
ਨਵੀਂ ਦਿੱਲੀ, 14 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ”ਸਮੂਹ ਕਿਸਾਨ ਤੇ ਮਿਹਨਤਕਸ਼ ਲੋਕ 26 ਜਨਵਰੀ ਦੇ ਦਿੱਲੀ ਟਰੈਕਟਰ ਮਾਰਚ ‘ਚ ਸ਼ਾਮਲ ਹੋ ਕੇ ਦੇਸ਼ ਦੇ ਜਮਹੂਰੀ ਇਤਿਹਾਸ ‘ਚ ਇਕ ਨਵਾਂ ਰਿਕਾਰਡ ਸਥਾਪਤ ਕਰਨਗੇ, ਜੋ ਮੋਦੀ ਸਰਕਾਰ ਨੂੰ ਖੇਤੀਬਾੜੀ ਨਾਲ ਸਬੰਧਤ ‘ਤਿੰਨ ਕਾਲੇ ਕਾਨੂੰਨਾਂ’ ਨੂੰ ਵਾਪਸ ਲੈਣ ਲਈ ਮਜ਼ਬੂਰ ਕਰ ਦੇਵੇਗਾ। ਪਹਿਲਾਂ ਦੀ ਤਰ੍ਹਾਂ ਪੂਰੇ ਅਨੁਸ਼ਾਸ਼ਨ ਤੇ ਸ਼ਾਂਤਪੂਰਨ ਢੰਗ ਨਾਲ ਕਿਸਾਨੀ ਦਾ ਇਹ ਮਾਣ ਮੱਤਾ ਅੰਦੋਲਨ ਕੇਂਦਰੀ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਰਾਹੀਂ ਅੰਦੋਲਨ ਨੂੰ ਲੰਬਾ ਕਰਕੇ ਅਸਫਲ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਅਸਫਲ ਬਣਾ ਦੇਵੇਗਾ।”
ਇਹ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਜਨਰਲ ਸਕੱਤਰ ਕਾਮਰੇਡ ਕੁਲਵੰਤ ਸਿੰਘ ਸੰਧੂ ਨੇ ਇਕ ਪ੍ਰੈਸ ਬਿਆਨ ‘ਚ ਕੀਤਾ। ਕਿਸਾਨ ਆਗੂਆਂ ਨੇ ਸਰਕਾਰੀ ਏਜੰਸੀਆਂ ਤੇ ‘ਗੋਦੀ ਮੀਡੀਆ’ ਵਲੋਂ ਕਿਸਾਨ ਅੰਦੋਲਨ ਬਾਰੇ ਫੈਲਾਈਆਂ ਜਾ ਰਹੀਆਂ ਝੂਠੀਆਂ ਅਫਵਾਹਾਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਸੰਘ ਪਰਿਵਾਰ ਪਹਿਲਾਂ ਹੀ ”ਗੋਬਲਜ਼ ਮਾਰਕਾ” ਝੂਠ ਬੋਲਣ ‘ਚ ਮਾਹਰ ਹੈ, ਪ੍ਰੰਤੂ ਜਾਗਰੂਕ ਕਿਸਾਨ ਇਨ੍ਹਾਂ ਸਾਰੀਆਂ ਸਰਕਾਰੀ ਕੁਚਾਲਾਂ ਨੂੰ ਫੇਲ੍ਹ ਕਰ ਦੇਣਗੇ।
ਸਰਵ ਉਚ ਅਦਾਲਤ ਵਲੋਂ ਤਿੰਨ ਖੇਤੀਬਾੜੀ ਕਾਨੂੰਨਾਂ ਬਾਰੇ ਵਿਚਾਰ-ਵਟਾਂਦਰੇ ਲਈ ਗਠਿਤ ਕੀਤੀ ਗਈ 4 ਮੈਂਬਰੀ ਕਮੇਟੀ ਬਾਰੇ ਸਾਥੀ ਸੰਧੂ ਨੇ ਕਿਹਾ ਕਿ ਇਸ ਫੈਸਲੇ ਨਾਲ ਲੋਕਾਂ ਦੇ ਮਨਾਂ ਅੰਦਰ ਨਿਆਂ ਪਾਲਕਾ ਪ੍ਰਤੀ ਭਾਰੀ ਨਿਰਾਸ਼ਤਾ ਫੈਲ ਗਈ ਹੈ। ਜਿਹੜੇ ਚਾਰ ਵਿਅਕਤੀਆਂ ਦੀ ਕਮੇਟੀ ਬਣਾਈ ਗਈ ਹੈ, ਉਹ ਤਾਂ ਪਹਿਲਾਂ ਹੀ ਇਨ੍ਹਾਂ ਕਾਲੇ ਕਾਨੂੰਨਾਂ ਦਾ ਗੁਣਗਾਨ ਜਨਤਕ ਰੂਪ ‘ਚ ਕਰ ਰਹੇ ਹਨ। ਅਜਿਹੇ ਲੋਕਾਂ ਤੋਂ ਲਹੂ ਵੀਟਵੇਂ ਇਸ ਸੰਘਰਸ਼ ‘ਚ ਕੁੱਦੀ ਕਿਸਾਨੀ ਨੂੰ ਇਨਸਾਫ ਦੀ ਆਸ ਕੀ ਹੋ ਸਕਦੀ ਹੈ?
ਕਿਸਾਨ ਆਗੂਆਂ ਨੇ ਕਿਹਾ ਕਿ ਅਜੇ ਵੀ ਸਮਾਂ ਹੈ ਕਿ ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲਵੇ ਤੇ ਬਾਕੀ ਮੰਗਾਂ ਦਾ ਯੋਗ ਨਿਪਟਾਰਾ ਕਰੇ। ਮੋਦੀ ਸਰਕਾਰ ਦਾ ਇਹ ਵਹਿਮ 26 ਜਨਵਰੀ ਦਾ ‘ਟਰੈਕਟਰ ਮਾਰਚ’ ਦੂਰ ਕਰ ਦੇਵੇਗਾ ਕਿ ਟਾਲ ਮਟੋਲ ਦੀ ਨੀਤੀ ਨਾਲ ਲੰਬੇ ਕੀਤੇ ਜਾ ਰਹੇ ਕਿਸਾਨ ਸੰਘਰਸ਼ ਤੋਂ ਲੋਕੀ ਨਿਰਾਸ਼ ਹੋ ਜਾਣਗੇ ਤੇ ਸੰਘਰਸ਼ ਕਮਜ਼ੋਰ ਪੈ ਜਾਵੇਗਾ। ਗੁਰੂ ਨਾਨਕ ਦੀ ਫਿਲਾਸਫੀ ਤੋਂ ਸੇਧ ਲੈ ਕੇ ਜਲ੍ਹਿਆਂ ਵਾਲੇ ਬਾਗ ਦੀ ਧਰਤੀ ਤੋਂ ਉਠਿਆ ਇਹ ਕਿਸਾਨੀ ਘੋਲ ਹਰ ਪਲ ਜਿੱਤ ਵੱਲ ਅੱਗੇ ਵੱਧ ਰਿਹਾ ਹੈ।