Now Reading
ਮਨੂੰਵਾਦੀ ਗੁਲਾਮੀ ਦੇ ਖ਼ਾਤਮੇ ਲਈ ਆਰ.ਐਮ.ਪੀ.ਆਈ. ਵਲੋਂ ਸੂਬਾ ਪੱਧਰੀ ਕਨਵੈਨਸ਼ਨ

ਮਨੂੰਵਾਦੀ ਗੁਲਾਮੀ ਦੇ ਖ਼ਾਤਮੇ ਲਈ ਆਰ.ਐਮ.ਪੀ.ਆਈ. ਵਲੋਂ ਸੂਬਾ ਪੱਧਰੀ ਕਨਵੈਨਸ਼ਨ

ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪਹਿਲਕਦਮੀ ‘ਤੇ ਅੱਜ ਏਥੇ, ਦੇਸ਼ ਭਗਤ ਯਾਦਗਾਰ ਹਾਲ ਵਿਚ, ਮਨੂੰਵਾਦੀ ਗੁਲਾਮੀ ਨੂੰ ਰੂਪਮਾਨ ਕਰਦੀ ਜਾਤ-ਪਾਤ ਪ੍ਰਣਾਲੀ ਵਿਰੁੱਧ ਇਕ ਪ੍ਰਭਾਵਸ਼ਾਲੀ ਕਨਵੈਨਸ਼ਨ ਕੀਤੀ ਗਈ। ਸਰਵਸਾਥੀ ਰਤਨ ਸਿੰਘ ਰੰਧਾਵਾ, ਲਾਲ ਚੰਦ ਕਟਾਰੂਚੱਕ, ਕੁਲਵੰਤ ਸਿੰਘ ਸੰਧੂ, ਦਰਸ਼ਨ ਨਾਹਰ ਅਤੇ ਨੀਲਮ ਘੁਮਾਣ ਦੀ ਪ੍ਰਧਾਨਗੀ ਹੇਠ ਹੋਈ ਇਸ ਵਿਸ਼ਾਲ ਕਨਵੈਨਸ਼ਨ ਵਿਚ ਪੰਜਾਬ ਭਰ ਤੋਂ ਸਾਂਝੀਵਾਲਤਾ ‘ਤੇ ਆਧਾਰਤ ਨਿਆਂਸੰਗਤ ਸਮਾਜ ਦੀ ਸਿਰਜਣਾ ਲਈ ਜੂਝ ਰਹੇ ਵੱਖ-ਵੱਖ ਵਿਚਾਰਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਿਹਨਾਂ ਵਿਚ ਔਰਤਾਂ ਦੀ ਗਿਣਤੀ ਵੀ ਸੈਂਕੜਿਆਂ ਵਿਚ ਸੀ। ਕਨਵੈਨਸ਼ਨ ਦੇ ਆਰੰਭ ਵਿਚ ਪਿਛਲੇ ਦਿਨੀਂ ਕਠੂਆ ਨੇੜੇ ਫਿਰਕੂ ਦਰਿੰਦਗੀ ਦਾ ਸ਼ਿਕਾਰ ਹੋਈ ਬੱਚੀ ਆਸ਼ਿਫ਼ਾ, ਓਨਾਓ (ਯੂਪੀ) ਬਲਾਤਕਾਰ-ਪੀੜਤ ਦਲਿਤ ਲੜਕੀ ਦੇ ਪੁਲਸ ਦੀ ਹਾਜ਼ਰੀ ਵਿਚ ਭਾਜਪਾਈ ਧੜਵੈਲਾਂ ਵਲੋਂ ਮਾਰੇ ਗਏ ਪਿਤਾ ਸੁਰੇਂਦਰ ਕੁਮਾਰ ਅਤੇ ਰਾਜਕੋਟ (ਗੁਜਰਾਤ) ਵਿਖੇ ਵਹਿਸ਼ੀਆਨਾ ਢੰਗ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰੇ ਗਏ ਦਲਿਤ ਮੁਕੇਸ਼ ਵਾਨੀਆ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਜਾਤ-ਪਾਤ ਵਿਰੋਧੀ ਇਸ ਕਨਵੈਨਸ਼ਨ ਨੂੰ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਰੀਪਬਲੀਕਨ ਪਾਰਟੀ ਦੇ ਮੋਢੀ ਬਜ਼ੁਰਗ ਆਗੂ ਲਾਹੌਰੀ ਰਾਮ ਬਾਲੀ, ਉਘੇ ਦਲਿਤ ਚਿੰਤਕ ਐਡਵੋਕੇਟ ਐਸ.ਐਲ. ਵਿਰਦੀ, ਉਘੇ ਵਿਦਵਾਨ ਡਾ. ਕਰਮਜੀਤ ਸਿੰਘ, ਆਰ.ਐਮ.ਪੀ.ਆਈ. ਦੇ ਸੂਬਾ ਸਕੱਤਰ ਹਰਕੰਵਲ ਸਿੰਘ, ਆਰ.ਪੀ.ਆਈ. ਆਗੂ ਬੀਬੀ ਸੰਤੋਸ਼ ਕੁਮਾਰੀ ਨੇ ਸੰਬੋਧਨ ਕੀਤਾ। ਸਾਰੇ ਬੁਲਾਰਿਆਂ ਨੇ ਮਨੂੰਵਾਦੀ ਵਿਧੀ-ਵਿਧਾਨ ਅਧੀਨ ਦਲਿਤਾਂ ਨਾਲ ਹਜ਼ਾਰਾਂ ਸਾਲਾਂ ਤੋਂ ਹੁੰਦੇ ਆ ਰਹੇ ਅਮਾਨਵੀ ਵਿਵਹਾਰ ਦੀ ਦਰਦਨਾਕ ਦਾਸਤਾਨ ਬਿਆਨ ਕੀਤੀ ਅਤੇ ਜਾਤ-ਪਾਤ ਦੇ ਖਾਤਮੇਂ ਲਈ ਦੇਸ਼ ਭਰ ਵਿਚ ਅਨੇਕਾਂ ਸਮਾਜ ਸੁਧਾਰਕਾਂ ਵਲੋਂ ਵਿਸ਼ੇਸ਼ ਤੌਰ ‘ਤੇ ਡਾ. ਭੀਮ ਰਾਓ ਅੰਬੇਡਕਰ ਵਲੋਂ ਆਰੰਭੇ ਗਏ ਅੰਦੋਲਨ ਨੂੰ ਨੇਪਰੇ ਚਾੜ੍ਹਨ ਦਾ ਪ੍ਰਣ ਦਰਿੜ੍ਹਾਇਆ। ਬੁਲਾਰਿਆਂ ਨੇ ਇਸ ਤੱਥ ਨੂੰ ਵੀ ਜ਼ੋਰਦਾਰ ਢੰਗ ਨਾਲ ਉਭਾਰਿਆ ਕਿ ਮੋਦੀ ਸਰਕਾਰ ਵਲੋਂ ਦੇਸ਼ ਦੀ ਸੱਤਾ ਸੰਭਾਲਣ ਉਪਰੰਤ ਮਨੂੰਵਾਦੀ ਮਾਨਸਿਕਤਾ ਨੂੰ ਏਥੇ ਹੋਰ ਬਲ ਮਿਲਿਆ ਹੈ। ਜਿਸਦੇ ਫਲਸਰੂਪ ਦੇਸ਼ ਭਰ ਵਿਚ ਔਰਤਾਂ ਅਤੇ ਦਲਿਤਾਂ ਉਪਰ ਅਤਿਆਚਾਰਾਂ ਵਿਚ ਤਿੱਖਾ ਵਾਧਾ ਹੋਇਆ ਹੈ। ਕਾਮਰੇਡ ਮੰਗਤ ਰਾਮ ਪਾਸਲਾ ਨੇ ਮਨੂੰਵਾਦੀ ਗੁਲਾਮੀ ਦੀ ਇਸ ਲਾਅਨਤ ਭਾਵ ਜਾਤ-ਪਾਤ ਨੂੰ ਖਤਮ ਕਰਨ ਵਾਸਤੇ ਸਮੁੱਚੇ ਇਨਸਾਫ ਪਸੰਦ ਤੇ ਕਿਰਤੀ ਲੋਕਾਂ ਨੂੰ ਮਿਲਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਐਸ.ਸੀ./ਐਸ.ਟੀ. ਐਕਟ ਵਿਚ ਸੁਪਰੀਮ ਕੋਰਟ ਵਲੋਂ ਕੀਤੀਆਂ ਗਈਆਂ ਦਲਿਤ ਵਿਰੋਧੀ ਸੋਧਾਂ ਦੀ ਆਲੋਚਨਾ ਕਰਦਿਆਂ ਕਾਮਰੇਡ ਪਾਸਲਾ ਨੇ ਇਹ ਵੀ ਐਲਾਨ ਕੀਤਾ ਕਿ ਇਹਨਾਂ ਸੋਧਾਂ ਨੂੰ ਅਤੇ ਦਲਿਤਾਂ ਨਾਲ ਹੋ ਰਹੇ ਹੋਰ ਵਿਤਕਰਿਆਂ ਤੇ ਵਧੀਕੀਆਂ ਨੂੰ ਖਤਮ ਕਰਾਉਣ ਲਈ ਵਿਸ਼ਾਲ ਜਨਤਕ ਲਾਮਬੰਦੀ ‘ਤੇ ਆਧਾਰਤ ਦੇਸ਼ ਵਿਆਪੀ ਮੁਹਿੰਮ ਚਲਾਈ ਜਾਵੇਗੀ। ਕਨਵੈਨਸ਼ਨ ਵਿਚ ਪਾਸ ਕੀਤੇ ਗਏ ਇਕ ਮਤੇ ਰਾਹੀਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਐਸ.ਸੀ./ਐਸ.