ਮੰਗਾਂ
ਬਿਜਲੀ ਦੀ ਲੁੱਟ ਖਤਮ ਕਰਨ ਲਈ
(i) ਬਿਜਲੀ ਦੀਆਂ ਦਰਾਂ ਫੌਰੀ ਤੌਰ ‘ਤੇ ਅੱਧੀਆਂ ਕੀਤੀਆਂ ਜਾਣ ਅਤੇ ਇਹਨਾਂ ਨੂੰ ਤਰਕਸੰਗਤ ਬਣਾਕੇ ਲਾਗਤ ਕੀਮਤ ਤੱਕ ਘਟਾਇਆ ਜਾਵੇ।
(ii) ਬਿਜਲੀ ਬਿੱਲਾਂ ਤੇ ਲਾਏ ਜਾਂਦੇ ਹਰ ਪ੍ਰਕਾਰ ਦੇ ਟੈਕਸ ਤੇ ਸੈਸ ਖਤਮ ਕੀਤੇ ਜਾਣ।
(iii) ਬਿਜਲੀ ਪੈਦਾ ਕਰਨ ਵਾਲੀਆਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਗਏ ਸਾਰੇ ਲੋਕ ਵਿਰੋਧੀ ਸਮਝੌਤੇ ਰੱਦ ਕੀਤੇ ਜਾਣ ਅਤੇ ਜਨਤਕ ਖੇਤਰ ਦੇ ਬੰਦ ਕੀਤੇ ਗਏ ਥਰਮਲ ਪਲਾਂਟ ਚਲਾਏ ਜਾਣ।
(iv) ਬਿਜਲੀ ਬਿੱਲ ਖਪਤਕਾਰਾਂ ਨੂੰ ਹਰ ਮਹੀਨੇ ਜਾਰੀ ਕੀਤੇ ਜਾਣ ਅਤੇ ਦੋ ਮਹੀਨੇ ਦੀ ਮੌਜੂਦਾ ਸਾਈਕਲ ਪ੍ਰਣਾਲੀ ਖਤਮ ਕੀਤੀ ਜਾਵੇ।
(v) ਪਣ-ਬਿਜਲੀ ਤੇ ਸੋਲਰ ਊਰਜਾ ਦੇ ਉਤਪਾਦਨ ਵਿਚ ਵਾਧਾ ਕੀਤਾ ਜਾਵੇ।
– ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ –
(i) ਨਹਿਰੀ ਸਿੰਚਾਈ ਵਿਚ ਵਾਧਾ ਕੀਤਾ ਜਾਵੇ, ਬੰਦ ਨਹਿਰਾਂ/ਸੂਇਆਂ ਦੀ ਪਹਿਲ ਦੇ ਆਧਾਰ ‘ਤੇ ਸਫਾਈ ਕਰਕੇ ਉਹਨਾਂ ਨੂੰ ਚਾਲੂ ਕੀਤਾ ਜਾਵੇ।
(ii) ਸਾਰੇ ਪ੍ਰਾਂਤ ਵਾਸੀਆਂ ਲਈ ਪੀਣ ਵਾਲੇ ਸਾਫ ਪਾਣੀ ਦੀ ਮੁਫ਼ਤ ਸਪਲਾਈ ਯਕੀਨੀ ਬਣਾਈ ਜਾਵੇ।
(iii) ਸਮੁੱਚੇ ਦੇਸ਼ ਅੰਦਰਲੀ ਔਸਤ ਲਾਗਤ ਦੇ ਟਾਕਰੇ ਵਿਚ ਪੰਜਾਬ ਅੰਦਰ ਵਧੇਰੇ ਪਾਣੀ ਦੀ ਲਾਗਤ ਨਾਲ ਪੈਦਾ ਕੀਤੇ ਜਾਂਦੇ ਝੋਨੇ ਦੀ ਥਾਂ ਕਿਸਾਨਾ ਨੂੰ ਕਿਸੇ ਹੋਰ ਲਾਹੇਵੰਦੀ ਫਸਲ ਪੈਦਾ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਕੋਈ ਠੋਸ ਪਹੁੰਚ ਅਪਣਾਈ ਜਾਵੇ ਅਤੇ ਉਸ ਉਪਰ ਸੁਹਿਰਦਤਾ ਸਹਿਤ ਅਮਲ ਕੀਤਾ ਜਾਵੇ।
