ਪਠਾਨਕੋਟ : ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ਼ ਇੰਡੀਆ (ਆਰ.ਐਮ.ਪੀ.ਆਈ.) ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਅੱਜ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਨਸ਼ਿਆਂ ਨੂੰ ਸਖ਼ਤੀ ਨਾਲ ਰੋਕਣ ਲਈ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਅਤੇ ਉਨ੍ਹਾਂ ਦੀ ਪੁਸਤ-ਪੁਨਾਹੀ ਕਰਨ ਵਾਲੇ ਸਿਆਸੀ ਲੀਡਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਹਿਤ ਉਪਰੋਕਤ ਦੋਨੋਂ ਖੱਬੀਆਂ ਪਾਰਟੀਆਂ ਦੇ ਆਗੂਆਂ ਕਾਮਰੇਡ ਸ਼ਿਵ ਕੁਮਾਰ, ਕਾ. ਦਲਬੀਰ ਸਿੰਘ, ਮਾ. ਜਨਕ ਕੁਮਾਰ, ਹਜ਼ਾਰੀ ਲਾਲ, ਮਾ. ਪ੍ਰੇਮ ਸਾਗਰ, ਸਾਥੀ ਅਸ਼ਵਨੀ ਕੁਮਾਰ ਹੈਪੀ, ਰਾਜੂ ਕੋਹਲੀਆਂ ਅਤੇ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਮਾਸ ਡੈਪੂਟੇਸ਼ਨ ਨੇ ਮਿਲ ਕੇ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਮੰਗ ਪੱਤਰ ਦਿੱਤਾ। ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਉਪਰੋਕਤ ਆਗੂਆਂ ਨੇ ਕਿਹਾ ਕਿ ਪੁਲਿਸ ਦੇ ਆਲ੍ਹਾ ਅਫ਼ਸਰਾਂ ਦੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਦੇ ਸਬੂਤ ਰੋਜ਼ਾਨਾ ਹੀ ਉਜਾਗਰ ਹੋ ਰਹੇ ਹਨ। ਅਜੇਹੀ ਮੁਜਰਮਾਨਾ ਮਿਲੀਭੁਗਤ ਬਾਰੇ ਸਿਆਸਤਦਾਨਾਂ ਵੱਲ ਵੀ ਉਂਗਲ ਉੱਠਦੀ ਆ ਰਹੀ ਹੈ। ਉਂਜ ਇਹ ਵੀ ਕੋੜਾ ਸੱਚ ਹੈ ਕਿ ਰਸੂਖਵਾਨਾਂ ਦੇ ਥਾਪੜੇ ਤੋਂ ਬਗੈਰ ਨਸ਼ਾ ਕਾਰੋਬਾਰ ਨਹੀਂ ਚੱਲ ਸਕਦਾ। ਆਗੂਆਂ ਅੱਗੇ ਕਿਹਾ ਕਿ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੀ ਪੁਸ਼ਤ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਤੇ ਸਿਆਸਤਦਾਨਾਂ ਵਿਰੁੱਧ ਬਾਦਲ ਸਰਕਾਰ ਦੇ ਦਸਾਂ ਸਾਲਾਂ ਦੇ ਮਾਫ਼ੀਆ ਸ਼ਾਸਨ ਅਤੇ ਮੌਜੂਦਾ ਹਕੂਮਤ ਦੇ ਲੱਗਦੇ ਰਹੇ ਦੋਸ਼ਾਂ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਅਗਵਾਈ ਹੇਠ ਸੀ.ਬੀ.