Now Reading
ਭੱਠਾ ਮਜ਼ਦੂਰਾਂ ’ਤੇ ਪੁਲੀਸ ਤਸ਼ੱਦਦ ਦੀ ਨਿੰਦਾ

ਭੱਠਾ ਮਜ਼ਦੂਰਾਂ ’ਤੇ ਪੁਲੀਸ ਤਸ਼ੱਦਦ ਦੀ ਨਿੰਦਾ

ਜਲੰਧਰ : ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਦੇ ਭੱਠਾ ਮਾਲਕਾਂ ਨਾਲ ਮਿਲ ਕੇ ਪੁਲੀਸ ਵੱਲੋਂ ਭੱਠਾ ਮਜ਼ਦੂਰਾਂ ’ਤੇ ਕੀਤੇ ਗਏ ਤਸ਼ੱਦਦ ਦੀ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ, ਸਬੰਧਤ ਸੀਟੀਯੂ ਪੰਜਾਬ ਦੇ ਜਨਰਲ ਸਕੱਤਰ ਸਾਥੀ ਸ਼ਿਵ ਕੁਮਾਰ ਪਠਾਨਕੋਟ ਨੇ ਨਿਖੇਧੀ ਕੀਤੀ ਹੈ। ਇੱਥੋਂ ਜਾਰੀ ਬਿਆਨ ਰਾਹੀਂ ਸ਼ਿਵ ਕੁਮਾਰ ਪਠਾਨਕੋਟ ਨੇ ਕਿਹਾ ਕਿ ਇਸ ਕਹਿਰ ਦੀ ਵੀਡੀਓ ਪੂਰੇ ਦੇਸ਼ ਵਿੱਚ ਘੁੰਮ ਰਹੀ ਹੈ ਪਰ ਪ੍ਰਸ਼ਾਸਨ ਨੇ ਅਜੇ ਤੱਕ ਬੇਕਸੂਰ ਭੱਠਾ ਮਜ਼ਦੂਰਾਂ ਦੀ ਸਾਰ ਨਹੀਂ ਲਈ। ਉਨ੍ਹਾਂ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਅਤੇ ਡੀਜੀਪੀ ਪੰਜਾਬ ਨੂੰ ਚਿੱਠੀਆਂ ਲਿਖ ਕੇ ਮੰਗ ਕੀਤੀ ਕਿ ਇਸ ਕਾਰੇ ਲਈ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਖਿਲਾਫ ਐਸਸੀ-ਐਸਟੀ ਐਕਟ ਅਤੇ ਔਰਤਾਂ ’ਤੇ ਜਬਰ ਰੋਕੂ ਐਕਟ ਅਧੀਨ ਕੇਸ ਦਰਜ ਕਰਕੇ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਅਤੇ ਭੱਠਾ ਮਾਲਕ ਖਿਲਾਫ ਵੀ ਇਨ੍ਹਾਂ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਨਾਲ ਸਬੰਧਤ ਸੀਟੀਯੂ ਪੰਜਾਬ 28 ਅਗਸਤ ਨੂੰ ਭੱਠਾ ਮਜ਼ਦੂਰਾਂ ’ਤੇ ਹੋਏ ਜਬਰ ਖਿਲਾਫ ਮੁਜ਼ਾਹਰੇ ਕਰੇਗੀ। ਇਸੇ ਦੌਰਾਨ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਨਰਲ ਸਕੱਤਰ ਕਾਮਰੇਡ ਨੀਲਮ ਘੁਮਾਣ ਨੇ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਚਿੱਠੀ ਲਿਖ ਕੇ ਦੋਸ਼ੀ ਪੁਲੀਸ ਅਧਿਕਾਰੀਆਂ ਅਤੇ ਭੱਠਾ ਮਾਲਕ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

Scroll To Top