ਪਿਛਲੇ ਦੋ ਮਹੀਨਿਆਂ ਦੌਰਾਨ ਪੰਜਾਬ ‘ਚ ਨਸ਼ਿਆਂ ਕਾਰਨ ਔਸਤਨ ਰੋਜ਼ਾਨਾ ਇਕ ਮੌਤ ਹੋਈ ਹੈ। ਇਹ ਖੁਲਾਸਾ ਅੰਗਰੇਜ਼ੀ ਅਖਬਾਰ ‘ਦਿ ਟ੍ਰਿਬਿਊਨ’ ਨੇ 14 ਜੁਲਾਈ ਨੂੰ ਆਪਣੀ ਇਕ ਰਿਪੋਰਟ ‘ਚ ਕੀਤਾ ਹੈ। ਅਖਬਾਰ ਨੇ ਇਹ ਰਿਪੋਰਟ 15 ਮਈ ਤੋਂ ਬਾਅਦ ਦੇ ਰਿਕਾਰਡ ਦੀ ਛਾਣਬੀਣ ਕਰਕੇ ਤਿਆਰ ਕੀਤੀ ਹੈ। ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ‘ਚੋਂ ਤਿਆਰ ਕੀਤੀ ਗਈ ਇਸ ਰਿਪੋਰਟ ਅਨੁਸਾਰ 60 ਨੌਜਵਾਨਾਂ ਦੀ ਪੋਸਟ ਮਾਰਟਮ ਰਿਪੋਰਟ ‘ਚ ਮੌਤ ਦਾ ਕਾਰਨ ਡਰੱਗ ਹੀ ਦੱਸਿਆ ਗਿਆ ਹੈ। ਇਹ ਸਾਰੇ ਨੌਜਵਾਨਾਂ, ਜਿਨ੍ਹਾਂ ਦਾ ਵਿਸਰਾ ਰਸਾਇਣਕ ਜਾਂਚ ਲਈ ਭੇਜਿਆ ਗਿਆ ਹੈ, ਦੀ ਉਮਰ 18 ਤੋਂ 35 ਸਾਲ ਸੀ। ਮਰਨ ਵਾਲਿਆਂ ‘ਚੋਂ ਪੰਜ 21 ਸਾਲ ਤੋਂ ਘੱਟ ਉਮਰ ਦੇ ਸਨ ਜਦਕਿ ਸਭ ਤੋਂ ਛੋਟਾ ਨੌਜਵਾਨ 18 ਸਾਲ ਦਾ ਸੀ।
ਇਹ ਮੌਤਾਂ 15 ਜਿਲ੍ਹਿਆਂ ‘ਚ ਹੋਈਆਂ ਹਨ ਜਿਨ੍ਹਾਂ ‘ਚੋਂ ਜ਼ਿਆਦਾਤਰ ਮਾਲਵਾ ਤੇ ਦੋਆਬਾ ਨਾਲ ਸੰਬੰਧਤ ਜ਼ਿਲ੍ਹੇ ਹਨ। ਅੰਮ੍ਰਿਤਸਰ ਜ਼ਿਲ੍ਹੇ ‘ਚ ਸਭ ਤੋਂ ਵੱਧ, 10 ਮੌਤਾਂ ਹੋਈਆਂ ਹਨ।
ਫੌਜਦਾਰੀ ਜਾਬਤੇ ਦੀ ਧਾਰਾ 174 ਅਧੀਨ ਕਾਰਵਾਈ ਲਈ ਇਨ੍ਹਾਂ ਪੀੜਤਾਂ ਦੇ ਨਮੂਨੇ ਖਰੜ ਦੀ ਸਟੇਟ ਕੈਮੀਕਲ ਟੈਸਟਿੰਗ ਲੈਬਾਰਟਰੀ ਭੇਜੇ ਗਏ ਹਨ, ਜਿਸ ਤੋਂ ਇਲਾਜ ਦਾ ਢੰਗ ਤਰੀਕਾ ਤੈਅ ਕਰਨ ਅਤੇ ਸਪਲਾਈ ਚੇਨ ਦਾ ਪਤਾ ਲਾਉਣ ‘ਚ ਮਦਦ ਮਿਲੇਗੀ। ਇਹ ਵੱਖਰੀ ਗੱਲ ਹੈ ਕਿ ਇਸ ਲੈਬਾਰਟਰੀ ‘ਚ 5 ਹਜ਼ਾਰ ਨਮੂਨੇ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਸਟੋਰ ਰੂਮ ‘ਚ ਪਏ ਹਨ। ਜੇ ਵਾਰੀ ਸਿਰ ਨਮੂਨਿਆਂ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਤਾਜ਼ਾ ਨਮੂਨਿਆਂ ਦੀ ਵਾਰੀ ਆਉਣ ‘ਚ ਦੋ ਸਾਲ ਦਾ ਸਮਾਂ ਲੱਗੇਗਾ।
ਇਸ ਰਿਪੋਰਟ ਅਨੁਸਾਰ 15 ਮਈ ਤੋਂ ਲੈ ਕੇ 13 ਜੁਲਾਈ ਤੱਕ ਅੰਮ੍ਰਿਤਸਰ ‘ਚ 10, ਹੁਸ਼ਿਆਰਪੁਰ, ਤਰਨ ਤਾਰਨ ਤੇ ਬਟਾਲਾ ‘ਚ 5-5, ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਤੇ ਰੋਪੜ ‘ਚ 4-4, ਜਲੰਧਰ, ਲੁਧਿਆਣਾ, ਗੁਰਦਾਸਪੁਰ, ਬਠਿੰਡਾ, ਪਟਿਆਲਾ ਤੇ ਮੋਗਾ ‘ਚ 3-3, ਸੰਗਰੂਰ ਤੇ ਫਰੀਦਕੋਟ ‘ਚ 2-2 ਅਤੇ ਫਿਰੋਜ਼ਪੁਰ ‘ਚ ਇਕ ਮੌਤ ਦਰਜ ਕੀਤੀ ਗਈ ਹੈ।
ਸੁਣਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਸ਼ਿਆਂ ਦੇ ਮੁੱਦੇ ‘ਤੇ ਗੰਭੀਰ ਹੋ ਗਈ ਹੈ। ਇਹ ਗੰਭੀਰਤਾ ਹੀ ਹੈ ਕਿ ਨਸ਼ਾ ਛੁਡਾਊ ਕੇਂਦਰਾਂ ‘ਚੋਂ ਨੌਜਵਾਨ ਫਰਾਰ ਹੋ ਰਹੇ ਹਨ। ਸਰਕਾਰੀ ਲੈਬੋਰਟਰੀਆਂ ਸਟਾਫ ਤੇ ਸਹੂਲਤਾਂ ਤੋਂ ਸੱਖਣੀਆਂ ਹੋਣ ਕਾਰਨ ਨਮੂਨਿਆਂ ਦੀ ਜਾਂਚ ਨਹੀਂ ਕਰ ਪਾ ਰਹੀਆਂ ਤੇ ਪੰਜਾਬ ਦਾ ਨੌਜਵਾਨ ਇਕ-ਇਕ ਕਰਕੇ ਮੌਤ ਦੇ ਮੂੰਹ ‘ਚ ਕਿਰਦਾ ਜਾ ਰਿਹਾ ਹੈ।
ਰੋਜ਼ਾਨਾ ਇਕ ਮੌਤ, ਇਹ ਹੈ ਪੰਜਾਬ ਦਾ ਆਲਮ!
–ਇੰਦਰਜੀਤ ਚੁਗਾਵਾਂ