Now Reading
ਭੱਠਾ ਮਜ਼ਦੂਰਾਂ ਨੇ ਧਰਨਾ ਲਗਾਇਆ

ਭੱਠਾ ਮਜ਼ਦੂਰਾਂ ਨੇ ਧਰਨਾ ਲਗਾਇਆ

ਗੁਰਦਾਸਪੁਰ, 10 ਮਈ (ਸੰਗਰਾਮੀ ਲਹਿਰ ਬਿਊਰੋ)- ਅੱਜ ਏਥੇ ਗੁਰੂ ਨਾਨਕ ਪਾਰਕ ਵਿੱਚ ਭੱਠਾ ਮਜ਼ਦੂਰਾਂ ਨੇ ਇਕੱਤਰ ਹੋਣ ਤੋਂ ਬਾਅਦ ਏਕਟੂ ਅਤੇ ਸੀਟੀਯੂ ਪੰਜਾਬ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਜ਼ਿਲ੍ਹਾ ਗੁਰਦਾਸਪੁਰ ਦੇ ਦਫ਼ਤਰ ਸਾਰਾ ਦਿਨ ਧਰਨਾ ਦਿੱਤਾ ਅਤੇ ਘੱਟੋ ਘੱਟ ਉਜਰਤਾਂ ਦੇ ਵਾਧੇ ਦੀ ਮੰਗ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਬਖਤਪੁਰਾ, ਸ਼ਿਵ ਕੁਮਾਰ ਪਠਾਨਕੋਟ, ਜੋਗਿੰਦਰ ਪਾਲ ਲੇਹਲ ਅਤੇ ਜਸਵੰਤ ਸਿੰਘ ਬੁੱਟਰ ਨੇ ਕਿਹਾ ਕਿ ਸਰਦੀ ਦੇ ਸੀਜਨ ਤੋਂ ਬਾਅਦ ਕਰੋਨਾ ਕਾਲ ਦੇ ਸਮੇਂ ਦੌਰਾਨ ਭੱਠਾ ਮਾਲਕਾਂ ਨੇ ਪਥੇਰ ਮਜ਼ਦੂਰਾਂ ਨੂੰ 850 ਰੁਪਏ ਪ੍ਰਤੀ ਹਜ਼ਾਰ ਇੱਟਾਂ ਦਾ ਮਜਦੂਰੀ ਰੇਟ ‘ਤੇ ਕੰਮ ਕਰਾਇਆ ਸੀ ਪਰ ਹੁਣ ਭੱਠਾ ਮਾਲਕ ਇਹਨਾਂ ਰੇਟਾਂ ‘ਤੇ ਸਮਝੌਤਾ ਕਰਨ ਤੋਂ ਭੱਜ ਰਹੇ ਹਨ। ਹਜ਼ਾਰਾਂ ਮੀਲ ਦੂਰੀ ਤੋਂ ਆਏ ਅੰਤਰਰਾਜੀ ਮਜ਼ਦੂਰਾਂ ਨਾਲ ਸਰਾ ਸਰ ਧੱਕਾ ਅਤੇ ਬੇਇਨਸਾਫੀ ਹੈ। ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਚੁੱਪੀ ਵੀ ਭੱਠਾ ਮਾਲਕਾਂ ਦੀ ਮਦਦ ਕਰ ਰਹੀ ਹੈ।
ਕਿਰਤ ਵਿਭਾਗ ਦੇ ਅਧਿਕਾਰੀਆਂ ਨੇ ਤਿੰਨ ਵਾਰ ਯੂਨੀਅਨ ਤੇ ਮਾਲਕਾਂ ਦਰਮਿਆਨ ਮੀਟਿੰਗਾਂ ਕਰਵਾਈਆਂ ਹਨ ਪਰ ਨਿਪਟਾਰਾ ਨਹੀਂ ਹੋਇਆ। ਆਗੂਆਂ ਨੇ ਕਿਹਾ ਕਿ ਭੱਠਾ ਮਾਲਕ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ, ਮਜ਼ਦੂਰਾਂ ਦੀ ਕੋਈ ਸਮਾਜਿਕ ਸੁਰੱਖਿਆ ਨਹੀਂ, ਕਿਰਤ ਅਫਸਰ ਅਤੇ ਡਿਪਟੀ ਡਾਇਰੈਕਟਰ ਫੈਕਟਰੀਜ਼ ਭੱਠਾ ਮਾਲਕਾਂ ਤੇ ਕੋਈ ਸਖਤੀ ਨਹੀਂ ਕਰ ਰਿਹਾ, ਅਧਿਕਾਰੀਆਂ ਦਾ ਮਾਲਕਾਂ ਪ੍ਰਤੀ ਨਰਮਗੋਸ਼ਾ ਹੋਣ ਕਰਕੇ ਭੱਠਾ ਮਾਲਕ ਮਜ਼ਦੂਰਾਂ ਨੂੰ ਅਣਗੌਲਿਆਂ ਕਰ ਰਹੇ ਹਨ, ਮਾਲਕਾਂ ਨੂੰ ਆਉਣ ਵਾਲੇ ਸਮੇਂ ਵਿਚ ਲੇਬਰ ਦੀ ਕਮੀ ਦਾ ਸਾਹਮਣਾ ਕਰਨਾ ਪਵੇਗਾ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸ਼ਨ ਨੇ ਦਖਲ ਦੇ ਕੇ ਦੋ ਤਿੰਨ ਦਿਨਾਂ ਦੇ ਅੰਦਰ ਅੰਦਰ ਸਮਝੌਤਾ ਸਿਰੇ ਨਾ ਚੜ੍ਹਾਇਆ ਤਾਂ ਸੰਘਰਸ਼ ਨੂੰ ਨਵੇਂ ਰੂਪ ਵਿੱਚ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕਰਮ ਸਿੰਘ ਵਰਸਾਲਚੱਕ, ਦਰਸ਼ਨ ਸਿੰਘ ਅਖਰੋਟਾ, ਅਸ਼ਵਨੀ ਕੁਮਾਰ ਹੈਪੀ, ਸੁਖਦੇਵ ਸਿੰਘ ਅਤੇ ਹੋਰ ਸਾਥੀਆਂ ਨੇ ਵੀ ਸੰਬੋਧਨ ਕੀਤਾ।

Scroll To Top