(iv) ਬਾਰਸ਼ ਦੇ ਪਾਣੀ ਦੀ ਵੱਧ ਤੋਂ ਵੱਧ ਰੀਚਾਰਜਿੰਗ ਲਈ ਠੋਸ ਪ੍ਰਾਜੈਕਟ ਆਰੰਭੇ ਜਾਣ।
(v) ਕਾਰਖਾਨੇਦਾਰਾਂ ਵਲੋਂ ਗੰਦੇ ਕੀਤੇ ਜਾਂਦੇ ਪਾਣੀ ਨੂੰ ਅਤੇ ਸ਼ਹਿਰਾਂ ਦੇ ਗੰਦੇ ਪਾਣੀ ਨੂੰ ਟਰੀਟ ਕਰਨਾ ਲਾਜ਼ਮੀ ਬਣਾਇਆ ਜਾਵੇ।
(vi) ਸੇਮ ਨਾਲਿਆਂ ਦੀ ਸਫਾਈ ਕੀਤੀ ਜਾਵੇ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੀ ਪੰਜਾਬ ਰਾਜ ਕਮੇਟੀ ਦੇ ਸੱਦੇ ‘ਤੇ 4 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਹੋਈ ਸੂਬਾਈ ਪ੍ਰਤੀਨਿਧ ਕਨਵੈਨਸ਼ਨ ਵਲੋਂ ਪ੍ਰਾਂਤ ਵਾਸੀਆਂ ਦੀਆਂ ਫੌਰੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ਾਂ ਦਾ ਬਿਗਲ ਵਜਾ ਦਿੱਤਾ ਗਿਆ ਹੈ। ਸਰਵ ਸਾਥੀ ਰਤਨ ਸਿੰਘ ਰੰਧਾਵਾ, ਗੁਰਨਾਮ ਸਿੰਘ ਦਾਊਦ ਅਤੇ ਵਿਜੇ ਮਿਸ਼ਰਾ ‘ਤੇ ਆਧਾਰਿਤ ਪ੍ਰਧਾਨਗੀ ਮੰਡਲ ਵਲੋਂ ਉਕਤ ਕਨਵੈਨਸ਼ਨ ਦੀ ਪ੍ਰਧਾਨਗੀ ਕੀਤੀ ਗਈ ।
ਕਨਵੈਨਸ਼ਨ ਵਿੱਚ ਪਾਰਟੀ ਦੀਆਂ ਜਿਲ੍ਹਾ ਅਤੇ ਤਹਿਸੀਲ ਕਮੇਟੀਆਂ ਦੇ ਮੈਂਬਰਾਂ ਤੋਂ ਇਲਾਵਾ ਜਨ ਸੰਗਠਨਾਂ ਦੇ ਹਰ ਪੱਧਰ ਦੇ ਸਰਗਰਮ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ। ਫੌਰੀ ਲੋਕ ਮੰਗਾਂ ਦਾ ਸਰੂਪ ਅਤੇ ਸੰਘਣੀ ਲੋਕ ਲਾਮਬੰਦੀ ‘ਤੇ ਆਧਾਰਿਤ ਪੜਾਅਵਾਰ ਸੰਘਰਸ਼ ਦਾ ਖਾਕਾ ਇੱਕ ਵਿਸਤ੍ਰਿਤ ਮਤੇ ਦੇ ਰੂਪ ਵਿੱਚ ਸੂਬਾਈ ਸਕੱਤਰ ਸਾਥੀ ਹਰਕੰਵਲ ਸਿੰਘ ਵਲੋਂ ਹਾਜਰ ਨੁਮਾਇੰਦਿਆਂ ਸਨਮੁੱਖ ਰੱਖਿਆ ਗਿਆ। ਮਤੇ ਸਬੰਧੀ ਭਾਸ਼ਣ ਦੇ ਪਹਿਲੇ ਹਿੱਸੇ ਵਿੱਚ ਸਾਥੀ ਹਰਕੰਵਲ ਸਿੰਘ ਨੇ ਸੂਬੇ ਦਾ ਰਾਜ ਭਾਗ ਚਲਾ ਰਹੀ ਮੌਜੂਦਾ ਕਾਂਗਰਸ ਹਕੂਮਤ ਅਤੇ ਇਸ ਤੋਂ ਪਹਿਲਾਂ ਲਗਾਤਾਰ ਦਸ ਸਾਲ ਰਾਜ ਚਲਾਉਣ ਵਾਲੀ ਅਕਾਲੀ- ਭਾਜਪਾ ਗਠਜੋੜ ਸਰਕਾਰ ਦੀਆਂ ਲੋਕ ਦੋਖੀ ਆਰਥਿਕ ਨੀਤੀਆਂ, ਭਾਰੀ ਭਰਕਮ ਟੈਕਸਾਂ ਰਾਹੀਂ ਕੀਤੀ ਜਾਂਦੀ ਪ੍ਰਸ਼ਾਸਕੀ ਲੁੱਟ, ਰੱਦੀ ਪ੍ਰਸ਼ਾਸਨਿਕ ਕਾਰਗੁਜ਼ਾਰੀ ਅਤੇ ਨਸ਼ਾ ਤਸਕਰਾਂ ਸਮੇਤ ਹਰ ਕਿਸਮ ਦੇ ਮਾਫੀਆ ਗਰੋਹਾਂ ਦੀ ਕੀਤੀ ਗਈ ਨੰਗੀ ਚਿੱਟੀ ਪੁਸ਼ਤ ਪਨਾਹੀ ਦੀ ਚਰਚਾ ਕਰਦਿਆਂ ਉਕਤ ਨੀਤੀ ਚੌਖਟੇ ਦੇ ਪ੍ਰਾਂਤ ਵਾਸੀਆਂ ਦੇ ਜੀਵਨ ‘ਤੇ ਪਏ ਵਸੀਹ ਨਾਂਹ ਪੱਖੀ ਪ੍ਰਭਾਵਾਂ ਦਾ ਖਾਕਾ ਪੇਸ਼ ਕੀਤਾ। ਮਤੇ ਦੇ ਦੂਜੇ ਹਿੱਸੇ ਵਿੱਚ ਸਾਥੀ ਹਰਕੰਵਲ ਸਿੰਘ ਨੇ ਸਭਨਾਂ ਪਾਰਟੀ ਇਕਾਈਆਂ ਅਤੇ ਜਨਸੰਗਠਨਾਂ ਨੂੰ ਸੱਦਾ ਦਿੱਤਾ ਕਿ ਉਹ ਬਿਜਲੀ ਅਤਿ ਸਸਤੀਆਂ ਦਰਾਂ ‘ਤੇ ਦਿੱਤੇ ਜਾਣ ਅਤੇ ਤਬਾਹੀ ਦੀ ਹੱਦ ਤੱਕ ਪ੍ਰਦੂਸ਼ਿਤ ਕਰਨ ਤੋਂ ਇਲਾਵਾ ਖਾਤਮੇ ਤੀਕ ਪੁਚਾ ਦਿੱਤੇ ਗਏ ਪੀਣ ਯੋਗ ਅਤੇ ਸਿੰਚਾਈ ਲਈ ਲੋੜੀਂਦੇ ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਦੀ ਰਾਖੀ ਲਈ ਪੜਾਅਵਾਰ ਫੈਸਲਾਕੁੰਨ ਸੰਗਰਾਮ ਲੜੀ ਵਿੱਢਣ। ਇਸ ਤਹਿਤ 15 ਤੋਂ 31 ਜੁਲਾਈ ਤੱਕ ਕਨਵੈਨਸ਼ਨ ਦੀ ਭਾਵਨਾ ਤੋਂ ਲੋਕਾਂ ਨੂੰ ਜਾਣੂੰ ਕਰਾਉਣ ਲਈ ਪਿੰਡਾਂ/ਕਸਬਿਆਂ/ਵੱਡੇ ਸ਼ਹਿਰਾਂ ਵਿੱਚ ਜਨਤਕ ਮੀਟਿੰਗਾਂ, ਜਲਸੇ, ਝੰਡਾ ਮਾਰਚ ਆਦਿ ਕੀਤੇ ਜਾਣ। ਇਸ ਪਿੱਛੋਂ 5 ਤੋਂ 9 ਅਗਸਤ ਤੱਕ ਜਿਲ੍ਹਾ ਕੇਂਦਰਾਂ ‘ਤੇ ਰੋਹ ਭਰਪੂਰ ਧਰਨੇ/ਮੁਜ਼ਾਹਰੇ ਕੀਤੇ ਜਾਣ ਅਤੇ ਸਤੰਬਰ ਦੇ ਪਹਿਲੇ ਹਫਤੇ ਪਟਿਆਲਾ ਵਿਖੇ ਪੱਕਾ ਮੋਰਚਾ ਲਾਇਆ ਜਾਵੇ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਉਕਤ ਸੰਗਰਾਮ ਕਾਡਰ ਬੇਸਡ ਨਾ ਹੋਣ ਬਲਕਿ ਇਨ੍ਹਾਂ ਵਿੱਚ ਆਮ ਪੰਜਾਬ ਵਾਸੀਆਂ ਖਾਸ ਕਰ ਮਿਹਨਤਕਸ਼ ਤਬਕਿਆਂ ਦੀ ਸਰਗਰਮ ਸ਼ਮੂਲੀਅਤ ਕਰਵਾਉਣ ਅਤੇ ਸਰਵ ਪੱਖੀ ਸਹਿਯੋਗ ਹਾਸਲ ਕਰਨ ਦੇ ਯੋਜਨਾਬੱਧ ਉਪਰਾਲੇ ਕੀਤੇ ਜਾਣ। ਸਾਥੀ ਹਰਕੰਵਲ ਸਿੰਘ ਨੇ ਇਹ ਵੀ ਕਿਹਾ ਕਿ ਪਾਰਟੀ ਦੀ ਹਰ ਪੱਧਰ ਦੀ ਲੀਡਰਸ਼ਿਪ, ਉਕਤ ਸੰਗਰਾਮ ਨੂੰ ਖੱਬੀਆਂ ਤੇ ਸੰਗਰਾਮੀ ਸ਼ਕਤੀਆਂ ਦਾ ਸਾਂਝਾ ਸੰਗਰਾਮ ਬਨਾਉਣ ਦੇ ਵੀ ਸੁਹਿਰਦ ਉਪਰਾਲੇ ਕਰੇ ।
ਸੂਬਾ ਸਕੱਤਰੇਤ ਦੇ ਮੈਂਬਰਾਂ ਸਾਥੀ ਮਹੀਪਾਲ ਅਤੇ ਪ੍ਰੋ. ਜੈਪਾਲ ਵਲੋਂ ਆਪੋ-ਆਪਣੇ ਸੰਖੇਪ ਭਾਸ਼ਣਾਂ ਰਾਹੀਂ ਸੂਬਾ ਸਕੱਤਰ ਵਲੋਂ ਰੱਖੇ ਗਏ ਮਤੇ ਦੀ ਪਰੌੜ੍ਹਤਾ ਕੀਤੀ ਗਈ। ਹਾਜਰ ਸਾਥੀਆਂ ਵਲੋਂ ਉਤਸ਼ਾਹ ਭਰਪੂਰ ਨਾਹਰਿਆਂ ਰਾਹੀਂ ਉਕਤ ਸੰਗਰਾਮੀ ਮਤਾ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਕਨਵੈਨਸ਼ਨ ਦੀ ਕਾਰਵਾਈ ਸਾਥੀ ਪਰਗਟ ਸਿੰਘ ਜਾਮਾਰਾਇ ਵਲੋਂ ਚਲਾਈ ਗਈ।
ਮੰਚ ‘ਤੇ ਪਾਰਟੀ ਦੇ ਚੇਅਰਮੈਨ ਸਾਥੀ ਕੇ. ਗੰਗਾਧਰਨ, ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਵਿੱਤ ਸਕੱਤਰ ਸਾਥੀ ਰਜਿੰਦਰ ਪਰਾਂਜਪੇ ਅਤੇ ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਕੇ. ਐਸ. ਹਰੀਹਰਨ ਵੀ ਮੌਜੂਦ ਸਨ। ਆਪਣੇ ਸੰਬੋਧਨ ਦੌਰਾਨ ਸਾਥੀ ਮੰਗਤ ਰਾਮ ਪਾਸਲਾ ਨੇ 2 ਅਤੇ 3 ਜੁਲਾਈ ਨੂੰ ਜਲੰਧਰ ਵਿਖੇ ਹੋਈ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੀਟਿੰਗ ਦੇ ਫੈਸਲਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਦੇਸ਼ ਦੀ ਰਾਜਗੱਦੀ ‘ਤੇ ਦੋਬਾਰਾ ਕਾਬਜ਼ ਹੋਣਾ ਕੋਈ ਸਾਧਾਰਨ ਰਾਜਸੀ ਘਟਨਾ ਨਹੀਂ ਬਲਕਿ ਇਹ ਦੇਸ਼ ਦੀ ਰਾਜਨੀਤੀ ਦੇ ਸੱਜੇ ਪੱਖ ਵੱਲ ਨੂੰ ਕੇਂਦਰਿਤ ਹੋਣ ਦਾ ਸਬੂਤ ਹੈ । ਉਨ੍ਹਾਂ ਕਿਹਾ ਕਿ ਇਹ ਸਰਕਾਰ ਸਾਮਰਾਜੀ ਤੇ ਕਾਰਪੋਰੇਟ ਲੁੱਟ ਹੋਰ ਤਿੱਖੀ ਕਰਨ ਲਈ ਪੂਰਾ ਤਾਣ ਲਾਵੇਗੀ ਅਤੇ ਲੁੱਟ ਖਿਲਾਫ਼ ਉੱਠਣ ਵਾਲੇ ਜਨ ਪ੍ਰਤੀਰੋਧ ਨੂੰ ਦਬਾਉਣ ਲਈ ਜਾਬਰ ਹਥਕੰਡੇ ਅਪਣਾਏਗੀ ਜਿਸ ਸਦਕਾ ਜਮਹੂਰੀ, ਸੰਵਿਧਾਨਕ ਤੇ ਮਨੁੱਖੀ ਅਧਿਕਾਰਾਂ ਦਾ ਵੱਡੇ ਪੈਮਾਨੇ ‘ਤੇ ਘਾਣ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਇਹ ਸਰਕਾਰ ਫਿਰਕੂ ਵੰਡ ਤਿੱਖੀ ਕਰਨ ਲਈ ਘੱਟ ਗਿਣਤੀਆਂ ਨਾਲ ਬਰਬਰ ਸਲੂਕ ਕਰਨ ਵਾਲੇ ਕੱਟੜਪੰਥੀ ਤੱਤਾਂ ਨੂੰ ਸ਼ਿਸ਼ਕਾਰੇਗੀ । ਇਹ ਵੀ ਤੈਅ ਹੈ ਕਿ ਦੇਸ਼ ਅਤੇ ਦੇਸ਼ ਵਾਸੀਆਂ ਦੀ ਹਕੀਕੀ ਤਰੱਕੀ ਦੀ ਜਾਮਨੀ ਕਰਦੇ ਸੈਕੂਲਰ ਸਰੋਕਾਰਾਂ ਦਾ ਵੀ ਸਰਕਾਰ ਵਲੋਂ ਡਟ ਕੇ ਘਾਣ ਕੀਤਾ ਜਾਵੇਗਾ। ਉਨ੍ਹਾਂ ਦੇਸ਼ ਵਾਸੀਆਂ ਨੂੰ ਚੇਤਾਇਆ ਕਿ ਉਕਤ ਸਾਰੀ ਨਾਪਾਕ ਵਿਉਂਤਬੰਦੀ ਮੋਦੀ ਜਾਂ ਭਾਜਪਾ ਦੀ ਨਹੀਂ ਬਲਕਿ ਇਸ ਪਿੱਛੇ ਮੁੱਖ ਸਾਜ਼ਿਸ਼ ਘਾੜਾ ਰਾਸ਼ਟਰੀ ਸੋਇਮ ਸੇਵਕ ਸੰਘ (ਆਰਐਸਐਸ) ਹੈ। ਸਾਥੀ ਪਾਸਲਾ ਨੇ ਕਿਹਾ ਕਿ ਦੇਸ਼ ਵਾਸੀਆਂ ਸਾਹਮਣੇ ਵਰਤਮਾਨ ਦੌਰ ਵਿੱਚ ਫਿਰਕੂ ਫਾਸ਼ੀਵਾਦੀ ਤਾਕਤਾਂ ਦੇ ਲੋਕਾਂ ‘ਚੋਂ ਨਿਖੇੜੇ ਅਤੇ ਸਾਮਰਾਜੀ ਹਿੱਤਾਂ ਦੀ ਰਾਖੀ ਲਈ ਘੜੀਆਂ ਗਈਆਂ ਨਵਉਦਾਰਵਾਦੀ ਨੀਤੀਆਂ ਦੇ ਖਾਤਮੇ ਦੀ ਦੋਹਰੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਇਸ ਚੁਣੌਤੀ ਦੇ ਟਾਕਰੇ ਲਈ ਪਾਰਟੀ ਆਜ਼ਾਦਾਨਾ ਅਤੇ ਖੱਬੀਆਂ ਪਾਰਟੀਆਂ ਦੇ ਸਾਂਝੇ ਸੰਗਰਾਮਾਂ ਦੀ ਉਸਾਰੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ । ਸਾਥੀ ਗੰਗਾਧਰਨ ਨੇ ਪਾਰਟੀ ਦੀ ਪੰਜਾਬ ਇਕਾਈ ਦੇ ਨਿਰਣਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਕੀ ਸੂਬਾ ਕਮੇਟੀਆਂ ਵੀ ਇਸੇ ਪੈਟਰਨ ਤੇ ਸੰਘਰਸ਼ ਲਾਮਬੰਦ ਕਰਨਗੀਆਂ।
ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਸੂਬਾ ਕੌਂਸਲ ਦੇ ਸਕੱਤਰ ਸਾਥੀ ਬੰਤ ਬਰਾੜ ਅਤੇ ਐਮ ਸੀ ਪੀ ਆਈ (ਯੂ) ਦੇ ਪੋਲਿਟ ਬਿਊਰੋ ਮੈਂਬਰ ਸਾਥੀ ਕਿਰਨਜੀਤ ਸੇਖੋਂ ਵੀ ਮੰਚ ‘ਤੇ ਬਿਰਾਜਮਾਨ ਸਨ । ਦੋਹਾਂ ਸਾਥੀਆਂ ਨੇ ਕਨਵੈਨਸ਼ਨ ਵਲੋਂ ਪਰਵਾਨ ਕੀਤੀ ਗਈ ਸਮਝਦਾਰੀ ਦਾ ਪੂਰਨ ਸਮਰਥਨ ਕਰਦਿਆਂ ਹਰ ਕਿਸਮ ਦੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ ।
ਉਕਤ ਆਗੂਆਂ ਤੋਂ ਇਲਾਵਾ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੇ ਮੈਂਬਰ ਸਰਵ ਸਾਥੀ ਲਾਲ ਚੰਦ ਕਟਾਰੂ ਚੱਕ, ਭੀਮ ਸਿੰਘ ਆਲਮਪੁਰ, ਸਤਨਾਮ ਸਿੰਘ ਅਜਨਾਲਾ, ਰਵੀ ਕੰਵਰ ਅਤੇ ਵੇਦ ਪ੍ਰਕਾਸ਼ ਵੀ ਪ੍ਰਧਾਨਗੀ ਮੰਡਲ ਦੇ ਨਾਲ ਮੰਚ ‘ਤੇ ਸੁਸ਼ੋਭਿਤ ਸਨ। ਭਾਰੀ ਗਰਮੀ ਦੇ ਬਾਵਜੂਦ ਹਾਜਰ ਨੁਮਾਇੰਦਿਆਂ ਨੇ ਨਾ ਕੇਵਲ ਕਨਵੈਨਸ਼ਨ ਦੀ ਸਮੁੱਚੀ ਕਾਰਵਾਈ ਨੂੰ ਸੰਜੀਦਗੀ ਨਾਲ ਸੁਣਿਆ ਬਲਕਿ ਤਿੱਖੜ ਦੁਪਹਿਰੇ ਸ਼ਹਿਰ ਵਿੱਚ ਕੀਤੇ ਗਏ ਰੋਹ ਭਰਪੂਰ ਮੁਜ਼ਾਹਰੇ ‘ਚ ਵੀ ਉਤਸ਼ਾਹ ਪੂਰਬਕ ਭਾਗ ਲਿਆ।
ਰਿਪੋਰਟ : ਮਹੀਪਾਲ