ਤਰਨ ਤਾਰਨ, 19 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਜਮਹੂਰੀ ਕਿਸਾਨ ਸਭਾ ਦੀ ਇੱਕ ਮੀਟਿੰਗ ਗੁਰਪ੍ਰਤਾਪ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਸਕੱਤਰ ਜਸਪਾਲ ਸਿੰਘ ਝਬਾਲ, ਸੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਕਿੱਤੇ ਨੂੰ ਤਬਾਹ ਕਰਨ ਲਈ ਕਿਸਾਨਾਂ, ਮਜਦੂਰਾਂ ‘ਤੇ ਜਬਰੀ ਤਿੰਨ ਕਾਲੇ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਅੰਬਾਨੀ ਅੰਡਾਨੀ ਅਤੇ ਹੋਰ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀਆਂ ਸੋਨੇ ਵਰਗੀਆਂ ਜ਼ਮੀਨਾਂ ਸਸਤੇ ਭਾਅ ‘ਤੇ ਦੇਣਾ ਚਾਹੁੰਦੀ ਹੈ ਪਰ ਦੇਸ਼ ਦਾ ਕਿਸਾਨ ਮੋਦੀ ਸਰਕਾਰ ਦੇ ਮਨਸੂਬੇ ਕਦੇ ਵੀ ਲਾਗੂ ਨਹੀਂ ਹੋਣ ਦੇਵੇਗਾ। ਉਕਤ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਰੋਨਾ ਦੀ ਆੜ ਹੇਠ ਅਮੀਰ ਘਰਾਣਿਆਂ ਨੂੰ ਖੁਸ਼ ਕਰਨ ਲਈ ਕਿਸਾਨਾਂ, ਮਜ਼ਦੂਰਾਂ ਦੇ ਖ਼ਿਲਾਫ਼ ਕਾਨੂੰਨ ਜਿਵੇਂ ਕਿ 44 ਕਿਰਤ ਕਾਨੂੰਨਾਂ ਨੂੰ ਤੋੜ ਕੇ ਚਾਰ ਕੋਡ ਬਣਾਉਣਾ, 8 ਘੰਟੇ ਤੋਂ 12 ਘੰਟੇ ਮਜ਼ਦੂਰ ਤੋਂ ਕੰਮ ਲੈਣਾ, ਸਰਕਾਰੀ ਅਦਾਰਿਆਂ ਦਾ ਤੇਜ਼ੀ ਨਾਲ ਨਿੱਜੀਕਰਨ ਕਰਨਾ ਆਦਿ ਪਾਸ ਕਰ ਦਿੱਤੇ ਹਨ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਕਿਸਾਨਾਂ, ਮਜ਼ਦੂਰਾਂ ਦਾ ਦਿੱਲੀ ‘ਚ ਲੱਗਾ ਮੋਰਚਾ ਜਿੱਤ ਪ੍ਰਾਪਤ ਕਰਕੇ ਹੀ ਸਾਹ ਲਵੇਗਾ ਅਤੇ ਮੋਦੀ ਦੀ ਬੀਜੇਪੀ ਸਰਕਾਰ ਦੀ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਹਰ ਹਾਲਤ ਵਿੱਚ ਹਾਰਨਗੀਆਂ। ਇਸ ਮੌਕੇ ਹਰਜੀਤ ਸਿੰਘ ਸਾਬਕਾ ਸਰਪੰਚ, ਬਾਬਾ ਬਲਵਿੰਦਰ ਸਿੰਘ, ਗੁਰਭੇਜ ਸਿੰਘ ਭੱਟੀ, ਸਰਬਜੀਤ ਸਿੰਘ ਬਾਠ ਨੇ ਵੀ ਸੰਬੋਧਨ ਕੀਤਾ। ਅੰਤ ਵਿੱਚ 13 ਮੈਂਬਰੀ ਕਮੇਟੀ ਚੁਣੀ ਗਈ, ਜਿਸ ਵਿੱਚ ਗੁਰਪ੍ਰਤਾਪ ਸਿੰਘ ਬਾਠ ਪ੍ਰਧਾਨ, ਦਿਲਬਾਗ ਸਿੰਘ ਸਕੱਤਰ, ਸਰਬਜੀਤ ਸਿੰਘ ਖਜ਼ਾਨਚੀ, ਬਾਬਾ ਬਲਵਿੰਦਰ ਸਿੰਘ ਪ੍ਰਚਾਰ ਸਕੱਤਰ ਤੋਂ ਇਲਾਵਾ ਬਲਵਿੰਦਰ ਸਿੰਘ, ਜਗਪ੍ਰੀਤ ਸਿੰਘ, ਬਿਕਰਮਜੀਤ ਸਿੰਘ, ਜਸਬੀਰ ਸਿੰਘ, ਬਲਕਾਰ ਸਿੰਘ, ਪਰਮਜੀਤ ਸਿੰਘ, ਡਾਕਟਰ ਗੁਰਮੇਜ ਸਿੰਘ ਮੈਂਬਰ ਚੁਣੇ ਗਏ।
