
ਫਿਲੌਰ, 10 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਅੱਜ ਪਿੰਡ ਕੰਗ ਅਰਾਈਆਂ ’ਚ ਮਾ. ਸਰਬਜੀਤ ਸਿੰਘ ਢੇਸੀ ਦੇ ਮਾਤਾ ਬੀਬੀ ਬਲਵੰਤ ਕੌਰ ਦੀ ਅੰਤਿਮ ਅਰਦਾਸ ਮੌਕੇ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆ। ਬੀਬੀ ਬਲਵੰਤ ਕੌਰ ਸ਼ਹੀਦ ਜਰਨੈਲ ਸਿੰਘ ਅਤੇ ਸਾਥੀ ਗੁਰਦੀਪ ਸਿੰਘ ਅਣਖੀ ਦੇ ਭਰਜਾਈ ਸਨ। ਇਸ ਮੌਕੇ ਆਰਐਮਪੀਆਈ ਵਲੋਂ ਡਾ. ਸਰਬਜੀਤ ਮੁਠੱਡਾ ਨੇ ਸ਼ਰਧਾਂਜਲੀ ਭੇਟ ਕਰਦੇ ਕਿਹਾ ਕਿ ਪਰਿਵਾਰ ਦੀ ਮਹਾਨ ਵਿਰਾਸਤ ਨੂੰ ਅੱਗੇ ਲੈ ਕੇ ਜਾਣਾ ਵੀ ਵੱਡਾ ਕੰਮ ਹੈ, ਜਿਸ ਤਰ੍ਹਾਂ ਕਿਸਾਨ ਸੰਘਰਸ਼ ’ਚ ਸਮੁੱਚੀ ਖੱਬੀ ਲਹਿਰ ਆਪਣੀ ਵਿਰਾਸਤ ਨੂੰ ਅੱਗੇ ਲੈ ਕੇ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਹੋਰ ਭਰਵਾਂ ਯੋਗਦਾਨ ਪਾਉਣ ਦਾ ਸੱਦਾ ਵੀ ਦਿੱਤਾ। ਸ਼ੋਕ ਸਭਾ ਮੌਕੇ ਪੰਜਾਬ ਸਕੂਲ ਟੀਚਰਜ਼ ਯੂਨੀਅਨ ਦੇ ਆਗੂ ਮਾ. ਅਮਰਜੀਤ ਸਿੰਘ ਮਹਿਮੀ ਨੇ ਸਰਬਜੀਤ ਢੇਸੀ ਦੀ ਮੁਲਾਜ਼ਮ ਲਹਿਰ ਲਈ ਪਾਏ ਯੋਗਦਾਨ ਦੀ ਚਰਚਾ ਕੀਤੀ। ਇਸ ਮੌਕੇ ਮੁਲਾਜਮ ਜਥੇਬੰਦੀਆਂ ਦੇ ਕਈ ਆਗੂ ਵੀ ਹਾਜ਼ਰ ਸਨ।