Now Reading
ਰਾਮ ਮੰਦਿਰ ਸ਼ਿਲਾਨਿਆਸ ਅਤੇ ਭਾਰਤ ਦੇ ਮਿਹਨਤਕਸ਼ ਲੋਕ

ਰਾਮ ਮੰਦਿਰ ਸ਼ਿਲਾਨਿਆਸ ਅਤੇ ਭਾਰਤ ਦੇ ਮਿਹਨਤਕਸ਼ ਲੋਕ

ਮੰਗਤ ਰਾਮ ਪਾਸਲਾ
5 ਅਗਸਤ 2020 ਦਾ ਦਿਨ ਭਾਰਤੀ ਇਤਿਹਾਸ ‘ਚ ਇਕ ਵਿਸ਼ੇਸ਼ ਮਹੱਤਤਾ ਵਾਲੇ ਦਿਵਸ ਦੇ ਤੌਰ ‘ਤੇ ਜਾਣਿਆ ਜਾਵੇਗਾ, ਜਦੋਂ ਸਾਰੀਆਂ ਸੰਵਿਧਾਨਕ ਮਰਿਆਦਾਵਾਂ ਨੂੰ ਪੈਰਾਂ ਹੇਠਾਂ ਦਰੜ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਘ ਮੁਖੀ ਮੋਹਨ ਭਾਗਵਤ ਤੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਹਾਜ਼ਰੀ ‘ਚ ਇਕ ਖਾਸ ਕਿਸਮ ਦੀ ਪੁਸ਼ਾਕ ਪਾ ਕੇ ਡੰਡੌਤ ਕਰਦਿਆਂ ਹੋਇਆਂ ਅਯੁਧਿਆ ‘ਚ ‘ਰਾਮ ਮੰਦਰ’ ਦਾ ਸ਼ਿਲਾਨਿਆਸ ਰੱਖਿਆ। ਇਸੇ ਦਿਨ ਪਿਛਲੇ ਵਰ੍ਹੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰਕੇ ਇਸ ਪ੍ਰਾਂਤ ਨੂੰ ਤਿੰਨ ਕੇਂਦਰੀ ਸ਼ਾਸਤ ਪ੍ਰਦੇਸ਼ਾਂ ‘ਚ ਵੰਡਿਆ ਗਿਆ ਸੀ, ਜਿਸ ਨਾਲ ਇਸ ਸੂਬੇ ਅੰਦਰ ਕਸ਼ਮੀਰੀ ਲੋਕਾਂ ਦੀਆਂ ਸਾਰੀਆਂ ਆਜ਼ਾਦੀਆਂ ਤੇ ਹੱਕਾਂ ਦੇ ਘਾਣ ਦਾ ਨਵਾਂ ਦੌਰ ਹੀ ਸ਼ੁਰੂ ਨਹੀਂ ਹੋਇਆ ਬਲਕਿ ਇਸ ਪ੍ਰਾਂਤ ਦੇ ਲੋਕਾਂ ਦੀ ਭਾਰਤ ਵਿਚ ਸ਼ਾਮਿਲ ਹੋਣ ਸਮੇਂ ਪੈਦਾ ਹੋਈ ਭਾਵਨਾਤਮਕ ਸਾਂਝ ਦੀ ਕੜੀ ਵੀ ਬੇਹੱਦ ਕਮਜ਼ੋਰ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਇਸ ਦਿਨ ਦੀ ਤੁਲਨਾ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਸਿੱਟੇ ਵਜੋਂ ਅੰਗਰੇਜ਼ ਸਾਮਰਾਜ ਦੀ 200 ਸਾਲ ਦੀ ਗੁਲਾਮੀ ਦੇ ਖਾਤਮੇ ਨਾਲ 15 ਅਗਸਤ 1947 ਨੂੰ ਮਿਲੀ ਆਜ਼ਾਦੀ ਨਾਲ ਕੀਤੀ। ਅੰਗਰੇਜ਼ ਸਾਮਰਾਜ ਦੀ 200 ਸਾਲਾਂ ਦੀ ਗੁਲਾਮੀ ਦੇ ਸਮੇਂ ਨੂੰ ਮੁਗਲ ਬਾਦਸ਼ਾਹ ਬਾਬਰ ਵਲੋਂ 500 ਸਾਲ ਪਹਿਲਾਂ ਰਾਮ ਮੰਦਰ ਢਾਅ ਕੇ ਬਾਬਰੀ ਮਸਜਿੱਦ ਬਣਾਏ ਜਾਣ ਦੀ ਮਨੋਕਲਪਤ ਧਾਰਨਾ ਨਾਲ ਸੁਮੇਲ ਕਰਕੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਕ ਤਰ੍ਹਾਂ ਨਾਲ ਅੰਗਰੇਜ਼ ਸਾਮਰਾਜ ਵਲੋਂ ਭਾਰਤੀ ਲੋਕਾਂ ਉਪਰ ਕੀਤੇ ਜਾਣ ਵਾਲੇ ਜ਼ੁਲਮਾਂ ਉਪਰ ਪਰਦਾ ਪਾਉਣ ਦੀ ਅਸਫਲ ਕੋਸ਼ਿਸ਼ ਵੀ ਕੀਤੀ ਹੈ। ਮਨੂੰਵਾਦੀ ਸਮਾਜਿਕ ਵਿਵਸਥਾ ਅਧੀਨ, ਜੋ ਜਾਤਪਾਤ ਦੇ ਨਾਮ ਉਪਰ ਅਮਾਨਵੀ ਅੱਤਿਆਚਾਰ ਕੀਤੇ ਜਾਂਦੇ ਸਨ, ਦੰਭੀ ਤੇ ਦਕਿਆਨੂਸੀ ਵਿਚਾਰਧਾਰਾ ਅਧੀਨ ਜਨ ਸਧਾਰਨ ਦਾ ਨਪੀੜਨ ਕੀਤਾ ਜਾਂਦਾ ਸੀ, ਔਰਤਾਂ ਨੂੰ ਪੈਰ ਦੀ ਜੁੱਤੀ ਦੱਸਕੇ ਢੋਰ, ਸ਼ੂਦਰ, ਗੰਵਾਰ ਨਾਲ ਤੁਲਨਾ ਦਿੰਦਿਆਂ ਹੋਇਆਂ ਬੇਇੱਜ਼ਤ ਕੀਤਾ ਜਾਂਦਾ ਸੀ, ਉਸਦਾ ਜ਼ਿਕਰ ਭਗਤੀ ਲਹਿਰ ਦੇ ਮਹਾਨ ਸੰਤਾਂ ਭਗਤ ਕਬੀਰ, ਗੁਰੂ ਰਵੀਦਾਸ ਤੇ ਉਨ੍ਹਾਂ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ‘ਚ ਬਾਖੂਬੀ ਕੀਤਾ ਹੈ। ਉਂਝ ਮੁਗਲ ਬਾਦਸ਼ਾਹਾਂ ਦੇ ਕਾਰਜਕਾਲ ਦੌਰਾਨ ਵੀ ਆਮ ਲੋਕਾਂ ਉਪਰ ਅਕਹਿ ਤੇ ਅਸਹਿ ਜ਼ੁਲਮ ਜਾਰੀ ਰਹੇ। ਉਸ ਪੰਜ ਸੌ ਸਾਲ ਪਹਿਲਾਂ ਦੀ ਡਰਾਉਣੀ ਅਵਸਥਾ ਨੂੰ, ਜਦੋਂ ਰਾਮ ਲੱਲਾ ਦੀਆਂ ਮੂਰਤੀਆਂ ਮੰਦਿਰ ਵਿਚ ਸ਼ੁਸੋਭਿਤ ਸਨ, ‘ਰਾਮ ਰਾਜ’ ਭਾਵ ਮਨੁੱਖਤਾ ਦੀ ਅਖੌਤੀ ਖੁਸ਼ਹਾਲੀ ਵਾਲੇ ਰਾਜ ਦੀ ਸੰਗਿਆ ਦੇ ਕੇ ਅੰਤਾਂ ਦਾ ਕੁਫ਼ਰ ਤੋਲਿਆ ਗਿਆ ਹੈ। ਹੁਣ ਫਿਰ ਰਾਮ ਮੰਦਰ ਦੀ ਉਸਾਰੀ ਤੋਂ ਬਾਅਦ ਉਹੋ ਜਿਹੇ ਹੀ ‘ਰਾਮ ਰਾਜ’ ਲਿਆਉਣ ਦਾ ਵਾਅਦਾ ਕੀਤਾ ਜਾ ਰਿਹਾ ਹੈ। ਅਯੁਧਿਆ ‘ਚ ਰਾਮ ਮੰਦਰ ਦੀ ਉਸਾਰੀ ਤੋਂ ਬਾਅਦ ਜੇਕਰ ਮੋਦੀ ਸਰਕਾਰ ਜਾਂ ਕਿਸੇ ਵੀ ਹੋਰ ਲੁਟੇਰੀ ਸਰਕਾਰ ਨੇ ਮੌਜੂਦਾ ਆਰਥਿਕ, ਰਾਜਨੀਤਕ, ਸਮਾਜਿਕ ਤੇ ਸਭਿਆਚਾਰਕ ਨੀਤੀਆਂ ਜਾਰੀ ਰੱਖੀਆਂ, ਤਦ ਵੀ ਦੇਸ਼ ਦੇ ਕਰੋੜਾਂ ਲੋਕਾਂ ਦੀ ਰੋਟੀ, ਰੋਜ਼ੀ, ਗਰੀਬੀ ਤੇ ਭੁੱਖਮਰੀ ਦੇ ਮਸਲੇ ਹੱਲ ਨਹੀਂ ਹੋਣੇ ਤੇ ਨਾ ਹੀ ਕਰੋਨਾ ਮਹਾਂਮਾਰੀ ਤੋਂ ਛੁਟਕਾਰਾ ਹਾਸਲ ਹੋਣਾ ਹੈ। ਦੇਸ਼ ‘ਚ ਲੱਖਾਂ ਦੀ ਗਿਣਤੀ ‘ਚ ਪਹਿਲਾਂ ਹੀ ਅਣਗਿਣਤ ਧਾਰਮਿਕ ਅਸਥਾਨ ਮੌਜੂਦ ਹਨ, ਜਿੱਥੇ ਕਰੋੜਾਂ  ਲੋਕ ਆਪਣੀ ਆਸਥਾ ਅਨੁਸਾਰ ਤੀਰਥ ਯਾਤਰਾ ਕਰਨ ਜਾਂਦੇ ਹਨ। ਉਨ੍ਹਾਂ ਧਾਰਮਿਕ ਅਸਥਾਨਾਂ ‘ਚ ਇਕ ਹੋਰ ‘ਰਾਮ ਮੰਦਰ’ ਦਾ ਵਾਧਾ ਹੋ ਗਿਆ ਹੈ, ਜਿਸ ਨੂੰ ਧਾਰਮਿਕ ਟੂਰਿਜ਼ਮ ਦੇ ਪਸਾਰੇ ਲਈ ਵੱਡੀ ‘ਪ੍ਰਾਪਤੀ’ ਦਾ ਨਾਮ ਦਿੱਤਾ ਜਾ ਰਿਹਾ ਹੈ। ਇਸ ਰਾਮ ਮੰਦਰ ਦੀ ਉਸਾਰੀ ਬਾਰੇ ਕਿਸੇ ਨੂੰ ਕੋਈ ਉਜਰ ਨਾ ਹੁੰਦਾ, ਜੇਕਰ ਦੇਸ਼ ਦੀ ਸਰਵਉਚ ਅਦਾਲਤ ਇਸ ਝਗੜੇ ਵਾਲੀ ਜਗ੍ਹਾ ਬਾਰੇ ਆਪਣਾ ਫੈਸਲਾ ਦੇਸ਼ ਦੇ ਸੰਵਿਧਾਨ ਤੇ ਲੋਕਰਾਜੀ ਮਰਿਆਦਾਵਾਂ ਦੇ ਅਨੁਰੂਪ ਸੁਣਾਉਂਦੀ। ਕਿੰਨਾ ਆਪਾ ਵਿਰੋਧ ਹੈ ਨਿਆਂਪਾਲਕਾਂ ਦੇ ਨਿਰਣਿਆਂ ਅੰਦਰ! ਇਕ ਪਾਸੇ ਵਿਵਾਦਿਤ ਢਾਂਚਾ (ਬਾਬਰੀ ਮਸਜਿੱਦ) ਡੇਗਣ ਨੂੰ ਅਪਣੇ ਫੈਸਲੇ ਵਿਚ ਸੁਪਰੀਮ ਕੋਰਟ ਨੇ ਇਕ ਅਪਰਾਧਕ ਕਾਰਜ ਦਸਿਆ ਹੈ ਅਤੇ ਇਨ੍ਹਾਂ ਸੰਗੀਨ ਦੋਸ਼ਾਂ ਅਧੀਨ ਸ਼੍ਰੀ ਅਡਵਾਨੀ, ਓਮਾ ਭਾਰਤੀ ਆਦਿ ਅਨੇਕਾਂ ਭਾਜਪਾ ਨੇਤਾਵਾਂ ਉਪਰ ਲਖਨਉ ਸਥਿਤ ਸੀ.ਬੀ.ਆਈ. ਅਦਾਲਤ ਵਿਚ ਅਪਰਾਧਕ ਕੇਸ ਚਲ ਰਿਹਾ ਹੈ। ਸੁਪਰੀਮ ਕੋਰਟ ‘ਚ ਹੀ ਕਲਿਆਣ ਸਿੰਘ ਵਿਰੁੱਧ ਸੁਪਰੀਮ ਕੋਰਟ ਨੂੰ ਵਿਵਾਦਿਤ ਢਾਂਚੇ ਨੂੰ ਨਾ ਡੇਗੇ ਜਾਣ ਦੀ ਦਿੱਤੀ ਗਈ ਅੰਡਰਟੇਕਿੰਗ ਦੀ ਉਲੰਘਣਾ ਕਰਨ ਕਰਕੇ ਮਾਣਹਾਨੀ ਦਾ ਮੁਕੱਦਮਾ ਪਿਛਲੇ 28 ਸਾਲਾਂ ਤੋਂ ਲੰਬਿਤ ਪਿਆ ਹੈ। ਉਸੇ ਅਦਾਲਤ ਨੇ ਉਸੇ ਝਗੜੇ ਵਾਲੀ ਜਗ੍ਹਾ ਰਾਮ ਮੰਦਰ ਦੀ ਉਸਾਰੀ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ!
