Now Reading
ਫਰੀਦਕੋਟ ‘ਚ ਮਸ਼ਾਲ ਮਾਰਚ ਕੱਢਿਆ

ਫਰੀਦਕੋਟ ‘ਚ ਮਸ਼ਾਲ ਮਾਰਚ ਕੱਢਿਆ

ਫਰੀਦਕੋਟ, 14 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਅੱਜ ਇੱਥੇ ਡਾ. ਭੀਮ ਰਾਓ ਅੰਬੇਡਕਰ ਦੇ ਜੈਯੰਤੀ ਮੌਕੇ ਮਸ਼ਾਲ ਮਾਰਚ ਕੱਢਿਆ ਗਿਆ। ਇਸ ‘ਚ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ‘ਚੋਂ ਅਤੇ ਪਿੰਡਾਂ ‘ਚੋਂ ਨੌਜਵਾਨਾਂ ਨੇ ਭਾਗ ਲਿਆ। ਇਸ ਮੌਕੇ ਸਭਾ ਦੇ ਸੂਬਾ ਆਗੂ ਜਤਿੰਦਰ ਕੁਮਾਰ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਨੇ ਸਾਨੂੰ ਬੋਲਣ, ਇਕੱਠਿਆਂ ਹੋਣ, ਪੜ੍ਹਨ ਤੇ ਲਿਖਣ, ਜਥੇਬੰਦੀਆਂ ਬਨਾਉਣ ਦੇ ਅਧਿਕਾਰ ਸੰਵਿਧਾਨ ਅੰਦਰ ਲੈ ਕੇ ਦਿੱਤੇ ਸਨ ਪਰ ਅੱਜ ਸਮੇਂ ਦੀਆਂ ਸਰਕਾਰਾਂ ਉਹ ਅਧਿਕਾਰ ਲੋਕਾਂ ਕੋਲੋਂ ਖੋਹਣ ਵਾਲੇ ਪਾਸੇ ਤੁਰੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਪ੍ਰਾਈਵੇਟੇਸ਼ਨ ਕਾਰਨ ਜਿੱਥੇ ਪਬਲਿਕ ਸੈਕਟਰ ਨਿਘਾਰ ਵਿੱਚ ਜਾ ਰਿਹਾ ਹੈ ਉਥੇ ਨਵੀਂ ਭਰਤੀ ਨਹੀਂ ਹੋ ਰਹੀ। ਉਨ੍ਹਾਂ ਅੱਗੇ ਕਿਹਾ ਕਿ ਤਿੰਨ ਖੇਤੀ ਬਿੱਲ ਮੋਦੀ ਦੀ ਸਰਕਾਰ ਲੈ ਕੇ ਆਈ ਹੈ ਅਤੇ ਉਹ ਕਿਸਾਨਾਂ ਦਾ ਨਹੀਂ ਪੂਰੀ ਦੁਨੀਆਂ ਦਾ ਘਾਣ ਕਰਨਾ ਚਾਹੁੰਦੀ ਹੈ ਤੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਦੇਣਾ ਚਾਹੁੰਦੀ ਹੈ। ਇਸ ਤਰ੍ਹਾਂ ਅਜੋਕੇ ਹਾਕਮ ਗੁਲਾਮਦਾਰੀ ਯੁੱਗ ਨੂੰ ਸ਼ੁਰੂ ਕਰਕੇ ਮਨੂ ਸਮਰਿਤੀ ਨੂੰ ਲੈ ਕੇ ਆਉਣਾ ਚਾਹੁੰਦੇ ਹਨ ਤੇ ਨਵੀਂ ਸਿੱਖਿਆ ਨੀਤੀ ਦੇ ਅੰਦਰ ਸ਼ਹੀਦੇ ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਸੁਨਾਮ, ਡਾ ਭੀਮ ਰਾਓ ਅੰਬੇਦਕਰ ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਦਾ ਇਤਿਹਾਸ ‘ਚੋਂ ਉਨ੍ਹਾਂ ਦੇ ਨਾਵਾਂ ਨੂੰ ਮਿਟਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਵੇਂ ਕਿਰਤ ਕਾਨੂੰਨ ਲਿਆ ਕੇ ਮਜ਼ਦੂਰਾਂ ਦਾ ਘਾਣ ਕਰਨ ਵਾਲੇ ਪਾਸੇ ਵਧਿਆ ਜਾ ਰਿਹਾ ਹੈ। ਇਸ ਸਮੇਂ ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਹੈਪੀ, ਸਿਮਰਜੀਤ ਸਿੰਘ, ਸੁਖਬੀਰ ਸਿੰਘ ਪੱਖੀ ਕਲਾਂ ਆਦਿ ਸਮੇਤ ਹੋਰ ਨੌਜਵਾਨਾਂ ਨੇ ਭਾਗ ਲਿਆ। ਭਰਾਤਰੀ ਤੌਰ ‘ਤੇ ਬੀਰਇੰਦਰ ਸਿੰਘ ਪੁਰੀ, ਹਰਜਿੰਦਰ ਸਿੰਘ ਕਾਕਾ, ਸੂਰਤ ਸਿੰਘ ਮਾਹਲਾ, ਲਾਲ ਸਿੰਘ ਗੋਲੇਵਾਲਾ, ਹਰਪ੍ਰੀਤ ਸਿੰਘ ਬਿਜਲੀ ਬੋਰਡ, ਦਲੀਪ ਸਿੰਘ ਸਮੇਤ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ।

Scroll To Top