Now Reading
ਮਨੂੰਵਾਦੀ ਗੁਲਾਮੀ ਵਿਰੁੱਧ ਦਲਿਤ ਜਗਾਓ ਮੁਹਿੰਮ ਆਰੰਭ ਕਰਨ ਦਾ ਐਲਾਨ

ਮਨੂੰਵਾਦੀ ਗੁਲਾਮੀ ਵਿਰੁੱਧ ਦਲਿਤ ਜਗਾਓ ਮੁਹਿੰਮ ਆਰੰਭ ਕਰਨ ਦਾ ਐਲਾਨ

ਜਲੰਧਰ : ਦਿਹਾਤੀ ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਦੀ ਪੂਰਤੀ ਲਈ 6-7-8 ਅਗਸਤ ਨੂੰ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਧਰਨੇ ਮਾਰੇ ਜਾਣਗੇ। ਇਹਨਾਂ ਦੀ ਤਿਆਰੀ ਲਈ 22 ਜੁਲਾਈ ਤੋਂ 31 ਜੁਲਾਈ ਤੱਕ ਪੰਜਾਬ ਭਰ ਵਿਚ ਜਥਾ ਮਾਰਚ ਕੀਤਾ ਜਾਵੇਗਾ।
ਇਹ ਫੈਸਲੇ ਅੱਜ ਇੱਥੇ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਹੋਈ ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਦੀ ਮੀਟਿੰਗ ਵਿਚ ਕੀਤੇ ਗਏ। ਮੀਟਿੰਗ ਦੇ ਫੈਸਲੇ ਪ੍ਰੈਸ ਲਈ ਜਾਰੀ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਦੱਸਿਆ ਕਿ ਧਰਨਿਆਂ ਦੇ ਪਹਿਲੇ ਦਿਨ ਫੂਡ ਸਪਲਾਈ ਦਫਤਰਾਂ ਅੱਗੇ ਮੁਜ਼ਾਹਰੇ ਕੀਤੇ ਜਾਣਗੇ, ਦੂਜੇ ਦਿਨ ਬਿਜਲੀ ਦਫਤਰਾਂ ਅੱਗੇ ਅਤੇ 8 ਅਗਸਤ ਨੂੰ ਏ.ਡੀ.ਸੀ. ਵਿਕਾਸ ਦੇ ਦਫਤਰਾਂ ਅੱਗੇ ਮੁਜ਼ਾਹਰੇ ਕੀਤੇ ਜਾਣਗੇ ਅਤੇ ਮੰਗ ਪੱਤਰ ਦਿੱਤੇ ਜਾਣਗੇ। ਇਸ ਤੋਂ ਬਿਨਾਂ ਵੀ ਆਖਰੀ ਦਿਨ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣਗੇ।
ਇਹਨਾਂ ਮੰਗ ਪੱਤਰਾਂ ਵਿਚ ਮੰਗ ਕੀਤੀ ਜਾਵੇਗੀ ਕਿ ਜਾਤੀਪਾਤੀ ਵਿਤਕਰੇ ਬੰਦ ਕੀਤੇ ਜਾਣ, ਸ਼ਮਸ਼ਾਨ ਘਾਟਾਂ, ਪੂਜਾ ਦੇ ਅਸਥਾਨਾਂ ਅਤੇ ਪੀਣ ਵਾਲੇ ਪਾਣੀ ਦੇ ਸਰੋਤਾਂ ਨੂੰ ਜਾਤੀ ਵਿਤਕਰਿਆਂ ਤੋਂ ਉਪਰ ਉਠ ਕੇ ਸਾਂਝੇ ਰੂਪ ਦਿੱਤੇ ਜਾਣ ਅਤੇ ਇਹਨਾਂ ਥਾਵਾਂ ਉਪਰ ਜਾਣ ਤੋਂ ਕਿਸੇ ਨੂੰ ਜਾਤੀ ਆਧਾਰ ‘ਤੇ ਨਾ ਰੋਕਿਆ ਜਾਵੇ। ਇਹ ਵੀ ਮੰਗ ਕੀਤੀ ਜਾਵੇਗੀ ਕਿ ਐਸ.ਸੀ./ਐਸ.ਟੀ. ਕਾਨੂੰਨ ਨੂੰ ਪਹਿਲੇ ਰੂਪ ਵਿਚ ਬਹਾਲ ਕਰਕੇ ਇਸ ਵਿਚਲੀਆਂ ਕਮਜ਼ੋਰੀਆਂ ਦੂਰ ਕਰਕੇ ਇਸ ਨੂੰ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ।
