Now Reading
ਮਨਜਿੰਦਰ ਸਿੰਘ ਢੇਸੀ ਪ੍ਰਧਾਨ ਅਤੇ ਧਰਮਿੰਦਰ ਸਿੰਘ ਸਿੰਬਲੀ ਜਨਰਲ ਸਕੱਤਰ ਚੁਣੇ ਗਏ

ਮਨਜਿੰਦਰ ਸਿੰਘ ਢੇਸੀ ਪ੍ਰਧਾਨ ਅਤੇ ਧਰਮਿੰਦਰ ਸਿੰਘ ਸਿੰਬਲੀ ਜਨਰਲ ਸਕੱਤਰ ਚੁਣੇ ਗਏ

ਜਲੰਧਰ, 24 ਮਈ (ਸੰਗਰਾਮੀ ਲਹਿਰ ਬਿਊਰੋ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸਥਾਪਨਾ ਦਿਵਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੂਬਾਈ ਜਥੇਬੰਦਕ ਕਨਵੈਨਸ਼ਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ‘ਗ਼ਦਰੀ ਸ਼ਹੀਦ ਵਿਸ਼ਨੂੰ ਗਣੇਸ਼ ਹਾਲ’ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿੱਚ ਪੰਜਾਬ ਭਰ ‘ਚੋਂ ਭਾਰੀ ਗਿਣਤੀ ਨੌਜਵਾਨਾਂ ਨੇ ਸ਼ਿਰਕਤ ਕੀਤੀ ।
ਕਨਵੈਨਸ਼ਨ ਦੀ ਪ੍ਰਧਾਨਗੀ ਸੁਲੱਖਣ ਸਿੰਘ ਤੁੜ, ਹਰਨੇਕ ਸਿੰਘ ਗੁਜਰਵਾਲ, ਜਤਿੰਦਰ ਕੁਮਾਰ ਫਰੀਦਕੋਟ, ਮੱਖਣ ਸੰਗਰਾਮੀ, ਧਰਮਿੰਦਰ ਸਿੰਘ ਸਿੰਬਲੀ ਨੇ ਕੀਤੀ। ਕਨਵੈਂਨਸ਼ਨ ਦਾ ਉਦਘਾਟਨ ਸਭਾ ਦੇ ਸੰਸਥਾਪਕ ਜਨਰਲ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕੀਤਾ।
ਕਨਵੈਨਸ਼ਨ ਦੌਰਾਨ ਨੌਜਵਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਸਥਾਈ ਹੱਲ ਲਈ ਸੰਘਰਸ਼ਾਂ ਦੀ ਵਿਉਂਤਬੰਦੀ ਤੋਂ ਇਲਾਵਾ ਸਭਾ ਦਾ ਪ੍ਰਭਾਵ ਅਤੇ ਜਥੇਬੰਦਕ ਸ਼ਕਤੀ ਵਧਾਉਣ ਲਈ ਠੋਸ ਨਿਰਣੇ ਲਏ ਗਏ। ਦਿੱਲੀ ਦੀਆਂ ਜੂਹਾਂ ਤੇ ਜਾਰੀ, ਜਨ ਅੰਦੋਲਨ ਦੀ ਸ਼ਕਲ ਅਖਤਿਆਰ ਕਰ ਚੁੱਕੇ ਦੇਸ਼ ਵਿਆਪੀ ਕਿਸਾਨ ਸੰਘਰਸ਼ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਦੀ ਸ਼ਮੂਲੀਅਤ ਕਰਵਾਉਣ ਲਈ ਵੀ ਉਚੇਚੀ ਯੋਜਨਾਬੰਦੀ ਕੀਤੀ ਗਈ।
