ਬਠਿੰਡਾ, 2 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- 44 ਕਿਰਤ ਕਾਨੂੰਨਾਂ ਦਾ ਖਾਤਮਾ ਕਰਕੇ ਸਿਰਜੇ ਗਏ ਮੋਦੀ ਦੇ ਕਿਰਤ ਕੋਡਾਂ ਦੀਆਂ ਕਾਪੀਆਂ ਸਾੜ ਕੇ ‘ਕਿਰਤ ਅਧਿਕਾਰ ਰਾਖੀ ਦਿਵਸ’ ਮਨਾਏ ਜਾਣ ਦੇ ਕੇਂਦਰੀ ਸੱਦੇ ਤਹਿਤ ਅੱਜ ਸਥਾਨਕ ਬਸ ਅੱਡੇ ‘ਤੇ ਮਜ਼ਦੂਰ- ਕਿਸਾਨ, ਕਰਮਚਾਰੀ ਸੰਗਠਨਾਂ ਅਤੇ ਪੈਨਸ਼ਨਰਜ਼ ਐਸੋਸੀਏਸ਼ਨਾਂ ਵੱਲੋਂ ਵਿਸ਼ਾਲ ਸਾਂਝੀ ਰੈਲੀ ਕੀਤੀ ਗਈ। ਰੈਲੀ ਦੀ ਮੇਜ਼ਬਾਨੀ ਪੀ ਆਰ ਟੀ ਸੀ ਵਰਕਰਜ਼ ਯੂਨੀਅਨ (ਆਜ਼ਾਦ) ਵੱਲੋਂ ਕੀਤੀ ਗਈ।ਇਸ ਤੋਂ ਪਹਿਲਾਂ ਥਰਮਲ ਗੇਟ, ਜੰਗਲਾਤ ਵਿਭਾਗ ਅਤੇ ਸੀਵਰੇਜ ਬੋਰਡ ਦੇ ਦਫਤਰਾਂ ਮੂਹਰੇ ਵੀ ਰੋਸ ਰੈਲੀਆਂ ਕੀਤੀਆਂ ਗਈਆਂ । ਉਕਤ ਕਿਰਤੀ ਮਾਰੇ ਕਾਨੂੰਨ ਅੱਜ ਤੋਂ ਲਾਗੂ ਹੋਣ ਜਾ ਰਹੇ ਹਨ, ਇਸੇ ਕਰਕੇ ਕੇਂਦਰੀ ਟਰੇਡ ਯੂਨੀਅਨਾਂ ਅਤੇ ਦਿਹਾਤੀ ਮਜ਼ਦੂਰ ਸੰਗਠਨਾਂ ਵੱਲੋਂ ਉਕਤ ਦਿਹਾੜਾ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ। ਸਾਂਝੀ ਰੈਲੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪੈਨਸ਼ਨਰਜ਼ ਨੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦੇ ਬੁੱਤ ਕੋਲ ਉਕਤ ਕਿਰਤ ਮਾਰੂ ਕੋਡਾਂ ਦਾ ਦਹਿਣ ਕੀਤਾ।ਸਾਂਝੀ ਰੈਲੀ ਨੂੰ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਵਿੱਤ ਸਕੱਤਰ ਸਾਥੀ ਮਹੀਪਾਲ, ਦਰਸ਼ਨ ਸਿੰਘ ਮੌੜ, ਹਰਮੰਦਰ ਢਿੱਲੋਂ, ਰਵਿੰਦਰ ਸਿੰਘ, ਕੁਲਵੰਤ ਸਿੰਘ ਕਿੰਗਰਾ, ਨਾਇਬ ਸਿੰਘ ਔਲਖ, ਮੱਖਣ ਸਿੰਘ ਖਣਗਵਾਲ, ਪ੍ਰਕਾਸ਼ ਸਿੰਘ ਨੰਦਗੜ੍ਹ, ਕਿਸ਼ੋਰ ਚੰਦ ਗਾਜ਼, ਦਰਸ਼ਨ ਰਾਮ, ਭੋਜ ਰਾਜ, ਨੇ ਸੰਬੋਧਨ ਕੀਤਾ।ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ, ਉਕਤ ਚਾਰ ਕੋਡ, ਜਾਨ ਹੂਲਵੇਂ ਸੰਘਰਸ਼ਾਂ ਅਤੇ ਅਥਾਹ ਕੁਰਬਾਨੀਆਂ ਰਾਹੀਂ ਸੈਂਕੜੇ ਸਾਲਾਂ ਵਿੱਚ ਹਾਸਲ ਕੀਤੇ ਕਿਰਤ ਕਾਨੂੰਨਾਂ ਦਾ ਫਸਤਾ ਵੱਢ ਕੇ ਕਿਰਤੀਆਂ ਨੂੰ ਕਾਰਪੋਰੇਟਾਂ ਦੇ ਬੰਧੂਆ ਗੁਲਾਮ ਬਣਾਉਣ ਦੀ ਕੌਮਾਂਤਰੀ ਸਾਜ਼ਿਸ਼ ਤਹਿਤ ਘੜੇ ਗਏ ਹਨ ਅਤੇ ਦੇਸ਼ ਦੀ ਕਿਰਤੀ ਜਮਾਤ ਕਿਰਤ ਕਾਨੂੰਨਾਂ ਨੂੰ ਬਹਾਲ ਕਰਵਾਉਣ ਲਈ ਆਰ ਪਾਰ ਦੀ ਲੜਾਈ ਲੜੇਗੀ।ਬੁਲਾਰਿਆਂ ਨੇ ਦੇਸ਼ ਦੇ ਸੀਨੀਅਰ ਸਿਟੀਜ਼ਨਸ ਦੀਆਂ ਜਿੰਦਗੀ ਭਰ ਦੀਆਂ ਕਮਾਈਆਂ ਤੇ ਵਿਆਜ ਦਰਾਂ ਵਿੱਚ ਕਟੌਤੀ ਰਾਹੀਂ ਮੋਦੀ ਸਰਕਾਰ ਵੱਲੋਂ ਮਾਰੇ ਗਏ ਡਾਕੇ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ।ਪੰਜਾਬ ਸਰਕਾਰ ਅਤੇ ਪੀ ਆਰ ਟੀ ਸੀ ਮੈਨੇਜਮੈਂਟ ਦੀਆਂ ਅਦਾਰੇ ਨੂੰ ਖਤਮ ਕਰਨ ਅਤੇ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਜੀ ਐਮ ਬਠਿੰਡਾ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।

