ਫਿਲੌਰ : ਇੱਥੋਂ ਦੇ ਮੁਹੱਲਾ ਸੰਤੋਖਪੁਰਾ ‘ਚ 23 ਸਤੰਬਰ ਰਾਤ ਤੋਂ ਬਿਜਲੀ ਸਪਲਾਈ ਬੰਦ ਹੋਣ ਕਾਰਨ ਇਕੱਠੇ ਹੋਏ ਲੋਕਾਂ ਨੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਧਰਨਾ ਦਿੱਤਾ। ਲੋਕਾਂ ਨੇ ਦੱਸਿਆਂ ਕਿ ਕਈ ਵਾਰ ਸ਼ਿਕਾਇਤ ਕਰਨ ‘ਤੇ ਵੀ ਸੁਣਵਾਈ ਨਹੀਂ ਹੋਈ, ਜਿਸ ਕਾਰਨ ਅੱਕੇ ਹੋਏ ਮੁਹੱਲਾ ਨਿਵਾਸੀਆਂ ਨੇ ਇਥੋਂ ਦੇ ਐਸਡੀਐਮ ਦਫ਼ਤਰ ਅੱਗੇ ਧਰਨਾ ਲਗਾ ਦਿੱਤਾ। ਜਿਸ ਦੀ ਅਗਵਾਈ ਕਾਮਰੇਡ ਜਰਨੈਲ ਫਿਲੌਰ ਨੇ ਕੀਤੀ। ਆਗੂਆਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਜੇਈ, ਐਸਡੀਓ ਅਤੇ ਐਕਸੀਅਨ ਨੂੰ ਵੀ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਲੋਕਾਂ ਨੇ ਦੱਸਿਆ ਕਿ ਅੱਜ ਐਸਡੀਐਮ ਦੇ ਨੋਟਿਸ ‘ਚ ਵੀ ਇਹ ਮਸਲਾ ਲਿਆਂਦਾ ਗਿਆ ਪਰ 3 ਵਜੇ ਤੱਕ ਕੋਈ ਕਾਰਵਾਈ ਨਾ ਹੋਈ ਤਾਂ ਮਜਬੂਰਨ ਧਰਨਾ ਲਗਾਉਣਾ ਪਿਆ। ਜਿਸ ‘ਤੇ ਪਾਵਰਕੌਮ ਹਰਕਤ ਵਿਚ ਆਇਆ ਤਾਂ ਮੁਹੱਲਾ ਸੰਤੋਖਪੁਰਾ ਦੀ ਬਿਜਲੀ ਸਪਲਾਈ ਚਾਲੂ ਕੀਤੀ ਗਈ, ਜਿਸ ਉਪਰੰਤ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਪਾਵਰਕੌਮ ਦੇ ਅਧਿਕਾਰੀਆਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਮਲਾ, ਸਰੋਜ, ਪੰਮੀ ਰਾਣੀ, ਮਨਜੀਤ ਕੌਰ, ਜਸਵੀਰ, ਰੇਖਾ, ਕਾਮਰੇਡ ਬਲਰਾਜ ਆਦਿ ਵੀ ਉਚੇਚੇ ਤੌਰ ‘ਤੇ ਅਗਵਾਈ ਕਰਨ ਵਾਲਿਆਂ ‘ਚ ਸ਼ਾਮਲ ਸਨ।