਸਨ ।
ਕਾਮਰੇਡ ਲੂਕਾਸ਼ੋਵ ਕਾਫੀ ਹੱਦ ਤੱਕ ਠੀਕ ਸਾਬਤ ਹੋਇਆ ਸੀ । ਏਸ਼ੀਆ ਦੇ ਕਈ ਹੋਰ ਦੇਸ਼ਾਂ ਵਾਂਗ ਭਾਰਤ ਦੇ ਕਰਾਂਤੀਕਾਰੀ ਅਤੇ ਸੰਗਰਾਮੀਏ ਵੀ, ਅਕਤੂਬਰ ਕਰਾਂਤੀ ਤੋਂ ਤੁਰੰਤ ਬਾਅਦ ਮਾਸਕੋ ਵੱਲ ਧਾਅ ਪਏ ਸਨ । ਪਹਿਲਾ ਵੱਡਾ ਡੈਲੀਗੇਸ਼ਨ ਰਾਜਾ ਮਹਿੰਦਰ ਪ੍ਰਤਾਪ ਦੀ ਅਗਵਾਈ ਵਿਚ, 1918 ਦੇ ਚੜ੍ਹਦਿਆਂ ਹੀ ਮਾਸਕੋ ਪਹੁੰਚ ਗਿਆ ਸੀ ਤੇ ਲੈਨਿਨ ਨੇ ਉਨ੍ਹਾਂ ਨਾਲ ਮੀਟਿਗਾਂ ਵੀ ਕੀਤੀਆਂ ਸਨ । ਏਸੇ ਤਰ੍ਹਾਂ ਇਕ 28 ਮੈਂਬਰਾਂ ਦਾ ਡਲੀਗੇਸ਼ਨ ‘ਇੰਡੀਅਨ ਰੈਵੋਲਿਊਸ਼ਨਰੀ ਐਸੋਸੀਏਸ਼ਨ’ ਦਾ ਸੀ ਜੋ ਜੁਲਾਈ 1920 ਨੂੰ ਅਬਦੁਲ ਰਬ ਦੀ ਅਗਵਾਈ ਵਿਚ ਗਿਆ ਸੀ । ਉੱਤਰੀ ਅਮਰੀਕਾ ਤੋਂ ਆਏ ਗ਼ਦਰ ਪਾਰਟੀ ਦੇ ਡੈਲੀਗੇਸ਼ਨ ਤੋਂ ਇਲਾਵਾ ਨਿੱਜੀ ਰੂਪ ਵਿਚ ਪਹੁੰਚਣ ਵਾਲੇ ਕਰਾਂਤੀਕਾਰੀ ਸੈਂਕੜਿਆਂ ਦੀ ਗਿਣਤੀ ਵਿਚ ਸਨ ਜਿਨ੍ਹਾਂ ਵਿੱਚੋਂ ਸੱਤਾਰ ਖੇੜੀ ਅਤੇ ਜੱਬਾਰ ਖੇੜੀ ਨਾਂਅ ਦੇ ਦੋ ਭਰਾ, ਰੂਸ ਪਹੁੰਚਣ ਵਲੇ ਪਹਿਲੇ ਭਾਰਤੀ ਸਨ । ਇਨ੍ਹਾਂ ਦੋ ਭਰਾਵਾਂ ਨੇ ਵੀ ਲੈਨਿਨ ਨਾਲ ਕਈ ਮੀਟਿੰਗਾਂ ਕੀਤੀਆਂ ਸਨ । ਸਰਕਾਰੀ ਰਿਕਾਰਡ ਅਨੁਸਾਰ 1920 ਦੇ ਅੰਤ ਤੱਕ ਤਾਸ਼ਕੰਦ, ਬਾਕੂ, ਬੁਖਾਰਾ ਅਤੇ ਸਮਰਕੰਦ ਵਿਚ 200 ਦੇ ਕਰੀਬ ਭਾਰਤੀ ਪਹੁੰਚੇ ਹੋਏ ਸਨ । ਭਾਰਤੀ ਸੰਗਰਾਮੀਆਂ ਦੇ ਤੁਰੰਤ ਪ੍ਰਭਾਵਤ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਭਾਰਤ ਅੰਦਰ ਲੈਨਿਨ ਅਤੇ ਸਮਾਜਵਾਦੀ ਕਰਾਂਤੀ ਦੀ ਪ੍ਰਸ਼ੰਸਾ ਵਿਚ ਲੇਖ ਲਿਖੇ ਜਾਣ ਲੱਗੇ ਸਨ । ਲੈਨਿਨ ਅਤੇ ਸਮਾਜਵਾਦ ਦੀ ਪ੍ਰਸੰਸਾ ਦਾ ਪਹਿਲਾ ਲੇਖ 1918 ਵਿਚ ਲੋਕਮਾਨਿਯ ਤਿਲਕ ਨੇ ਆਪਣੇ ਅਖ਼ਬਾਰ ਕੇਸਰੀ ਵਿਚ ਲਿਖਿਆ ਸੀ । ਰਾਮਾ ਨੰਦ ਚੈਟਰਜੀ ਨੇ ਲੇਖਾਂ ਦੀ ਲੜੀ ਲਿਖੀ ਤੇ ਕਿਹਾ ਬਾਲਸ਼ਵਿਕ ਰੂਸ ਨੂੰ ਏਨਾ ਚੰਗਾ ਬਣਾਉਣ ਜਾ ਰਹੇ ਹਨ ਜਿਸ ਬਾਰੇ ਰੂਸੀਆਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। ਪ੍ਰਸ਼ੰਸਾ ਦੇ ਪੁਲ ਬੰਨਣ ਵਾਲੇ ਅਤੇ ਖਤਰੇ ਸਹੇੜ ਕੇ ਰੂਸ ਪਹੁੰਚਣ ਵਾਲੇ ਭਾਰਤੀ ਕਰਾਂਤੀਕਾਰੀ ਆਪਣੇ ਅਜ਼ਾਦੀ ਸੰਗਰਾਮ ਲਈ ਕਿਸੇ ਵੀ ਸ਼ਕਲ ਵਿਚ ਸਹਾਇਤਾ ਚਾਹੁੰਦੇ ਸਨ ਜਾਂ ਰੂਸ ਨੂੰ ਪ੍ਰੇਰਨਾ ਸਰੋਤ ਵਜੋਂ ਦੇਖਦੇ ਸਨ । ਉਦਾਹਰਣ ਵਜੋਂ ਉਪਰੋਕਤ 200 ਕਰਾਂਤੀਕਾਰੀਆਂ ਵਿਚੋਂ, ਰੂਸੀ ਅਧਿਕਾਰੀਆਂ ਨੇ 80 ਤੋਂ ਜਦੋਂ ਫਾਰਮ ਭਰਾ ਕੇ ਪੁਛਿਆ ਕਿ ਤੁਹਾਡੇ ਆਉਣ ਦਾ ਮਨੋਰਥ ਕੀ ਹੈ ਤਾਂ ਅੱਧਿਆਂ ਨੇ ਕਿਹਾ ਕਿ ਬਰਤਾਨੀਆ ਵਿਰੁੱਧ ਭਾਰਤ ਦੀ ਅਜ਼ਾਦੀ ਲਈ ਲੜਨਾ ਚਾਹੁੰਦੇ ਹਾਂ ਜਾਂ ਭਾਰਤੀ ਕਰਾਂਤੀ ਦੀ ਸੇਵਾ ਕਰਨਾ ਚਾਹੁੰਦੇ ਹਾਂ, 17 ਨੇ ਲਿਖਿਆ ਕਿ ਆਜ਼ਾਦੀ ਦੀ ਲੜਾਈ ਲਈ ਮਦਦ ਲੈਣ ਆਏ ਹਾਂ । ਪਰ ਸੱਤ ਭਾਰਤੀ ਅਜਿਹੇ ਸਨ ਜਿਨ੍ਹਾਂ ਕਿਹਾ ਕਿ ਉਹ ਰੂਸ ਵਿਚ ਰੂਸੀ ਇਨਕਲਾਬ ਦੀ ਕਾਮਯਾਬੀ ਲਈ ਲੜਨ ਆਏ ਹਨ । ਉਨ੍ਹਾਂ ਵਿਚ ਸ਼ੌਕਤ ਉਸਮਾਨੀ ਵੀ ਸੀ ਜੋ ਬਾਅਦ ਵਿਚ ਭਾਰਤ ਦਾ ਵੱਡਾ ਕਮਿਉਨਿਸਟ ਨੇਤਾ ਬਣਿਆ ਸੀ । ਕੇਵਲ ਪੰਜਾਂ ਨੇ ਹੀ ਕਿਹਾ ਸੀ ਕਿ ਕਰਾਂਤੀ ਦੀ ਕਲਾ ਸਿੱਖਣ ਆਏ ਹਾਂ ਕਿ ਭਾਰਤ ਵਿਚ ਕਰਾਂਤੀ ਕਿਵੇਂ ਕਰਾਂਗੇ ।
