
ਤਰਨ ਤਾਰਨ, 18 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਪੰਜਾਬ ਦੀ ਕੈਪਟਨ ਸਰਕਾਰ ਸਿੱਖਿਆ ਨੂੰ ਆਪਣੇ ਸਰਕਾਰੀ ਕਾਗਜ਼ਾਂ ‘ਚ ਰੱਖ ਕੇ ਬੱਚਿਆਂ ਨੂੰ ਸਿਖਿਅਤ ਕਰਨਾ ਚਾਹੁੰਦੀ ਹੈ। ਕਰੋਨਾ ਦਾ ਬਹਾਨਾ ਬਣਾ ਕੇ ਸਰਕਾਰੀ, ਅਰਧ ਸਰਕਾਰੀ ਅਤੇ ਕਰੋੜਾਂ ਰੁਪਏ ਲਾ ਕੇ ਆਪਣਾ ਕਾਰੋਬਾਰ ਕਰ ਰਹੇ ਅਤੇ ਹਜ਼ਾਰਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੇ ਸਕੂਲਾਂ ਨੂੰ ਬੰਦ ਕਰਕੇ ਮਿਆਰੀ ਸਿੱਖਿਆ ਦਾ ਭੋਗ ਪਾ ਦਿੱਤਾ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸੈਂਟਰ ਆਫ ਟਰੇਡ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਪੰਡੋਰੀ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਗਰੀਬ ਵਰਗ ਦੇ ਬੱਚਿਆਂ ਕੋਲ ਮਹਿੰਗੇ ਭਾਅ ਦੇ ਮੁਬਾਇਲ ਨਾ ਹੋਣ ਕਾਰਨ, ਬੱਚੇ ਆਨਲਾਈਨ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਹਨ। ਦੂਸਰੇ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਸਰਕਾਰੀ ਸਕੂਲਾਂ ‘ਚ ਪੜ੍ਹਦੇ ਬੱਚਿਆਂ ਦੀ 100 ਪ੍ਰਤੀਸ਼ਤ ਮੈਰਟ ਬਣਾ ਕੇ ਸਿੱਖਿਆ ਤੋਂ ਵਾਝਿਆ ਰੱਖ ਕੇ ਮਾਪਿਆਂ ਦੇ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ।
ਇਨ੍ਹਾਂ ਆਗੂਆਂ ਨੇ ਇਹ ਵੀ ਦੱਸਿਆ ਕਿ ਸੈਕੜੇ ਲੋਕਾਂ ਨੇ ਆਪਣਾ ਕਾਰੋਬਾਰ ਚਲਾਉਣ ਲਈ ਲੱਖਾਂ ਰੁਪਏ ਲਾ ਕੇ ਸਕੂਲਾਂ ਲਈ ਗੱਡੀਆਂ ਲਾਈਆਂ ਹੋਈਆਂ ਹਨ, ਜਿਹੜੀਆਂ ਗੱਡੀਆਂ ਖਰਾਬ ਹੋ ਰਹੀਆਂ ਹਨ ਅਤੇ ਨਜਾਇਜ਼ ਹਜਾਰਾਂ ਰੁਪਏ ਪੰਜਾਬ ਸਰਕਾਰ ਨੂੰ ਟੈਕਸ ਦੇ ਰਹੇ ਹਨ। ਇਨ੍ਹਾਂ ਆਗੂਆਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਸਿੱਖਿਆ ਦਾ ਮਿਆਰ ਚੁਕਣ ਲਈ ਵਿਦਿਅਕ ਅਦਾਰੇ ਤੁਰੰਤ ਖੋਲੇ ਜਾਣ। ਇਨ੍ਹਾਂ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦੇਦਿਆ ਕਿਹਾ ਕਿ ਜੇਕਰ ਸਾਰੇ ਵਿਦਿਅਕ ਅਦਾਰੇ ਨਾ ਖੋਲੇ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।