ਸੰਘ ਪਰਿਵਾਰ, ਭਾਜਪਾ ਤੇ ਮੋਦੀ ਸਰਕਾਰ ‘ਰਾਮ ਮੰਦਰ’ ਦੀ ਉਸਾਰੀ ਨੂੰ ਆਪਣੇ ਰਾਜਨੀਤਕ ਏਜੰਡੇ, ਧਰਮ ਅਧਾਰਤ ‘ਹਿੰਦੂ ਰਾਸ਼ਟਰ’ ਦੀ ਕਾਇਮੀ ਵੱਲ ਨੂੰ ਇਕ ਅਤੀ ਮਹੱਤਵਪੂਰਨ ਕਦਮ ਸਮਝਦੇ ਹਨ। ਜਿਸ ਤਰ੍ਹਾਂ ਦੇ ਭਾਸ਼ਣ ਤੇ ਪ੍ਰਤੀਕਰਮ ਸੰਘ ਤੇ ਭਾਜਪਾ ਆਗੂਆਂ ਵਲੋਂ ‘ਭੂਮੀ ਪੂਜਨ’ ਦੇ ਮੌਕੇ ਦਿੱਤੇ ਗਏ ਹਨ, ਉਹ ਇਸ ਉਪਰੋਕਤ ਤੱਥ ਦੀ ਗਵਾਹੀ ਭਰਦੇ ਸਨ। ਕੁਝ ਹਿੰਦੂ ਧਾਰਮਿਕ ਆਗੂਆਂ ਨੇ ਤਾਂ ਕਾਂਸ਼ੀ ਤੇ ਮਥੁਰਾ ਸਥਿਤ ਝਗੜੇ ਵਾਲੇ ਦੂਸਰੇ ਧਾਰਮਿਕ ਸਥਾਨਾਂ ‘ਤੇ ਹਿੰਦੂਆਂ ਦੇ ਹੱਕ ਜਤਾਉਣ ਦਾ ਨਵਾਂ ਦੌਰ ਸ਼ੁਰੂ ਵੀ ਕਰ ਦਿੱਤਾ ਹੈ, ਜੋ ਸੰਘ ਦੀਆਂ ਭਵਿੱਖੀ ਯੋਜਨਾਵਾਂ ਦਾ ਸੰਕੇਤ ਮਾਤਰ ਹੀ ਹੈ। ਇਹੋ ਜਿਹੇ ਝਗੜੇ ਵਾਲੇ ਹੋਰ ਕਈ ਸਥਾਨਾਂ ਉਪਰ ਗੰਭੀਰ ਫਿਰਕੂ ਵਿਵਾਦ ਪੈਦਾ ਹੋਣ ਦੀਆਂ ਸੰਭਾਵਨਾਵਾਂ ਨਿਰਮੂਲ ਨਹੀਂ ਹਨ।
ਇਸ ਗੱਲ ਦੀ ਤਸੱਲੀ ਹੈ ਕਿ ਦੂਜੇ ਬੰਨ੍ਹੇ ਦੇਸ਼ ਦੇ ਭਾਰੀ ਗਿਣਤੀ ਕਰੋੜਾਂ ਹਿੰਦੂ, ਜੋ ਦੇਸ਼ ਅੰਦਰ ਧਾਰਮਿਕ ਇਕਸੁਰਤਾ, ਭਰਾਤਰੀ ਭਾਵ ਤੇ ਅਮਨ ਸ਼ਾਂਤੀ ਕਾਇਮ ਰੱਖਣ ਦੇ ਹਾਮੀ ਹਨ ਤੇ ਸਮੁੱਚੀਆਂ ਧਾਰਮਿਕ ਘੱਟ ਗਿਣਤੀਆਂ, ਦਲਿਤ ਤੇ ਪਛੜਿਆ ਸਮਾਜ, ਇਸ ਤਰ੍ਹਾਂ ਦੀਆਂ ਕਾਰਵਾਈਆਂ ਤੋਂ ਚਿੰਤਾਤੁਰ ਵੀ ਹੈ ਤੇ ਇਨ੍ਹਾਂ ਦੇ ਵਿਰੋਧ ‘ਚ ਵੀ ਹਨ। ਧਰਮ ਨਿਰਪੱਖਤਾ, ਜਮਹੂਰੀਅਤ ਤੇ ਸਾਂਝੀਵਾਲਤਾ ਦੇ ਅਲੰਬਰਦਾਰ ਕਰੋੜਾਂ ਲੋਕ ਰਾਮ ਮੰਦਰ ਦੇ ਭੂਮੀ-ਪੂਜਨ ਦੇ ਮੌਕੇ ਗੋਦੀ ਮੀਡੀਆ ਰਾਹੀਂ ਕੀਤੇ ਗਏ ਇਕ ਪਾਸੜ ਪ੍ਰਚਾਰ ਦੇ ਬਾਵਜੂਦ ਪ੍ਰਧਾਨ ਮੰਤਰੀ ਦੇ ਰੂਪ ‘ਚ ਨਰਿੰਦਰ ਮੋਦੀ ਵਲੋਂ ਰੱਖੇ ਗਏ ਸ਼ਿਲਾਨਿਆਸ ਦੀ ਘਟਨਾ ਨੂੰ ਦੇਸ਼ ਦੇ ਜਮਹੂਰੀ, ਧਰਮ ਨਿਰਪੱਖ ਤੇ ਬਹੁਲਤਾ ਵਾਲੇ ਸਮਾਜ ਦੀਆਂ ਸਿਹਤਮੰਦ ਪ੍ਰੰਪਰਾਵਾਂ ਦੇ ਜੜ੍ਹੀਂ ਤੇਲ ਦੇਣ ਦੇ ਤੁਲ ਸਮਝਦੇ ਹਨ। ਜਾਪਦਾ ਹੈ ਕਿ ਖੁਸ਼ੀ ‘ਚ ਚੰਦ ਲੋਕਾਂ ਵਲੋਂ ਵਜਾਏ ਜਾ ਰਹੇ ਸ਼ੰਖਾਂ ਦੀਆਂ ਕੰਨ ਚੀਰਵੀਆਂ ਆਵਾਜ਼ਾਂ ਦੇ ਘੜਮੱਸ ਅੰਦਰ ਵੱਡੀ ਗਿਣਤੀ ਲੋਕਾਂ ਦੀਆਂ ਖਾਮੋਸ਼ ਪ੍ਰੰਤੂ ਰੋਹ ਭਰੀਆਂ ਭਾਵਨਾਵਾਂ ਨੂੰ ਸੁਣਨ ਦੀ ਸੰਵੇਦਨਸ਼ੀਲਤਾ ਸਦਾ-ਸਦਾ ਲਈ ਅਜੋਕੇ ਹਾਕਮਾਂ ਨੇ ਦਫਨ ਕਰ ਦਿੱਤੀ ਹੈ! ਜਿਸ ਆਜ਼ਾਦੀ ਦੀ ਜੱਦੋਜਹਿਦ ਅੰਦਰ ਕਰੋੜਾਂ ਭਾਰਤੀਆਂ ਨੇ ਧਰਮਾਂ, ਜ਼ਾਤਾਂ, ਰੰਗਾਂ ਤੇ ਇਲਾਕਾਈ ਭਿੰਨਤਾਵਾਂ ਨੂੰ ਪਾਸੇ ਰੱਖਦੇ ਹੋਏ ਭਾਗ ਲਿਆ ਤੇ ਜਿਸ ਤਰ੍ਹਾਂ ਦੇ ਆਜ਼ਾਦ ਭਾਰਤ ਦਾ ਸੁਪਨਾ ਲੋਕਾਂ ਨੇ ਲਿਆ ਸੀ, ਉਹ ਸਭ ਕੁਝ ਅੰਗਰੇਜ਼ ਸਾਮਰਾਜ ਦੇ ਹੱਕ ‘ਚ ਭੁਗਤੇ ਸੰਘੀ ਟੋਲੇ ਨੇ ਮਿੱਟੀ ‘ਚ ਮਿਲਾਉਣ ਦਾ ਨਾਪਾਕ ਯਤਨ ਕੀਤਾ ਹੈ। ਇੱਥੇ ਇਹ ਗੱਲ ਵੀ ਬਹੁਤ ਅਫਸੋਸਨਾਕ ਹੈ ਕਿ ਦੇਸ਼ ਦੀਆਂ ਲਗਭਗ ਸਾਰੀਆਂ ਹੀ ਸਰਮਾਏਦਾਰ ਜਗੀਰਦਾਰ ਜਮਾਤਾਂ ਦੀਆਂ ਰਾਜਸੀ ਪਾਰਟੀਆਂ, ਸਮੇਤ ਸਭ ਤੋਂ ਵੱਡੀ ਪਾਰਟੀ ਕਾਂਗਰਸ, ਨੇ ਇਸ ਸਾਰੇ ਘਟਨਾਕ੍ਰਮ ਦੀ ਸਪੱਸ਼ਟ ਸ਼ਬਦਾਂ ‘ਚ ਨਿਖੇਧੀ ਤਾਂ ਕੀ ਕਰਨੀ ਸੀ, ਬਲਕਿ ਵਿੰਗੇ ਟੇਢੇ ਢੰਗ ਨਾਲ ਹਮਾਇਤ ਕੀਤੀ ਹੈ। ਸੌੜੇ ਰਾਜਸੀ ਹਿੱਤਾਂ ਦੀ ਪੂਰਤੀ ਅਤੇ ਵੋਟ ਪ੍ਰਾਪਤੀ ਲਈ ਦੇਸ਼ ਦੇ ਸੰਵਿਧਾਨ ਤੇ ਧਰਮ ਨਿਰਪੱਖਤਾ ਦੇ ਅਸੂਲਾਂ ਨੂੰ ਪਿੱਠ ਦੇ ਦਿੱਤੀ ਗਈ ਹੈ।
ਪੰਜਾਬ ਤੇ ਇਸਦੇ ਨਾਲ ਲੱਗਦੇ ਖਿੱਤੇ ਦੇ ਲੋਕਾਂ ਲਈ ਅਯੁਧਿਆ ਵਿਖੇ ‘ਭੂਮੀ ਪੂਜਨ’ ਮੌਕੇ ਦਿੱਤੇ ਗਏ ਸੰਘੀ ਫਰਮਾਨਾਂ ਨੂੰ ਅਕਾਲੀ ਦਲ (ਬਾਦਲ) ਦੇ ਨੇਤਾਵਾਂ ਤੇ ਦੂਸਰੇ ਬੁੱਧੀਮਾਨ ਸਿੱਖ ਹਲਕਿਆਂ ਅੰਦਰ ਓਨੀ ਗੰਭੀਰਤਾ ਨਾਲ ਨਹੀਂ ਲਿਆ ਗਿਆ, ਜਿੰਨੀ ਗੰਭੀਰਤਾ ਦੀ ਮੌਜੂਦਾ ਨਾਜ਼ੁਕ ਦੌਰ ਅੰਦਰ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਸਿੱਖ ਧਰਮ ਦਾ ਸਾਰਾ ਮਾਨਵਵਾਦੀ ਫਲਸਫਾ ਹੀ ਉਸ ਸਨਾਤਨੀ ਤੇ ਮਨੂੰਵਾਦੀ ਪਿਛਾਖੜੀ ਵਿਚਾਰਧਾਰਾ ਦੇ ਪੂਰੀ ਤਰ੍ਹਾਂ ਉਲਟ ਹੈ, ਜਿਸ ਨੇ ਸਦੀਆਂ ਤੋਂ ਸਮਾਜ ਨੂੰ ਊਚ-ਨੀਚ, ਵੱਡੇ-ਛੋਟੇ ਤੇ ਅਮੀਰ-ਗਰੀਬ ਦੇ ਗੈਰ ਮਾਨਵੀ ਅੰਤਰਾਂ ‘ਚ ਵੰਡਿਆ ਹੋਇਆ ਹੈ। ਸੂਫੀ ਤੇ ਭਗਤੀ ਲਹਿਰ ਦੀ ਇਸ ਸੰਦਰਭ ‘ਚ ਬਹੁਤ ਹੀ ਉਚ ਪਾਇ ਦੀ ਭੂਮਿਕਾ ਹੈ, ਜਿਸਨੇ ਸਮਾਜ ਦੇ ਇਕ ਚੋਖੇ ਹਿੱਸੇ ਨੂੰ ਅੰਧ ਵਿਸ਼ਵਾਸਾਂ, ਪਿਛਾਂਹ ਖਿੱਚੂ ਰਸਮਾਂ ਰਿਵਾਜਾਂ ਤੇ ਗੈਰ ਮਾਨਵੀ ਮਾਨਤਾਵਾਂ ਪ੍ਰਤੀ ਜਾਗਰੂਕ ਕੀਤਾ ਹੈ।
ਜਿਸ ਬੇਸ਼ਰਮੀ ਦੀ ਹੱਦ ਤੱਕ ਪਟਨਾ ਸਾਹਿਬ ਦਾ ਸਾਬਕਾ ਜਥੇਦਾਰ ਇਕਬਾਲ ਸਿੰਘ ਗਰਕਿਆ ਹੈ, ਉਸਨੇ ਤਾਂ ਆਮ ਵਿਵੇਕਸ਼ੀਲ ਵਿਅਕਤੀਆਂ ਤੇ ਖਾਸਕਰ ਸਿੱਖਾਂ ਦੇ ਮਨਾਂ ਨੂੰ ਭਾਰੀ ਨਮੋਸ਼ੀ ‘ਚ ਸੁੱਟਿਆ ਹੈ। ਸਿੱਖਾਂ ਦੇ ਦੱਸਵੇਂ ਗੁਰੂ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ‘ਗੋਬਿੰਦ ਰਮਾਇਣ’ ਦੇ ਰਚੇਤਾ ਦੱਸ ਕੇ ਇਹ ਸਾਬਕਾ ਜਥੇਦਾਰ ਸੰਘੀ ਵਿਚਾਰਧਾਰਾ ਦੇ ਕੇਂਦਰ ਨਾਗਪੁਰ ‘ਚ ਤਾਂ ਕੁਝ ਬੁਰਕੀਆਂ ਹਾਸਲ ਕਰ ਲਵੇਗਾ, ਪੰਤੂ ਆਪਣੀ ਨਾਪਾਕ ਤੇ ਕਮੀਨਗੀ ਭਰੀ ਸੋਚ ਨਾਲ ਸਾਰੀ ਜ਼ਿੰਦਗੀ ਸਮਾਜ ਅੰਦਰ ਅੱਖਾਂ ਚੁੱਕ ਕੇ ਨਹੀਂ ਵਿਚਰ ਸਕੇਗਾ। ਸਮਾਂ ਆ ਗਿਆ ਹੈ ਕਿ ਸਮੂਹ ਪੰਜਾਬੀਆਂ ਤੇ ਖਾਸਕਰ ਸਿੱਖ ਜਨਸਮੂਹਾਂ ਨੂੰ, ਅਕਾਲੀ ਦਲ (ਬਾਦਲ) ਦੀ ਸੱਤਾ ਪ੍ਰਾਪਤੀ ਲਈ ਸਾਰੇ ਸਿੱਖੀ ਦੇ ਮਾਨਵੀ ਸਰੋਕਾਰਾਂ ਨੂੰ ਬੇਦਾਵਾ ਦੇਣ ਵਾਲੀ ਮੌਕਾਪ੍ਰਸਤ ਪਹੁੰਚ ਨੂੰ ਗੰਭੀਰਤਾ ਨਾਲ ਵਿਚਾਰ ਕੇ ਇਨ੍ਹਾਂ ਦੇ ਚਿਹਰਿਆਂ ਤੋਂ ਸਿੱਖੀ ਦੇ ਪਾਏ ਨਕਾਬ ਨੂੰ ਲਾਹ ਕੇ ਬੇਪਰਦ ਜ਼ਰੂਰ ਕਰਨਾ ਚਾਹੀਦਾ ਹੈ।
ਸੰਘ ਵਲੋਂ ਆਪਣੇ ਅਨੁਆਈਆਂ (ਸਵੈਮ ਸੇਵਕਾਂ) ਨੂੰ ਦਿੱਤੀ ਜਾਣ ਵਾਲੀ ਸਿੱਖਿਆ ਦੀ ਇਹ ਵਿਸ਼ੇਸ਼ ਖਾਸੀਅਤ ਹੈ ਕਿ ਉਹ ਆਪਣੇ ਪ੍ਰਚਾਰ ਰਾਹੀਂ ਲੋਕਾਂ ਦਾ ਧਿਆਨ ਉਨ੍ਹਾਂ ਦੇ ਅਸਲ ਮੁੱਦਿਆਂ ਤੋਂ ਪਰ੍ਹਾਂ ਹਟਾ ਕੇ ਅੰਨ੍ਹੀ ‘ਦੇਸ਼ ਭਗਤੀ’, ‘ਚਰਿੱਤਰ ਨਿਰਮਾਣ’, ‘ਹਿੰਦੂ-ਸੰਸਕਰਿਤੀ’ ਵਰਗੇ ਹਵਾਈ, ਗੈਰ ਜ਼ਰੂਰੀ ਤੇ ਫੁੱਟ ਪਾਊ ਮੁੱਦਿਆਂ ਵੱਲ ਨੂੰ ਕੇਂਦਰਤ ਕਰਨ ਲਈ ਕਿਹੜੇ-ਕਿਹੜੇ ਦੰਭੀ ਯਤਨ ਕਰਨ? ਕੁੱਝ ਸ਼ਰਾਰਤੀ ਲੋਕਾਂ ਵਲੋਂ ਪਾਲਘਰ (ਮਹਾਂਰਾਸ਼ਟਰ) ‘ਚ ਦੋ ਸਾਧੂਆਂ ਦੇ ਕਤਲ ਨੂੰ ਸਨਾਤਨੀ ਧਰਮ ‘ਤੇ ਹਮਲਾ ਦੱਸਣਾ, ‘ਤਬਲੀਗੀ ਜਮਾਤ’ ਦੀ ਦਿੱਲੀ ਵਿਖੇ ਕੀਤੀ ਗਈ ਇਕੱਤਰਤਾ ਦੇ ਸਿੱਟੇ ਵਜੋਂ ਦੇਸ਼ ਭਰ ‘ਚ ਕਰੋਨਾ ਫੈਲਾਉਣ ਲਈ ਮੁਸਲਮਾਨ ਭਾਈਚਾਰੇ ਨੂੰ ਜ਼ਿੰਮੇਵਾਰ ਠਹਿਰਾ ਕੇ ਬਦਨਾਮ ਕਰਨਾ, ‘ਰਾਮ ਮੰਦਰ’ ਦੀ ਉਸਾਰੀ ਲਈ ‘ਭੂਮੀ ਪੂਜਨ’ ਦੀ ਕਾਰਵਾਈ ਨੂੰ ਹਫਤਿਆਂ ਬੱਧੀ ਗੋਦੀ ਮੀਡੀਆ ਰਾਹੀਂ ਸਨਸਨੀ ਖੇਜ਼ ਢੰਗ ਨਾਲ ਪ੍ਰਚਾਰਨ, ਫਰਾਂਸ ਦੇ ਰਾਫੇਲ ਜਹਾਜ਼ਾਂ ਦੀ ਖਰੀਦ ਨੂੰ ਭਾਰਤ ਦੀ ਫੌਜੀ ਤਾਕਤ ਦੇ ਵਾਧੇ ਦੇ ਰੂਪ ‘ਚ ਦਰਸਾ ਕੇ ਖਤਰਨਾਕ ‘ਜੰਗੀ ਮਹੌਲ’ ਸਿਰਜਣ ਦੀ ਖੇਡ ਅਤੇ ਅਮਰੀਕਾ ਦੇ ਪੱਖ ‘ਚ ਖੜੇ ਹੋ ਕੇ ਭਾਰਤ-ਚੀਨ ਰਿਸ਼ਤਿਆਂ ਅੰਦਰ ਆਈ ਖਟਾਸ ਦੇ ਮੱਦੇ ਨਜ਼ਰ ‘ਐਟਮੀ ਬੰਬਾਂ’ ਦੀ ਲੜਾਈ ਨੂੰ ਦੁਸ਼ਮਣ ਦੇਸ਼ਾਂ ਦੀ ਤਬਾਹੀ ਦੱਸਦਿਆਂ ਖੁਸ਼ੀਆਂ ਮਨਾਉਣ ਦਾ ਡਰਾਮਾ ਨਾਗਪੁਰੀ (ਸੰਘੀ) ਵਿਚਾਰਧਾਰਾ ਦੇ ਖਤਰਨਾਕ ਮਨਸੂਬਿਆਂ ਦਾ ਹਿੱਸਾ ਹੈ। ਸਾਰੀ ਦੁਨੀਆਂ ਦੂਸਰੀ ਸੰਸਾਰ ਜੰਗ ਦੌਰਾਨ ਅਮਰੀਕਾ ਵਲੋਂ ਜਪਾਨ ਦੇੇਸ਼ ਦੇ ਹੀਰੋਸ਼ੀਮਾ-ਨਾਗਾਸਾਕੀ ਸ਼ਹਿਰਾਂ ਵਿਚ ਆਮ ਵਸੋਂ ਉਪਰ ਸਿੱਟੇ ਐਟਮੀ ਬੰਬ ਦੀ ਤਬਾਹੀ ਦਾ ਦਰਦਨਾਕ ਨਜ਼ਾਰਾ ਅਜੇ ਤੱਕ ਨਹੀਂ ਭੁੱਲੀ। ਜਪਾਨ ਸਮੇਤ ਸਾਰੀ ਦੁਨੀਆਂ ਦੇ ਲੋਕ ਤੇ ਸਰਕਾਰਾਂ ਇਸ ਐਟਮੀ ਤਬਾਹੀ ਦੀ 75ਵੀਂ ਬਰਸੀ ਮੌਕੇ ਸੰਸਾਰ ਭਰ ਦੇ ਦੇਸ਼ਾਂ ਨੂੰ ਐਟਮੀ ਹਥਿਆਰਾਂ ਦੀ ਵਰਤੋਂ ਉਪਰ ਪੂਰਨ ਪਾਬੰਦੀ ਲਾਉਣ ਦੀਆਂ ਅਪੀਲਾਂ ਕਰ ਰਹੇ ਹਨ ਤੇ ‘ਗੋਦੀ ਮੀਡੀਆ’ ਐਟਮੀ ਬੰਬਾਂ ਦੀ ਮਾਰੂ ਸ਼ਕਤੀ ਦਾ ਗੁਣਗਾਨ ਕਰ ਰਿਹਾ ਹੈ। ਵਿਚਾਰਨ ਦੀ ਗੱਲ ਇਹ ਹੈ ਕਿ ਅਯੁਧਿਆ ਵਿਖੇ ਰਾਮ ਮੰਦਰ ਦੀ ਉਸਾਰੀ ਦੇ ਫਲਸਰੂਪ (ਜਿਵੇਂ ਕੁਝ ਭਾਜਪਾ ਆਗੂ ਤੇ ਸੰਤ ਫਰਮਾ ਰਹੇ ਹਨ) ਕੀ ਦੇਸ਼ ਕਰੋਨਾ ਮਹਾਂਮਾਰੀ ਤੋਂ ਮੁਕਤੀ ਹਾਸਲ ਕਰ ਪਾਏਗਾ? ਕੀ ਕਰੋੜਾਂ ਲੋਕਾਂ ਨੂੰ ਗਰੀਬੀ ਤੇ ਬੇਕਾਰੀ ਤੋਂ ਨਿਜ਼ਾਤ ਮਿਲ ਸਕੇਗੀ? ਕੀ ਜਿਨ੍ਹਾ ਲੋਕਾਂ ਦੇ ਬੱਚੇ ਛੋਟੀ ਉਮਰੇ ਸਕੂਲੇ ਜਾਣ ਦੀ ਥਾਂ ਗੰਦਗੀ ਦੇ ਢੇਰਾਂ ਤੋਂ ‘ਕੁਝ ਖਾਣ ਲਈ’ ਲੱਭਦੇ ਫਿਰਦੇ ਹਨ, ਉਨ੍ਹਾਂ ਦੇ ਭੁੱਖੇ ਢਿੱਡਾਂ ਅੰਦਰ ਕੋਈ ਅਨਾਜ ਦਾ ਕਿਣਕਾ ਜਾ ਸਕੇਗਾ? ਕੀ ਸਦੀਆਂ ਤੋਂ ਚਲ ਰਹੀ ਜਾਤੀਪਾਤੀ ਸਮਾਜਿਕ ਵਿਤਕਰੇ ਤੇ ਜ਼ੁਲਮ ਦੀ ਪੀੜਾ ਤੋਂ ਛੁਟਕਾਰਾ ਹਾਸਲ ਹੋ ਜਾਏਗਾ ਦਲਿਤਾਂ ਤੇ ਅਛੂਤ ਸਮਝੇ ਜਾਂਦੇ ਧਰਤੀ ਪੁੱਤਰਾਂ ਨੂੰ?  ਸਭ ਤੋਂ ਉਪਰ ਕੀ ਔਰਤਾਂ ਨਾਲ ਹੋ ਰਹੇ ਅਤਿਆਚਾਰਾਂ ਦਾ ਖਾਤਮਾ ਮੋਦੀ ਸਰਕਾਰ ਵਲੋਂ ਸਮਾਜ ਉਪਰ ਥੋਪੀ ਜਾ ਰਹੀ ”ਮਨੂੰਵਾਦੀ” ਸਮਾਜਿਕ ਵਿਵਸਥਾ ਕਰ ਸਕੇਗੀ ਜਾਂ ਇਸ ‘ਚ ਹੋਰ ਵਾਧਾ ਕਰੇਗੀ? ਧਾਰਮਿਕ ਘੱਟ ਗਿਣਤੀਆਂ ਨਾਲ ਸੰਬੰਧਤ ਲੋਕਾਂ ਦੇ ਇਹ ਖਦਸ਼ੇ ਨਿਰਮੂਲ ਨਹੀਂ ਹਨ ਕਿ ਦੇਸ਼ ਅੰਦਰ ‘ਹਿੰਦੂ ਰਾਸ਼ਟਰ” ਦੀ ਕਾਇਮੀ ਪਿਛੋਂ ਉਨ੍ਹਾਂ ਵਿਰੁੱਧ ਅਣਕਿਆਸੇ ਅੱਤਿਆਚਾਰ ਹੋਣ ਵਾਲੇ ਹਨ। ਜਿਵੇਂ ਸ਼ੁੱਕਰਵਾਰ 7 ਅਗਸਤ ਨੂੰ ਰਾਜਸਥਾਨ ਦੇ ਜ਼ਿਲ੍ਹੇ ਸੀਕਰ ਵਿਚ ਇਕ ਗੱਫ਼ਾਰ ਅਹਿਮਦ ਕਛਾਵਾ (52 ਸਾਲ) ਨਾਮੀ ਮੁਸਲਮਾਨ ਆਟੋ ਰਿਕਸ਼ਾ ਚਾਲਕ, ਨੂੰ ਦੋ ਗੁੰਡਾ ਤੱਤਾਂ ਵਲੋਂ ਇਸ ਕਰਕੇ ਬੇਰਹਿਮੀ ਨਾਲ ਕੁੱਟਿਆ ਗਿਆ, ਕਿਉਂਕਿ ਉਸਨੇ ਉਨ੍ਹਾਂ ਗੁੰਡਿਆਂ ਦੇ ਕਹਿਣ ‘ਤੇ ‘ਮੋਦੀ ਜ਼ਿੰਦਾਬਾਦ’, ਤੇ ‘ਜੈ ਸ਼੍ਰੀ ਰਾਮ’ ਦਾ ਨਾਅਰਾ ਨਹੀਂ ਸੀ ਲਾਇਆ। ਜਬਾੜਾ ਟੁੱਟਣ ਨਾਲ ਸਖਤ ਜ਼ਖ਼ਮੀ ਹਾਲਤ ‘ਚ ਪੀੜਤ ਵਿਅਕਤੀ ਹਸਪਤਾਲ ਦਾਖਲ ਹੈ।
ਉਂਝ ਜੇਕਰ ਸਾਰੀ ਦੁਨੀਆਂ ਦੇ ਦੇਸ਼ਾਂ ਦੇ ਹੁਕਮਰਾਨ ਆਪੋ-ਆਪਣੇ ਦੇਸ਼ਾਂ ਅੰਦਰ ਬਹੁਗਿਣਤੀ ਲੋਕਾਂ ਦੇ ਧਰਮ ਉਪਰ ਅਧਾਰਤ ‘ਧਾਰਮਿਕ ਦੇਸ਼’ ਬਣਾਉਣ ਦਾ ਐਲਾਨ ਕਰ ਦੇਣ ਤੇ ਉਥੋਂ ਦੀਆਂ ਧਾਰਮਿਕ ਘੱਟ ਗਿਣਤੀਆਂ ਨਾਲ ਭਾਰਤ ਵਰਗਾ ਸਲੂਕ ਕਰਨਾ ਸ਼ੁਰੂ ਕਰ ਦੇਣ, ਤਦ ਫਿਰ ਸੰਸਾਰ ਭਰ ‘ਚ ਕੀ ਵਾਪਰੇਗਾ? ਦੁਨੀਆਂ ਭਰ ‘ਚ ਬਦਅਮਨੀ, ਆਤੰਕ ਤੇ ਅਰਾਜਕਤਾ ਨਹੀਂ ਫੈਲ ਜਾਵੇਗੀ? ਪਰ ਤਰਕ ਨਾਲ ਸੋਚਣ ਦਾ ਕਿਥੇ ਵਿਹਲ ਹੈ ਸੰਕੀਰਨ ਫਿਰਕੂ ਸੋਚ ਦੇ ਧਾਰਨੀ ਸੰਘ ਪਰਿਵਾਰ ਕੋਲ?