ਫਿਰ ਵੀ, ਆਮ ਕਰਾਂਤੀਕਾਰੀਆਂ ਵਿਚ ਇਹ ਵਿਚਾਰ ਵੀ ਕਾਫੀ ਤਕੜਾ ਸੀ ਕਿ ਲਾਲ ਫੌਜ ਹੀ ਭਾਰਤ ਨੂੰ ਬਰਤਾਨੀਆ ਤੋਂ ਆਜ਼ਾਦ ਕਰਾ ਦੇਵੇ । ਭਾਰਤੀ ਕਰਾਂਤੀਕਾਰੀਆਂ ਨੂੰ ਸੈਨਿਕ ਸਿਖਲਾਈ ਦੇਣ ਲਈ 1920 ਵਿਚ, ਤਾਸ਼ਕੰਦ ਵਿਚ ਕੈਂਪ ਵੀ ਸਥਾਪਤ ਕਰ ਦਿੱਤਾ ਗਿਆ ਸੀ ਜੋ ਜਲਦੀ ਹੀ ਬੰਦ ਕਰ ਦਿੱਤਾ ਗਿਆ ਸੀ । ਮਜ਼ੇ ਦੀ ਗੱਲ ਇਹ ਹੈ ਕਿ ਅਗਸਤ 1919 ਵਿਚ ਟਰਾਟਸਕੀ ਨੇ ਰੂਸੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਅੱਗੇ ਅਜਿਹਾ ਪ੍ਰਸਤਾਵ ਵੀ ਰੱਖਿਆ ਸੀ ਜਿਸ ਵਿਚ ਉਹਨੇ ਕਿਹਾ ਸੀ ਕਿ ਪੈਰਿਸ ਅਤੇ ਲੰਡਨ ਨੂੰ ਜਾਣ ਵਾਲੀ ਸੜਕ ਅਫਗਾਨਿਸਤਾਨ, ਪੰਜਾਬ ਅਤੇ ਬੰਗਾਲ ਵਿਚੋਂ ਹੋ ਕੇ ਲੰਘਦੀ ਹੈ। ਪਰ ਲੈਨਿਨ ਨੇ ਟਰਾਟਸਕੀ ਦੇ ਇਸ ਪ੍ਰਸਤਾਵ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਸੀ।
ਏਥੇ ਕਾਰਲ ਮਾਰਕਸ ਨੂੰ ਯਾਦ ਕਰਨ ਦੀ ਜ਼ਰੂਰਤ ਹੈ ਜਿਨ੍ਹਾ ਕਿਹਾ ਸੀ ਕਿ ਆਰਥਿਕ ਤੌਰਤੇ ਪਛੜੇ ਦੇਸ਼ ਪੂੰਜੀਵਾਦੀ ਪੜਾਅ ਨੂੰ ਬਾਈਪਾਸ ਕਰ ਸਕਦੇ ਹਨ । ਪਹਿਲਾ ਪੜਾਅ ‘ਪਪੂਲਰ ਰੈਵੋਲਿਊਸ਼ਨ’ ਦਾ ਹੋਵੇਗਾ ਜਿਸ ਦੀ ਪਿੱਠ ਉੱਤੇ ਉਹ ਜੇਤੂ ਪ੍ਰੋਲੇਤਾਰੀ ਹੋਣਗੇ ਜਿਨ੍ਹਾਂ ਨੇ ਸਮਾਜਵਾਦ ਨੇਪਰੇ ਚਾੜ੍ਹ ਲਿਆ ਹੋਵੇਗਾ ।
ਘਟਨਾਵਾਂ ਦੀ ਲੜੀ ਅਤੇ ਵਿਸ਼ਵ ਕਰਾਂਤੀਕਾਰੀ ਲਹਿਰ ਦੇ ਸਿਲਸਿਲੇ ਵਾਰ ਵਿਕਾਸ ਤੋਂ ਪ੍ਰਤੀਤ ਹੁੰਦਾ ਹੈ ਕਿ ਕਾਮਿਨਟਰਨ ਦੀ ਸਥਾਪਨਾ ਅਤੇ ਇਸ ਦੀ ਭੂਮਿਕਾ ਦਾ ਪੁਨਰ ਨਰੀਖਣ ਕਰਨ ਦੀ ਲੋੜ ਹੈ । ਘੱਟੋ ਘੱਟ ਲੈਨਿਨ ਤੋਂ ਬਾਅਦ ਦਾ ਸਮਾਂ ਅਜਿਹੀ ਮੰਗ ਜ਼ਰੂਰ ਕਰਦਾ ਹੈ । ਇਸਨੇ ਕਈ ਪ੍ਰਸ਼ਨ ਪੈਦਾ ਕੀਤੇ ਹਨ ਜਿਹੜੇ ਬਾਰੀਕੀ ਅਤੇ ਵਿਸਥਾਰ ਨਾਲ ਨਿਪਟਾਏ ਜਾਣ ਦੀ ਮੰਗ ਕਰਦੇ ਹਨ । ਇਕ ਸੰਕੇਤ ਮਾਤਰ ਪ੍ਰਸ਼ਨ ਛੱਡਕੇ ਇਸ ਪੱਖ ਦੀ ਚਰਚਾ ਇੱਥੇ ਹੀ ਮੁਅੱਤਲ ਕਰਾਂਗੇ ਕਿ 1960 ਵਿਚ ਵਿਸ਼ਵ ਦੀਆਂ 81 ਕਮਿਊਨਿਸਟ ਪਾਰਟੀਆਂ ਦੇ ਇਸ ਸਾਂਝੇ ਨਿਰਣੇ ਦਾ ਆਧਾਰ ਕੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ, ”ਸਾਡੇ ਸਮੇਂ ਦਾ ਪ੍ਰਮੁੱਖ ਲੱਛਣ ਇਹ ਹੈ ਕਿ ਵਿਸ਼ਵ ਸਮਾਜਵਾਦੀ ਪ੍ਰਬੰਧ ਸਮਾਜੀ ਵਿਕਾਸ ਦਾ ਫੈਸਲਾਕੁੰਨ ਕਾਰਕ ਬਣ ਗਿਆ ਹੈ । ਪੂੰਜੀਵਾਦੀ ਸਮਾਜ ਖੇਰੂੰ ਖੇਰੂੰ ਹੋਣ ਅਤੇ ਪਤਨ ਵੱਲ ਵੱਧ ਰਿਹਾ ਹੈ । ਉਹ ਦਿਨ ਦੂਰ ਨਹੀਂ ਜਦੋਂ ਵਿਸ਼ਵ ਉਤਪਾਦਨ ਵਿਚ ਸਮਾਜਵਾਦ ਦਾ ਹਿੱਸਾ ਪੂੰਜੀਵਾਦੀ ਸੰਸਾਰ ਨਾਲੋਂ ਕਿਤੇ ਵਧੇਰੇ ਹੋ ਜਾਵੇਗਾ। ਪਦਾਰਥਕ ਉਤਪਾਦਨ ਲਈ ਕੀਤੀ ਜਾਂਦੀ ਮਾਨਵੀ ਘਾਲਣਾ ਦੇ ਖੇਤਰ ਵਿਚ ਪੂਜੀਪਤੀਆਂ ਦੀ ਹਾਰ ਹੋ ਜਾਏਗੀ । ਪੂੰਜੀਦਾਰੀ ਦੇ ਆਮ ਸੰਕਟ ਦਾ ਨਵਾਂ ਪੜਾਅ ਅਰੰਭ ਹੋ ਚੁੱਕਾ ਹੈ।” ਮਤੇ ਵਿਚ ਇਹ ਵੀ ਕਹਿ ਦਿੱਤਾ ਗਿਆ ਕਿ ਨਾ ਕੇਵਲ ਸੋਵੀਅਤ ਯੂਨੀਅਨ ਵਿਚ ਹੀ ਸਗੋਂ ਦੂਜੇ ਸਮਾਜਵਾਦੀ ਦੇਸ਼ਾਂ ਵਿਚ ਵੀ ਪੂੰਜੀਦਾਰੀ ਦੀ ਮੁੜ ਬਹਾਲੀ ਅਸੰਭਵ ਬਣਾ ਦਿੱਤੀ ਗਈ ਹੈ । ਪ੍ਰੰਤੂ ਇਤਿਹਾਸ ਉੱਕਾ ਹੀ ਉਲਟੀ ਦਿਸ਼ਾ ਵਿਚ ਗਿਆ ਅਤੇ ਪੂਰਬੀ ਯੂਰੋਪ ਸਮੇਤ ਰੂਸ ਦਾ ਸਮਾਜਵਾਦ ਢਹਿ ਢੇਰੀ ਹੋ ਗਿਆ। ਸਪੱਸ਼ਟ ਹੈ ਕਿ 81 ਪਾਰਟੀਆਂ ਸੋਵੀਅਤ ਪਾਰਟੀ ਦੇ ਗਲਤ ਕੌਮਾਂਤਰੀ ਨਿਰਣਿਆਂ ਤੋਂ ਪ੍ਰਭਾਵਤ ਹੋਈਆਂ ਸਨ ਜਾਂ ਰੂਸੀ ਕਮਿਊਨਿਸਟ ਪਾਰਟੀ ਦੇ ਨਿਰਣੇ ਅੱਖਾਂ ਮੀਟ ਕੇ ਸਵੀਕਾਰ ਕਰਨ ਲਈ ਮਜਬੂਰ ਸਨ। ਅਜਿਹਾ ਕਦੋਂ ਤੋਂ ਹੁੰਦਾ ਆਇਆ ਸੀ? ਉਨ੍ਹਾਂ ਪਾਰਟੀਆਂ ਦੇ ਕੌਮੀ ਨਿਰਣਿਆਂ ਉੱਪਰ ਵੀ ਉਸ ਦੀ ਛਾਪ ਲੱਗਦੀ ਰਹੀ ਹੋਵੇਗੀ? ਅਜਿਹੀ ਹਾਲਤ ਵਿਚ ਆਜ਼ਾਦ ਸੋਚ ਵਾਲੀ ਕੌਮੀ ਲੀਡਰਸ਼ਿੱਪ ਦੇ ਵਿਚਾਰ ਪ੍ਰਭਾਵਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਸੇ ਟਿੱਪਣੀ ਤੋਂ ਬਿਨਾ ਹੀ ਏਥੇ ਚੀਨੀ ਕਰਾਂਤੀ ਦੇ ਅਮਲ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ ਜਦੋਂ 1926 ਵਿਚ ਚੀਨੀ ਕਰਾਂਤੀ ਦੀ ਅਗਵਾਈ ਕਰਨ ਲਈ ਰੂਸ ਤੋਂ ਭੇਜੇ ਗਏ ਬੋਰੋਦੀਨ ਦੀ ਸਹਾਇਤਾ ਲਈ, ਕਾਮਿਨਟਰਨ ਨੇ ਐਮ ਐਨ ਰਾਏ ਨੂੰ ਚੀਨ ਭੇਜਿਆ ਸੀ। ਪਰ ਉਹ ਚੀਨੀ ਕਰਾਂਤੀ ਦਾ ਭਾਰੀ ਨੁਕਸਾਨ ਕਰਕੇ ਮੁੜ ਆਏ ਸਨ।
(ਸ)
ਰੂਸੀ ਕਰਾਂਤੀ ਵੱਲ ਫਿਰ ਪਰਤਦੇ ਹਾਂ ਜਿਸਨੇ 1922 ਤੱਕ ਘਰੇਲੂ ਅਤੇ ਵਿਦੇਸ਼ੀ ਜੰਗਾਂ ਤੇ ਫਤਹਿ ਪਾ ਲਈ ਸੀ ਅਤੇ ਸਮਾਜਵਾਦੀ ਉਸਾਰੀ ਦਾ ਸਮਾਂ ਅਰੰਭ ਹੋ ਗਿਆ ਸੀ । ਨਿਰਸੰਦੇਹ ਹਾਲਾਤ ਬਹੁਤ ਹੀ ਕਠਨ ਅਤੇ ਪੇਚੀਦਾ ਸਨ । ਪਰ 1924 ਵਿਚ ਲੈਨਿਨ ਦੀ ਮੌਤ ਹੋ ਗਈ ਸੀ । ਪ੍ਰਤੀਤ ਹੁੰਦਾ ਹੈ ਕਿ ਵਧੇਰੇ ਧਿਆਨ ਆਰਥਕ ਪਿੜ ਵਿਚ ਕਰਾਂਤੀ ਲਿਆਉਣ ਤੇ ਕੇਂਦਰਤ ਕੀਤਾ ਗਿਆ । ਇਹ ਵੱਖਰੀ ਗੱਲ ਹੈ ਕਿ ਆਰਥਿਕ ਨੀਤੀਆਂ ਨੂੰ ਅਮਲ ਵਿਚ ਲਿਆਉਣ ਦੀ ਵਿਧੀ ਖੁਦ ਹੀ ਸਵਾਲਾਂ ਦੇ ਘੇਰੇ ਵਿਚ ਹੈ ਜਿਨ੍ਹਾਂ ਦੀ ਝਲਕ ਉਸ ਸਮੇਂ ਦੇ ਸਾਹਿਤ ਵਿਚੋਂ ਵੀ ਪੈਂਦੀ ਹੈ । ਕੇਂਦਰੀ ਪ੍ਰਸ਼ਨ ਇਹ ਹੈ ਕਿ ਸਮਾਜਵਾਦ ਦੀ ਉਸਾਰੀ ਦੇ ਨਾਲ-ਨਾਲ ਸਮਾਜਵਾਦੀ ਸਭਿਆਚਾਰ ਦੀ ਰਚਨਾ ਕਰਨ ਜਾਂ ਸਮਾਜਵਾਦੀ ਰਹਿਣ-ਸਹਿਣ ਸਿਰਜਣ ਨੂੰ ਕਿੰਨੀ ਮਹੱਤਤਾ ਦਿੱਤੀ ਗਈ ? ਨਵਾਂ ਢਾਂਚਾ, ਉਸ ਦੇ ਅਨੁਕੂਲ ਨਵੇਂ ਸਭਿਆਚਾਰ ਦੀ ਗੈਰਹਾਜ਼ਰੀ ਵਿਚ ਸਥਿਰ ਨਹੀਂ ਰਹਿ ਸਕਦਾ । ਇਸ ਦਾ ਕੀ ਕਾਰਨ ਹੈ ਕਿ 1917 ਵਿਚ ਪ੍ਰੋਲਤਾਰੀਆਂ ਨੇ ਜਦੋਂ ਪੂੰਜੀਪਤੀਆਂ ਤੋਂ ਰਾਜ ਖੋਹਿਆ ਤਾਂ ਖੂੰਨ ਖਰਾਬਾ ਅਤੇ ਬਗਾਵਤਾਂ ਹੋਈਆਂ ਸਨ । ਪਰ 1991 ਵਿਚ ਜਦੋਂ ਪੂੰਜੀਪਤੀਆਂ ਨੇ ਪ੍ਰੋਲਤਾਰੀਆਂ ਤੋਂ ਰਾਜ ਖੋਹਿਆ ਤਾਂ ਕੋਈ ਗੋਲੀ ਨਹੀਂ ਚੱਲੀ ਅਤੇ ਨਾ ਹੀ ਪਿੱਛਲੇ ਤਿੰਨ ਦਹਾਕਿਆਂ ਵਿਚ, ਰਾਜ ਵਾਪਿਸ ਲੈਣ ਲਈ ਪ੍ਰੋਲਤਾਰੀਆਂ ਦੀ ਕੋਈ ਬਗਾਵਤ ਹੀ ਹੋਈ ਹੈ । ਇਸ ਤਰ੍ਹਾਂ ਪਿਛਲੇ ਇਤਿਹਾਸ ਵਿਚ ਕਦੇ ਨਹੀਂ ਹੋਇਆ ਜਦੋਂ ਕਿਸੇ ਕੌਮ, ਪ੍ਰਬੰਧ ਜਾਂ ਸਭਿਆਚਾਰ ਹੱਥੋਂ ਸੱਤਾ ਖੁੱਸਦੀ ਹੈ ਤਾਂ ਉਹ ਬਾਰ-ਬਾਰ ਉੱਠਦਾ ਹੈ, ਸੰਘਰਸ਼ ਕਰਦਾ ਹੈ । ਰੂਸੀ ਕਰਾਂਤੀ ਸਫਲ ਹੋਣ ਉਪਰੰਤ, ਸਮਾਜਵਾਦ ਦੀ ਉਸਾਰੀ ਲਈ ਕਿਸ ਤਰ੍ਹਾਂ ਦਾ ਸੰਘਰਸ਼ ਕੀਤਾ ਜਾਂਦਾ ਰਿਹਾ ਸੀ? ਉਸਦਾ ਦੋ ਟੁੱਕ ਉੱਤਰ ਅਤਿਅੰਤ ਦੋਸ਼ਪੂਰਨ ਹੋ ਸਕਦਾ ਹੈ। ਫਿਰ ਵੀ ਕਰਾਂਤੀਆਂ ਦੌਰਾਨ ਵਿਅਕਤੀਆਂ ਦੀ ਭੂਮਿਕਾ ਕੁੰਜੀਵੱਤ ਅਤੇ ਕੇਂਦਰੀ ਹੁੰਦੀ ਹੈ, ਐਨ ਸਮੁੰਦਰੀ ਬੇੜੇ ਦੇ ਕਪਤਾਨ ਵਾਂਗ ਜੋ ਬੇੜੇ ਨੂੰ ਤੁਫਾਨਾਂ ਤੋਂ ਬਚਾਕੇ ਸਹੀ ਸਲਾਮਤ ਪਾਰ ਲਾ ਦੇਵੇ। ਲੈਨਿਨ ਇਸ ਤਰ੍ਹਾਂ ਦੇ ਔਖੇ ਇਮਤਿਹਾਨ ਵਿੱਚੋਂ ਪਾਸ ਹੋਇਆ ਸੀ। ਹੁਣ, ਦੋਸ਼ ਕੁਰੱਖਤਪੁਣੇ, ਸੋਧਵਾਦ ਅਤੇ ਗਦਾਰੀ ਵਿੱਚੋਂ ਲੱਭਣ ਦੇ ਯਤਨ ਹੋ ਰਹੇ ਹਨ । ਇਹ ਸਾਰਾ ਕੁਝ ਵਿਅਕਤੀਆਂ ਰਾਹੀਂ ਹੀ ਵਾਪਰਦਾ ਹੈ ।
ਕੁਝ ਪ੍ਰਸ਼ਨ ਤਾਂ ਲੈਨਿਨ ਦੀ ਵਸੀਅਤ ਦੇ ਕੁਝ ਨੁਕਤੇ ਵੀ ਸਾਡੀ ਸਹਾਇਤਾ ਕਰ ਸਕਦੇ ਹਨ ਜੋ ‘ਹੰਡਰਡ ਯਿਅਰਜ਼ ਆਫਟਰ ਦ ਫਸਟ ਸੋਸ਼ਲਿਸਟ ਰੈਵਿਲਿਊਸ਼ਨ’ ਨਾਂਅ ਦੀ ਕਿਤਾਬ ਦੇ ਪੰਨਾ 239 ਤੇ ਅੰਕਿਤ ਹਨ । ਲੈਨਿਨ ਨੇ ਪਾਰਟੀ ਅੰਦਰ ਉੱਭਰੀਆਂ ਤਰੇੜਾਂ ਨੂੰ ਚਿੰਤਾ ਨਾਲ ਲੈਂਦਿਆਂ ਪਾਰਟੀ ਦੀ ਏਕਤਾ ਅਤੇ ਸਮੂਹਿਕ ਲੀਡਰਸ਼ਿਪ ਤੇ ਕਾਰਜਪ੍ਰਣਾਲੀ ‘ਤੇ ਜ਼ੋਰ ਦਿੱਤਾ ਸੀ । ਲੈਨਿਨ ਨੇ ਜਿੱਥੇ ਕੁੱਝ ਆਗੂਆਂ ਦੇ ਗੈਰ ਬਾਲਿਸ਼ਵਿਕ ਚਰਿਤਰ ਵੱਲ ਧਿਆਨ ਦੁਆਉਂਦਿਆਂ ਕਿਹਾ ਸੀ ਕਿ ਇਹ ਬੇਲੋੜੇ ਸਵੈ ਵਿਸ਼ਵਾਸ ਵਿਚ ਰਹਿੰਦੇ ਹਨ ਅਤੇ ਪ੍ਰਮੁੱਖ ਕਾਰਨ ਪ੍ਰਸ਼ਾਸਨਿਕ ਕੰਮਾਂ ਵਿੱਚੋਂ ਹੀ ਲੱਭਦੇ ਰਹਿੰਦੇ ਹਨ ਉੱਥੇ ਹੀ ਉਸਨੇ ਕੁੱਝ ਕੁ ਦੇ ਕੁਰੱਖਤ ਅਤੇ ਮੌਜੀ ਸੁਭਾਅ ਕਾਰਨ ਕਾਮਰੇਡਾਂ ਦੀ ਉਨ੍ਹਾਂ ਵਿਚ ਬੇਭਰੋਸਗੀ ਵੱਲ ਵੀ ਧਿਆਨ ਦੁਆਇਆ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੇ ਜੋ ਬੇਤਹਾਸ਼ਾ ਸ਼ਕਤੀਆਂ ਪ੍ਰਾਪਤ ਕਰ ਲਈਆਂ ਹਨ ਉਨ੍ਹਾਂ ਨੂੰ ਵਰਤਣ ਦੀ ਵੀ ਓਨੀ ਹੀ ਸੂਝ ਚਾਹੀਦੀ ਹੈ। ਉਕਤ ਕਿਸਮਾਂ ਦੇ ਆਗੂਆਂ ਦੀ ਇਕ-ਦੂਜੇ ਨਾਲ ਖਿੱਚੋਤਾਣ ਨਵੀਂ ਨਹੀਂ ਸੀ। ਇਸ ਖਿੱਚੋਤਾਣ ਵਿਚ ਉਹ ਆਗੂ ਵੀ ਸ਼ਾਮਲ ਸਨ ਜਿੰਨ੍ਹਾਂ ਨੇ ਪਾਰਟੀ ਅੰਦਰ ਉੱਠੀ ਵਿਚਾਰਧਾਰਕ ਲੜਾਈ ਵਿਚ ਬੁਖਾਰਿਨ ਅਤੇ ਟਰਾਟਸਕੀ ਵਿਰੁੱਧ ਲੈਨਿਨ ਦਾ ਸਾਥ ਦਿੱਤਾ ਸੀ। ਪਰ ਕਰਾਂਤੀ ਦੇ ਸੰਘਰਸ਼ ਅਤੇ ਉਸ ਵਿਚ ਵਖ ਵੱਖ ਨੇਤਾਵਾਂ ਦੀਆਂ ਭੂਮਿਕਾਵਾਂ ਕਾਰਨ ਹਾਲਾਤ ਬਦਲ ਚੁੱਕੇ ਸਨ । ਲੈਨਿਨ ਨੇ ਕੁੱਝ ਇਕ ਨੂੰ ਅਹੁਦੇ ਤੋਂ ਹਟਾਉਣ ਲਈ ਕਿਹਾ ਸੀ ਅਤੇ ਇਸ ਵਸਤੇ ਕੋਈ ਨਾ ਕੋਈ ਰਾਹ ਕੱਢਣ ਦੀ ਸਲਾਹ ਦਿੱਤੀ ਸੀ । ਪਰ ਕਾਂਗਰਸ ਦੇ ਪ੍ਰਤੀਨਿਧੀ ਮੰਡਲ ਨੇ ਇਹ ਕਹਿਕੇ ਉਨ੍ਹਾਂ ਨੇ ਅਹੁਦੇ ਤੇ ਬਣੇ ਰਹਿਣ ਦੀ ਸਿਫਾਰਸ਼ ਕੀਤੀ ਕਿ ਉਹ ਲੈਨਿਨ ਵੱਲੋਂ ਕੀਤੀ ਅਲੋਚਨਾ ਨੂੰ ਸਮਝਣਗੇ ਅਤੇ ਆਪਣੇ ਆਪ ਨੂੰ ਸੁਧਾਰ ਲੈਣਗੇ। ਲੈਨਿਨ ਨੇ ਉਨ੍ਹਾਂ ਦੀਆਂ ਖਾਮੀਆਂ ਵੱਲ ਇਕ ਵਾਰ ਨਹੀਂ ਕਈ ਵਾਰ ਧਿਆਨ ਦੁਆਇਆ ਸੀ। ਲੈਨਿਨ ਮੁੱਖ ਅਹੁਦੇ ਉੱਤੇ ਅਜਿਹੇ ਵਿਅਕਤੀ ਨੂੰ ਲਿਆਉਣ ਦੇ ਹੱਕ ਵਿਚ ਸੀ ਜੋ ਸਹਿਣਸ਼ੀਲ, ਮਿੱਠਬੋਲੜਾ ਅਤੇ ਵਫਾਦਾਰ ਹੋਵੇ। ਆਖਰਕਾਰ ਸਮੂਹਿਕ ਲੀਡਰਸ਼ਿੱਪ ਦੇ ਸਿਧਾਂਤ ਦਾ ਭੋਗ ਪੈ ਗਿਆ। ਲੈਨਿਨ ਨੂੰ ਯਾਦ ਨਾ ਰੱਖਿਆ ਗਿਆ ਜਿਸਨੇ ਕਿਹਾ ਸੀ ਕਿ ਸਾਡੇ ਰਾਜਨੀਤਕ ਢਾਂਚੇ ਵਿਚ ਬਦਲਾਅ ਹੋਣੇ ਚਾਹੀਦੇ ਹਨ, ਕੇਂਦਰੀ ਕਮੇਟੀ ਦੀ ਗਿਣਤੀ 27 ਤੋਂ ਵਧਾ ਕੇ 100 ਤੱਕ ਕਰ ਦਿੱਤੀ ਜਾਵੇ ਕਿਉਂ ਕਿ ਕੇਂਦਰੀ ਕਮੇਟੀ ਨੂੰ ਵੱਡੇ ਖਤਰੇ ਹੋ ਸਕਦੇ ਹਨ। ਅਜਿਹਾ ਕਰਨ ਨਾਲ ਕੇਂਦਰੀ ਕਮੇਟੀ ਦੇ ਅਧਿਕਾਰ ਵੱਧ ਜਾਣਗੇ ਅਤੇ ਪਾਰਟੀ ਦੀ ਸਥਿਰਤਾ ਵਿਚ ਹਜ਼ਾਰ ਗੁਣਾ ਵਾਧਾ ਹੋ ਜਾਏਗਾ। ਲੈਨਿਨ ਨੇ ਜ਼ੋਰ ਦਿੱਤਾ ਸੀ ਕਿ ਸਥਿਰਤਾ ਦੀ ਦ੍ਰਿਸ਼ਟੀ ਤੋਂ ਜਿਹੜੇ ਨੇਤਾ ਮੂਲਭੂਤ ਤੱਤ ਹਨ, ਫੁੱਟ ਪੈਣ ਦਾ ਅੱਧੇ ਤੋਂ ਵੱਧ ਖਤਰਾ ਵੀ ਉਨ੍ਹਾਂ ਤੋਂ ਹੀ ਹੈ। ਇਸ ਤੋਂ ਜਾਣਿਆ ਜਾ ਸਕਦਾ ਹੈ ਕਿ ਵਿਅਕਤੀ ਹੀ ਹੁੰਦੇ ਹਨ ਜਿਹੜੇ ਕਰਾਂਤੀ ਨੂੰ ਸਿਖਰ ਜਾਂ ਵਿਨਾਸ਼ ਵੱਲ ਲਿਜਾਂਦੇ ਹਨ । ਨਹੀਂ ਤਾਂ ਸਾਰੇ ਹੀ ਕਾਰਲ ਮਾਰਕਸ ਅਤੇ ਵੀ ਆਈ ਲੈਨਿਨ ਹੁੰਦੇ ਜਾਂ ਫਿਰ ਮਾਰਕਸ ਅਤੇ ਲੈਨਿਨ ਹੁੰਦੇ ਹੀ ਨਾ । ਲੈਨਿਨ ਦੇ ਸਮਕਾਲੀ ਅਤੇ ਉਨ੍ਹਾਂ ਤੋਂ ਬਾਅਦ ਆਈ ਲੀਡਰਸ਼ਿੱਪ ਦੀ ਕਾਰਗੁਜ਼ਾਰੀ ਵੀ ਡੂੰਘੇ ਵਿਸ਼ਲੇਸ਼ਣ ਦੀ ਮੰਗ ਕਰਦੀ ਹੈ । ਇਹ ਕਹਿਕੇ ਹਕੀਕਤ ਨੂੰ ਜਾਨਣ ਤੋਂ ਪਿੱਛਾ ਨਹੀ ਛੁਡਾਇਆ ਜਾ ਸਕਦਾ ਕਿ ਸਾਮਰਾਜ ਦੀਆਂ ਸਾਜਸ਼ਾਂ ਨੇ ਸਮਾਜਵਾਦ ਦਾ ਵਿਨਾਸ਼ ਕਰ ਦਿੱਤਾ ਹੈ।