ਤਰਨ ਤਾਰਨ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵੱਲੋਂ ਨਸ਼ਿਆਂ ਵਿਰੋਧੀ ਅਤੇ ਵਾਤਾਵਰਣ ਬਚਾਓ ਮਹਿੰਮਤਹਿਤ ਅੱਜ ਨਾਨਕਸਰ ਮਹੱਲੇ ਵਿਖੇ ਬੂਟਿਆਂ ਦੀ ਵੰਡ ਕੀਤੀ ਅਤੇ ਬੂਟੇ ਲਾਏ ਗਏ। ਬੂਟੇ ਲਾਉਣ ਸਮੇਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਕਿਹਾ ਕੇ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਪੈਸੇ ਦੀ ਹਵਸ ਕਰਕੇ ਸਾਡੇ ਆਲ਼ੇ ਦੁਆਲੇ ਦਾ ਵਾਤਾਵਰਣ ਵਿਗੜਦਾ ਜਾ ਰਿਹਾ ਹੈ, ਹਵਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਜਿਸ ਕਾਰਨ ਲੋਕ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕੇ ਮਨੁੱਖੀ ਜੀਵਨ ਲਈ ਦਰੱਖਤਾਂ ਦੀ ਬਹੁਤ ਵੱਡੀ ਮਹੱਤਤਾ ਹੈ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਾਤਾਵਰਣ ਦੀ ਰਾਖੀ ਅਤੇ ਸ਼ੁੱਧਤਾ ਲਈ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਦ੍ਰਿੜ੍ਹਤਾ ਨਾਲ ਚਲਾਏਗੀ।
ਸਭਾ ਦੇ ਆਗੂ ਕਰਨਬੀਰ ਸਿੰਘ ਪੱਖੋਕੇ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਨੌਜਵਾਨਾਂ ਅਤੇ ਆਮ ਲੋਕਾਂ ਨਾਲ ਕੀਤੇ ਵਾਅਦੇ ਵਫ਼ਾ ਨਹੀਂ ਹੋਏ।ਸਗੋਂ ਨੌਜਵਾਨਾਂ ਨੂੰ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤਾ ਦੇਣ ਦੀ ਥਾਂ ਨਸ਼ੇ ਅਤੇ ਮੌਤ ਮਿਲ ਰਹੀ ਹੈ।।ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਪੱਕੇ ਰੁਜ਼ਗਾਰ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਨੌਜਵਾਨ ਸਭਾ ਦੇ ਆਗੂ ਸਨੇਹਦੀਪ ਸਿੰਘ ਸਿੱਧੂ, ਸਹਿਜਪਾਲ ਸਿੰਘ, ਲਵ ਪ੍ਰੀਤ ਸਿੰਘ, ਕਰਨਬੀਰ ਸਿੰਘ, ਧਰਮਿੰਦਰ ਕੁਮਾਰ, ਗੁਰਜੰਟ ਸਿੰਘ, ਸੂਰਜ ਸਿੰਘ, ਗੁਰਪ੍ਰੀਤ ਸਿੰਘ, ਵਿਸਾਲ ਮਸੀਹ ਆਦਿ ਹਾਜ਼ਰ ਸਨ।