Now Reading
ਪੇਰੀਆਰ ਅਤੇ ਸਮਾਜਵਾਦ

ਪੇਰੀਆਰ ਅਤੇ ਸਮਾਜਵਾਦ

(ਦ੍ਰਾਵਿੜ ਲਹਿਰ ਦੇ ਇਤਿਹਾਸਕਾਰ ਏ.ਆਰ. ਵੈੰਕਟਾਚੇਲਾਪਥੀ ਦੇ ‘ਦਾ ਹਿੰਦੂ’ ਅਖਬਾਰ ਵਿੱਚ 18 ਸਿਤੰਬਰ 2017 ਨੂੰ ਛਪੇ ਲੇਖ ‘ਪੇਰੀਆਰਜ ਟ੍ਰਯਸਟ ਵਿਦ ਸੋਸ਼ਲਿਜਮ’ ਦੇ ਕੁੱਝ ਅੰਸ਼ ਅਸੀਂ ਪੇਰਿਆਰ ਈ.ਵੀ. ਰਾਮਾਸਾਮੀ  ਦੇ ਜਨਮ ਦਿਵਸ (17 ਸਤੰਬਰ) ਮੌਕੇ ਛਾਪਣ ਦੀ ਖੁਸ਼ੀ ਲੈ ਰਹੇ ਹਾਂ-ਸੰਪਾਦਕੀ ਮੰਡਲ)
ਪੇਰੀਆਰ ਈ.ਵੀ. ਰਾਮਾਸਾਮੀ, ਦੱਖਣ ਭਾਰਤ, ਖਾਸ ਕਰ, ਤਾਮਿਲਨਾਡੂ ਦੀ ਦ੍ਰਾਵਿੜ ਲਹਿਰ ਦੇ ਬਾਨੀ ਸਨ, ਇਹ ਲਹਿਰ, ਦਲਿਤ ਲਹਿਰ ਦੀ ਹੀ ਇਕ ਧਾਰਾ ਹੈ। ਪੇਰੀਆਰ ਦਸੰਬਰ 1931 ਵਿਚ ਪਹਿਲੇ ਸਮਾਜਵਾਦੀ ਦੇਸ਼ ਸੋਵੀਅਤ ਯੂਨੀਅਨ ਦੀ ਯਾਤਰਾ ’ਤੇ ਗਏ ਸਨ। ਇਸ ਯਾਤਰਾ ਤੋਂ ਉਹ ਐਨੇ ਪ੍ਰਭਾਵਿਤ ਹੋਏ ਸਨ ਕਿ ਉਨ੍ਹਾਂ ਨੇ ਇਸ ਯਾਤਰਾ ਵਿਚ ਉਨ੍ਹਾਂ ਦੇ ਸਾਥੀ ਰਹੇ ਐੱਸ. ਰਾਮਨਾਥਨ ਨਾਲ ਰਲਕੇ ਕਮਿਊਨਿਸਟ ਮੈਨੀਫੈਸਟੋ ਦਾ ਤਾਮਿਲ ਭਾਸ਼ਾ ਵਿਚ ਅਨੁਵਾਦ ਵੀ ਕੀਤਾ ਸੀ।
ਉਹ ਐੱਸ. ਰਾਮਨਾਥਨ ਅਤੇ ਇਕ ਹੋਰ ਸਾਥੀ ਰਾਮੂ ਨਾਲ 13 ਦਸੰਬਰ 1931 ਨੂੰ ਮਦਰਾਸ ਤੋਂ ਸਮੁੰਦਰੀ ਜਹਾਜ਼ ਰਾਹੀਂ ਸੋਵੀਅਤ ਸੰਘ ਲਈ ਰਵਾਨਾ ਹੋਏ ਸਨ। ਅੰਗਰੇਜ਼ ਸੀਆਈਡੀ ਨੇ ਉਨ੍ਹਾਂ ਦੀ ਇਸ ਯਾਤਰਾ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ ਸੀ ਇਸ ਲਈ ਜਾਣ ਦੇ ਪ੍ਰੋਗਰਾਮ ਨੂੰ ਗੁਪਤ ਰਖਿਆ ਗਿਆ ਸੀ। ਸੋਵੀਅਤ ਸੰਘ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਲੈਣ ਲਈ ਉਨ੍ਹਾਂ ਨੂੰ 2 ਹਫਤੇ ਯੂਨਾਨ ਦੀ ਰਾਜਧਾਨੀ ਏਥੰਸ ਵਿਖੇ ਰੁਕਣਾ ਪਿਆ ਸੀ। ਉਨ੍ਹਾਂ ਨੂੰ ਇਹ ਇਜਾਜ਼ਤ 2 ਫਰਵਰੀ 1932 ਨੂੰ ਮਿਲੀ ਸੀ ਅਤੇ ਉਨ੍ਹਾਂ ਨੇ ਰਾਜਧਾਨੀ ਮਾਸਕੋ ਪੁੱਜਕੇ ਸਭ ਤੋਂ ਪਹਿਲਾ ਕਾਰਜ ਲਾਲ ਚੌਕ ਵਿਖੇ ਸਥਿਤ ਲੈਨਿਨ ਦੀ ਸਮਾਧੀ ਉੱਤੇ ਜਾਕੇ ਉਸ ਮਹਾਨ ਇਨਕਲਾਬੀ ਪ੍ਰਤੀ ਅਪਣਾ ਸਨਮਾਨ ਪ੍ਰਗਟ ਕਰਨ ਦਾ ਕੀਤਾ ਸੀ। ਉਹ ਅਪਣੇ 90 ਦਿਨਾਂ ਪ੍ਰਵਾਸ ਦੌਰਾਨ ਲੈਨਿਨਗ੍ਰਾਦ, ਬਾਕੂ, ਜਾਰਜੀਆ, ਤਿਬਲਿਸੀ ਅਤੇ ਅਜਰਬੈਜਾਨ ਵੀ ਗਏ। ਉਨ੍ਹਾਂ ਦੀ ਇਸ ਯਾਤਰਾ ਦੀ ਮੇਜਬਾਨੀ ਮਾਸਕੋ ਦੀ ਨਾਸਤਿਕ ਲੀਗ ਨੇ ਕੀਤੀ ਸੀ। ਉਨ੍ਹਾਂ ਨੇ ਅਪਣੀ ਡਾਇਰੀ ਵਿਚ ਲਿਖਿਆ ਹੈ ਕਿ ਉਹ ਜਿੱਥੇ ਵੀ ਗਏ ਸੋਵੀਅਤ ਲੋਕਾਂ ਨੇ ਉਨ੍ਹਾਂ ਦੀ ਬਹੁਤ ਖਾਤਰਦਾਰੀ ਕੀਤੀ। ਉਹ, ਉਹ ਜੇਲ੍ਹ ਵੀ ਦੇਖਣ ਗਏ ਜਿਸ ਬਾਰੇ ਸਟਾਲਿਨ ਵਿਰੋਧੀਆਂ ਵਲੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੀ। ਇਤਫਾਕ ਨਾਲ ਉਹ ਮਈ ਦਿਵਸ ਦੇ ਦਿਹਾੜੇ ਮਾਸਕੋ ਵਿਚ ਹੀ ਸਨ। ਉਹ ਵੀ ਮਈ ਦਿਵਸ ਦੇ ਜਸ਼ਨਾਂ ਵਿਚ ਸ਼ਾਮਿਲ ਹੋਏ। ਸਟਾਲਿਨ, ਕਾਲੀਨਿਨ ਅਤੇ ਯੇਰੋਸਲਾਵਸਕੀ ਨੇ ਪਰੇਡ ਤੋਂ ਸਲਾਮੀ ਲਈ। ਮਾਸਕੋ ਦੀ ਓਲਡ ਬਾਲਸ਼ਵਿਕ ਸੁਸਾਇਟੀ ਨੇ ਕ੍ਰੈਮਲਿਨ ਦੇ ਸ਼ਾਨਦਾਰ ਆਡੀਟੋਰੀਅਮ ਵਿਚ ਵਿਦੇਸ਼ੀ ਮਹਿਮਾਨਾਂ ਦੇ ਸਨਮਾਨ ਵਿਚ ਰਾਤ ਦੇ ਖਾਣੇ ਅਤੇ ਸਵਾਗਤ ਸਮਾਰੋਹ ਦਾ ਆਯੋਜਨ ਕੀਤਾ ਸੀ ਜਿਸ ਵਿਚ ਪੇਰੀਆਰ ਤੇ ਉਨ੍ਹਾਂ ਦੇ ਸਾਥੀ ਵੀ ਸ਼ਾਮਿਲ ਹੋਏ। ਇੱਥੇ ਉਹ ਸੀ.ਪੀ.ਆਈ. ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਅਬਾਨੀ ਮੁਖਰਜੀ ਨੂੰ ਮਿਲੇ ਜਿਹੜੇ ਇਸ ਸਮਾਰੋਹ ਵਿਚ ਹਾਜ਼ਰ ਸਨ।
ਸੋਵੀਅਤ ਸੰਘ ਦੀ ਸਮਾਜਵਾਦੀ ਵਿਵਸਥਾ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਵਾਪਸ ਆਕੇ ਉਨ੍ਹਾਂ ਨੇ ‘ਸਵੈਮਾਣ ਅੰਦੋਲਨ’ ਆਰੰਭ ਕੀਤਾ ਅਤੇ ਅਪਣੇ ਸਮਰਥਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਮਹਾਗਮਨ, ਸ਼੍ਰੀ, ਥੀਰੂ ਜਾਂ ਥੀਰੂਪਥੀ ਆਦਿ ਸਨਮਾਨ ਸੂਚਕ ਸ਼ਬਦਾਂ ਨਾਲ ਨਹੀਂ ਬਲਕਿ ਕਾਮਰੇਡ ਕਹਿਕੇ ਸੰਬੋਧਨ ਕਰਨ। ਤਾਮਿਲਨਾਡੂ ਵਿਚ ਇਕ ਰਵਾਇਤ ਹੈ ਕਿ ਨਵਜੰਮੇ ਬੱਚੇ ਦਾ ਨਾਂਅ ਰੱਖਣ ਲਈ ਬਜੁਰਗਾਂ ਨੂੰ ਬੁਲਾਇਆ ਜਾਂਦਾ ਹੈ। ਉਨ੍ਹਾਂ ਨੇ ਅਪਣੇ ਇਕ ਦ੍ਰਾਵਿੜ ਦੋਸਤ ਦੀ ਬੇਟੀ ਦਾ ਨਾਂਅ ਰਸ਼ੀਆ ਅਤੇ ਇਕ ਹੋਰ ਦੋਸਤ ਦੇ ਬੇਟੇ ਦਾ ਨਾਂਅ ਮਾਸਕੋ ਰਖਿਆ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਪੂਰਾ ਯੂਰਪ ਭਿਆਨਕ ਮੰਦੀ ਕਰਕੇ ਤ੍ਰਾਹ-ਤ੍ਰਾਹ ਕਰ ਰਿਹਾ ਸੀ ਉਸ ਵੇਲੇ ਸੋਵੀਅਤ ਸੰਘ ਵਿਚ ਪੂਰੀ ਗਤੀ ਨਾਲ ਵਿਕਾਸ ਹੋ ਰਿਹਾ ਸੀ। ਮਸਕੁਵਾ ਸਾਰਕੋਜੀ ਸਾਕਿਜ ਲੋਕ ਅਦਾਲਤ ਤੋਂ ਵੀ ਉਹ ਬਹੁਤ ਪ੍ਰਭਾਵਿਤ ਹੋਏ ਸਨ। ਉਸ ਸਮੇਂ ਦੀ ਮਦਰਾਸ ਦੀ ਪੁਲਸ ਰਿਪੋਰਟ ਵਿਚ ਦਰਜ ਹੈ ਕਿ ਪੇਰੀਆਰ ਨੇ ‘‘ਕਮਿਊਨਿਸਟ ਵਿਚਾਰਧਾਰਾ ਦਾ ਪ੍ਰਚਾਰ ਆਰੰਭ ਕਰਨ ਪ੍ਰਤੀ ਕੋਈ ਸਮਾਂ ਨਹੀਂ ਗੁਆਇਆ’’ ਅਤੇ ਅਗਲੇ ਤਿੰਨ ਮਹੀਨਿਆਂ ਵਿਚ ਹੀ ਉਨ੍ਹਾਂ 40 ਸਭਾਵਾਂ ਆਯੋਜਿਤ ਕੀਤੀਆਂ ਜਿਨ੍ਹਾਂ ਵਿਚ ਉਨ੍ਹਾਂ ਨੇ ਸਪਸ਼ਟ ਐਲਾਨ ਕੀਤਾ ਕਿ ਉਹ ਇਸ ਅੰਗਰੇਜ਼ੀ ਰਾਜ ਨੂੰ ਜੜ੍ਹੋਂ ਖਤਮ ਕਰਨਾ ਚਾਹੁੰਦੇ ਹਨ ਅਤੇ ਉਸਦੀ ਥਾਂ ਸੋਵੀਅਤ ਸੰਘ ਵਰਗਾ ਸਮਾਜਵਾਦੀ ਰਾਜ ਸਥਾਪਿਤ ਕਰਨਾ ਚਾਹੁੰਦੇ ਹਨ। ਇਸ ਨਾਲ ਪੁਲਸ ਦੇ ਕੰਨ ਖੜ੍ਹੇ ਹੋ ਗਏ ਅਤੇ ਉਨ੍ਹਾਂ ਤੇ ਪਰਿਵਾਰ ਵਿਰੁੱਧ ਪੁਲਸ ਵਲੋਂ ਕਾਰਵਾਈ ਕੀਤੀ ਗਈ।  
ਪੇਰੀਆਰ ਤਾਉਮਰ ਸੋਵੀਅਤ ਸੰਘ ਦੀਆਂ ਪ੍ਰਾਪਤੀਆਂ ਤੋਂ ਪ੍ਰਭਾਵਿਤ ਰਹੇ। ਸਮਾਜ ਅਤੇ ਅਰਥ ਵਿਵਸਥਾ ’ਤੇ ਸਰਕਾਰ ਦੇ ਸੰਪੂਰਣ ਕੰਟਰੋਲ ਨੇ ਉਨ੍ਹਾਂ ਨੂੰ ਡੂੰਘੇ ਰੂਪ ਵਿਚ ਪ੍ਰਭਾਵਿਤ ਕੀਤਾ। ਉਹ ਅਕਸਰ ਕਹਿੰਦੇ ਸਨ ‘‘ਇਹ ਇਕ ਨਵੀਂ ਦੁਨੀਆ ਹੈ, ਅਜਿਹੀ ਤਬਦੀਲੀ ਕਿਸੇ ਵੀ ਹੋਰ ਦੇਸ਼ ਵਿਚ ਨਹੀਂ ਆਈ ਹੈ।’’ ਉਨ੍ਹਾਂ ਦਾ ਦਿ੍ਰੜ ਵਿਸ਼ਵਾਸ ਸੀ ਕਿ ਸੋਵੀਅਤ ਸੰਘ ਵਰਗੀ ਸ਼ਾਸਨ ਵਿਵਸਥਾ ਹੀ ਭਾਰਤ ਨੂੰ ਗਰੀਬੀ ਤੋਂ ਨਿਜਾਤ ਦੁਆ ਸਕਦੀ ਹੈ। ਉਹ ਸਮਾਜਵਾਦੀ ਸਮਾਜ ਦੇ ਆਦਰਸ਼ਕ ਰੂਪ ਵਿਚ ਵਿਸ਼ਵਾਸ ਰੱਖਦੇ ਸਨ।

Scroll To Top