ਸਭਾ ਦੀ ਕੇਂਦਰੀ ਮੰਗ ‘ਬਰਾਬਰ ਵਿੱਦਿਆ ਸਿਹਤ ‘ਤੇ ਰੁਜ਼ਗਾਰ- ਸਭ ਦਾ ਹੋਵੇ ਇਹ ਅਧਿਕਾਰ’ ਨੂੰ ਨੌਜਵਾਨਾਂ ਵਿਦਿਆਰਥੀਆਂ ‘ਚ ਹਰਮਨ ਪਿਆਰਾ ਬਨਾਉਣ ਅਤੇ ਬੇਰੁਜ਼ਗਾਰੀ, ਸਿੱਖਿਆ ਦੇ ਵਪਾਰੀਕਰਨ ਅਤੇ ਭਗਵੇਂ ਕਰਨ ਖਿਲਾਫ਼ ਪੜਾਅਵਾਰ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਗਿਆ। ਨੌਜਵਾਨਾ ਨੂੰ ਸੱਦਾ ਦਿੱਤਾ ਗਿਆ ਕਿ ਉਹ 26 ਮਈ ਨੂੰ ਪੰਜਾਬ ਭਰ ਚ ਮੋਦੀ ਦੇ ਪੁਤਲੇ ਫੂਕਦੇ ਹੋਏ ਘਰਾ ਦੀਆ ਛੱਤਾਂ ਤੇ ਵਾਹਨਾਂ ‘ਤੇ ਕਾਲੇ ਝੰਡੇ ਲਾ ਕੇ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਰੋਸ ਦਾ ਤਿੱਖਾ ਪ੍ਰਗਟਾਵਾ ਕਰਨ।
ਵੱਖੋ-ਵੱਖ ਬੁਲਾਰਿਆਂ ਨੇ ਦੇਸ਼ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਚਰਚਾ ਕਰਦਿਆਂ ਨੌਜਵਾਨਾਂ ਨੂੰ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਆਵਾਜ ਬੁਲੰਦ ਕਰਦਿਆਂ ਸੰਘਰਸ਼ ਲਾਮਬੰਦ ਕਰਨ ਲਈ ਪ੍ਰੇਰਿਤ ਕੀਤਾ। 25 ਮੈਂਬਰੀ ਨਵੀਂ ਸੂਬਾਈ ਟੀਮ ਚੁਣੀ ਗਈ ਜਿਸ ਅਨੁਸਾਰ ਪ੍ਰਧਾਨ ਮਨਜਿੰਦਰ ਢੇਸੀ, ਜਨਰਲ ਸਕੱਤਰ ਧਰਮਿੰਦਰ ਸਿੰਘ ਸਿੰਬਲੀ, ਮੀਤ ਪ੍ਰਧਾਨ ਸੁਲੱਖਣ ਤੁੜ, ਖੁਸ਼ਪ੍ਰੀਤ ਕਲਾਨੌਰ, ਜਤਿੰਦਰ ਫਰੀਦਕੋਟ, ਮੀਤ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ, ਹਰਨੇਕ ਸਿੰਘ ਗੁਜਰਵਾਲ, ਕੁਲਵੰਤ ਸਿੰਘ ਮੱਲੂਨੰਗਲ, ਖ਼ਜਾਨਚੀ ਹਰਮੀਤ ਸਿੰਘ ਰਿੰਕਾ, ਸਹਾਇਕ ਖ਼ਜਾਨਚੀ ਮੱਖਣ ਸੰਗਰਾਮੀ ਅਤੇ ਪ੍ਰੈਸ ਸਕੱਤਰ ਗਗਨ ਦੀਪ ਸਰਦੂਲਗੜ ਚੁਣੇ ਗਏ। ਉਕਤ ਸਕੱਤਰੇਤ ਤੋਂ ਬਿਨ੍ਹਾਂ ਅਜੈ ਫਿਲੌਰ, ਗੁਰਦੀਪ ਬੇਗਮਪੁਰ, ਦਲਵਿੰਦਰ ਕੁਲਾਰ, ਗੁਰਪੀਤ ਹੈਪੀ, ਗੁਰਪੀਤ ਜਲੋਟਾ, ਬੰਸੀ ਲਾਲ, ਦੀਪਕ ਠਾਕਰ, ਸੁਖਦੇਵ ਜਵੰਦਾ, ਸੁਖਵਿੰਦਰ ਹੋਠੀਆਂ, ਮਲਕੀਤ ਲੁਧਿਆਣਾ ਸੂਬਾ ਕਮੇਟੀ ਮੈਂਬਰ ਚੁਣੇ ਗਏ। ਕਨਵੈਨਸ਼ਨ ਵਿੱਚ ਹਾਜਰ ਨੌਜਵਾਨਾਂ ਨੇ ਮੌਜੂਦਾ ਹਾਲਤਾਂ ਤੇ ਅਧਾਰਿਤ ਆਪਣੇ ਵਿਚਾਰਾਂ, ਗੀਤਾਂ ਅਤੇ ਕਵਿਤਾਵਾਂ ਨਾਲ ਹਾਜ਼ਰੀ ਵੀ ਲਵਾਈ।

Scroll To Top