ਟੀ. (ਅਤਿਆਚਾਰ ਰੋਕੂ) ਕਾਨੂੰਨ ਨੂੰ ਸੰਵਿਧਾਨ ਦੀ 7ਵੀਂ ਅਨੁਸੂਚੀ ਵਿਚ ਸ਼ਾਮਲ ਕੀਤਾ ਜਾਵੇ, ਦਲਿਤਾਂ ਲਈ ਪੀਣ ਵਾਲੇ ਪਾਣੀ ਦੇ ਵੱਖਰੇ ਖੂਹਾਂ ਆਦਿ ਦੀ ਪ੍ਰੰਪਰਾ ਤੁਰੰਤ ਬੰਦ ਕਰਾਈ ਜਾਵੇ, ਸਾਂਝੇ ਸ਼ਮਸ਼ਾਨ ਘਾਟਾਂ ਵਿਚ ਮ੍ਰਿਤਕ ਦਲਿਤ ਦੇ ਦਾਹ-ਸੰਸਕਾਰ ‘ਤੇ ਰੋਕ ਲਾਉਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਦੀ ਵਿਵਸਥਾ ਬਣਾਈ ਜਾਵੇ, ਸਾਰੇ ਧਰਮ ਅਸਥਾਨਾਂ ਵਿਚ ਦਲਿਤਾਂ ਦੇ ਦਾਖਲੇ ਤੇ ਪੂਜਾ-ਪਾਠ ਤੋਂ ਸਾਰੀਆਂ ਰੋਕਾਂ ਖਤਮ ਕਰਵਾਈਆਂ ਜਾਣ ਅਤੇ ਇਸਾਈ ਤੇ ਮੁਸਲਮਾਨ ਵਸੋਂ ਲਈ ਲੋੜ ਅਨੁਸਾਰ ਕਬਰਸਤਾਨਾਂ ਦੇ ਪ੍ਰਬੰਧ ਕੀਤੇ ਜਾਣ।
ਇਕ ਮਤੇ ਰਾਹੀਂ ਕਨਵੈਨਸ਼ਨ ਨੇ ਕੁਦਤਰੀ ਵਾਤਾਵਰਨ ਦੀ ਰਾਖੀ ਲਈ ਜੂਝ ਰਹੇ, ਪੁਲਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਤੂਤੀਕੋਰਨ (ਤਾਮਿਲਨਾਡੂ) ਦੇ 11 ਸ਼ਹੀਦਾਂ ਨੂੰ ਵੀ ਹਾਰਦਿਕ ਸ਼ਰਧਾਂਜਲੀ ਭੇਂਟ ਕੀਤੀ। ਇਕ ਹੋਰ ਮਤੇ ਰਾਹੀਂ ਡੀਜ਼ਲ ਤੇ ਪੈਟਰੋਲ ਦੀਆਂ ਰੋਜ਼ਾਨਾ ਵੱਧ ਰਹੀਆਂ ਕੀਮਤਾਂ ਉਪਰ ਡੂੰਘੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਕੇਂਦਰ ਸਰਕਰ ਤੋਂ ਮੰਗ ਕੀਤੀ ਗਈ ਕਿ ਇਹਨਾਂ ਵਸਤਾਂ ਦੀਆਂ ਕੀਮਤਾਂ ਨੂੰ ਸਰਕਾਰੀ ਕੰਟਰੋਲ ਹੇਠ ਲਿਆਂਦਾ ਜਾਵੇ ਅਤੇ ਟੈਕਸਾਂ ਦਾ ਭਾਰ ਘਟਾਇਆ ਜਾਵੇ। ਕਨਵੈਨਸ਼ਨ ਦੀ ਕਾਰਵਾਈ ਦੇ ਸੰਚਾਲਨ ਦੀ ਜ਼ਿੰਮੇਦਾਰੀ ਕਾਮਰੇਡ ਗੁਰਨਾਮ ਸਿੰਘ ਦਾਊਦ ਨੇ ਬਾਖੂਬੀ ਨਿਭਾਈ।
ਕਨਵੈਨਸ਼ਨ ਉਪਰੰਤ ਕੜਕਦੀ ਧੁੱਪ ਵਿਚ ਸ਼ਹਿਰ ਅੰਦਰ ਸ਼ਹੀਦ-ਇ-ਆਜ਼ਮ ਭਗਤ ਸਿੰਘ ਚੌਕ ਤੱਕ ਰੋਹ ਭਰਪੂਰ ਮੁਜ਼ਾਹਰਾ ਵੀ ਕੀਤਾ ਗਿਆ। ਮੁਜ਼ਾਹਰਾਕਾਰੀਆਂ ਨੇ ਮਨੂੰਵਾਦੀ ਗੁਲਾਮੀ ਵਿਰੁੱਧ ਅਤੇ ਆਪਣੀਆਂ ਹੋਰ ਮੰਗਾਂ ਨੂੰ ਦਰਸਾਉਂਦੇ ਬੈਨਰ ਤੇ ਤਖਤੀਆਂ ਚੁੱਕੀਆਂ ਹੋਈਆਂ ਸਨ ਅਤੇ ਉਹ ਸਖਤ ਗਰਮੀ ਦੇ ਬਾਵਜੂਦ ਰੋਹ ਭਰਪੂਰ ਨਾਅਰੇ ਵੀ ਲਾ ਰਹੇ ਸਨ।

Scroll To Top