ਜਲੰਧਰ, 22 ਫ਼ਰਵਰੀ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਸੂਬਾਈ ਵਰਕਿੰਗ ਕਮੇਟੀ ਦੀ ਮੀਟਿੰਗ ਜਲੰਧਰ ਵਿਖੇ ਸਾਥੀ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਨੂੰ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਸੰਬੋਧਨ ਕੀਤਾ। ਮੀਟਿੰਗ ਵੱਲੋਂ ਬੇਜ਼ਮੀਨੇ ਪੇਂਡੂ ਕਿਰਤੀਆਂ ਦੀਆਂ ਫੌਰੀ ਮੰਗਾਂ ਦਾ ਮੰਗ ਪੱਤਰ ਤਿਆਰ ਕੀਤਾ ਗਿਆ ਅਤੇ ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਪੜਾਅਵਾਰ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਗਿਆ।
ਸੰਘਰਸ਼ ਦੀ ਕਾਮਯਾਬੀ ਲਈ ਵਿਸ਼ਾਲ ਲਾਮਬੰਦੀ ਦੇ ਉਦੇਸ਼ ਤਹਿਤ ਇੱਕ ਹਜ਼ਾਰ ਤੋਂ ਵਧੇਰੇ ਪਿੰਡਾਂ ਵਿੱਚ ਜਨਤਕ ਇਕੱਠ ਕਰਨ ਅਤੇ ਪਿੰਡ ਕਮੇਟੀਆਂ ਬਨਾਉਣ ਉਪਰੰਤ 17 ਤੋਂ 30 ਮਾਰਚ ਤੱਕ ਇਲਾਕਾ ਪੱਧਰ ਦੀਆਂ ਕਾਨਫਰੰਸਾਂ ਕਰਨ ਦਾ ਫੈਸਲਾ ਕੀਤਾ ਗਿਆ।
ਉਕਤ ਸਮੁੱਚੀ ਮੁਹਿੰਮ ਦੌਰਾਨ ਮੌਜੂਦਾ ਵਿੱਤੀ ਵਰ੍ਹੇ ਦੇ ਕੇੰਦਰੀ ਬਜ਼ਟ ਦੀਆਂ ਗਰੀਬ ਦੋਖੀ-ਧਨਾਢ ਪੱਖੀ ਤਜ਼ਵੀਜਾਂ, ਡੀਜ਼ਲ-ਪੈਟਰੋਲ ਅਤੇ ਰਸੋਈ ਗੈਸ ਦੀਆਂ ਨਿੱਤ ਵਧਦੀਆਂ ਕੀਮਤਾਂ, ਗਰੀਬਾਂ ਸਿਰ ਮੜ੍ਹੇ ਜਾ ਰਹੇ ਮਨਾਂ ਮੂੰਹੀਂ ਟੈਕਸਾਂ/ਸੈਸਾਂ ਖਿਲਾਫ਼ ਵੀ ਜਨ ਲਾਮਬੰਦੀ ਕੀਤੀ ਜਾਵੇਗੀ।
ਮੀਟਿੰਗ ਵੱਲੋਂ ਸੰਜੀਦਗੀ ਨਾਲ ਨੋਟ ਕੀਤਾ ਗਿਆ ਕਿ ਮੋਦੀ ਸਰਕਾਰ ਵੱਲੋਂ ਬੀਤੇ ਵਰ੍ਹੇ ਬਣਾਏ ਗਏ ਖੇਤੀ ਨਾਲ ਸਬੰਧਤ ਕਾਲੇ ਕਾਨੂੰਨ, ਬਿਜਲੀ ਸੋਧ ਬਿੱਲ-2020 ਨਾ ਕੇਵਲ ਕਿਸਾਨਾਂ-ਖੇਤ ਮਜ਼ਦੂਰਾਂ ਬਲਕਿ ਕਰੋੜਾਂ ਖਪਤਕਾਰਾਂ ਅਤੇ ਸਮੁੱਚੀ ਕਿਰਤੀ ਵਸੋਂ ਦਾ ਘਾਣ ਕਰਨ ਵਾਲੇ ਹਨ। ਇਨ੍ਹਾਂ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਜੂਹਾਂ ਤੇ ਜਾਰੀ ਮਜ਼ਦੂਰ-ਕਿਸਾਨ ਮੋਰਚੇ ਵਿੱਚ ਵਧੇਰੇ ਤੋਂ ਵਧੇਰੇ ਪੇਂਡੂ ਤੇ ਸ਼ਹਿਰੀ ਕਿਰਤੀਆਂ ਦੀ ਸ਼ਮੂਲੀਅਤ ਲਈ ਸਿਰਤੋੜ ਯਤਨ ਕੀਤੇ ਜਾਣਗੇ।
ਕੌਮਾਂਤਰੀ ਇਸਤਰੀ ਦਿਵਸ, 8 ਮਾਰਚ ਨੂੰ ਪਿੰਡਾਂ ਤੇ ਸ਼ਹਿਰੀ ਮੁਹੱਲਿਆਂ ਵਿੱਚ ਇਸਤਰੀ ਸਭਾਵਾਂ ਕਰਨ ਦਾ ਵੀ ਨਿਰਣਾ ਲਿਆ ਗਿਆ।
ਜੱਥੇਬੰਦੀ ਦੀ ਬਿਹਤਰੀ ਲਈ ਸਾਥੀ ਬਲਦੇਵ ਸਿੰਘ ਨੂਰਪੁਰੀ ਨੂੰ ਸੂਬਾਈ ਵਰਕਿੰਗ ਕਮੇਟੀ ਵਿੱਚ ਸ਼ਾਮਲ ਕਰਦਿਆਂ ਮੀਤ ਸਕੱਤਰ ਅਤੇ ਮੀਡੀਆ ਕੋਆਰਡੀਨੇਟਰ ਵਜੋਂ ਸੇਵਾਵਾਂ ਨਿਭਾਉਣ ਦੀ ਜਿੰਮੇਵਾਰੀ ਸੌਂਪੀ ਗਈ।
ਇਹ ਵੀ ਫੈਸਲਾ ਕੀਤਾ ਗਿਆ ਕਿ ਜਲਦ ਹੀ ਦੂਸਰੀਆਂ ਮਜ਼ਦੂਰ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਸਾਂਝਾ ਸੰਘਰਸ਼ ਲਾਮਬੰਦ ਕਰਨ ਦੇ ਯਤਨ ਕੀਤੇ ਜਾਣਗੇ।
