Now Reading
ਮਜ਼ਦੂਰ ਜਥੇਬੰਦੀਆਂ ਲਾਉਣਗੀਆਂ ਚੌਧਰੀ ਸੰਤੋਖ ਸਿੰਘ ਦੇ ਘਰ ਅੱਗੇ ਤਿੰਨ ਦਿਨਾਂ ਧਰਨਾ

ਮਜ਼ਦੂਰ ਜਥੇਬੰਦੀਆਂ ਲਾਉਣਗੀਆਂ ਚੌਧਰੀ ਸੰਤੋਖ ਸਿੰਘ ਦੇ ਘਰ ਅੱਗੇ ਤਿੰਨ ਦਿਨਾਂ ਧਰਨਾ

ਜਲੰਧਰ, 22 ਅਗਸਤ (ਸੰਗਰਾਮੀ ਲਹਿਰ ਬਿਊਰੋ)- ‘ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ’ ਦੇ ਸੱਦੇ ‘ਤੇ ਹਜ਼ਾਰਾਂ ਬੇਜ਼ਮੀਨੇ- ਦਲਿਤ ਮਜ਼ਦੂਰ ਵੱਲੋਂ ਪਹਿਲੀ ਤੋਂ ਤਿੰਨ ਸਤੰਬਰ ਤੱਕ ਕਾਂਗਰਸੀ ,ਵਿਧਾਇਕਾਂ, ਮੰਤਰੀਆਂ ਅਤੇ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਪਰਿਵਾਰਾਂ ਸਮੇਤ ਧਰਨੇ ਲਾਉਣ ਦੇ ਸੂਬਾ ਪੱਧਰੀ ਸੱਦੇ ਤਹਿਤ ਜ਼ਿਲ੍ਹਾ ਜਲੰਧਰ ਨਾਲ ਸਬੰਧਤ ਮਜ਼ਦੂਰ ਜਥੇਬੰਦੀਆਂ, ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਜਲੰਧਰ ਵਿਚਲੇ ਘਰ ਅੱਗੇ ਧਰਨਾ ਲਾਉਣਗੀਆਂ। 

ਇਹ ਐਲਾਨ ਅੱਜ ਇਥੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ ਸ਼ਾਮਲ ਆਗੂਆਂ ਵੱਲੋਂ ਕੀਤਾ ਗਿਆ। ਪ੍ਰੈਸ ਦੇ ਨਾਂਅ ਜਾਰੀ ਬਿਆਨ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜੁਆਇੰਟ ਸਕੱਤਰ ਬਲਦੇਵ ਨੂਰਪੁਰੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ  ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਸੂਬਾ ਸਰਕਾਰ ਨੂੰ ਮਜ਼ਦੂਰ ਵਿਰੋਧੀ ਦੱਸਦਿਆਂ ਕਿਹਾ ਕਿ ਕਾਂਗਰਸ ਹਕੂਮਤ ਮਜ਼ਦੂਰਾਂ ਨਾਲ ਘੋਰ ਵਿਤਕਰਾ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨਾਲ ਚੋਣਾਂ ਵੇਲੇ ਕੀਤੇ ਵਾਅਦੇ ਅਮਲ ਵਿੱਚ ਨਹੀਂ ਲਿਆਂਦੇ ਗਏ ਅਤੇ ਹਾਲੇ ਵੀ ਸੂਬਾ ਸਰਕਾਰ ਇਸ ਪੱਖੋਂ ਕੋਈ ਠੋਸ ਕਦਮ ਚੁੱਕਣ ਦੀ ਬਜਾਇ  ਗੋਂਗਲੂਆਂ ਤੋਂ ਮਿੱਟੀ ਝਾੜ ਰਹੀ ਹੈ।ਆਗੂਆਂ ਨੇ ਕਿਹਾ ਕਿ ਕਰਜ਼ਾ ਮਾਫੀ, ਰਿਹਾਇਸ਼ੀ ਪਲਾਟ ਅਤੇ ਮਕਾਨ ਉਸਾਰੀ ਲਈ ਯੋਗ ਗ੍ਰਾਂਟ, ਸਚਾਰੂ ਜਨਤਕ ਵੰਡ ਪ੍ਰਣਾਲੀ ਅਤੇ ਪੱਕੇ  ਰੁਜ਼ਗਾਰ ਵਰਗੀਆਂ ਮਜ਼ਦੂਰ ਮੰਗਾਂ ਪ੍ਰਤੀ ਸਰਕਾਰ ਉੱਕਾ ਹੀ ਸੰਜੀਦਾ ਨਹੀਂ ।

ਆਗੂਆਂ ਨੇ ਕਿਹਾ ਹਾਲ ਹੀ ਵਿੱਚ ਮਜ਼ਦੂਰਾਂ ਵਲੋਂ ਪਟਿਆਲਾ ਵਿਖੇ ਲਾਏ ਗਏ ਸੂਬਾ ਪੱਧਰੀ ਤਿੰਨ ਦਿਨਾਂ ਵਿਸ਼ਾਲ ਧਰਨੇ ਅਤੇ ਮੋਤੀ ਮਹਿਲ ਵੱਲ ਰੋਸ ਭਰਪੂਰ ਕਿਰਤੀ ਮਾਰਚ ਤੋਂ ਬਾਅਦ ਵੀ ਕਾਂਗਰਸ  ਸਰਕਾਰ ਦੀ ਅੱਖ ਨਹੀਂ ਖੁੱਲ੍ਹੀ, ਇਸ ਲਈ ਮਜ਼ਦੂਰ ਸਰਕਾਰੀ ਨੁਮਾਇੰਦਿਆਂ ਦੇ ਘਰਾਂ ਅੱਗੇ ਧਰਨੇ ਲਾਉਣ ਲਈ ਮਜ਼ਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਸੈਂਕੜੇ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਚੌਧਰੀ ਦੇ ਘਰ ਅੱਗੇ ਅੱਠਤਾਲੀ ਘੰਟੇ ਲਗਾਤਾਰ  ਧਰਨਾ ਦੇਣਗੇ ਅਤੇ ਉਥੇ ਹੀ ਆਪਣਾ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਛਕਣਗੇ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹੰਸਰਾਜ ਪੱਬਵਾਂ, ਪਰਮਜੀਤ ਸਿੰਘ ਰੰਧਾਵਾ, ਨਿਰਮਲ ਸਿੰਘ ਸਹੋਤਾ ਅਤੇ ਜਰਨੈਲ ਫਿਲੌਰ ਆਦਿ ਸੂਬਾਈ ਆਗੂ ਵੀ ਹਾਜ਼ਰ ਸਨ।

Scroll To Top