ਸਾਥੀ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਜਥੇਬੰਦੀ ਵਲੋਂ ਘਰਾਂ ਲਈ 10-10 ਮਰਲੇ ਦੇ ਪਲਾਟ ਅਤੇ ਮਕਾਨ ਬਣਾਉਣ ਲਈ ਢੁਕਵੀਂ ਗ੍ਰਾਂਟ, ਸਰਕਾਰੀ ਡੀਪੂਆਂ ਰਾਹੀਂ ਵਰਤੋਂ ਵਾਲੀਆਂ ਸਾਰੀਆਂ ਵਸਤਾਂ ਸਬਸਿਡੀ ‘ਤੇ ਦੇਣ, ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨ 3000  ਰੁਪਏ ਕਰਨ, ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਮਜ਼ਦੂਰਾਂ ਨੂੰ ਠੇਕੇ ‘ਤੇ ਦੇਣ, ਬੇਜ਼ਮੀਨੇ ਮਜ਼ਦੂਰਾਂ ਨੂੰ ਮੁਫ਼ਤ ਘਰੇਲੂ ਬਿਜਲੀ ਦੇਣ ਤੇ ਪਿਛਲੇ ਬਕਾਏ ਮੁਆਫ ਕਰਨ ਦੀ ਵੀ ਜ਼ੋਰਦਾਰ ਮੰਗ ਕੀਤੀ ਜਾਵੇਗੀ।
ਸਾਥੀ ਦਾਊਦ ਨੇ ਅੱਗੇ ਦੱਸਿਆ ਕਿ ਇਹਨਾਂ ਧਰਨਿਆਂ ਵਿਚ ਲੋਕਾਂ ਦੀ ਸ਼ਮੂਲੀਅਤ ਕਰਾਉਣ ਅਤੇ ਦਲਿਤਾਂ ਨੂੰ ਜਗਾ ਕੇ ਸੰਘਰਸ਼ ਵਿਚ ਹਿੱਸਾ ਲੈਣ ਲਈ ਚੇਤਨ ਕਰਨ ਵਾਸਤੇ ਸੂਬਾਈ ਜਥਾ ਜਥੇਬੰਦੀ ਦੇ ਪ੍ਰਧਾਨ ਦਰਸ਼ਨ ਨਾਹਰ ਅਤੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਵਿਚ ਚੱਲੇਗਾ ਜੋ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ) ਦੇ ਪਿੰਡ ਗੱਗੋ ਮਾਹਲ (ਅੰਮ੍ਰਿਤਸਰ) ਤੋਂ ਰਵਾਨਾ ਹੋਵੇਗਾ ਅਤੇ 10 ਦਿਨ ਪੰਜਾਬ ਭਰ ਦੇ ਪਿੰਡਾਂ ਵਿਚ ਮੀਟਿੰਗਾਂ ਜਲਸਿਆਂ ਨੂੰ ਸੰਬੋਧਨ ਕਰਦਾ ਹੋਇਆ 31 ਜੁਲਾਈ ਨੂੰ ਮਹਾਨ ਗਦਰੀ ਬਾਬਾ ਤੇ ਦੇਸ਼ ਭਗਤ ਮੰਗੂ ਰਾਮ ਦੇ ਪਿੰਡ ਮੱਗੋਵਾਲ (ਜ਼ਿਲ੍ਹਾ ਹੁਸ਼ਿਆਰਪੁਰ) ਪਹੁੰਚੇਗਾ ਜਿੱਥੇ ਜਥਾ ਮਾਰਚ ਸਮਾਪਤ ਕੀਤਾ ਜਾਵੇਗਾ।
ਇਸ ਸਾਰੀ ਮੁਹਿੰਮ ਨੂੰ ”ਮਨੂੰਵਾਦੀ ਗੁਲਾਮੀ ਵਿਰੁੱਧ ਦਲਿਤ ਜਗਾਓ ਮੁਹਿੰਮ” ਤਹਿਤ ਚਲਾਇਆ ਜਾਵੇਗਾ। ਇਹ ਮੁਹਿੰਮ 11 ਜੂਨ ਤੋਂ ਆਰੰਭ ਹੋਵੇਗੀ ਅੱਗੇ ਲਗਾਤਾਰ ਚੱਲੇਗੀ। ਮੀਟਿੰਗ ਵਲੋਂ ਪੰਜਾਬ ਦੇ ਸਾਰੇ ਦਿਹਾਤੀ ਮਜ਼ਦੂਰਾਂ ਅਤੇ ਜਮਹੂਰੀਅਤ ਪਸੰਦ ਲੋਕਾਂ ਨੂੰ ਇਸ ਸੰਘਰਸ਼ ਵਿਚ ਜ਼ੋਰਦਾਰ ਹਿੱਸਾ ਲੈਣ ਦੀ ਅਪੀਲ ਕੀਤੀ ਗਈ।

Scroll To Top