
ਗੁਰਾਇਆ, 25 ਜੂਨ (ਸੰਗਰਾਮੀ ਲਹਿਰ ਬਿਊਰੋ)- ਜਮਹੂਰੀ ਕਿਸਾਨ ਸਭਾ ਦੇ ਸੂਬਾ ਖ਼ਜ਼ਾਨਚੀ ਜਸਵਿੰਦਰ ਸਿੰਘ ਢੇਸੀ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਪਰਮਜੀਤ ਰੰਧਾਵਾ ਤੋਂ ਇਲਾਵਾ ਅਜਾਇਬ ਸਿੰਘ ਰੁੜਕੀ ਦੀ ਅਗਵਾਈ ਹੇਠ ਕਿਸਾਨਾਂ ਦਾ ਵੱਡਾ ਵਫ਼ਦ ਸਥਾਨਕ ਮੁੱਖ ਚੌਕ ਤੋਂ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰਦਾ ਐਕੀਸਅਨ ਦਫ਼ਤਰ ਪੁੱਜਾ, ਜਿੱਥੇ ਉਨ੍ਹਾਂ ਨੇ ਐਕਸੀਅਨ ਪਾਵਰਕੌਮ ਹਰਦੀਪ ਕੁਮਾਰ ਨੂੰ ਆਪਣੀ ਸਮੱਸਿਆ ਨੂੰ ਲੈ ਕੇ ਇਕ ਮੰਗ ਪੱਤਰ ਦਿੱਤਾ। ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਦਿੱਤੇ ਇਸ ਮੰਗ ਪੱਤਰ ‘ਚ ਕਿਸਾਨਾਂ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਨੂੰ ਬਿਜਲੀ ਦੀ ਪੂਰੀ ਸਪਲਾਈ ਮਿਲ ਰਹੀ ਹੈ ਨਾ ਹੀ ਮੁਲਾਜ਼ਮਾਂ ਵਲੋਂ ਜੋ ਸਮੱਸਿਆਵਾਂ ਚਾਹੇ ਉਹ ਤਾਰਾਂ ਢਿੱਲੀਆਂ ਦੀ ਹੋਵੇ, ਚਾਹੇ ਟਰਾਂਸਫਾਰਮਰਾਂ ਵਿਚੋਂ ਤੇਲ ਦੀ ਕਮੀ ਹੋਵੇ, ਪੋਲ ਡਿੱਗੇ ਪਏ ਹਨਦਾ ਹੱਲ ਕੀਤਾ ਜਾਵੇ। ਕਿਸਾਨਾਂ ਆਗੂਆਂ ਨੇ ਕਿਹਾ ਕਿ ਮੁਲਾਜ਼ਮ ਕਥਿਤ ਤੌਰ ‘ਤੇ ਪੈਸੇ ਲੈ ਕੇ ਕੰਮ ਕਰ ਰਹੇ ਹਨ। ਜੇਕਰ ਉਨਾਂ ਨੂੰ ਪੈਸੇ ਦੇ ਦਿਓ ਤਾਂ ਕੰਮ ਹੋ ਜਾਂਦਾ ਹੈ ਨਹੀਂ ਤਾਂ ਕਿਸਾਨਾਂ ਦਾ ਕੰਮ ਨਹੀਂ ਕਰਦੇ।
ਕਿਸਾਨਾਂ ਨੇ ਕਿਹਾ ਕਿ ਅੱਜ ਉਹ ਆਪਣਾ ਮੰਗ ਪੱਤਰ ਦੇ ਕੇ ਚਿਤਾਵਨੀ ਦੇ ਕੇ ਚੱਲੇ ਹਨ। ਜੇਕਰ ਉਨ੍ਹਾਂ ਦੀ ਸਮੱਸਿਆ ਹੱਲ ਨਾ ਹੋਇਆ ਤਾਂ ਪੱਕੇ ਤੌਰ ‘ਤੇ ਇੱਥੇ ਧਰਨਾ ਲਗਾਇਆ ਜਾਵੇਗਾ। ਉੱਧਰ ਐਕਸੀਅਨ ਹਰਦੀਪ ਕੁਮਾਰ ਨੇ ਕਿਸਾਨਾਂ ਨੂੰਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਮੱਸਿਆਵਾਂ ਦਾ ਜਲਦ ਹੱਲ ਕਰ ਲਿਆ ਜਾਵੇਗਾ। ਜਿਹੜੇ ਵੀ ਮੁਲਾਜ਼ਮਾਂ ਵਲੋਂ ਪੈਸੇ ਲਏ ਜਾਂ ਮੰਗ ਕੀਤੀ ਹੈ ਉਨ੍ਹਾਂ ਦੇ ਖ਼ਿਲਾਫ਼ ਕਿਸਾਨ ਸ਼ਿਕਾਇਤ ਕਰਨ ਜਿਸ ‘ਤੇ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।