ਜਗਦੇਵ ਕਲਾਂ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਸਾਮਰਾਜੀ, ਸਰਮਾਏਦਾਰੀ, ਕਾਰਪੋਰੇਟ ਘਰਾਣਿਆਂ ਨੂੰ ਭਾਂਜ ਦੇਣ ਅਤੇ ਦੇਸ਼ ਦੀ ਹਾਂ ਪੱਖੀ ਕਾਇਆ ਕਲਪ ਕਰਨ ਲਈ ਸਮਾਜਿਕ ਪਰਿਵਰਤਨ ਲਿਆਉਣ ਹਿੱਤ ਆਰੰਭੇ ‘ਲੋਕ ਜਗਾਓ-ਲੁਟੇਰੇ ਭਜਾਓ’ ਇਨਕਲਾਬੀ ਜਥਾ ਮਾਰਚ ਦੇ ਅੱਜ ਦੇਸ਼ ਭਗਤਾਂ ਦੇ ਪਿੰਡ ਮੱਲੂਨੰਗਲ ਪਹੁੰਚਣ ‘ਤੇ ਵਿਸ਼ਾਲ ਰਾਜਸੀ ਕਾਨਫਰੰਸ ਕਰਵਾਈ ਗਈ| ਜਿਸਦੀ ਪ੍ਰਧਾਨਗੀ ਬੇਅੰਤ ਸਿੰਘ ਮੱਲੂਨੰਗਲ, ਧੀਰ ਸਿੰਘ, ਜਗਤਾਰ ਸਿੰਘ ਬੂਆਨੰਗਲੀ, ਟਹਿਲ ਸਿੰਘ ਚੇਤਨਪੁਰਾ, ਹਰਭਜਨ ਸਿੰਘ ਟਰਪਈ, ਮਨਿੰਦਰ ਸਿੰਘ ਅਦਲੀਵਾਲ ਅਤੇ ਤਰਸੇਮ ਸਿੰਘ ਕਾਮਲਪੁਰਾ ਆਦਿ ਆਗੂਆਂ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ| ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਪਾਰਟੀ ਦੇ ਜਨ: ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਦੌਰਾਨ ਕਿਹਾ ਕਿ ਵਿਆਪਕ ਪੱਧਰ ‘ਤੇ ਵੱਧਦੀ ਜਾ ਰਹੀ ਮਹਿੰਗਾਈ, ਬੇਰੁਜ਼ਗਾਰੀ, ਭਿ੍ਸ਼ਟਾਚਾਰ, ਗਰੀਬੀ ਆਦਿਕ ਵਰਗੀਆਂ ਭਿਆਨਕ ਸਮੂਹਿਕ ਸਮੱਸਿਆਵਾਂ ਸਰਕਾਰਾਂ ਵਲੋਂ ਅਪਣਾਈਆਂ ਲੋਕ ਵਿਰੋਧੀ ਨੀਤੀਆਂ ਦਾ ਸਿੱਟਾ ਹੈ| ਉਨ੍ਹਾਂ ਕਿਹਾ ਕਿ ਮੋਦੀ-ਮਨਮੋਹਨ ਸਿੰਘ ਮਾਰਕਾ ਖੁੱਲੀ ਮੰਡੀ ਦੀਆਂ ਸਾਮਰਾਜ ਨਿਰਦੇਸ਼ਤ ਨੀਤੀਆਂ ਨੇ ਵੱਡੇ ਵਪਾਰੀਆਂ ਤੇ ਕਾਰਪੋਰੇਟ ਅਦਾਰਿਆਂ ਦੇ ਵਾਰੇ ਨਿਆਰੇ ਕਰ ਦਿੱਤੇ ਹਨ, ਪ੍ਰੰਤੂ ਮਜ਼ਦੂਰਾਂ-ਕਿਸਾਨਾਂ ਦੀ ਇਸ ਖੁੱਲੀ ਮੰਡੀ ਨੇ ਰੱਤ ਨਿਚੋੜ ਸੁੱਟੀ ਹੈ| ਉਨ੍ਹਾਂ ਨੇ ਇਨ੍ਹਾਂ ਸਾਰੀਆਂ ਮੁਸੀਬਤਾਂ ਨੂੰ ਭਾਂਜ ਦੇਣ ਲਈ ਤਿੱਖੇ ਸੰਘਰਸ਼ਾਂ ਦਾ ਪਿੜ ਮੱਲਣ ਦਾ ਸੱਦਾ ਦਿੱਤਾ| ਇਸ ਮੌਕੇ ਪਾਰਟੀ ਦੇ ਸੂਬਾ ਪ੍ਰਧਾਨ ਰਤਨ ਸਿੰਘ ਰੰਧਾਵਾ, ਸੂਬਾ ਸਕੱਤਰੇਤ ਮੈਂਬਰ ਡਾ: ਸਤਨਾਮ ਸਿੰਘ ਅਜਨਾਲਾ, ਨੌਜ਼ਵਾਨ ਆਗੂ ਕੁਲਵੰਤ ਸਿੰਘ ਮੱਲੂਨੰਗਲ ਆਦਿ ਸੈਂਕੜੇ ਆਗੂ ਹਾਜ਼ਰ ਸਨ|