ਅਜਨਾਲਾ : ਅੱਜ ਅਜਨਾਲਾ ਦੇ ਬਜ਼ਾਰਾਂ ਤੇ ਮੁਹਲਿਆਂ ‘ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੇ ਸੂਬਾ ਸਕੱਤਰੇਤ ਮੈਂਬਰ ਡਾ: ਸਤਨਾਮ ਸਿੰਘ ਅਜਨਾਲਾ, ਸੂਬਾ ਕਮੇਟੀ ਮੈਂਬਰ ਸ਼ੀਤਲ ਸਿੰਘ ਤਲਵੰਡੀ ਤੇ ਤਹਿਸੀਲ ਸਕੱਤਰ ਕਾ: ਗੁਰਨਾਮ ਸਿੰਘ ਉਮਰਪੁਰਾ ਦੀ ਸਾਂਝੀ ਪ੍ਰਧਾਨਗੀ ‘ਚ ਤਹਿਸੀਲ ਭਰ ਦੇ ਸੈਂਕੜੇ ਕਾਰਕੁੰਨਾਂ ਤੇ ਸਮਰਥਕਾਂ ਨੇ ਪੈਟਰੋਲ, ਡੀਜ਼ਲ, ਰਸੋਈ ਗੈਸ ‘ਤੇ ਲਗਾਤਾਰ ਵਧਾਈ ਜਾ ਰਹੀ ਬੇਲੋੜੀ ਐਕਸਾਈਜ਼ ਡਿਊਟੀ ਤੇ ਸੂਬੇ ਦੀ ਕੈਪਟਨ ਸਰਕਾਰ ਵਲੋਂ ਲਗਾਏ ਗਏ ਵੈਟ ਕਾਰਨ ਪੈਟਰੋਲੀਅਮ ਵਸਤਾਂ ਦੀਆਂ ਵਧੀਆਂ ਅਸਿਹ ਕੀਮਤਾਂ ਵਿਰੁੱਧ ਲੋਕ ਆਵਾਜ਼ ਬੁਲੰਦ ਕਰਨ ਅਤੇ ਸਰਕਾਰਾਂ ਦੇ ਇਨ੍ਹਾਂ ਲੋਕ ਮਾਰੂ ਨੀਤੀਆਂ ਨੂੰ ਮੋੜਾ ਦੇਣ ਲਈ ਜ਼ਬਰਦਸਤ ਰੋਸ ਮਾਰਚ ਤੇ ਮੁਜ਼ਾਹਰਾ ਕਰਕੇ ਸੜਕੀ ਜਾਮ ਲਗਾਉਣ ਉਪਰੰਤ ਮੋਦੀ ਤੇ ਕੈਪਟਨ ਸਰਕਾਰ ਦਾ ਪੁੱਤਲਾ ਫੂਕ ਪਿੱਟ ਸਿਆਪਾ ਕੀਤਾ | ਮੁਜ਼ਾਹਰਾਕਾਰੀਆਂ ਨੇ ਆਪਣੇ ਹੱਥਾਂ ਵਿਚ ਲਾਲ ਝੰਡੇ ਫੜੇ ਹੋਏ ਸਨ ਅਤੇ ਉਨ੍ਹਾਂ ਵਲੋਂ ਸਰਕਾਰਾਂ ਵਿਰੁੱਧ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ | ਇਸ ਤੋਂ ਪਹਿਲਾਂ ਸ਼ਹਿਰ ‘ਚ ਪਾਰਟੀ ਦੇ ਤਹਿਸੀਲ ਹੈੱਡਕੁਆਟਰ ਦਫਤਰੀ ਕੰਪਲੈਕਸ ਵਿਖੇ ਕਰਵਾਈ ਗਈ ਤਹਿਸੀਲ ਪੱਧਰੀ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਮੋਦੀ ਸਰਕਾਰ ਨੂੰ ਆੜੇ ਹੱਥੀਂ ਲਿਆ ਅਤੇ ਦੋਸ਼ ਲਾਇਆ ਕਿ ਦੇਸ਼ ‘ਚ ਪੈਟਰੋਲ, ਡੀਜ਼ਲ ਤੇ ਗੈਸ ਦੇ ਅਥਾਹ ਭੰਡਾਰ ਹੋਣ ਦੇ ਬਾਵਜੂਦ ਵੱਡੇ ਘਰਾਣਿਆਂ ਤੇ ਕਾਰਪੋਰੇਟ ਸੈਕਟਰ, ਦਲਾਲਾਂ ਨੂੰ ਅੰਨ੍ਹਾ ਲਾਭ ਪਹੁੰਚਾਉਣ ਤੇ ਕਥਿਤ ਭਿ੍ਸ਼ਟਾਚਾਰੀ ਲਈ ਬਾਹਰਲੇ ਦੇਸ਼ਾਂ ਤੋਂ ਪੈਟਰੋਲੀਅਮ ਵਸਤਾਂ ਮਹਿੰਗੇ ਭਾਅ ਤੇ ਦਰਾਮਦ ਕੀਤੀਆਂ ਜਾ ਰਹੀਆਂ ਹਨ | ਨਤੀਜੇ ਵਜੋਂ ਅਤਿ ਦੀ ਮਹਿੰਗਾਈ ਵਧਣ ਕਾਰਨ ਲੋਕਾਂ ਦਾ ਜਿਊਣਾ ਦੁਭਰ ਹੋ ਗਿਆ ਹੈ | ਇਸ ਮੌਕੇ ਸਤਨਾਮ ਸਿੰਘ ਚੱਕ ਔਲ, ਜਸਬੀਰ ਸਿੰਘ ਜਸਰਾਊਰ, ਸਤਵਿੰਦਰ ਸਿੰਘ ਓਠੀਆਂ, ਸੁੱਚਾ ਸਿੰਘ ਘੋਗਾ, ਗੁਰਦੇਵ ਸਿੰਘ ਭਲਾ ਪਿੰਡ, ਕੁਲਵੰਤ ਸਿੰਘ ਮੱਲੂਨੰਗਲ, ਸੁਰਜੀਤ ਸਿੰਘ ਦੁਧਰਾਏ, ਸ਼ਾਮ ਸਿੰਘ ਖਾਨਵਾਲ, ਗੁਰਭੇਜ ਸਿੰਘ ਮਾਕੋਵਾਲ, ਸੁਖਦੇਵ ਸਿੰਘ ਦੁਧਰਾਏ, ਗਾਇਕ ਗੁਰਪਾਲ ਸਿੰਘ ਸੈਦਪੁਰ, ਸੰਤੋਖ ਸਿੰਘ ਮੱਲੂਨੰਗਲ, ਜੋਗਿੰਦਰ ਸਿੰਘ ਭਿੰਡੀ ਸੈਦਾਂ, ਰਣਜੀਤ ਸਿੰਘ ਭਿੰਡੀਆਂ ਆਦਿ ਮੌਜੂਦ ਸਨ|