ਭਾਰਤ ਅੰਦਰ ਸੰਘ ਪਰਿਵਾਰ ਤੇ ਮੋਦੀ ਸਰਕਾਰ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਸਾਮਰਾਜ ਸਮਰਥਤ ਨਵਉਦਾਰਵਾਦੀ ਆਰਥਿਕ ਨੀਤੀਆਂ ਦਾ ਸ਼੍ਰੀ ਗਣੇਸ਼ ਗੁਜਰਾਤ ਤੋਂ ਉਦੋਂ ਕੀਤਾ ਸੀ, ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ। ਗੁਜਰਾਤ ਸਮੇਤ ਅੱਜ ਸਾਰਾ ਦੇਸ਼ ਉਨ੍ਹਾਂ ਲੋਕ ਮਾਰੂ ਆਰਥਿਕ ਨੀਤੀਆਂ ਦਾ ਖਮਿਆਜ਼ਾ ਭੁਗਤ ਰਿਹਾ ਹੈ। ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ‘ਚ ਮੋਦੀ ਨੇ ਰਾਮ ਮੰਦਰ ਦਾ ਸ਼ਿਲਾਨਿਆਸ ਰੱਖਦੇ ਹੋਏ ਯੂ.ਪੀ. ਦੇ ਮੁੱਖ ਮੰਤਰੀ ਆਦਿਤਿਆ ਨਾਥ ਯੋਗੀ ਨੂੰ ਸਭ ਤੋਂ ‘ਉਤਮ ਮੁੱਖ ਮੰਤਰੀ’ ਦੀ ਪਦਵੀ ਦੇ ਦਿੱਤੀ ਹੈ। ਯੋਗੀ ਸ਼ਾਸਤ ਯੂ.ਪੀ. ‘ਚ ਜਿੰਨੀ ਗੁੰਡਾਗਰਦੀ ਹੋ ਰਹੀ ਹੈ ਤੇ ਮੁਸਲਮਾਨ ਘੱਟ ਗਿਣਤੀ ਦੇ ਲੋਕਾਂ ਤੇ ਅਗਾਂਹਵਧੂ ਬੁੱਧੀਜੀਵੀਆਂ ਨੂੰ ਬਿਨਾਂ ਕੋਈ ਅਪਰਾਧ ‘ਦੇਸ਼ ਧ੍ਰੋਹ’ ਦੇ ਕੇਸਾਂ ਅੰਦਰ ਜੇਲ੍ਹੀਂ ਡੱਕਿਆ ਜਾ ਰਿਹਾ ਹੈ, ਉਹ ਭਵਿੱਖ ਦੇ ਫਿਰਕੂ ਫਾਸ਼ੀਵਾਦੀ ਰਾਜ ਦਾ ਟਰੇਲਰ ਮਾਤਰ ਹੈ। ਯੂ.ਪੀ. ਤੇ ਦਿੱਲੀ ‘ਚ ਜਿਹੜੇ ਲੋਕੀਂ ਫਿਰਕੂ ਦੰਗਿਆਂ ਦੌਰਾਨ ਸੰਘੀ ਤੱਤਾਂ ਹੱਥੋਂ ਹਿੰਸਾ ਦਾ ਸ਼ਿਕਾਰ ਹੋਏ, ਉਨ੍ਹਾਂ ਉਪਰ ਹੀ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ।  ਹੁਣ ਸਮੂਹ ਦੇਸ਼ ਭਗਤ ਤੇ ਅਗਾਂਹ ਵਧੂ ਲੋਕਾਂ ਨੇ ਸੋਚਣਾ ਹੈ ਕਿ ਇਕੱਠੇ ਹੋ ਕੇ ਸੰਘ ਪਰਿਵਾਰ ਦੇ ਇਸ ਫਿਰਕੂ ਫਾਸ਼ੀਵਾਦੀ ਏਜੰਡੇ ਦਾ ਟਾਕਰਾ ਕਿਵੇਂ ਕਰੀਏ ਤਾਂ ਕਿ ਦੇਸ਼ ਦੇ ਧਰਮ ਨਿਰਪੱਖ ਤੇ ਜਮਹੂਰੀ ਢਾਂਚੇ ਦੀ ਰਾਖੀ ਕਰਦਿਆਂ ਸਮਾਜਵਾਦੀ ਤਬਦੀਲੀ (ਸੋਸ਼ਲਿਜ਼ਮ) ਵੱਲ ਨੂੰ ਅੱਗੇ ਵਧਿਆ ਜਾ ਸਕੇ? ਇਨ੍ਹਾਂ ਸ਼ਬਦਾਂ (ਸਮਾਜਵਾਦ ਤੇ ਧਰਮ ਨਿਰਪੱਖਤਾ) ਦੇ ਜ਼ਿਕਰ ਨੂੰ ਵੀ ਭਾਜਪਾ ਆਗੂ ਭਾਰਤੀ ਸੰਵਿਧਾਨ ਵਿਚੋਂ ਹਟਾਉਣਾ ਚਾਹੁੰਦੇ ਹਨ, ਜਦ ਕਿ ਕਿਰਤੀ ਲੋਕਾਂ ਦਾ ਭਲਾ ਪੂੰਜੀਵਾਦ (ਲੁੱਟ ਖਸੁੱਟ ਵਾਲਾ ਢਾਂਚਾ) ਨੂੰ ਖਤਮ ਕਰਕੇ ਸਾਂਝੀਵਾਲਤਾ (ਸਮਾਜਵਾਦ) ਵਾਲੇ ਪ੍ਰਬੰਧ ਦੀ ਕਾਇਮੀ ਨਾਲ ਹੀ ਸੰਭਵ ਹੋ ਸਕਦਾ ਹੈ। ਸੰਘ ਵਿਚਾਰਧਾਰਾ ਗਰੀਬੀ-ਅਮੀਰੀ ਤੇ ਊਚ ਨੀਚ ਵਾਲੀ ਵਿਵਸਥਾ ਦੀ ਕਾਇਮੀ ਲਈ ਪ੍ਰਤੀਬੱਧ ਹੈ ਤੇ ਸਮੂਹ ਮਿਹਨਤਕਸ਼ ਲੋਕ ਇਨ੍ਹਾਂ ਬੁਰਾਈਆਂ ਦਾ ਖਾਤਮਾ ਚਾਹੁੰਦੇ ਹਨ। ਲੜਾਈ ਸਖਤ ਹੈ, ਪ੍ਰੰਤੂ ਇਤਿਹਾਸ ਅੰਦਰ ‘ਸੱਚ’ ਜਿੱਤਦਾ ਹੈ, ਭਾਵੇਂ ਦੇਰ ਨਾਲ ਹੀ ਸਹੀ।

Scroll To Top