ਆਈ. ਤੋਂ ਸਮਾਂਬੱਧ ਪੜਤਾਲ ਕਰਵਾਈ ਜਾਵੇ, ਨਸ਼ਾ ਸੌਦਾਗਰਾਂ ਨਾਲ ਮਿਲੀਭੁਗਤ ਦੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੇ ਲਗਾਤਾਰ ਉਜਾਗਰ ਹੁੰਦੇ ਆ ਰਹੇ ਮਸਲਿਆਂ ਦੇ ਮੱਦੇਨਜ਼ਰ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਖ਼ਾਸ ਕਰਕੇ ਪੁਲਿਸ ਅਤੇ ਸਿਹਤ ਵਿਭਾਗ ਦੇ ਸਬੰਧਿਤ ਮੁਲਾਜ਼ਮਾਂ ਦੀ ਵੱਡੀ ਪੱਧਰ ਤੇ ਸਕਰੀਨਿੰਗ ਕੀਤੀ ਜਾਵੇ, ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਸਿਧਾਰਥ ਚੱਟੋਪਾਧਿਆਇ ਅਤੇ ਹਰਪ੍ਰੀਤ ਸਿੱਧੂ ਦੀ ਅਗਵਾਈ ‘ਚ ਕਾਇਮ ਹੋਏ ਵਿਸ਼ੇਸ਼ ਕਾਰਵਾਈ ਦਲ (S.T.F) ਦੀਆਂ ਰਿਪੋਰਟਾਂ ਦੇ ਸਮੁੱਚੇ ਵੇਰਵੇ ਜਨਤਕ ਕੀਤੇ ਜਾਣ, ਨਸ਼ੇ ਕਾਰਨ ਹੋ ਰਹੀਆਂ ਮੌਤਾਂ ਸਬੰਧੀ ਸਬੰਧਿਤ ਥਾਣੇ ਦੇ ਐਸ.ਐਚ.ਓ. ਦੀ ਜ਼ਿੰਮੇਵਾਰੀ ਫਿਕਸ ਕਰਦਿਆਂ ਉਸ ਨੂੰ ਦੋਸ਼ੀ ਠਹਿਰਾਇਆ ਜਾਵੇ, ਨਸ਼ਾਖੋਰੀ ਦੇ ਸ਼ਿਕਾਰ ਨੌਜਵਾਨਾਂ ਦੇ ਮੁਕੰਮਲ ਇਲਾਜ ਲਈ ਸਬਡਵੀਜ਼ਨ ਪੱਧਰ ਤੇ ਹਰ ਕਿਸਮ ਦੇ ਸਾਧਨ ਅਤੇ ਮਾਹਿਰ ਮੁਹੱਈਆ ਕੀਤੇ ਜਾਣ, ਨਸ਼ਾ ਸਪਲਾਈ ਅਤੇ ਤਸਕਰੀ ਦੇ ਸਮੁੱਚੇ ਤਾਣੇ-ਬਾਣੇ ਨੂੰ ਸਖ਼ਤੀ ਨਾਲ ਕੁਚਲਿਆ ਜਾਵੇ, ਨੌਜਵਾਨੀ ਦੀ ਨਸ਼ਾਖੋਰੀ ਤੋਂ ਸਦੀਵੀ ਰਾਖੀ ਅਤੇ ਨਸ਼ਾਖੋਰੀ ਦੇ ਆਦੀ ਬਣ ਚੁੱਕੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਸਿੱਖਿਆ ਅਤੇ ਗੁਜ਼ਾਰੇ ਯੋਗ ਸਥਾਈ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ, ਪਹਿਲ ਦੇ ਅਧਾਰ ‘ਤੇ ਸਾਰੇ ਸਰਕਾਰੀ, ਅਰਧ ਸਰਕਾਰੀ ਅਦਾਰਿਆਂ ਤੇ ਵਿਭਾਗਾਂ ਵਿੱਚ ਖ਼ਾਲੀ ਪਈਆਂ ਅਸਾਮੀਆਂ ਬਿਨਾਂ ਦੇਰੀ ਭਰੀਆਂ ਜਾਣ। ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਪਰੋਕਤ ਮੰਗਾਂ ਨੂੰ ਦੇਖਦੇ ਹੋਏ ਫ਼ੌਰੀ ਕਾਰਵਾਈ ਨਹੀਂ ਕੀਤੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਵੱਡੀ ਲਾਮਬੰਦੀ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਉਪਰੋਕਤ ਤੋ ਇਲਾਵਾ ਬਲਵੰਤ ਸਿੰਘ ਘੋਹ, ਅਜੀਤ ਰਾਮ ਗੰਦਰਾ ਲਾੜੀ, ਰਘੁਬੀਰ ਸਿੰਘ ਧਲੋਰੀਆਂ, ਬਲਬੀਰ ਸਿੰਘ ਬੇਹੜੀਆਂ, ਦੇਵ ਰਾਜ ਰਤਨਗੜ੍ਹ, ਕਰਮ ਚੰਦ, ਬਸੰਤ ਕੁਮਾਰ, ਯਸ਼ਪਾਲ, ਸ਼੍ਰੀਮਤੀ ਆਸ਼ਾ ਰਾਣੀ, ਸੁਨੀਤਾ ਦੇਵੀ, ਤ੍ਰਿਪਤਾ ਦੇਵੀ, ਨਿਰਮਲਾ ਦੇਵੀ, ਸੁਮਨ, ਈਸ਼ ਦੇਵੀ, ਹੇਮ ਰਾਜ, ਹਰਬੰਸ ਲਾਲ ਅਤੇ ਨਿਰੰਜਨ ਸਿੰਘ ਆਦਿ ਹੋਰ ਸਾਥੀ ਹਾਜ਼ਰ ਸਨ।