Now Reading
ਬਿਜਲੀ ਰੇਟਾਂ ‘ਚ ਵਾਧਾ : ਛੋਟੇ ਉਦਯੋਗਾਂ ਦਾ ਖ਼ਾਤਮਾ ਕਰਨ ਅਤੇ ਸੂਬੇ ਦੇ ਵਸੀਲਿਆਂ ਨੂੰ ਚੂੰਡ ਲੈਣ ਵਾਲਾ ਫ਼ੈਸਲਾ

ਬਿਜਲੀ ਰੇਟਾਂ ‘ਚ ਵਾਧਾ : ਛੋਟੇ ਉਦਯੋਗਾਂ ਦਾ ਖ਼ਾਤਮਾ ਕਰਨ ਅਤੇ ਸੂਬੇ ਦੇ ਵਸੀਲਿਆਂ ਨੂੰ ਚੂੰਡ ਲੈਣ ਵਾਲਾ ਫ਼ੈਸਲਾ

ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਹਾਲ ਹੀ ਵਿੱਚ ਛੋਟੀਆਂ ਅਤੇ ਦਰਮਿਆਨੀਆਂ ਸਨਅਤੀ ਇਕਾਈਆਂ ਵੱਲੋਂ ਨਵੇਂ ਕੁਨੈਕਸ਼ਨ ਲੈਣ ਜਾਂ ਪੁਰਾਣੇ ਕੁਨੈਕਸ਼ਨਾਂ ਦਾ ਲੋਡ ਵਧਾਉਣ ਲਈ ਵਸੂਲੀਆਂ ਜਾਂਦੀਆਂ ਦਰਾਂ ਅੰਦਰ ਪੱਚੀ ਪ੍ਰਤੀਸ਼ਤ (25%) ਦੇ ਕੀਤੇ ਗਏ ਅਥਾਹ ਵਾਧੇ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਅੱਜ ਇੱਥੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੂਬਾਈ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਅਤੇ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਇਹ ਪਹਿਲਾਂ ਹੀ ਸਹਿਕ ਰਹੀਆਂ ਛੋਟੀਆਂ ਸਨਅਤਾਂ ਦੀ ਹੋਰ ਸੰਘੀ ਘੁੱਟਣ ਵਾਲਾ ਫ਼ੈਸਲਾ ਹੈ, ਜਿਸ ਨਾਲ ਪੰਜਾਬ ਵਾਸੀਆਂ ਨੂੰ ਰੁਜ਼ਗਾਰ ਕਟੌਤੀ ਅਤੇ ਮਹਿੰਗਾਈ ਵਾਧੇ ਦੀ ਦੋਹਰੀ ਮਾਰ ਦਾ ਡੰਗ ਝੱਲਣਾ ਪਵੇਗਾ। ਆਗੂਆਂ ਨੇ ਕਿਹਾ ਕਿ ਇਸ ਕਦਮ ਰਾਹੀਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੇ ਵੱਡੀ ਗਿਣਤੀ ਕਿਰਤੀ ਸ਼ਕਤੀ ਨੂੰ ਰੁਜ਼ਗਾਰ ਦੇਣ ਵਾਲੇ ਲੱਖਾਂ ਛੋਟੇ ਉਦਯੋਗਾਂ ਦਾ ਖ਼ਾਤਮਾ ਕਰਨ ਅਤੇ ਸੂਬੇ ਦੇ ਵਸੀਲਿਆਂ ਨੂੰ ਚੂੰਡ ਲੈਣ ਵਾਲੇ ਕਾਰਪੋਰੇਟ ਸੈਕਟਰ ਦੀਆਂ ਹੋਰ ਵਧੇਰੇ ਮੌਜਾਂ ਲਾਉਣ ਵਾਲੇ ਆਪਣੇ ਲੋਕ ਦੋਖੀ ਖ਼ਾਸੇ ਦਾ ਫਿਰ ਤੋਂ ਪ੍ਰਗਟਾਵਾ ਕੀਤਾ ਹੈ।
ਸਕੱਤਰੇਤ ਨੇ ਮੰਗ ਕੀਤੀ ਹੈ ਕਿ ਇਹ ਵਾਧਾ ਨਾ ਕੇਵਲ ਰੱਦ ਕੀਤਾ ਜਾਵੇ ਬਲਕਿ ਉੱਤਰੀ ਭਾਰਤ ਦੇ ਸਾਰੇ ਸੂਬਿਆਂ ਤੋਂ ਜ਼ਿਆਦਾ ਬਿਜਲੀ ਦਰਾਂ ਵਸੂਲ ਕਰਨ ਵਾਲੀ ਨੀਤੀ ਛੱਡ ਕੇ ਬਿਜਲੀ ਰੇਟਾਂ ਵਿਚ ਤਰਕ ਸੰਗਤ ਤਬਦੀਲੀ ਕੀਤੀ ਜਾਵੇ। ਸਕੱਤਰੇਤ ਨੇ ਇਹ ਵੀ ਮੰਗ ਕੀਤੀ ਕਿ ਪਿਛਲੇ ਹਫ਼ਤੇ ਵਧਾਏ ਘਰੇਲੂ ਅਤੇ ਹੋਰਨਾਂ ਬਿਜਲੀ ਰੇਟਾਂ ਦਾ ਵਾਧਾ ਵੀ ਵਾਪਸ ਲਿਆ ਜਾਵੇ। ਸਕੱਤਰੇਤ ਵੱਲੋਂ ਇਸ ਨਾਜਾਇਜ਼ ਵਾਧੇ ਵਿਰੁੱਧ ਹਰ ਪੱਧਰ ‘ਤੇ ਸੰਘਰਸ਼ ਵਿੱਢਣ ਦਾ ਵੀ ਐਲਾਨ ਕੀਤਾ ਗਿਆ। ਸਕੱਤਰੇਤ ਵੱਲੋਂ ਸਮੂਹ ਪੰਜਾਬ ਵਾਸੀਆਂ ਨੂੰ ਇਸ ਨਾਦਰਸ਼ਾਹੀ ਵਾਧੇ ਖ਼ਿਲਾਫ਼ ਸੰਘਰਸ਼ਾਂ ਵਿੱਚ ਨਿੱਤਰਨ ਦਾ ਸੱਦਾ ਦਿੱਤਾ ਗਿਆ।

Scroll To Top