
ਫਰੀਦਕੋਟ, 10 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਪੰਜਾਬ ਮੰਡੀ ਬੋਰਡ ਫੀਲਡ ਇੰਪਲਾਈਜ਼ ਯੂਨੀਅਨ ਵੱਲੋਂ ਸੂਬਾ ਕਮੇਟੀ ਦੀ ਮੀਟਿੰਗ ਸ਼੍ਰੀ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਆਨਲਾਈਨ ਕੀਤੀ ਗਈ, ਜਿਸ ਵਿਚ ਸੂਬਾ ਪ੍ਰਧਾਨ ਵੀਰਇੰਦਰਜੀਤ ਸਿੰਘ ਪੁਰੀ ਸ਼ਾਮਲ ਹੋਏ। ਮੀਟਿੰਗ ਦੌਰਾਨ ਸਟੇਟ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ 16 ਅਕਤੂਬਰ ਨੂੰ ਮੋਰਿੰਡਾ ਵਿਖੇ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਕੀਤੀ ਜਾ ਰਹੀ ਰੈਲੀ ਵਿੱਚ ਸਾਰੇ ਜ਼ਿਲ੍ਹਿਆਂ ਵਿੱਚੋਂ ਮੰਡੀ ਬੋਰਡ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ ਅਤੇ 17-18 ਅਕਤੂਬਰ ਨੂੰ ਮੰਡੀ ਬੋਰਡ ਦੀ ਸਟੇਟ ਕਮੇਟੀ ਪੱਕੇ ਮੋਰਚੇ ਵਿਚ ਹੀ ਰਹੇਗੀ। ਸਟੇਟ ਕਮੇਟੀ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਕਿ 23 ਅਕਤੂਬਰ ਤੋਂ 28 ਅਕਤੂਬਰ ਤੱਕ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਿਚ ਪੂਰੇ ਪੰਜਾਬ ਤੋਂ ਮੰਡੀ ਬੋਰਡ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਦਿੱਲੀ ਵਿੱਚ ਆਲ ਇੰਡੀਆ ਫੈਡਰੇਸ਼ਨ ਦੇ ਬਣ ਰਹੇ ਨਵੇਂ ਦਫਤਰ ਵਾਸਤੇ ਮੰਡੀ ਬੋਰਡ ਦੀ ਜਥੇਬੰਦੀ ਵੱਲੋਂ ਪੰਜ ਹਜ਼ਾਰ ਰੁਪਏ ਦੇਣ ਦਾ ਵੀ ਫੈਸਲਾ ਕੀਤਾ ਗਿਆ।
ਮੀਟਿੰਗ ਦੌਰਾਨ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ 12 ਅਪ੍ਰੈਲ 2021 ਨੂੰ ਮੰਡੀ ਬੋਰਡ ਦੀ ਮੈਨੇਜਮੈਂਟ ਨਾਲ ਹੋਈ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਵਿੱਚ ਬੋਰਡ ਵੱਲੋਂ ਮੰਨੀਆਂ ਹੋਈਆਂ ਮੰਗਾਂ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ, ਜਿਸ ਕਰਕੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਟੇਟ ਕਮੇਟੀ ਵੱਲੋਂ 13 ਅਕਤੂਬਰ ਨੂੰ ਮੰਡੀ ਬੋਰਡ ਦੀ ਮੈਨੇਜਮੈਂਟ ਨਾਲ ਮੰਗਾਂ ਦੇ ਸੰਬੰਧ ਵਿਚ ਗੱਲਬਾਤ ਕੀਤੀ ਜਾਵੇਗੀ ਜੇਕਰ ਮੰਨੀਆਂ ਹੋਈਆਂ ਮੰਗਾਂ ਮੈਨੇਜਮੈਂਟ ਲਾਗੂ ਨਹੀਂ ਕਰਦੀ ਤਾਂ ਜਥੇਬੰਦੀ ਵੱਲੋਂ ਲੁਧਿਆਣਾ ਵਿਖੇ ਮੀਟਿੰਗ ਕਰਕੇ ਹੈੱਡ ਆਫ਼ਿਸ ਮੁਹਾਲੀ ਵੱਲ ਤਿੱਖੇ ਐਕਸ਼ਨ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਮੰਡੀ ਬੋਰਡ ਮੈਨੇਜਮੈਂਟ ਦੀ ਹੋਵੇਗੀ।
ਮੀਟਿੰਗ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਸੋਧਿਆ ਹੋਇਆ ਪੇ ਕਮਿਸ਼ਨ ਲਾਗੂ ਕਰਕੇ ਬਕਾਇਆ ਤੁਰੰਤ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਪਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਕੋਰੋਨਾ ਕਾਲ ਦੇ ਖ਼ਤਰਨਾਕ ਸਮੇਂ ਵਿਚ ਡਿਊਟੀ ਕਰ ਚੁੱਕੇ ਕੋਰੋਨਾ ਯੋਧਿਆਂ ਨੂੰ ਤੁਰੰਤ ਡਿਊਟੀ ਤੇ ਬਹਾਲ ਕੀਤਾ ਜਾਵੇ ਅਤੇ ਸਿਹਤ ਵਿਭਾਗ ਵਿੱਚ ਨਵੀਂ ਭਰਤੀ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਕਰੋਨਾ ਯੋਧਿਆਂ ਨੂੰ ਪਹਿਲਾਂ ਅਡਜਸਟ ਕੀਤਾ ਜਾਵੇ।