ਤਰਨ ਤਾਰਨ, 2 ਮਈ (ਸੰਗਰਾਮੀ ਲਹਿਰ ਿਬਊਰੋ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ, ਪਿੰਡ ਦੇ ਸਰਪੰਚ ਦਿਆਲ ਸਿੰਘ, ਜਮਹੂਰੀ ਕਿਸਾਨ ਸਭਾ ਦੇ ਆਗੂ ਨਰਿੰਦਰ ਸਿੰਘ, ਜੰਗ ਬਹਾਦਰ ਸਿੰਘ ਨੇ ਪਿੰਡ ‘ਤੇ ਸੱਦੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੀ ਦਿਨੀਂ ਪੁਲੀਸ ਨਾਲ ਜੋ ਧਰਕਰਾਰ ਹੋਇਆ ਸੀ ਉਸ ਵਿੱਚ ਜਿਹੜੇ ਪਰਿਵਾਰ ਵਾਲਿਆਂ ਨਾਲ ਝਗੜਾ ਹੋਇਆ ਸੀ ਉਹਨਾਂ ਦੇ 13-14 ਜਾਣੇ ਔਰਤਾਂ ਸਮੇਤ ਪੁਲਿਸ ਨੇ ਜ਼ੇਲ੍ਹ ਭੇਜ ਦਿੱਤੇ ਪਰ ਹੁਣ ਉਸ ਤੋਂ ਬਾਅਦ ਪੁਲੀਸ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਗੀ ਹੋਈ ਹੈ ਅਤੇ ਪੈਸੇ ਇਕੱਠੇ ਕਰ ਰਹੀ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਕੁਝ ਸਰਕਾਰ ਦੇ ਨੇੜੇ ਰਹਿਣ ਵਾਲੇ ਲੋਕਾਂ ਦੇ ਕਹਿਣ ਤੇ ਜਿਸ ਨੂੰ ਮਰਜੀ ਪੁਲੀਸ ਵੱਲੋਂ ਚੁੱਕਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਕਥਿਤ ਤੌਰ ‘ਤੇ ਪੈਸਿਆਂ ਦਾ ਲੈਣ ਦੇਣ ਕਰਕੇ ਛੱਡਿਆ ਜਾਂਦਾ ਹੈ। ਇਸ ਦਾ ਵਿਰੋਧ ਕਰਦੇ ਹੋਏ ਪਿੰਡ ਤੁੜ ਦੀ ਪੰਚਾਇਤ ਤੇ ਜਨਤਕ ਜਥੇਬੰਦੀਆਂ ਵੱਲੋਂ ਚੇਤਾਵਨੀ ਦਿੱਤੀ ਕਿ ਜੇ ਇਹ ਵਰਤਾਰਾ ਬੰਦ ਨਾ ਕੀਤਾ ਤਾਂ ਗੋਇੰਦਵਾਲ ਥਾਣੇ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ। ਇਸ ਸਮੇਂ ਪੰਚਾਇਤ ਮੈਂਬਰ ਸਵਿੰਦਰ ਸਿੰਘ, ਨਿਰਮਲ ਸਿੰਘ, ਨਛੱਤਰ ਸਿੰਘ, ਕਸ਼ਮੀਰ ਸਿੰਘ, ਭਜਨ ਸਿੰਘ, ਇੰਦਰ ਸਿੰਘ, ਲਸ਼ਮਣ ਸਿੰਘ, ਸੁਖਰਾਜ ਸਿੰਘ ਆਦਿ ਹਾਜ਼ਰ ਸਨ।
