Now Reading
ਮਾਸ ਖੋਰੇ ਗਰੋਹਾਂ ਨੂੰ ਹਾਕਮਾਂ ਦਾ ਸਮਰਥਨ: ਆਰਐਮਪੀਆਈ

ਮਾਸ ਖੋਰੇ ਗਰੋਹਾਂ ਨੂੰ ਹਾਕਮਾਂ ਦਾ ਸਮਰਥਨ: ਆਰਐਮਪੀਆਈ

ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵਲੋਂ ਮੁਕਤਸਰ ਸਾਹਿਬ ਦੀ ਬਸਤੀ ਬੂੜਾ ਗੂਜਰ ਵਿਖੇ ਫਾਇਨਾਂਸ ਦਾ ਧੰਦਾ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਪਾਲੇ ਗੁੰਡਿਆਂ ਵੱਲੋਂ ਸ਼ਰੇ ਬਾਜਾਰ ਇੱਕ ਮਜ਼ਲੂਮ ਔਰਤ ਦੀ ਕੁੱਟਮਾਰ ਅਤੇ ਬੇਹੁਰਮਤੀ ਦਾ ਸਖਤ ਨੋਟਿਸ ਲੈਂਦਿਆਂ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਅੱਜ ਇਥੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਦੋਸ਼ ਲਾਇਆ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਨਾ ਅਹਿਲੀ ਸਦਕਾ ਸੂਬੇ ਵਿੱਚ ਅਪਰਾਧੀ ਸਰਗਨਾ ਮਨ ਆਈਆਂ ਕਰਦੇ ਹੋਏ ਖੌਫਨਾਕ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ।
ਸਾਥੀ ਪਾਸਲਾ ਅਤੇ ਹਰਕੰਵਲ ਨੇ ਕਿਹਾ ਕਿ ਮੁਕਤਸਰ ਵਾਲੀ ਦਿਲ ਕੰਬਾਊ ਵਾਰਦਾਤ ਪਿੱਛੇ ਅਸਲ ਕਾਰਨ ਪੀੜਤ ਔਰਤ ਦੀ ਗੁਰਬਤ ਅਤੇ ਮਜਬੂਰੀ ਹੈ, ਜਿਸ ਨੂੰ ਮੀਡੀਆ ਦੇ ਇੱਕ ਹਿੱਸੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੈਸੇ ਦੇ ਲੈਣ ਦੇਣ ਦਾ ਝਗੜਾ ਕਿਹਾ ਹੈ। ਕਮਿਊਨਿਸਟ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਮੁੱਚੇ ਪ੍ਰਾਂਤ ਅੰਦਰ ਧੁਰ ਹੇਠਾਂ ਤੱਕ ਜੜਾਂ ਪਸਾਰ ਚੁੱਕੇ ਇਸ ਗੈਰ ਕਾਨੂੰਨੀ ਫਾਇਨਾਂਸ ਦੇ ਧੰਦੇ ਅਤੇ ਇਸ ਨਾਲ ਸਬੰਧਤ ਬੁਰਛਾਗਰਦੀ ਦੀ ਜਾਂਚ ਕਰਦਿਆਂ ਇਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਰੋਜ਼ਾਨਾ ਵਸੂਲੀ ‘ਤੇ ਆਧਾਰਤ ਇਸ ਧੰਦੇ ਨਾਲ ਜੁੜੇ ਅਪਰਾਧੀ ਅਨਸਰ ਵਿਆਜ ਨਾ ਮੁੜਨ ਤੇ ਗਰੀਬਾਂ ਨੂੰ ਦਬਕਾਉਣ ਅਤੇ ਕੁੱਟ ਮਾਰ ਕਰਨ ਦੇ ਵਹਿਸ਼ੀ ਅਮਲ ਤੋਂ ਇਲਾਵਾ ਬਹੁਤ ਵਾਰੀ ਗਰੀਬ ਪਰਿਵਾਰਾਂ ਦੇ ਸਿਲੰਡਰ ਤੱਕ ਵੀ ਚੁੱਕ ਲਿਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਮਾਸ ਖੋਰੇ ਗਰੋਹਾਂ ਦੇ ਸ਼ਹਿਰਾਂ/ ਕਸਬਿਆਂ ਅੰਦਰ ਦਫਤਰ ਚੱਲ ਰਹੇ ਹਨ ਅਤੇ ਸਰਕਾਰਾਂ ਇਨ੍ਹਾਂ ਦੀਆਂ ਧੱਕੇਸ਼ਾਹੀਆਂ ਨੂੰ ਮੂਕ ਸਮਰਥਨ ਦੇ ਰਹੀਆਂ ਹਨ। ਦੋਹਾਂ ਆਗੂਆਂ ਨੇ ਜਮਹੂਰੀ ਲਹਿਰ ਦੇ ਹਰ ਪੱਧਰ ਦੇ ਕਾਰਕੁੰਨਾਂ ਨੂੰ ਇਨ੍ਹਾਂ ਧੱਕੇਸ਼ਾਹੀਆਂ ਵਿਰੁੱਧ ਜਥੇਬੰਦਕ ਪ੍ਰਤੀਰੋਧ ਉਸਾਰਨ ਦੀ ਅਪੀਲ ਕੀਤੀ।

Scroll To Top